ਹਰਿ ਹਰਿ ਅਖਰ ਦੁਇ ਇਹ ਮਾਲਾ – ਸ਼ਬਦ ਵਿਚਾਰ (ਭਾਗ 01)

ਸ਼ਬਦ 30:-(ਗੁ:ਗ੍ਰੰ:ਪੰਨਾ:-388)
ਆਸਾ ਮਹਲਾ 5 ॥
ਹਰਿ ਹਰਿ ਅਖਰ ਦੁਇ ਇਹ ਮਾਲਾ ॥
ਜਪਤ ਜਪਤ ਭਏ ਦੀਨ ਦਇਆਲਾ ॥1॥
ਕਰਉ ਬੇਨਤੀ ਸਤਿਗੁਰ ਅਪੁਨੀ ॥
ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥1|| ਰਹਾਉ ॥
ਹਰਿ ਮਾਲਾ ਉਰ ਅੰਤਰਿ ਧਾਰੈ ॥
ਜਨਮ ਮਰਣ ਕਾ ਦੂਖੁ ਨਿਵਾਰੈ ॥2॥
ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥
ਸੋ ਜਨੁ ਇਤ ਉਤ ਕਤਹਿ ਨ ਡੋਲੈ ॥3॥
ਕਹੁ ਨਾਨਕ ਜੋ ਰਾਚੈ ਨਾਇ ॥
ਹਰਿ ਮਾਲਾ ਤਾ ਕੈ ਸੰਗਿ ਜਾਇ ॥4॥19॥70॥

ਇਹ ਸ਼ਬਦ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੇ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਾਗ ਵਿੱਚ ਧੰਨ ਸ੍ਰੀ ਗੁਰੂ ਗੰ੍ਰਥ ਜੀ ਦੇ ਪੰਨਾ ਨੰ: 388 ਉਪਰ ਸੁਭਾਏਮਾਨ ਹੈ। ਇਸ ਸ਼ਬਦ ਰਾਹੀਂ ਗੁਰੂ ਜੀ ਨੇ ਧਰਮ ਦੇ ਮੰਨ ਲਏ ਗਏ ਬਾਹਰੀ ਚਿੰਨ ‘ਮਾਲਾ’ ਪਹਿਨਣ ਅਤੇ ਦਿਖਾਵੇ ਦਾ ਢੌਂਗ ਕਰਨ ਵਾਲਿਆਂ ਦੇ ਬਾਬਤ ਦਰਸਾਇਆ ਹੈ। ਅਤੇ ਨਾਲ ਹੀ ਅਸਲ ਵਿੱਚ ਮਾਲਾ ਕਿਹੜੀ ਹੈ ਉਸ ਦਾ ਬਹੁਤ ਹੀ ਵਿਸਥਾਰ ਵਿੱਚ ਵਖਿਆਣ ਕੀਤਾ ਹੈ। ਸਿੱਖ ਧਰਮ ਚਿੰਨ ਵਾਦੀ ਨਹੀਂ ਹੈ, ਇਹ ਤਾਂ ਇੱਕ ਨਿਰੋਲ ਸੱਚ ਵਾਲੇ ਨਿਯਮਾਂ ਵਿੱਚ ਜੀਵਨ ਜੀਉਣ ਦੀ ਜਾਂਚ ਹੈ ਜੋ ਗੁਰ ਸਿਖਿਆ ਰਾਹੀਂ ਕੁਦਰਤ ਦੇ ਨਿਯਮਾਂ ਦਾ ਗਿਆਨ ਹਾਸਲ ਕਰਕੇ ਆਪਣਾ ਜੀਵਨ ਗੁਜਾਰਦਾ ਹੈ। ਪਰ ਬਹੁ ਗਿਣਤੀ ਸਿੱਖ ਸਮਾਜ਼ ਅੱਜ ਬਾਹਰੀ ਚਿੰਨ੍ਹਾਂ ਨੂੰ ਹੀ ਧਰਮ ਸਮਝੀ ਬੈਠੇ ਹਨ, ਜਿਸ ਕਰਕੇ ਅਗਿਆਨਤਾ ਵੱਸ ਅਸਲ ਜੀਵਨ ਜੀਊਣ ਦੀ ਸੋਝੀ ਨਹੀਂ ਆਈ, ਇਸ ਕਰਕੇ ਥਾਂ-ਥਾਂ ਭਟਕਦੇ ਨੱਕ ਰਗੜਦੇ ਅਸੀਂ ਨਜ਼ਰ ਆ ਰਹੇ ਹਾਂ। ਗੁਰਬਾਣੀ ਵਿੱਚੋਂ ਸਾਨੂੰ ਬਹੁ ਸਾਰੇ ਮਾਲਾ ਦੀ ਵਿਰੋਧਤਾ ਵਾਲੇ ਸ਼ਬਦ ਮਿਲ ਜਾਂਦੇ ਹਨ ਪਰ ਹੈਰਾਨਗੀ ਦੀ ਗੱਲ ਹੈ ਕਿ ਇਸ ਬਾਣੀ ਨੂੰ ਨਿਤਾ ਪ੍ਰਤੀ ਪੜਨ ਅਤੇ ਹੋਰਨਾਂ ਨੂੰ ਉਪਦੇਸ਼ ਕਰਨ ਵਾਲੇ ਵੀ ਮਾਲਾ ਫੜੀ ਫਿਰਦੇ ਦੇਖੇ ਜਾ ਸਕਦੇ ਹਨ। ਮਾਲਾ ਫੇਰਦੇ ਦੇਖੇ ਜਾ ਸਕਦੇ ਹਨ। ਮਾਲਾ ਨੂੰ ਵੀ ਪੂਰਨ ਵਿਧੀ ਨਾਲ ਗਿਣਤੀਆਂ-ਮਿਣਤੀਆਂ ਦੇ ਨਾਲ ਘੁਮਾਹ ਰਹੇ ਹਨ। ਹੋਰ ਤੇ ਹੋਰ ਜਿਹੜੀ ਗੁਰਬਾਣੀ ਮਾਲਾ ਦੇ ਵਿਰੋਧ ਵਿੱਚ ਥਾਂ-ਥਾਂ ਸਾਨੂੰ ਆਖ ਰਹੀ ਹੈ ਇਨ੍ਹਾਂ ਅਗਿਆਨਤਾ ਵੱਸ ਆਪਣੀ ਰੋਟੀ-ਰੋਜ਼ੀ ਚਲਾਉਣ ਵਾਲਿਆਂ ਆਪੂੰ ਬਣੇ ਸਾਧਾਂ-ਸੰਤਾਂ-ਬ੍ਰਹਮਗਿਆਨੀਆਂ ਨੇ ਮਾਲਾ ਵਾਲਾ ਸਿਮਰਨ ਕਰਨ ਦਾ ਢੰਢੋਰਾ ਜਿਆਦਾ ਪਿਟਿਆ ਹੈ। ਆਖਦੇ ਹਨ ਕਿ ਇਸ ਸ਼ਬਦ ਨੂੰ ਇਤਨੀਆਂ ਮਾਲਾ ਨਾਲ ਜਪਣਾ ਹੈ ਤਾਂ ਤੁਹਾਡਾ ਕਾਰਜ਼ ਸਿਰੇ ਚੜ੍ਹੇਗਾ। ਜਿਵੇਂ ਗੁਰੂ ਨਾਨਕ ਜੀ ਦਾ ਉਚਾਰਨ ਕੀਤਾ ਸ਼ਬਦ ‘ਰਾਗੁ ਧਨਾਸਰੀ ਮਹਲਾ 1 || ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1|| ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥1|| ਰਹਾਉ ॥ ਹੈ। ਜੋ ਆਰਤੀ ਦਾ ਬੜੀ ਹੀ ਦ੍ਰਿੜਤਾ ਨਾਲ ਖੰਡਨ ਕਰਦਾ ਹੈ, ਪਰ ਅਸੀਂ ਅਗਿਆਨਤਾ ਕਾਰਣ ਉਸ ਸ਼ਬਦ ਰਾਹੀਂ ਹੀ ਆਰਤੀਆਂ ਉਤਾਰੀ ਜਾ ਰਹੇ ਹਾਂ। ਜਿਹੜੇ ਮੂਰਤੀਆਂ ਅਗੇ ਖੜ੍ਹੇ ਹੋ ਉਸ ਨੂੰ ਹੀ ਰੱਬ ਮੰਨ ਕੇ ਉਸ ਦੀ ਆਰਤੀ ਉਤਾਰ ਰਹੇ ਸਨ, ਗੁਰੂ ਜੀ ਨੇ ਉਨ੍ਹਾਂ ਨੂੰ ਇਸ ਸ਼ਬਦ ਰਾਹੀਂ ਉਪਦੇਸ਼ ਦੇ ਕੇ ਸਮਝਾਇਆ ਕਿ ਉਸ ਅਕਾਲ ਪੁਰਖ ਦੀ ਆਰਤੀ ਤਾਂ ਸਦਾ ਹੀ ਇਸ ਸਾਰੇ ਬ੍ਰਹਮੰਡ ਵਿੱਚ ਹੋ ਰਹੀ ਹੈ। ਪਰ ਕਿੱਡੇ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਸਿਖਿਆ ਸਾਡੇ ਪਾਸ ਹੁੰਦਿਆਂ ਹੋਇਆਂ ਫਿਰ ਵੀ ਅਸੀਂ ਇਸੇ ਸ਼ਬਦ ਰਾਹੀਂ ਆਰਤੀ ਉਤਾਰੀ ਜਾ ਰਹੇ ਹਾਂ। ਅਨੇਕਾਂ ਹੀ ਗੁਰਦੁਆਰਿਆਂ, ਡੇਰਿਆਂ ਵਿੱਚ ਆਪਣੇ ਆਪ ਨੂੰ ਸਾਧ, ਸੰਤ, ਬ੍ਰਹਮਗਿਆਨੀ, ਰਾਗੀ, ਕੀਰਤਨੀਏ ਇਸੇ ਸ਼ਬਦ ਰਾਹੀਂ ਆਰਤੀਆਂ ਕਰਦੇ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਹੀ ਮਾਲਾ ਦੇ ਵਿਰੋਧ ਵਿੱਚ ਜਿੱਡਾ ਵੱਡਾ ਉਪਦੇਸ਼ ਸਾਡੇ ਪਾਸ ਮੌਜ਼ੂਦ ਹੈ, ਅਸੀਂ ਨਿਤਾ ਪ੍ਰਤੀ ਪੜ੍ਹਦੇ ਵੀ ਹਾਂ ਅਤੇ ਸੁਣਦੇ ਵੀ ਹਾਂ, ਪਰ ਫਿਰ ਵੀ ਅਸੀਂ ਗਿਣਤੀਆਂ ਮਿਣਤੀਆਂ ਦੀਆਂ ਮਾਲਾ ਫੇਰਦੇ ਹੋਏ ਆਪਣੇ ਆਪ ਨੂੰ ਪੂਰਨ ਧਰਮੀਂ ਮੰਨੀ ਬੈਠੇ ਹਾਂ। ਇਸੇ ਤਰ੍ਹਾਂ ਮਾਇਆ ਦੀ ਲਾਲਸਾ ਵਿੱਚ ਫਸੇ ਵਿਧਵਾਨ ਲਿਖਾਰੀਆਂ ਨੇ ‘ਸੰਕਟ ਮੋਚ’ ਨਾਂ ਦੀਆਂ ਕਿਤਾਬਾਂ ਵੀ ਲਿਖ ਦਿੱਤੀਆਂ ਹਨ। ਕਿ ਇਸ ਸ਼ਬਦ ਨੂੰ ਤੜਕਸਾਰ ਉਠਕੇ ਇਤਨੀ ਵਾਰੀ ਜਾਂ ਏਹਨੀਆਂ ਮਾਲਾ ਇਸ ਸ਼ਬਦ ਦੀਆਂ ਫੇਰ ਲੈਣੀਆਂ ਤੁਹਾਡੇ ਸਾਰੇ ਕੰਮ ਸਫਲਤਾ ਪੂਰਕ ਸਿਰੇ ਚੜ੍ਹ ਜਾਣਗੇ। ਇਸ ਪਉੜੀ ਨੂੰ ਪੰਜ ਦਿਨ ਇੱਕ ਸੋ ਇੱਕ ਵਾਰੀ ਪੜ੍ਹ ਲੈਣਾ ਮੁਕਦਮੇ ਵਿੱਚੋਂ ਜਿੱਤ ਹੋ ਜਾਵੇਗੀ, ਘਰ ਵਿੱਚ ਪੁੱਤਰ ਦੀ ਆਮਦ ਹੋ ਜਾਵੇਗੀ, ਧੀਆਂ ਪੁੱਤਰ ਪੜ੍ਹਾਈ ਵਿੱਚੋਂ ਪਾਸ ਹੋ ਜਾਣਗੇ, ਗਾਈਆਂ-ਮੱਝਾਂ ਦੁੱਧ ਬਹੁਤਾ ਦੇਣ ਲੱਗ ਪੈਣਗੀਆਂ, ਅਨੇਕਾਂ ਬੀਮਾਰੀਆਂ ਤੋਂ ਤੰਦਰੁਸਤ ਹੋ ਜਾਵੋਂਗੇ, ਧੰਨ ਦੋਲਤ ਦੇ ਅੰਬਾਰ ਲੱਗ ਜਾਣਗੇ ਇਸ ਤਰ੍ਹਾਂ ਐਲਾਣ ਦਿੱਤਾ ਗਿਆ ਅਤੇ ਅਸੀਂ ਅਗਿਆਨਤਾ ਕਾਰਣ ਨਾ ਸਮਝਾਂ ਨੇ ਇਸ ਨੂੰ ਹੀ ਸੱਚ ਮੰਨ ਕੇ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਪਰ ਸਤਸੰਗੀ ਜਨੋਂ ਸੱਚ ਜਾਣਿਉਂ ਜੇ ਇਸੇ ਤਰ੍ਹਾਂ ਕਰਣ ਨਾਲ ਕੁੱਝ ਪ੍ਰਾਪਤ ਹੁੰਦਾ ਹੋਏ ਤਾਂ ਭਾਰਤ ਵਿੱਚ ਪਹਿਲਾਂ ਹੀ ਅਨੇਕਾਂ ਇਸ ਤਰ੍ਹਾਂ ਦੇ ਮਾਲਾਧਾਰੀ, ਬਭੂਤਧਾਰੀ, ਨਾਂਗੇ, ਤੀਰਥਾਂ ਦੇ ਕਿਨਾਰਿਆਂ ਉਪਰ ਬੈਠੇ, ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪੇ, ਜੰਗਲਾਂ ਦੇ ਵਿੱਚ ਧੂਣੀਆਂ ਤਪਾਈ ਬੈਠੇ ਇਹ ਮਾਲਾ ਫੇਰਨ ਦਾ ਕੰਮ ਕਰ ਰਹੇ ਸਨ, ਪਰ ਕਿਸੇ ਕਿਸਮ ਦੀ ਕੋਈ ਵੀ ਪ੍ਰਾਪਤੀ ਉਨ੍ਹਾਂ ਨੂੰ ਅੱਜ ਤੱਕ ਨਹੀਂ ਹੋਈ। ਸਗੋਂ ਗੁਰੂ ਨਾਨਕ ਜੀ ਨੇ ਐਸਾ ਢੌਂਗ ਕਰਨ ਵਾਲਿਆਂ ਨੂੰ ਗਿਆਨ ਦਿੱਤਾ, ਸਮਝਾਇਆ ਅਤੇ ਮੋੜਕੇ ਆਪਣੇ ਘਰਾਂ ਨੂੰ ਵਾਪਸ ਲਿਆਂਦਾ। ਸੱਚ ਹੱਕ ਦਾ ਜੀਵਨ ਜੀਊਣ ਦੀ ਸੋਝੀ ਦਿੱਤੀ, ਜੋ ਮਨੁੱਖਾਂ ਉਪਰ ਤਸ਼ਦਦ ਹੋ ਰਿਹਾ ਸੀ ਉਸ ਨਾਲ ਤਕੜੇ ਹੋ ਕੇ ਟੱਕਰ ਲੈਣ ਦਾ ਵੱਲ-ਤਰੀਕਾ ਸਿਖਾਇਆ ਪਰ ਅੱਜ ਉਹੋ ਹੀ ਗੁਰੂ ਨਾਨਕ ਜੀ ਦਾ ਉਪਦੇਸ਼ ਅਸੀਂ ਪੜ੍ਹਨ ਸੁਣਨ ਵਾਲੇ ਕਿਸ ਰਾਹ ਪੈ ਗਏ ਹਾਂ। ਨਾਨਕ ਜੀ ਨੇ ਲੋਕਾਂ ਨੂੰ ਚੌਲੀਹਿਆਂ, ਵਹਿਮਾਂ, ਭਰਮਾਂ ਵਿੱਚੋਂ ਕੱਡਿਆ। ਕਰਮਾਂ ਕਾਂਡਾ ਨੂੰ ਤੋੜਿਆ ਪਰ ਅਫਸੋਸ ਅੱਜ ਅਨੇਕਾਂ ਹੀ ਆਪਣੇ ਆਪ ਨੂੰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਸਿੱਖ ਅਖਵਾਉਣ ਵਾਲੇ ਬਾਣੀ ਪੜ੍ਹਕੇ ਚੌਲੀਹੇ ਕੱਟਦੇ, ਕਰਮ ਕਾਂਡ, ਮਸਿਆਂ, ਸੰਗਰਾਂਦਾ ਮਨਾ ਰਹੇ, ਤੀਰਥਾਂ ਦਾ ਰਟਨ ਕਰਦੇ, ਮੜੀਆਂ ਮਸਾਣਾ ਨੂੰ ਮੱਥੇ ਟੇਕਦੇ, ਜਠੇਰਿਆਂ ਅਤੇ ਹੋਰ ਕਈ ਕਿਸਮ ਦੀਆਂ ਮੁਰਦਿਆਂ ਦੀਆਂ ਕੁਟੀਆ ਉਪਰ ਨੱਕ ਰਗੜਦੇ ਸਹਿਜ਼ੇ ਹੀ ਨਜ਼ਰ ਆ ਜਾਂਦੇ ਹਨ। ਕੋਈ ‘40’ ਦਿਨ ਨੰਗੇ ਪੈਰੀਂ ਗੁਰਦੁਆਰੇ ਜਾ ਰਿਹਾ ਹੈ, ਕੋਈ ‘40’ ਮਸਿਆ ਨਹ੍ਹਾ ਰਿਹਾ ਹੈ, ਕੋਈ ‘40’ ਦਿਨ ਧੂਪ ਬੱਤੀ ਕਰ ਰਿਹਾ ਹੈ, ਕੋਈ ਟੱਲੀਆਂ ਖੜਕਾ ਰਿਹਾ ਹੈ ਤੇ ਕੋਈ ਹੋਰ ‘11’ ਮਣਕਿਆਂ ਵਾਲੀ, ਤੇ ਕੋਈ ‘101’ ਮਣਕਿਆਂ ਵਾਲੀ ਮਾਲਾ ਫੇਰ ਰਿਹਾ ਹੈ। ਪਤਾ ਨਹੀਂ ਕੀ-ਕੀ ਹੋ ਰਿਹਾ ਹੈ ਜ਼ਰਾ ਧਿਆਨ ਨਾਲ ਦੇਖਿਆਂ ਪਰਖਿਆਂ ਨਜ਼ਰ ਆ ਜਾਂਦਾ ਹੈ ਕਿ ਕੀ ਕੁੱਝ ਸਾਡੇ ਆਹਲੇ ਦੁਆਲੇ ਹੋ ਰਿਹਾ ਹੈ। ਕੋਈ ਵਗਿਆਨਕ ਢੰਗ ਨਹੀਂ ਲੱਭਣਾ, ਕੋਈ ਸਿਆਣਪ ਨਾਲ ਮਹਿਨਤ ਨਹੀਂ ਕਰਨੀ ਤਰੱਕੀ ਕਰਨ ਦੀ, ਬੱਸ ਇਹ ਭਰਮ ਪਾਲਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਹੀ ਸਭ ਕੁੱਝ ਦੀ ਪ੍ਰਾਪਤੀ ਹੋ ਜਾਵੇਗੀ। ਜੇ ਇਸ ਤਰ੍ਹਾਂ ਕਰਨ ਨਾਲ ਕੋਈ ਪ੍ਰਾਪਤੀ ਹੋਣੀ ਹੋਵੇ ਤਾਂ ਅੱਜ ਭਾਰਤ ਦੀ ਧਰਤੀ ਉਪਰ ਤਕਰੀਬਨ ‘50’ ਲੱਖ ਸਾਧ ਕੋਈ ਸੁਆਹ ਮਲੀ ਬੈਠਾ, ਕੋਈ ਮਾਲਾ ਪਾਈ, ਕੋਈ ਤੀਰਥਾਂ ਉਪਰ, ਕੋਈ ਨੰਗ ਮਲੰਗ, ਕੋਈ ਜਟਾਧਾਰੀ, ਕੋਈ ਗੁਫਾ ਵਿੱਚ, ਕੋਈ ਮੰਗ ਖਾਣ ਵਾਲੇ, ਕੋਈ ਡੇਰੇਧਾਰੀ, ਕੋਈ ਕੁਟੀਆ ਵਿੱਚ ਹੱਥ ਦੇਖਣ ਵਾਲਾ, ਕੋਈ ਪੁੱਛਾਂ ਦੇਣ ਵਾਲਾ, ਕੋਈ ਨਿਕੀਆਂ ਵੱਡੀਆਂ ਅਰਦਾਸਾਂ ਕਰਨ ਵਾਲਾ, ਕੋਈ ਲੰਗੋਟਧਾਰੀ, ਕੋਈ ਗੇਰੂਏ ਪਹਿਨੀ ਬੈਠਾ, ਕੋਈ ਚਿੱਟੇ, ਕੋਈ ਨੀਲੇ, ਕੋਈ ਕਾਲੇ, ਕੋਈ ਬੋਰੀ ਵਾਲਾ, ਕੋਈ ਲੋਈ ਵਾਲਾ, ਕੋਈ ਹੱਥ ਵਿੱਚ ਤੇ ਕੋਈ ਗਲ ਵਿੱਚ, ਕੋਈ ਪੱਗ ਉਪਰ ਤੇ ਕੋਈ ਬਾਂਹ ਵਿੱਚ ਮਾਲਾ ਪਾਈ ਬੈਠਾ ਹੈ ਪਰ ਨਿਗ੍ਹਾ ਮਾਰਿਆਂ ਸੌਖਿਆਂ ਹੀ ਪਤਾ ਚਲ ਜਾਂਦਾ ਹੈ ਕਿ ਇਨ੍ਹਾਂ ਨੇ ਆਪਣੇ ਪ੍ਰੀਵਾਰ ਦਾ, ਧਰਮ ਦਾ, ਕੌਮ ਦਾ, ਦੇਸ਼ ਦਾ, ਸਮਾਜ਼ ਦਾ ਸਵਾਰਿਆ ਕੁੱਝ ਵੀ ਨਹੀਂ ਹੈ, ਮਨੁੱਖਤਾ ਦੀ ਭਲਾਈ ਦਾ ਕਿਹੜਾ ਕੰਮ ਕੀਤਾ ਹੈ, ਕੋਈ ਸਵੈ ਮਾਣਤਾ ਵਾਲਾ, ਮਨੁੱਖਤਾ ਦੇ ਹੱਕਾਂ ਵਾਲਾ ਕਿਹੜਾ ਕਾਰਜ਼ ਕੀਤਾ ਹੈ। ਤਾਂ ਸੱਚ ਜਾਣਿਉਂ ਇਸ ਤਰ੍ਹਾਂ ਦੇ ਵਹਿਲੜਾਂ ਨੂੰ ਦੇਖ ਸੁਣਕੇ ਸ਼ਰਮ ਸਾਰ ਹੋ ਜਾਈਦਾ ਹੈ। ਜਿਸ ਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਆਖਦੇ ਹਾਂ ਉਥੇ ਇਸ ਤਰ੍ਹਾਂ ਦੇ ਲੋਕਾਂ ਦੀਆਂ ਧਾੜ੍ਹਾਂ ਦੀਆਂ ਧਾੜ੍ਹਾਂ ਫਿਰ ਰਹੀਆਂ ਹਨ ਪਰ ਮਨੁੱਖਤਾ ਦਾ ਹਰ ਆਏ ਦਿਨ ਘਾਣ ਵੀ ਹੋ ਰਿਹਾ ਹੈ, ਲੁੱਟ-ਘਸੁੱਟ ਵੀ ਉਸੇ ਤਰ੍ਹਾਂ ਹੀ ਹੋ ਰਹੀ ਹੈ। ਇਹ ਮਾਲਾਧਾਰੀ ਸਿੱਖ ਅਖਵਾਉਣ ਵਾਲੇ ਵੀ ਇਸੇ ਰਾਹ ਹੀ ਪਏ ਹੋਏ ਹਨ ਇਨ੍ਹਾਂ ਕਦੇ ਵੀ ਜੁਲਮ ਦੇ ਵਿਰੁਧ ਆਵਾਜ਼ ਨਹੀਂ ਉਠਾਈ, ਇਸ ਤਰ੍ਹਾਂ ਲਗਣ ਲੱਗ ਪੈਂਦਾ ਹੈ ਕਿ ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਜੁਲਮ ਕੀ ਹੈ, ਪ੍ਰੀਵਾਰ ਕੀ ਹੁੰਦਾ ਹੈ, ਰਿਸ਼ਤੇ ਨਾਤੇ ਕੀ ਹੁੰਦੇ ਹਨ, ਧਰਮ ਕੀ ਹੁੰਦਾ ਹੈ, ਸਵੈ ਮਾਣ ਕੀ ਹੁੰਦਾ ਹੈ, ਇੱਜ਼ਤ ਕੀ ਹੁੰਦੀ ਹੈ, ਮਨੁੱਖਤਾ ਦੇ ਹੱਕ ਕੀ ਹਨ। ਇਨ੍ਹਾਂ ਸਾਨੂੰ ਰਾਹ ਦਸਣ ਵਾਲਿਆਂ ਨੂੰ ਹੀ ਨਹੀਂ ਪਤਾ ਹੈ ਤਾਂ ਇਹ ਲੋਕ ਸਾਨੂੰ ਸਹੀ ਜੀਵਨ ਜਾਂਚ ਕਿਥੋਂ ਦੇ ਸਕਦੇ ਹਨ। ਇਹ ਲੋਕ ਤਾਂ ਸਾਨੂੰ ਆਰਥਕ ਅਤੇ ਮਾਨਸਿਕ ਦੋਨੋ ਪੱਖਾਂ ਤੋਂ ਹੀ ਨਿਮਾਣੇ-ਨਿਤਾਣੇ ਬਣਾਈ ਜਾ ਰਹੇ ਹਨ। ਆਖਦੇ ਹਨ ਕਿ ਦੋ ਵਜ਼ੇ ਉਠ ਕੇ 50 ਮਾਲਾ ਫੇਰਿਆਂ ਜਾਂ ਤਿੱਨ ਵਜ਼ੇ ਠੰਡੇ ਪਾਣੀ ਨਾਲ ਨਹ੍ਹਾ ਕੇ 20 ਮਾਲਾ ਇਸ ਸ਼ਬਦ ਦੀਆਂ ਫੇਰਨ ਨਾਲ ਹੀ ਤੁਹਾਡਾ ਕਾਰਜ਼ ਰਾਸ ਆ ਜਾਵੇਗਾ, ਅਤੇ ਅਸੀਂ ਭੋਲੇ-ਭਾਲੇ ਲੋਕ ਇਨ੍ਹਾਂ ਦੇ ਮਗਰ ਲੱਗ ਕੇ ਇਹ ਸਾਰਾ ਕੁੱਝ ਕਰੀ ਕਰਾਈ ਜਾ ਰਹੇ ਹਾਂ, ਪ੍ਰਾਪਤੀ ਕੋਈ ਵੀ ਨਹੀਂ ਹੁੰਦੀ। ਜੇ ਇਸ ਤਰ੍ਹਾਂ ਮਾਲਾ ਫੇਰਨ ਨਾਲ ਹੀ ਕੁੱਝ ਪ੍ਰਾਪਤੀ ਹੋ ਜਾਂਦੀ ਹੋਵੇ ਤਾਂ ਫਿਰ ਨੌਕਰੀਆਂ ਕਰਨ ਦੀ, ਹਲ ਚਲਾਉਣ ਦੀ, ਦੁਕਾਨਦਾਰੀ ਕਰਨ ਦੀ ਅਤੇ ਹੋਰ ਅਨੇਕਾਂ ਹੀ ਤਰ੍ਹਾਂ ਦੀ ਮਹਿਨਤ ਮਸ਼ਕਤ ਕਰਨ ਦੀ ਕੀ ਜਰੂਰਤ ਹੈ। ਮਾਲਾ ਫੇਰਨ ਵਾਲੇ ਦਾ ਹਲ ਕੌਣ ਚਲਾਵੇਗਾ? ਨੌਕਰੀ ਕਰਨ ਵਾਲੇ ਦੀ ਡਿਊਟੀ ਕੌਣ ਦੇਵੇਗਾ ਜੇ ਉਹ ਬੈਠਕੇ ਮਾਲਾ ਦੇ ਗੇੜੇ ਦੇਣ ਲੱਗ ਪਵੇ। ਜੇ ਇਨ੍ਹਾਂ ਸਾਧਾਂ ਦੇ ਦਰਸਾਏ ਅਨੁਸਾਰ ਮਾਲਾ ਫੇਰਿਆਂ ਹੀ ਸਫਲਤਾ ਹੈ ਤਾਂ ਫਿਰ ਮਾਲਾ ਲੈ ਲਈਏ ਇੱਕ-ਦੋ ਘੰਟੇ ਬੈਠ ਇਹ ਕੰਮ ਕੀਤਾ ਤਾਂ ਸਭ ਕੁੱਝ ਆਪੇ ਹੀ ਨੇਪਰੇ ਚੜ੍ਹ ਜਾਵੇਗਾ। ਪਰ ਇਸ ਤਰ੍ਹਾਂ ਅੱਜ ਤੱਕ ਕਦੇ ਵੀ ਨਹੀਂ ਹੋਇਆ ਅਤੇ ਨਾ ਹੀ ਅਗੇ ਨੂੰ ਕੋਈ ਪ੍ਰਾਪਤੀ ਹੋਣ ਦੀ ਆਸ ਹੈ। ਜੋ ਵਿਗਿਆਨੀਆਂ ਨੇ ਕਾਡਾਂ ਕੱਢ ਕੇ ਦੁਨੀਆਂ ਦੇ ਲੋਕਾਂ ਨੂੰ ਸਹੂਲਤਾਂ ਪਰਦਾਨ ਕੀਤੀਆਂ ਹਨ ਕੀ ਉਨ੍ਹਾਂ ਮਾਲਾ ਫੇਰ ਕੇ ਇਹ ਸਾਰਾ ਕੁੱਝ ਕੀਤਾ ਹੈ? ਨਹੀਂ ਜੀ ਉਨ੍ਹਾਂ ਲੋਕਾਂ ਅਨੇਕ ਤਰ੍ਹਾਂ ਨਾਲ ਮਹਿਨਤ ਕੀਤੀ, ਪੜ੍ਹਾਈ ਕੀਤੀ, ਆਪਣੀ ਅਕਲ ਵਰਤੀ ਤਾਂ ਕਿਤੇ ਲੋਕ ਭਲਾਈ ਵਾਸਤੇ ਨਵੇਂ-ਨਵੇਂ ਕਾਰਜ਼ ਕਾਰੀ ਕੰਮ ਕੀਤੇ। ਇਸੇ ਤਰ੍ਹਾਂ ਹੀ ਭਾਰਤ ਦੀ ਧਰਤੀ ਦੇ ਲੋਕਾਂ ਦੀ ਗਲਾਮੀ ਦੇ ਸੰਗਲ ਕਿਸੇ ਮਾਲਾ ਫੇਰਨ ਨਾਲ ਨਹੀਂ ਟੁੱਟੇ, ਇਸ ਵਾਸਤੇ ਗੁਰੂ ਜੀ ਦੀ ਸਿਖਿਆ ਤੇ ਤੁਰਨ ਵਾਲਿਆਂ ਆਪਣੀਆਂ ਜਾਨਾਂ ਵਾਰ ਕੇ ਬਹਾਦਰੀ ਭਰੇ ਕਾਰਨਾਮੇ ਕਰਦੇ ਹੋਇਆਂ ਹੀ ਤੋੜੇ ਸਨ। ਮਾਲਾ ਫੇਰਨ ਵਾਲਿਆਂ ਦੀ ਕੋਈ ਵੀ ਕਰਾਮਾਤ ਨਹੀਂ ਚੱਲੀ, ਕੋਈ ਵੀ ਦੁਸ਼ਮਨ ਨਹੀਂ ਮਰਿਆ, ਗੁਰੂ ਨਾਨਕ ਜੀ ਆਪ ਹੀ ਫੁਰਮਾਉਂਦੇ ਹਨ ਕਿ ਬਾਬਰ ਨੇ ਜਦ ਭਾਰਤ ਉਪਰ ਹਮਲਾ ਕੀਤਾ ਤਾਂ ਉਸ ਸਮੇਂ ਵੀ ਮਾਲਾ ਫੇਰਨ ਵਾਲੇ ਬਹੁ ਸਨ ਪਰ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਮਾਲਾ ਨੇ ਕੋਈ ਕਰਾਮਾਤ ਨਹੀਂ ਕੀਤੀ।:- 417:-ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥
ਗੁਰੂ ਨਾਨਕ ਜੀ ਨੇ ਲੰਮਾਂ ਸਮਾਂ ਪ੍ਰਚਾਰ ਫੇਰੀਆਂ ਕਰ ਕੇ ਲੋਕਾਂ ਨੂੰ ਜਾਗਰਤ ਕੀਤਾ, ਆਪਣੇ ਸਵੈ-ਮਾਣਤਾ ਤੇ ਹੱਕਾਂ ਦੀ ਰਾਖੀ ਵਾਸਤੇ ਜਾਗਰਤ ਕੀਤਾ, ਸਾਨੂੰ ਆਤਮਿਕ ਅਤੇ ਆਰਥਿਕ ਤੋਰਤੇ ਬਲਵਾਨ ਕੀਤਾ ਤਾਂ ਕਿਤੇ ਭਾਰਤ ਦੇਸ ਦੇ ਵਸਨੀਕਾਂ ਨੇ ਹਮਲਾਵਰਾਂ ਦਾ ਡੱਟਕੇ ਮੁਕਾਬਲਾ ਕੀਤਾ ਅਤੇ ਗਲਾਮੀ ਦੀਆਂ ਜੰਜੀਰਾਂ ਨੂੰ ਗਲੋਂ ਲਾਇਆ। ਬਿਮਾਰੀਆਂ, ਭੁੱਖਮਰੀਆਂ, ਗਰੀਬੀਆਂ ਅਤੇ ਹੋਰ ਅਨੇਕ ਕਿਸਮ ਦੀਆਂ ਮੁਸ਼ਕਲਾਂ ਕਦੇ ਵੀ ਮਾਲਾ ਫੇਰਨ ਨਾਲ ਦੂਰ ਨਹੀਂ ਹੋਈਆਂ। ਇਨ੍ਹਾਂ ਵਾਸਤੇ ਖੁੱਦ ਮਹਿਨਤ, ਉਪਰਾਲੇ ਕਰਨ ਦੀ ਜਰੂਰਤ ਹੋਇਆ ਕਰਦੀ ਹੈ। ਇਸੇ ਤਰ੍ਹਾਂ ਸਾਡੇ ਸਾਧਾਂ-ਸੰਤਾਂ, ਬ੍ਰਹਮਗਿਆਨੀਆਂ ਵੀ ਕੇਵਲ ਇੱਕ-ਦੋ ਅਖਰਾਂ ਦੇ ਰਟਨ ਨੂੰ ਮਾਲਾ ਦੇ ਆਸਰੇ ਜਪਣ ਵਾਸਤੇ ਐਲਾਣ ਕਰ ਦਿੱਤਾ ਹੈ ਕਿ ‘ਵਾਹਿਗੁਰੂ’ ਅੱਖਰ ਨੂੰ 101 ਵਾਰੀ ਜਪਣਾ। ਸਤਿਕਾਰ ਯੋਗ ਸਜਣੋ ਵਾਹੇਗੁਰੂ ਕਹਿਣ ਵਿੱਚ ਕੋਈ ਗੁਨਾਹ ਨਹੀਂ ਹੈ। ਪਰ ਧਿਆਨ ਮਾਰਨ ਦੀ ਜਰੂਰਤ ਹੈ ਕਿ ਇਸ ਵਾਹੇਗੁਰੂ ਅੱਖਰ ਵਿੱਚੋਂ ਸਾਨੂੰ ਨੇਕੀ ਵਾਲੇ ਕੰਮਾਂ ਦੀ, ਬੁਰਾਈਆਂ ਨੂੰ ਛੱਡਨ ਦੀ, ਜੀਵਨ ਦਾ ਹੋਰ ਸਰਬ ਪੱਖੀ ਗਿਆਨ ਕੋਈ ਵੀ ਹਾਸਲ ਨਹੀਂ ਹੁੰਦਾ। ਕੋਈ ਵੀ ਸਿਖਿਆ ਨਹੀਂ ਮਿਲਦੀ। ਸਾਡੇ ਵੀ ਕੁੱਝ ਵੀਰ ਗੁਰਬਾਣੀ ਦਾ ਕੀਰਤਨ ਕਰਦੇ ਕਰਦੇ ਵਿੱਚ ਵਿਚਾਲੇ ਰੁਕ ਕੇ ਉਚੀ-ਉਚੀ ਅਵਾਜ਼ ਵਿੱਚ ਵਾਹੇਗੁਰੂ ਦਾ ਜਾਪ ਕਰਦੇ ਦੇਖੇ ਜਾ ਸਕਦੇ ਹਨ, ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕਿ ਗੁਰੂ ਜੀ ਬਾਣੀ ਰੱਚਦੇ ਕਿਤੇ ਭੁਲ ਕਰ ਗਏ ਹੋਣ ਜਿਹੜਾ ਇਹ ਲੋਕ ਉਸ ਨੂੰ ਪੂਰਾ ਕਰ ਰਹੇ ਹੁੰਦੇ ਹਨ। ਸਾਡਾ ਸਿੱਖਾਂ ਦਾ ਉਸੇ ਤਰ੍ਹਾਂ ਹੀ ਬਾਣੀ ਨੂੰ ਪੜ੍ਹਨਾ ਅਤੇ ਗਾਉਣਾ ਬਣਦਾ ਹੈ ਜਿਸ ਤਰ੍ਹਾਂ ਇਸ ਦੀ ਰਚਨਾਂ ਕੀਤੀ ਹੋਈ ਹੈ। ਜ਼ਰਾ ਸੋਚ ਕੇ ਦੇਖਣਾ ਕਿ ਜੇ ਭਾਰਤ ਦੇ ਸਾਰੇ ਲੋਕ ਮਾਲਾ ਫੜ੍ਹਕੇ ਬੈਠ ਜਾਣ ਤਾਂ ਕੰਮ ਕਾਜ਼ ਕੌਣ ਕਰੇਗਾ, ਰੋਟੀ ਕੌਣ ਕਮਾਏਗਾ, ਬੱਚਿਆਂ ਨੂੰ ਕੌਣ ਪਾਲੇਗਾ, ਅਸੀਂ ਸਾਰੇ ਭੁੱਖ ਨਾਲ ਹੀ ਮਰ ਜਾਵਾਂਗੇ। ਪਿਛੇ ਜਿਹੇ ਕੁੱਝ-ਕੁ ਸਾਲਾਂ ਦੀ ਗੱਲ ਹੈ ਜਿਨ੍ਹਾਂ ਨੂੰ ਅਸੀਂ ‘ਕੂਕੇ’ ਆਖਦੇ ਹਾਂ ਉਨ੍ਹਾਂ ਨੇ ਵੀ ਇੱਕ ਨਵਾਂ ਅਡੰਬਰ ਰਚਿਆ ਸੀ ਕਿ ਅਸੀਂ ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਗਿਣਤੀ ਦੇ ਸਵਾ ਲੱਖ ਪਾਠ ਕਰਾਂਗੇ। ਤਾਂ ਉਨ੍ਹਾਂ ਨੇ ਗੁ: ਗੰ੍ਰ: ਜੀ ਸੇ ਸਰੂਪ ਨੂੰ ਖੋਲਕੇ ਇੱਕ-ਇੱਕ, ਦੋ-ਦੋ ਪਤਰੇ ਆਪਣੇ ਸੇਵਕਾਂ ਨੂੰ ਦੇ ਦਿੱਤੇ ਤੇ ਉਨ੍ਹਾਂ ਨੇ ਉਨ੍ਹਾਂ ਪੱਤਰਿਆਂ ਦਾ ਸਵਾ-ਸਵਾ ਲੱਖ ਵਾਰੀ ਪਾਠ ਕਰ ਲਿਆ ਤੇ ਬਾਅਦ ਵਿੱਚ ਸਵਾ ਲੱਖ ਦੇ ਪਾਠ ਦੀ ਅਰਦਾਸ ਕਰ ਦਿੱਤੀ। ਪਰ ਬਦਲਿਆ ਕੁੱਝ ਵੀ ਨਹੀਂ। ਜਦ ਇਨ੍ਹਾਂ ਨੂੰ ਅਕਾਲ ਤੱਖਤ ਤੇ ਤਲਬ ਕੀਤਾ ਗਿਆ ਤਾਂ ਇਨ੍ਹਾਂ ਨੂੰ ਮੁਆਫੀ ਮੰਗਣੀ ਪਈ।ਤੇ ਸਾਡੇ ਮੋਹਰੀਆਂ ਨੇ ਮੁਆਫ ਵੀ ਕਰ ਦਿੱਤਾ। ਇਸੇ ਤਰ੍ਹਾਂ ਹੀ ਅੱਜ ਸਾਡੇ ਆਪਣੇ ਸਾਧ-ਸੰਤ ਅਤੇ ਬ੍ਰਹਮਗਿਆਨੀ 108, 1008 ਅਖਵਾਉਣ ਵਾਲੇ ਪੂਰਨ ਮਹਾਤਮਾਂ ਦੀ ਪਦਵੀ ਵਾਲੇ ਵੀ ਤਾਂ ਏਹੋ ਕੁੱਝ ਹੀ ਕਰ ਕਰਵਾ ਰਹੇ ਹਨ। ਗਿਣਤੀਆਂ ਦੇ ਪਾਠ ਜਿਵੇਂ ‘51’ ਪਾਠ ‘101’ ਪਾਠ ‘5’ ਪਾਠ ‘20’ ਪਾਠ ਜਾਂ ਇਤਨੀਆਂ ਮਾਲਾ ਸਿਮਰਨ ਦੀਆਂ ਫੇਰਨੀਆਂ, ਜਾਂ 40 ਦਿਨ ਸੁਖਮਨੀ ਦਾ ਪਾਠ ਕਰਨਾ, ਇਸ ਤਰ੍ਹਾਂ ਕਰਨ ਨਾਲ ਸਾਰੇ ਕਾਰਜ਼ ਸਫਲ ਅਤੇ ਪ੍ਰੀਵਾਰਾਂ ਵਿੱਚ ਸੁੱਖ-ਸ਼ਾਤੀ ਬਣੀ ਰਹੇਗੀ ਦਾ ਵਿਸ਼ਵਾਸ਼ ਵੀ ਦਿਵਾ ਦਿੰਦੇ ਹਨ। ਇਸ ਤਰ੍ਹਾਂ ਦੀਆਂ ਮਾਲਾ ਫੇਰ ਕੇ ਕੋਈ ਸਾਨੂੰ ਬ੍ਰਹਮਗਿਆਨੀ ਬਣਾ ਰਿਹਾ ਹੈ, ਤੇ ਕੋਈ ਹੋਰ ਕਿਸੇ ਹੋਰ ਪਦਵੀ ਦਾ ਭਰੋਸਾ ਕਰਵਾ ਰਿਹਾ ਹੈ। ਪਰ ਹੁੰਦਾ ਕੁੱਝ ਵੀ ਨਹੀਂ।