ਹਰਿ ਹਰਿ ਅਖਰ ਦੁਇ ਇਹ ਮਾਲਾ – ਸ਼ਬਦ ਵਿਚਾਰ (ਭਾਗ 02)

ਸ਼ਬਦ ਨੰ:30:-(ਗੁ:ਗ੍ਰੰ:ਪੰਨਾ:-388)
ਆਸਾ, ਮਹਲਾ 5 ॥
ਉਚਾਰਨ:- ਆਸਾ, ਮਹਲਾ ਪੰਜਵਾਂ ॥
ਹਰਿ, ਹਰਿ ਅਖਰ ਦੁਇ ਇਹ ਮਾਲਾ ॥
ਉਚਾਰਨ:-ਹਰ, ਹਰ ਅਖਰ ਦੋਏ ਇਹ ਮਾਲਾ ॥
ਪਦ ਅਰਥ:-ਹਰਿ-ਰੱਬ ਜੀ ਦੇ ਗੁਣ, ਕੁਦਰਤ ਦੇ ਨਿਯਮ। ਦੁਇ-ਦੋ। ਇਹ-ਏਹੋ ਹੀ। ਮਾਲਾ-ਮਾਲਾ ਹੈ।
ਅਰਥ:-ਗੁਰੂ ਅਰਜਨ ਸਾਹਿਬ ਜੀ ਆਖਦੇ ਹਨ ਕਿ ਰੱਬ ਜੀ ਦਾ ਨਾਮ, ਭਾਵ ਨਿਰੋਲ ਸੱਚ ਦਾ ਗਿਆਨ, ਸ਼ੁਭ ਗੁਣ, ਅਟੱਲ ਕੁਦਰਤ ਦੇ ਨਿਯਮ ਹੀ ਅਸਲ ਵਿੱਚ ਮਾਲਾ ਹੈ।

ਜਪਤ ਜਪਤ ਭਏ, ਦੀਨ ਦਇਆਲਾ ॥1॥
ਉਚਾਰਨ:-ਜਪਤ ਜਪਤ ਭਏ, ਦੀਨ ਦਇਆਲਾ ॥1॥
ਪਦ ਅਰਥ:-ਜਪਤ ਜਪਤ-ਹਮੇਸ਼ਾਂ ਯਾਦ ਕਰਨ ਨਾਲ। ਭਏ-ਹੋ ਜਾਂਦਾ ਹੈ। ਦੀਨ-ਗਰੀਬ, ਨਿਮਰਤਾ ਵਾਨ। ਦਇਆਲਾ-ਦਇਆਲੂ ਪ੍ਰਭੂ ਜੀ, ਭਾਵ ਨਿਯਮ।1।
ਅਰਥ:-ਗੁਰੂ ਜੀ ਆਖਦੇ ਹਨ ਕਿ ਜਿਹੜਾ ਮਨੁੱਖ ਉਸ ਸਦੀਵੀਂ ਤੇ ਅਟੱਲ ਪ੍ਰਭੂ ‘ਨਿਰੋਲ ਸੱਚ ਦੇ ਨਿਯਮਾਂ’ ਨੂੰ ਸਦਾ ਯਾਦ ਰੱਖਦਾ ਹੈ, ਭਾਵ ਜੀਵਨ ਦਾ ਹਿਸਾ ਬਣਾ ਲੈਂਦਾ ਹੈ ਇਹ ਸੱਚ ਵਾਲਾ ਨਿਯਮ ਉਸ ਉਪਰ ਹਮੇਸ਼ਾਂ ਕਿਰਪਾ ਕਰਦਾ ਹੈ। ਭਾਵ ਗਿਆਨ ਜੀਵਨ ਨੂੰ ਹਮੇਸ਼ਾਂ ਸਹੀ ਜੀਵਨ ਜੁਗਤ ਦਰਸਾਉਂਦਾ ਹੈ ਇਹੋ ਹੀ ਗਿਆਨ ਦੀ, ਸੱਚ ਦੀ, ਰੱਬ ਦੀ ਜਗਿਆਸੂ ਉਪਰ ਦਇਆ ਹੈ, ਮੇਹਰ ਹੈ।

 

ਕਰਉ ਬੇਨਤੀ ਸਤਿਗੁਰ ਅਪੁਨੀ ॥
ਉਚਾਰਨ:-ਕਰਉਂ ਬੇਨਤੀ ਸੱਤਗੁਰ ਅਪਨੀ ॥
ਪਦ ਅਰਥ:-ਕਰਉ-ਕਰਉਂ-ਕਰਦਾ ਹਾਂ। ਬੇਨਤੀ-ਜੋਦੜੀ, ਅਰਦਾਸ, ਗ੍ਰਹਿਣ ਕਰਨਾ। ਸਤਿਗੁਰ-ਸੱਤ ਦਾ ਗੁਰ, ਗਿਆਨ। ਅਪੁਨੀ-ਖੁੱਦ ਆਪਣੀ ਸੋਚ ਵਿੱਚ।
ਅਰਥ:-ਗੁਰੂ ਜੀ ਬੇਨਤੀ ਭਰੇ ਲਹਿਜੇ ਨਾਲ ਬਿਆਨ ਕਰਦੇ ਹੋਏ ਆਖਦੇ ਹਨ ਕਿ ਜਿਹੜਾ ਮਨੁੱਖ ਗੁਰ ਸਿਖਿਆ ਰਾਹੀਂ ਨਿਰੋਲ ਸੱਚ ਦੇ ਗਿਆਨ ਨੂੰ, ਗੁਰ ਨੂੰ ਆਪਣੀ ਸੋਚ ਦਾ ਹਿਸਾ ਬਣਾ ਲੈਂਦਾ ਹੈ। ਭਾਵ ਅਟੱਲ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਜੀਵਨ ਗੁਜਾਰਦਾ ਹੈ।

 

ਕਰਿ ਕਿਰਪਾ ਰਾਖਹੁ ਸਰਣਾਈ, ਮੋ ਕਉ ਦੇਹੁ, ਹਰੇ ਹਰਿ ਜਪਨੀ ॥1॥ ਰਹਾਉ ॥
ਉਚਾਰਨ:-ਕਰ ਕਿਰਪਾ ਰਾਖਉ ਸ਼ਰਣਾਈ, ਮੋ ਕਉ ਦੇਹ, ਹਰੇ ਹਰ ਜਪਨੀ ॥1॥ ਰਹਾਉ॥
ਪਦ ਅਰਥ:-ਕਰਿ ਕਿਰਪਾ-ਕਿਰਪਾ ਕਰਕੇ। ਰਾਖਹੁ-ਰੱਖ ਲਵੋ। ਸਰਣਾਈ-ਸ਼ਰਨ ਵਿੱਚ। ਮੋ ਕਉ-ਮੈਨੂੰ। ਦੇਹੁ-ਦੇ ਦੇਵੋ। ਹਰੇ ਹਰਿ-ਰੱਬ ਜੀ ਦੀ। ਜਪਨੀ-ਮਾਲਾ।1। ਰਹਾਉ-ਰੁਕੋ, ਵੀਚਾਰੋ।
ਅਰਥ:-ਗੁਰੂ ਜੀ ਆਖਦੇ ਹਨ ਕਿ ਹੇ ਰੱਬ ਜੀ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ ਅਤੇ ਕੇਵਲ ਆਪਣੇ ਨਾਮ ਰੂਪੀ ਮਾਲਾ ਦੇ ਦੇਉ ਮੈਨੂੰ ਹੋਰ ਕੋਈ ਜਪਨੀ ਨਹੀਂ ਚਾਹੀਦੀ। ਭਾਵ ਹੈ ਕਿ ਨਿਰੋਲ ਸੱਚ ਦਾ ਗਿਆਨ, ਗੁਣ, ਅਟੱਲ ਕੁਦਰਤ ਦੇ ਨਿਯਮਾਂ ਦੀ ਸੂਝ-ਬੂਝ ਹਾਸਲ ਕਰਨੀ ਹੀ ਪ੍ਰਭੂ ਜੀ ਦੀ ਸ਼ਰਨ ਹੈ ਅਤੇ ਇਸ ਸਦੀਵੀਂ ਸੱਚ ਉਪਰ ਸਾਰੀ ਉਮਰ ਚਲਦੇ ਰਹਿਣਾ ਹੀ ਮਾਲਾ ਫੇਰਨੀ ਹੈ। ਜੀਵਨ ਦਾ ਗਿਆਨ ਦੇ ਅਧੀਨ ਕਰਮ ਕਰਨੇ ਹੀ ਪ੍ਰਭੂ ਜੀ ਦੀ ‘ਸੱਚ ਦੇ ਗਿਆਨ ਦੀ’ ਮਨੁੱਖ ਉਪਰ ਕਿਰਪਾ ਹੈ।1। ਰਹਾਉ । ਹੋਰ ਸਭ ਕੇਵਲ ਦਿਖਾਵਾ ਹੀ ਹੈ ਇਸ ਤੋਂ ਵੱਧ ਕੁੱਝ ਵੀ ਨਹੀਂ ਹੈ। ਇਥੇ ਤਾਂ ਭਗਤ ਜੀ ਵੀ ਬਿਆਨ ਕਰਦੇ ਹਨ:-
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥213॥ ਆਖਦੇ ਹਨ ਕਿ ਹੱਥ ਉਪਰ ਹੱਥ ਰੱਖਕੇ ਮਾਲਾ ਫੇਰਨ ਨਾਲ ਕਦੇ ਵੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਹੱਥਾਂ ਨਾਲ ਕੰਮ ਕਾਜ਼ ਕਰਦਾ ਹੋਇਆ ਉਸ ਸਦੀਵੀਂ ਸੱਚ ਨੂੰ ਯਾਦ ਰੱਖਣਾ ਹੀ ਮਾਲਾ ਹੈ । ਭਾਵ ਹਰ ਕਾਰਜ਼ ਜ਼ਿਮੇਵਾਰੀ ਤੇ ਇਮਾਨਦਾਰੀ ਨਾਲ ਕਰਨਾ ਹੀ ਤੇਰੇ ਵਾਸਤੇ ਮਾਲਾ ਫੇਰਨੀ ਹੈ।

 

ਭਗਤ ਨਾਮਦੇਵ ਜੀ ਵੀ ਆਖਦੇ ਹਨ:-
972:- ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ 1
ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ, ਕਾਟੀਲੇ ਗੂਡੀ, ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ, ਚੀਤੁ ਸੁ ਡੋਰੀ ਰਾਖੀਅਲੇ ॥1॥
ਮਨੁ, ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥1॥ ਰਹਾਉ ॥
ਆਨੀਲੇ ਕੁੰਭੁ, ਭਰਾਈਲੇ ਊਦਕ, ਰਾਜ ਕੁਆਰਿ ਪੁਰੰਦਰੀਏ ॥ ਹਸਤ, ਬਿਨੋਦ, ਬੀਚਾਰ ਕਰਤੀ ਹੈ, ਚੀਤੁ ਸੁ ਗਾਗਰਿ ਰਾਖੀਅਲੇ ॥2॥
ਮੰਦਰੁ ਏਕੁ, ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ, ਚੀਤੁ ਸੁ ਬਛਰਾ ਰਾਖੀਅਲੇ ॥3॥
ਕਹਤ ਨਾਮਦੇਉ, ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ, ਚੀਤੁ ਸੁ ਬਾਰਿਕ ਰਾਖੀਅਲੇ ॥4॥1॥

 

ਹਰਿ ਮਾਲਾ, ਉਰ ਅੰਤਰਿ ਧਾਰੈ ॥
ਉਚਾਰਨ:-ਹਰ ਮਾਲਾ, ਉਰ ਅੰਤਰ ਧਾਰੈ ॥
ਪਦ ਅਰਥ:-ਹਰਿ-ਰੱਬ ਜੀ ਦਾ ਨਾਮ, ਨਿਰੋਲ ਸੱਚ ਦਾ ਗਿਆਨ। ਮਾਲਾ-ਜਪਨੀ। ਉਰ ਅੰਤਰਿ ਧਾਰੈ-ਹਿਰਦੈ ਵਿੱਚ ਟਿਕਾਵੇ।
ਅਰਥ:-ਆਖਦੇ ਹਨ ਕਿ ਜਿਹੜਾ ਮਨੁੱਖ ਉਸ ਪ੍ਰਭੂ ਜੀ ਦੇ ਨਾਮ ਨੂੰ, ਨਿਰੋਲ ਸੱਚ ਦੇ ਗਿਆਨ ਰੂਪੀ ਮਾਲਾ ਨੂੰ ਆਪਣੀ ਸੋਚ ਦਾ ਹਿਸਾ ਬਣਾ ਲੈਂਦਾ ਹੈ, ਭਾਵ ਉਸ ਅਨੁਸਾਰ ਜੀਵਨ ਚਾਲ ਬਣਾ ਲੈਂਦਾ ਹੈ। ਹਮੇਸ਼ਾ ਸੱਚ ਬੋਲਦਾ ਹੋਇਆ ਨੇਕੀ ਵਾਲੇ ਰਾਹ ਚਲਦਾ ਰਹੇ। ਉਸ ਵਾਸਤੇ ਅਗੇ ਫੁਰਮਾਉਂਦੇ ਹਨ:-
ਜਨਮ ਮਰਣ ਕਾ ਦੂਖੁ ਨਿਵਾਰੈ ॥2॥
ਉਚਾਰਨ:-ਜਨਮ ਮਰਣ ਕਾ ਦੂਖ ਨਿਵਾਰੈ ॥2॥
ਪਦ ਅਰਥ:-ਜਨਮ-ਜਨਮ ਲੈਣਾ। ਮਰਣ-ਮੌਤ। ਕਾ-ਦਾ। ਦੂਖੁ-ਦੁੱਖ, ਡਰ। ਨਿਵਾਰੈ-ਦੂਰ ਹੋਣਾ।2।
ਅਰਥ:-ਆਖਦੇ ਹਨ ਕਿ ਜਿਸ ਨੇ ਸਦੀਵੀਂ ਸੱਚ ਦੇ ਗੁਣਾਂ ਰੂਪੀ ਮਾਲਾ ਨੂੰ ਆਪਣੀ ਸੋਚ ਦਾ ਹਿਸਾ ਬਣਾ ਲਿਆ ਫਿਰ ਉਸ ਨੂੰ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਮੇਂ ਦੌਰਾਨ ਦੁੱਖਾਂ ਦਾ ਕੋਈ ਵੀ ਡਰ ਨਹੀਂ ਰਹਿੰਦਾ। ਭਾਵ ਉਸ ਦੇ ਜੀਵਨ ਦੀਆਂ ਤਮਾਂਮ ਮੁਸਕਲਾਂ ਇਸ ਪ੍ਰਭੂ ਜੀ ਦੇ ਨਾਮ ‘ਸੱਚ ਦੇ ਗਿਆਨ’ ਅਧੀਨ ਖਤਮ ਹੋ ਜਾਂਦੀਆਂ ਹਨ।2।

 

ਹਿਰਦੈ ਸਮਾਲੈ, ਮੁਖਿ ਹਰਿ ਹਰਿ ਬੋਲੈ ॥
ਉਚਾਰਨ:-ਹਿਰਦੈ ਸਮ੍ਹਾਲੇ, ਮੁਖ ਹਰ ਹਰ ਬੋਲੈ ॥
ਪਦ ਅਰਥ:-ਹਿਰਦੈ-ਸੋਚ ਵਿੱਚ। ਸਮਾਲੈ-ਯਾਦ ਰੱਖੇ। ਮੁਖਿ-ਮੂੰਹ ਤੋਂ। ਹਰਿ ਹਰਿ-ਕੇਵਲ ਰੱਬ ਜੀ ਦਾ ਨਾਮ। ਬੋਲੈ-ਆਖੇ।
ਅਰਥ:-ਆਖਦੇ ਹਨ ਕਿ ਜਿਹੜਾ ਮਨੁੱਖ ਇਹ ਬਾਹਰ ਦੇ ਦਿਖਾਵੇ ਵਾਲੀ ਮਾਲਾ ਨੂੰ ਛੱਡ ਕੇ ਆਪਣੇ ਹਿਰਦੇ ਵਿੱਚ ‘ਸੋਚ ਵਿੱਚ’ ‘ਆਪਣੇ ਜੀਵਨ ਵਿੱਚ’ ਸਦਾ ਹੀ ਉਸ ਅਟੱਲ ਤੇ ਸਦੀਵੀਂ ਸੱਚ ਪ੍ਰਭੂ ਜੀ ਦੇ ਗੁਣਾਂ ਨੂੰ ਯਾਦ ਰੱਖਦਾ ਹੈ ਅਤੇ ਆਪਣੇ ਰੋਜ਼ਾਨਾਂ ਦੇ ਕੰਮ ਕਾਜ਼ ਵਿੱਚ, ਬੋਲਾਂ ਵਿੱਚ ਵੀ ਸੱਚ ਹੀ ਸੱਚ ਵਸਾਈ ਰੱਖਦਾ ਹੈ ਤਾਂ ਉਸ ਬਾਰੇ ਅਗੇ ਫੁਰਮਾਉਂਦੇ ਹਨ:-

 

ਸੋ ਜਨੁ, ਇਤ ਉਤ ਕਤਹਿ ਨ ਡੋਲੈ ॥3॥
ਉਚਾਰਨ:-ਸੋ ਜਨ, ਇਤ ਉਤ ਕਤਹਿ ਨਾ ਡੋਲੈ ॥3॥
ਪਦ ਅਰਥ:-ਸੋ-ਉਹ। ਜਨੁ-ਸੇਵਕ, ਗਿਆਨਵਾਨ। ਇਤ-ਅੱਜ ਦੇ ਜੀਵਨ ਦਾ ਸਮਾਂ। ਉਤ-ਆਉਣ ਵਾਲਾ ਕੱਲ ਦਾ ਜੀਵਨ। ਨ ਡੋਲੈ-ਨਹੀਂ ਡੋਲਦਾ, ਨਹੀਂ ਘਬਰਾਉਂਦਾ।3।
ਅਰਥ:-ਆਖਦੇ ਹਨ ਕਿ ਜਿਹੜਾ ਮਨੁੱਖ ਸਦਾ ਹੀ ਆਪਣਾ ਜੀਵਨ ਉਸ ਸੱਚ ਦੇ ਗੁਣਾਂ, ਗਿਆਨ ਅਨੁਸਾਰ ਗੁਜਾਰਦਾ ਹੈ ਉਸ ਦਾ ਹੱਥਲਾ ਸਮਾਂ ਅਤੇ ਆਉਣ ਵਾਲਾ ਕੱਲ ਵੀ ਖੁਸ਼ੀਆਂ ਅਤੇ ਖੇੜਿਆਂ ਭਰਿਆ ਬੀਤਦਾ ਹੈ, ਉਹ ਕਦੇ ਵੀ ਘਬਰਾਉਂਦਾ ਨਹੀਂ, ਡੋਲਦਾ ਨਹੀਂ। ਭਾਵ ਗਿਆਨ ਮਨੁੱਖ ਦੀ ਹਰ ਸਮੇਂ ਸਹਾਇਤਾ ਕਰਦਾ ਹੈ। ਇਹ ਮਾਲਾ ਮਨੁੱਖ ਦੇ ਕਿਸੇ ਵੀ ਕੰਮ ਨਹੀਂ ਆਉਂਦੀ।3।

 

ਕਹੁ ਨਾਨਕ, ਜੋ ਰਾਚੈ ਨਾਇ ॥
ਉਚਾਰਨ:-ਕਹੋ ਨਾਨਕ, ਜੋ ਰਾਚੈ ਨਾਏ ॥
ਪਦ ਅਰਥ:-ਕਹੁ-ਆਖਣਾ। ਨਾਨਕ-ਨਾਨਕ ਜੀ ਦਾ ਨਾਮ। ਜੋ-ਜਿਹੜਾ ਮਨੁੱਖ। ਰਾਚੈ ਨਾਇ-ਨਾਮ ਅਨੁਸਾਰ ਹੋ ਜਾਵੇ।
ਅਰਥ:-ਪੰਜਵੇਂ ਗੁਰੂ ਅਰਜਨ ਸਾਹਿਬ ਜੀ ਨਾਨਕ ਨਾਮ ਦੀ ਪ੍ਰਸੰਸਾ ਕਰਦੇ ਹੋਏ ਆਖਦੇ ਹਨ ਕਿ ਜਿਹੜਾ ਮਨੁੱਖ ਉਸ ਅਟੱਲ ਤੇ ਸਦੀਵੀਂ ਪ੍ਰਭੁ ਜੀ ਦੇ ਗੁਣਾ ਅਨੁਸਾਰ ਆਪਣਾ ਜੀਵਨ ਬਣਾ ਲੈਂਦਾ ਹੈ। ਭਾਵ ਸੱਚ ਦੇ ਨਿਯਮਾਂ ਨੂੰ ਹੀ ਆਪਣੀ ਮਾਲਾ ਬਣਾ ਲੈਂਦਾ ਹੈ।

 

ਹਰਿ ਮਾਲਾ, ਤਾ ਕੈ ਸੰਗਿ ਜਾਇ ॥4॥19॥70॥
ਉਚਾਰਨ:-ਹਰ ਮਾਲਾ, ਤਾਂ ਕੈ ਸੰਗ ਜਾਏ ॥4॥19॥70॥
ਪਦ ਅਰਥ:-ਹਰਿ ਮਾਲਾ-ਪ੍ਰਭੂ ਜੀ ਦੇ ਨਾਮ ਦੀ ਮਾਲਾ, ਸ਼ੁਭ ਗੁਣ। ਤਾ ਕੈ-ਉਸ ਦੇ। ਸੰਗਿ ਜਾਇ-ਹਮੇਸ਼ਾਂ ਨਾਲ ਨਿਭਦੀ ਹੈ।4।19 ।
ਅਰਥ:-ਸ਼ਬਦ ਦੀ ਆਖਰੀ ਲਾਈਨ ਵਿੱਚ ਗੁਰੂ ਜੀ ਅਟੱਲ ਸਚਾਈ ਵਾਲੀ ਮੋਹਰ ਲਾਉਂਦੇ ਹੋਏ ਆਖਦੇ ਹਨ ਕਿ ਇਹ ਰੱਬ ਜੀ ਦੇ ਨਾਮ ਰੂਪੀ ਮਾਲਾ ‘ਨਿਰੋਲ ਸੱਚ ਦਾ ਗਿਆਨ’ ਸਾਰੀ ਉਮਰ ਹੀ ਉਸ ਮਨੁੱਖ ਦਾ ਸਾਥ ਦਿੰਦਾ ਹੈ। ਇਹ ਪੱਥਰ ਜਾਂ ਮੋਤੀਆਂ ਦੀ ਮਾਲਾ ਤਾਂ ਕੁੱਝ ਦਿਨਾਂ ਬਾਅਦ ਹੀ ਟੁੱਟ ਜਾਂਦੀ ਹੈ, ਚੌਰੀ ਵੀ ਹੋ ਸਕਦੀ ਹੈ, ਇਹ ਸਦੀਵੀਂ ਨਾਲ ਨਹੀਂ ਜਾ ਸਕਦੀ।4।19।70।

 

3/510:-ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥ ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥
ਤੀਸਰੇ ਪਾਤਸ਼ਾਹ ਆਖਦੇ ਹਨ ਕਿ ਭਾਈ ਗਿਣਤੀਆਂ ਮਿਣਤੀਆਂ ਦੀਆਂ ਮਾਲਾ ਫੇਰਨ ਨਾਲ ਉਸ ਪ੍ਰਭੂ ਜੀ ਨੂੰ ਨਹੀਂ ਪਾਇਆ ਜਾ ਸਕਦਾ ਇਹ ਕਰਮ ਤਾਂ ਹੋਰ ਹੋਰ ਪਾਸੇ ਦੀ ਭਟਕਣਾ ਵਿੱਚ ਹੀ ਘੁਮਾਉਂਦਾ ਹੈ, ਪਰ ਜੇ ਪੂਰਨ ਸੱਤਗੁਰੂ ਦਾ ਗਿਆਨ ਹਾਸਲ ਕਰ ਲਈਏ ਤਾਂ ਇਸੇ ਜੀਵਨ ਦੌਰਾਨ ਬੁਰਾਈਆਂ ਵਲੋਂ ਆਪਣੇ ਮਨ ਨੂੰ ਮਾਰ ਕਿ ਨਿਰੋਲ ਸੱਚ ਵਾਲੇ ਬਣ ਜਾਈਦਾ ਹੈ। ਉਸ ਸੱਚ ਵਿੱਚ ਹੀ ਸਮਾ ਸਕਦੇ ਹਾਂ, ਭਾਵ ਅਸੀਂ ਵੀ ਸੱਚ ਵਰਗੇ ਹੋ ਸਕਦੇ ਹਾਂ। ਪਰ ਅਸੀਂ ਤਾਂ ਗਿਣਤੀਆਂ ਕਰ-ਕਰ ਕੇ ਹੀ ਮਾਲਾ ਫੇਰ ਰਹੇ ਹਾਂ। ਕੋਈ 70 ਮਣਕਿਆਂ ਵਾਲੀ ਮਾਲਾ ਫੜੀ ਬੈਠਾ ਹੈ, ਕੋਈ 101 ਮਣਕਿਆਂ ਵਾਲੀ ਤੇ ਕੋਈ ਹੋਰ ਵੱਧ ਘੱਟ ਮਣਕਿਆਂ ਨੂੰ ਹੀ ਘੁਮਾਈ ਜਾ ਰਿਹਾ ਹੈ। ਅੱਜ ਤੱਕ ਹਾਸਲ ਕੁੱਝ ਵੀ ਨਹੀਂ ਹੋਇਆ।
1363:-ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥75॥
ਕਬੀਰ ਜੀ ਆਖਦੇ ਹਨ ਕਿ ਹੇ ਮਨੁੱਖ ਇਹ ਲਕੜ ਦੀ ਬਣਾਈ ਹੋਈ ਮਾਲਾ ਕੀ ਲੋਕਾਂ ਨੂੰ ਦਿਖਾਲਦਾ ਫਿਰਦਾ ਹੈ, ਤੇਰੇ ਹਿਰਦੇ ਵਿੱਚ ‘ਤੇਰੇ ਜੀਵਨ ਢੰਗ ਵਿੱਚ’ ਤਾਂ ਸੱਚ ਦਾ ਕੋਈ ਨਾ ਨਿਸ਼ਾਨ ਹੀ ਨਹੀਂ ਹੈ, ਸੋਚ ਕਰਕੇ ਤਾਂ ਕਦੇ ਰੱਬ ਨੂੰ ਯਾਦ ਵੀ ਨਹੀਂ ਕੀਤਾ ਤਾਂ ਫਿਰ ਇਹ ਤੇਰੀ ਮਾਲਾ ਤੇਰਾ ਕੀ ਸਵਾਰ ਦੇਵੇਗੀ। ਇਹ ਨਿਰਾ ਕਰਮਕਾਂਡ ਹੀ ਹੈ ਇਸ ਤੋਂ ਵੱਧ ਕੁੱਝ ਵੀ ਨਹੀਂ ਹੈ।
ਏਥੇ ਤਾਂ ਅਸੀਂ ਗੁਰੂ ਨਾਨਕ ਜੀ ਦੀ ਬਣਾਈ ਕਲਪਤ ਫੋਟੋ ਉਪਰ ਵੀ ਉਨ੍ਹਾਂ ਦੀ ਪੱਗ ਉਤੇ, ਹੱਥ ਵਿੱਚ ਅਤੇ ਗਲ ਵਿੱਚ ਵੀ ਮਾਲਾ ਪਾ ਦਿੱਤੀ ਹੈ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਸ ਤਰ੍ਹਾਂ ਗੁਰੂ ਜੀ ਨੇ ਜਿੰਦਗੀ ਭਰ ਕੋਈ ਕੰਮ ਹੀ ਨਹੀਂ ਕੀਤਾ ਹੁੰਦਾ ਕੇਵਲ ਬੈਠੇ ਮਾਲਾ ਹੀ ਫੇਰਦੇ ਹੋਣ। ਜਿਹੜੇ ਬਾਬਾ ਨਾਨਕ ਜੀ ਨੇ ਏਸੀਆ ਦਾ ਚੱਕਰ ਲਾ ਲੋਕਾਂ ਨੂੰ ਪਹਾੜਾਂ ਦੀਆਂ ਕੰਦਰਾਂ ਵਿੱਚ ਮਾਲਾ ਫੜੀ ਬੈਠਿਆਂ ਨੂੰ ਸਹੀ ਜੀਵਨ ਜਾਂਚ ਦਰਸਾਈ ਅਸੀਂ ਉਸ ਨੂੰ ਵੀ ਮਾਲਾ ਫੜਾ ਕੇ ਬਠਾਲ ਦਿੱਤਾ ਹੋਇਆ ਹੈ। ਏਨਾਂ ਲੰਮਾਂ ਸਫਰ ਕਰਨ ਵਾਲੇ ਦਾ ਅਤੇ ਹੱਥੀ ਖੇਤੀ ਕਰਨ ਵਾਲੇ ਦਾ ਚਿਹਰਾ ਮੋਹਰਾ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ ਕਰਦਾ, ਜਿਸ ਤਰ੍ਹਾਂ ਦਾ ਅਸੀਂ ਫੋਟੋਆਂ ਉਪਰ ਬਣਾ ਦਿੱਤਾ ਹੋਇਆ ਹੈ। ਬਾਬਾ ਜੀ ਤਾਂ ਮਾਲਾ ਪਾਈ ਫਿਰਨ ਵਾਲਿਆਂ ਨੂੰ ਆਪ ਲਾਹਣਤਾਂ ਪਾ ਰਹੇ ਹਨ:-
1353:-ਗਲਿ ਮਾਲਾ ਤਿਲਕ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੋ ਜਾਨਸਿ ਬ੍ਰਹਮੰ ਕਰਮੰ ॥
ਸਭ ਫੋਕਟ ਨਿਸਚੈ ਕਰਮੰ ॥ ਕਹੁ ਨਾਨਕ ਨਿਸਚੌ ਧ੍ਹਿਾਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥1॥

ਚਲਦਾ……..

ਕੁਲਵੰਤ ਸਿੰਘ  ਭੰਡਾਲ ਯੂ.ਕੇ