ਸੁਲਹੀ ਤੇ ਨਾਰਾਇਣ ਰਾਖੁ ॥

{ ਸੁਲਹੀ ਤੇ ਨਾਰਾਇਣ ਰਾਖੁ ॥ }
ਬਿਲਾਵਲੁ, ਮਹਲਾ 5 ॥ (ਗੁ:ਗ੍ਰੰ:ਪੰ:825)

ਸੁਲਹੀ ਤੇ, ਨਾਰਾਇਣ ਰਾਖੁ ॥
ਸੁਲਹੀ ਕਾ ਹਾਥੁ ਕਹੀ ਨ ਪਹੁਚੈ, ਸੁਲਹੀ ਹੋਇ ਮੂਆ ਨਾਪਾਕੁ ॥1 || ਰਹਾਉ ॥
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ, ਖਿਨ ਮਹਿ ਹੋਇ ਗਇਆ ਹੈ ਖਾਕੁ ॥
ਮੰਦਾ ਚਿਤਵਤ ਚਿਤਵਤ ਪਚਿਆ, ਜਿਨਿ ਰਚਿਆ ਤਿਨਿ ਦੀਨਾ ਧਾਕੁ ॥1॥
ਪੁਤ੍ਰ, ਮੀਤ, ਧਨੁ ਕਿਛੂ ਨ ਰਹਿਓ, ਸੁ ਛੋਡਿ ਗਇਆ ਸਭ ਭਾਈ ਸਾਕੁ ॥
ਕਹੁ ਨਾਨਕ, ਤਿਸੁ ਪ੍ਰਭ ਬਲਿਹਾਰੀ, ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥2॥18॥104॥

ਇਹ ਸ਼ਬਦ ਗੁਰੂ ਨਾਨਕ ਜੀ ਦੇ ਚਲਾਏ ਨਿਰਮਲ ਪੰਥ ਨੂੰ ਲਗਾਤਾਰ ਅਗੇ ਤੋਰਨ ਵਾਲੇ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਿਆ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਜੀ ਵਿੱਚ ਅੰਗ ਨੰ: 825 ਉਪਰ ਸੁਭਾਏਮਾਨ ਹੈ। ਇਸ ਸ਼ਬਦ ਦੇ ਅਰਥ ਅੱਜ ਤੱਕ ਗੁਰੂ ਅਰਜਨ ਸਾਹਿਬ ਜੀ ਤੇ ਜਹਾਂਗੀਰ ਦੇ ਅਹਿਲਕਾਰ ਸੂਲੀ ਖਾਂਨ ਵਲੋਂ ਜਾਨਮਾਰ ਕੀਤੇ ਗਏ ਹਮਲੇ ਦਾ ਹਵਾਲਾ ਦੇ ਕਰ ਕੀਤੇ ਗਏ ਹਨ। ਇਸ ਵਿੱਚ ਕੋਈ ਛੱਕ ਨਹੀਂ ਹੈ ਕਿ ਸੂਲੀ ਖਾਂਨ ਨੇ ਹਮਲਾ ਨਹੀਂ ਸੀ ਕੀਤਾ ਜਰੂਰ ਕੀਤਾ ਹੋਵੇਗਾ, ਪਰ ਸਾਨੂੰ ਸੋਚਣ ਦੀ ਜਰੂਰਤ ਹੈ ਕਿ ਜਿਹੜੇ ਅੱਜ ਸਾਡੇ ਉਪਰ ਆਏ ਦਿਨ ਹਮਲੇ ਹੋ ਰਹੇ ਹਨ ਚਾਹੇ ਸਾਡੇ ਆਪਣੇ ਅੰਦਰੂਨੀ ਸੋਚ ਕਰਕੇ, ਸੁਭਾਅ ਕਰਕੇ ਜਾਂ ਬਾਹਰੋਂ ਹਨ ਉਨ੍ਹਾਂ ਦਾ ਇਲਾਜ਼ ਕਰਨ ਵਾਸਤੇ ਸਾਨੂੰ ਇਸ ਸ਼ਬਦ ਵਿੱਚੋਂ ਕੀ ਸਿਖਿਆ ਮਿਲਦੀ ਹੈ। ਉਨ੍ਹਾਂ ਸੂਲੀ ਖਾਨਾਂ ਤੋਂ ਅਸੀਂ ਅੱਜ ਕਿਸ ਤਰ੍ਹਾਂ ਆਪਣਾ ਬਚਾਅ ਕਰੀਏ?  ਜਿਸ ਪ੍ਰਭੂ ਜੀ ਨੇ ਉਸ ਵੇਲੇ ਸੂਲੀ ਖਾਂਨ ਨੂੰ ਮਾਰਨ ਵਾਲੀ ਕਰਾਮਾਤ ਵਰਤਾਈ ਸੀ ਕੀ ਅੱਜ ਉਹ ਕਰਾਮਾਤ ਖਤਮ ਹੋ ਗਈ ਹੈ? ਅਸੀਂ ਇਸ ਸ਼ਬਦ ਦੇ ਅਰਥਾਂ ਨੂੰ ਸਮਝਣ ਵਿੱਚ ਭਲੇਖਾ ਇਸ ਕਰਕੇ ਖਾ ਜਾਂਦੇ ਹਾਂ ਕਿਉਂ ਕਿ ਪੰਨਾ ਨੰ: 371 ਉਪਰ ਆਏ ਸ਼ਬਦ ਦੇ ਅਰਥਾਂ ਨੂੰ ਸਹੀ ਸਹੀ ਨਹੀਂ ਜਾਣ ਸਕੇ, ਜੋ ਅਗਲੀ ਕਿਸ਼ਤ ਵਿੱਚ ਆ ਰਹੇ ਹਨ। ਜੋ ਸ਼ਬਦ ਹੈ:-ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥1|| ਸੋ ਲੰਮੇ ਸਮੇਂ ਤੋਂ ਸਾਧ ਬਾਬੇ ਅਤੇ ਬਹੁ ਸਾਰੇ ਕਚ ਘਰੜ ਕਥਾਕਾਰ ਇਸ ਸ਼ਬਦ ਦੇ ਅਰਥ ਕਰਾਮਾਤ ਨਾਲ ਜੋੜ ਜੋੜ ਕੇ ਸਾਨੂੰ ਸਣਾਉਂਦੇ ਆ ਰਹੇ ਹਨ ਪਰ ਗੁਰਬਾਣੀ ਮਨੁੱਖ ਨੂੰ ਸੱਚ ਦਾ ਜੀਵਨ ਜੀਊਣ ਦੀ ਵੱਡਮੁੱਲੀ ਸਿਖਿਆ ਦਾ ਭੰਡਾਰ ਹੈ ਜਿਸ ਰਾਹੀਂ ਸਾਨੂੰ ਜੀਵਨ ਦੇ ਹਰ ਖੇਤਰ ਦਾ ਗਿਆਨ ਹਾਸਲ ਹੁੰਦਾ ਹੈ। ਸਾਡੇ ਜੀਵਨ ਅੰਦਰ ਆ ਚੁੱਕੀਆਂ ਹਰ ਕਮੀਆਂ ਨੂੰ ਸਾਡੇ ਸਾਹਮਣੇ ਰੱਖ ਕੇ ਸਹੀ ਮਾਰਗ ਦਰਸ਼ਨ ਦਾ ਗਿਆਨ ਬਖਸ਼ਦੀ ਹੈ। ਜੋ ਇਸ ਸ਼ਬਦ ਰਾਹੀਂ ਵੀ ਸਾਨੂੰ ਉਪਲੱਭਦ ਹੋ ਰਿਹਾ ਹੈ। ਜਦ ਅਸੀਂ ਲਾਈਨ ਦਰ ਲਾਈਨ ਸ਼ਬਦ ਦੇ ਅੰਤਰੀਵੀ ਭਾਵ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਸਮਝ ਆਵੇਗੀ ਕਿ ਇਸ ਸ਼ਬਦ ਵਿੱਚ ਕਿਸ ਸੂਲੀ ਖਾਂਨ ਦਾ ਜਿਕਰ ਕੀਤਾ ਗਿਆ ਹੈ। ਉਹ ਸੁਲਹੀ ਅੱਜ ਵੀ ਸਾਡੇ ਵਿੱਚ ਮੌਜ਼ੂਦ ਹੈ, ਹਰ ਮਨੁੱਖ ਵਿੱਚ ਹੈ ਜਿਸ ਨੂੰ ਗੁਰੂ ਜੀ ਨੇ ਆਖਿਆ ਹੈ ਕਿ { ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥} ਇਸ ਸੁਲਹੀ ਨੂੰ ਮਾਰਨ ਵਾਸਤੇ ਹੀ ਸਾਡੇ ਪਾਸ ਪਿਊ ਦਾਦੇ ਦਾ ਖਜ਼ਾਨਾ ਹੈ। ਜਿਹੜਾ ਮਨੁੱਖ ਇਸ ਖਜ਼ਾਨੇ ਨੂੰ ਖੋਲਕੇ ਦੇਖਦਾ ਹੈ ਅਤੇ ਆਪਣੇ ਆਪ ਦੀ ਇਸ ਨਾਲ ਪਰਖ ਕਰਦਾ ਹੈ ਉਸ ਦੇ ਅੰਦਰਲਾ ਸੁਲਹੀ ਮਰ ਸਕਦਾ ਹੈ। ਆਉ ਸ਼ਬਦ ਦੀ ਵੀਚਾਰ ਕਰੀਏ ਅਤੇ ਪਰਖੀਏ ਕਿ ਗੁਰੂ ਜੀ ਨੇ ਕਿਸ ਸੁਲਹੀ ਨੂੰ ਮਾਰਨ ਵਾਸਤੇ ਇਸ ਸ਼ਬਦ ਦੀ ਰਚਨਾ ਕੀਤੀ ਸੀ ਅਤੇ ਅਜ ਵੀ ਸਾਡੇ ਤੇ ਲਾਗੂ ਹੋ ਸਕਦਾ ਹੈ।

ਬਿਲਾਵਲੁ, ਮਹਲਾ 5 ॥
ਉਚਾਰਨ:-ਬਿਲਾਵਲ, ਮਹਲਾ ਪੰਜਵਾਂ ॥ ਦੋ ਵੱਖਰੇ ਨਾਉਨ ਹਨ ਇਸ ਲਈ ਵਿਸ਼ਰਾਮ ਲਾ ਕੇ ਪੜ੍ਹਨਾ ਚਾਹੀਦਾ ਹੈ।
2 ਸੁਲਹੀ ਤੇ, ਨਾਰਾਇਣ ਰਾਖੁ ॥
1 ਸੁਲਹੀ ਕਾ ਹਾਥੁ ਕਹੀ ਨ ਪਹੁਚੈ, ਸੁਲਹੀ ਹੋਇ ਮੂਆ ਨਾਪਾਕੁ ॥1|| ਰਹਾਉ ॥
ਪਦ ਅਰਥ:-ਸੁਲਹੀ-ਸੁਲਗਣਾ, ਤਕਲੀਫ, ਅੰਦਰੂਨੀ ਤੜਫ (ਮਾੜੀ ਸੋਚ)। ਤੇ-ਤੋਂ। ਨਾਰਾਇਣ-ਰੱਬ, ਸੱਚ ਦਾ ਗਿਆਨ। ਰਾਖੁ-ਰੱਖਿਆ। ਸੁਲਹੀ ਕਾ-ਮਾੜੀ ਸੋਚ ਵਾਲੇ ਦਾ। ਹਾਥ-ਹੱਥ। ਕਹੀ-ਕਿਤੇ ਵੀ। ਨ ਪਹੁਚੈ-ਨਹੀਂ ਪਹੁੰਚਦਾ। ਸੁਲਹੀ ਹੋਇ-ਮਾੜੀ ਸੋਚ ਹੋਣ ਕਰਕੇ। ਮੂਆ-ਮਰਨਾ, ਆਤਮਿਕ ਮੌਤ। ਨਾਪਾਕੁ-ਮਲੀਨ ਬੁੱਧੀ। (ਨੋਟੲ:-ਲਾਈਨ ਵਿੱਚ ਦਿੱਤੇ ਨੰਬਰਾਂ ਅਨੁਸਾਰ ਅਰਥ ਕਰਾਂਗੇ)।
ਅਰਥ:-1:-ਪੰਜਵੇਂ ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਹਨ ਕਿ ਵਿਕਾਰੀ ਬੁੱਧੀ, ਮਾੜੀ ਸੋਚ, ਧੋਖੇਵਾਲੀ ਬਿਰਤੀ ਵਾਲਾ ਇਨਸਾਨ (ਜਿਸ ਨੂੰ ਗੁਰਬਾਣੀ ਮਨਮੁੱਖ, ਸਾਕਤ ਵੀ ਆਖਦੀ ਹੈ)| ਇਸ ਤਰਾਂ ਦੇ ਸੁਭਾਅ ਵਾਲਾ ਮਨੁੱਖ ਆਪਣੀ ਸੋਚ ਕਰਕੇ ਹਰ ਖੇਤਰ ਵਿੱਚ ਆਤਮਿਕ ਤੱਲ ਤੇ ਮਰਦਾ ਹੀ ਰਹਿੰਦਾ ਹੈ। ਅੰਦਰੂਨੀ ਖੁੱਸ਼ੀ, ਖੇੜਾ, ਇੱਕਸਾਰਤਾ ਕਦੇ ਵੀ ਹਾਸਲ ਨਹੀਂ ਕਰ ਸਕਦਾ। ਉਸ ਨੂੰ ਆਤਮਿਕ ਤੱਲ ਤੇ ਕੋਈ ਵੀ ਸਫਲਤਾ ਹਾਸਲ ਨਹੀਂ ਹੁੰਦੀ; ਇਹੋ ਹੀ ਹੈ ਸੁਲਹੀ ਦਾ ਹੱਥ ਕਿਤੇ ਵੀ ਨਾ ਪਹੁੰਚਣਾ।
2:-ਗੁਰੂ ਜੀ ਆਖਦੇ ਹਨ ਕਿ ਜੇ ਕਰ ਉਪਰ ਦਰਸਾਈ ਸੋਚ ਵਾਲਾ ਇਨਸਾਨ ਵੀ ਗੁਰ ਸਿਖਿਆ ਰਾਹੀਂ ਪ੍ਰਭੂ ਜੀ ਦੇ ਗੁਣਾਂ ਦਾ ਧਾਰਨੀ ਹੋ ਜਾਵੇ, ਤਾਂ ਇਹ ਗੁਣ, ਗਿਆਨ, ਸਿਧਾਂਤ ਉਸਦੀ ਸਾਰੀ ਮਾੜੀ ਬਿਰਤੀ ਖਤਮ ਕਰਕੇ ਹਰ ਖੇਤਰ ਵਿੱਚ ਉਸਦੀ ਰੱਖਿਆ ਕਰਦਾ ਹੈ। ਭਾਵ ਗਿਆਨ ਅਧੀਨ ਹੀ ਮਨੁੱਖ ਨੂੰ ਅਸਲੀ ਜੀਵਨ ਦੀ ਸੋਝੀ ਅਤੇ ਕਾਰਜ਼ ਵਿੱਚ ਸਫਲਤਾ ਮਿਲ ਸਕਦੀ ਹੈ। ਗਿਆਨ ਅਧੀਨ ਇਮਾਨਦਾਰੀ ਨਾਲ ਕੀਤਾ ਕੰਮ, ਤੇ ਉਸ ਕੰਮ ਵਿੱਚੋਂ ਮਿਲੀ ਸਫਲਤਾ ਹੀ ਪ੍ਰਭੂ ਜੀ ਦਾ (ਨਰਾਇਣ ਦਾ) ਰੱਖਿਆ ਕਰਨਾ ਹੈ।
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ, ਖਿਨ ਮਹਿ ਹੋਇ ਗਇਆ ਹੈ ਖਾਕੁ ॥
ਪਦ ਅਰਥ:-ਕਾਢਿ-ਕੱਢਕੇ  (ਫੜਕੇ)| ਕੁਠਾਰੁ-ਕੁਹਾੜਾ। ਖਸਮਿ-ਖਸਮ ਨੇ (ਪ੍ਰਭੂ ਨੇ)| ਸਿਰੁ ਕਾਟਿਆ-ਸਿਰ ਵੱਡ ਦਿੱਤਾ । ਖਿਨ ਮਹਿ-ਪੱਲ ਵਿੱਚ ਹੀ। ਹੋਇ ਗਇਆ-ਹੋ ਗਿਆ। ਖਾਕੁ-ਮਿੱਟੀ (ਸੁਆਹ)। (ਂੋਟੲ:-ਅਜ ਤੱਕ ਇਸ ਸ਼ਬਦ ਦੇ ਜੋ ਅਰਥ ਪੜੇ ਸੁਣੇ ਹਨ ਕੇ ਜਦੋਂ ਸੂਲੀ ਖਾਨ ਗੁਰੂ ਅਰਜਨ ਸਾਹਿਬ ਉਪਰ ਚੜਾਈ ਕਰਕੇ ਆਇਆ ਸੀ, ਤਾਂ ਉਸਦਾ ਆਪਣਾ ਘੋੜਾ ਹੀ ਇੱਟਾਂ ਵਾਲੇ ਭੱਠੇ ਵਿੱਚ ਡਿੱਗ ਗਿਆ ਸੀ, ਅਤੇ ਉਹ ਸੜਕੇ ਸੁਆਹ ਹੋ ਗਿਆ ਸੀ; ਪਰ ਇਹ ਲਾਈਨ ਇਸ ਖਿਆਲ ਨੂੰ ਗਲਤ ਤੇ ਨਿਕਾਰਾ ਸਾਬਤ ਕਰਦੀ ਹੈ। ਏਥੇ ਆਖਦੇ ਹਨ ਕਿ ਰੱਬ ਜੀ ਨੇ ਕੁਹਾੜੇ ਨਾਲ ਸੁਲਹੀ ਦਾ ਸਿਰ ਕੱਟ ਦਿੱਤਾ ਸੀ। ਤਾਂ ਫਿਰ ਸਾਨੂੰ ਸਾਰੀ ਗੁਰਬਾਣੀ ਦੇ ਸਿਧਾਂਤ ਨੂੰ ਸਾਹਮਣੇ ਰੱਖਦਿਆਂ ਹੋਇਆਂ ਵਗਿਆਨਿਕ ਕੱਸਵਟੀ ਅਤੇ ਯੂਨੀਵਰਸਲ ਅਰਥ ਕਰਨੇ ਪੈਣਗੇ; ਉਪਰ ਆਪਾਂ ਸੁਲਹੀ ਦੇ ਅਰਥ ਸਮਝ ਆਏ ਹਾਂ। ਇਹ ਕਿਸੇ ਸੂਲੀ ਖਾਨ ਦਾ ਨਾਮ ਨਹੀਂ ਹੈ)।
ਅਰਥ:-ਉਪਰਲੀ ਲਾਈਨ ਦਾ ਖਿਆਲ ਨਾਲ ਲੈ ਕੇ ਅਰਥ ਕਰਨੇ ਪੈਣਗੇ ਕਿ ਜਿਹੜਾ ਇਨਸਾਨ ਮਾੜੀ ਸੋਚ ਵਾਲਾ, ਵਿਕਾਰੀ ਬੁੱਧੀ ਵਾਲਾ, ਇਨਸਾਨੀ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਭੁੱਲ ਚੁੱਕਿਆ (ਸੁਲਹੀ) ਹੈ, ਜਦ ਵੀ ਕਦੇ ਐਸੇ ਮਨੁੱਖ ਨੂੰ ਸੱਚ ਦਾ (ਜੋ ਰੱਬ ਹੈ) ਸਾਹਮਣਾ ਕਰਣਾ ਪੈ ਜਾਵੇ ਤਾਂ ਅੰਦਰੂਨੀ ਸ਼ਰਮਿੰਦਗੀ ਹੀ ਸਹਾਰਦਾ ਹੈ। ਆਤਮਿਕ ਤੱਲ ਤੇ ਮਾਰ ਹੀ ਪੈਂਦੀ ਹੈ। ਇਹੋ ਹੀ ਹੈ ਰੱਬ ਜੀ ਦਾ ਕੁਹਾੜੇ ਨਾਲ ਸੁਲਹੀ ਦਾ ਸਿਰ ਕੱਟਣਾ ਅਤੇ ਉਸਦਾ ਸੜਕੇ ਸੁਆਹ ਹੋਣਾ। {ਨਹੀਂ ਤਾਂ ਅਜੂਨੀ ਰੱਬ ਨੇ ਕਿਹੜਾ ਕੁਹਾੜਾ ਲੈ ਕਿ ਸਿਰ ਕੱਟਿਆ ਹੋਵੇਗਾ, ਵੀਚਾਰਨ ਯੋਗ ਹੈ}।
ਮੰਦਾ ਚਿਤਵਤ ਚਿਤਵਤ ਪਚਿਆ, ਜਿਨਿ ਰਚਿਆ, ਤਿਨਿ ਦੀਨਾ ਧਾਕੁ ॥1॥
ਪਦ ਅਰਥ:-ਮੰਦਾ-ਮਾੜੀ ਸੋਚ। ਚਿਤਵਤ ਚਿਤਵਤ-ਹਮੇਸ਼ਾਂ ਮਾੜੀ ਸੋਚ ਸੋਚਣ ਵਾਲਾ। ਪਚਿਆ-ਪਲਚਣਾ, ਉਲਜਣਾ, ਖੁਆਰ ਹੋਣਾ। ਜਿਨਿ-ਜਿਸ ਪ੍ਰਭੂ ਦੇ। ਰਚਿਆ-ਪੈਦਾ ਕੀਤਾ (ਅਟੱਲ ਹੁਕਮ)| ਤਿਨਿ-ਤਿਸ ਨੇ। ਦੀਨਾ ਧਾਕੁ-ਧੱਕਾ ਦੇਣਾ, ਖਜ਼ਲ ਖੁਆਰੀ।
ਅਰਥ:-ਪਰਤੱਖ ਨੂੰ ਪਰਮਾਣ ਦੀ ਜਰੂਰਤ ਨਹੀਂ ਹੋਇਆ ਕਰਦੀ। ਗੁਰੂ ਜੀ ਨੇ ਆਪ ਹੀ ਸਾਨੂੰ ਸਮਝਾ ਦਿੱਤਾ ਹੈ ਕਿ ਸੁਲਹੀ ਕੌਣ ਹੈ, ਜਿਸ ਦੀ ਸੋਚ ਮੰਦੀ ਅਤੇ ਸਦਾ ਹੀ ਮੰਦ ਕਮਾਉਂਦਾ ਹੈ, ਬੁਰਿਆਈ ਹੀ ਮੰਨ ਵਿੱਚ ਚਿਤਵਦਾ ਹੈ। ਇਸ ਤਰਾਂ ਦੀ ਸੋਚ ਵਾਲਾ ਇਨਸਾਨ ਹੀ ਸੁਲਹੀ ਹੈ, ਤੇ ਆਪਣੀ ਅਕਲ, ਬੁੱਧੀ ਅਨੁਸਾਰ ਹਰ ਕਾਰਜ ਕਰਦਾ ਹੋਇਆ ਅੰਦਰੂਨੀ ਤੱਲ ਤੇ ਖੁਆਰ ਹੀ ਹੁੰਦਾ ਹੈ। (ਸੋਚ ਮੁਤਾਬਿਕ ਜੀਵਨ ਸ਼ੈਲੀ ਹੁੰਦੀ ਹੈ ਅਤੇ ਜੀਵਨ ਚਾਲ ਅਨੁਸਾਰ ਕੀਤੇ ਕਾਰਜ ਵਿੱਚੋਂ ਸਫਲਤਾ (ਫਲ) ਹੈ। ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ।  ਇਹੋ ਹੀ ਰੱਬ ਜੀ ਦਾ ਅਟੱਲ ਨਿਯਮ, ਹੁਕਮ ਹੈ)| ਐਸੇ ਮੰਦ ਕਰਮੀ ਨੂੰ ਮੰਦ ਕਰਮਾਂ ਦੇ ਕਾਰਣ ਆਤਮਿਕ ਤੱਲ ਉਪਰ ਦੁੱਖ ਸਹਾਰਣੇ ਹੀ ਪ੍ਰਭੂ ਜੀ ਵੱਲੋਂ ਧੱਕੇ ਹਨ।
ਪੁਤ੍ਰ, ਮੀਤ, ਧਨੁ ਕਿਛੂ ਨ ਰਹਿਓ, ਸੁ ਛੋਡਿ ਗਇਆ ਸਭ ਭਾਈ ਸਾਕੁ ॥
ਪਦ ਅਰਥ:-ਪੁਤ੍ਰ-ਉਲਾਦ (ਪ੍ਰੀਵਾਰ)। ਮੀਤ-ਮਿਤਰ। ਧਨੁ-ਦੋਲਤ। ਕਿਛੂ ਨ ਰਹਿਓ-ਕੁਝ ਵੀ ਨਹੀਂ ਸਾਥ ਦਿੰਦਾ। ਸੁ-ਉਹ। ਛੋਡਿ ਗਇਆ-ਛੱਡ ਗਿਆ। ਸਭ-ਸਾਰਾ ਕੁਝ। ਭਾਈ-ਭਰਾ। ਸਾਕੁ-ਸਾਕ ਸਨਬੰਧੀ।
ਅਰਥ:-ਗੁਰੂ ਜੀ ਆਖਦੇ ਹਨ ਕਿ ਇਹ ਸਾਰੇ ਰਿਸ਼ਤੇ ਨਾਤੇ, ਭੈਣ ਭਰਾ, ਉਲਾਦ, ਮਿੱਤਰ ਆਦਿਕ ਆਤਮਿਕ ਤੱਲ ਤੇ ਕਿਸੇ ਦੇ ਸਾਥੀ ਨਹੀਂ ਹਨ। ਅੰਦਰੂਨੀ ਰੱਖਿਆ ਤਾਂ ਰੱਬ ਜੀ ਦੇ ਗੁਣ, ਨਿਯਮਾਵਲੀ, ਸੱਚ ਦਾ ਗਿਆਨ ਹੀ ਕਰ ਸਕਦਾ ਹੈ ਅਤੇ ਇਨ੍ਹਾਂ ਗੁਣਾਂ ਨੂੰ, ਨਿਯਮਾਂ ਨੂੰ ਹਾਸਲ ਕਰਨਾ ਹਰ ਇੱਕ ਪ੍ਰਾਣੀ ਦਾ ਜ਼ਾਤੀ ਤੋਰ ਤੇ ਕਰਮ ਹੈ। ਬਾਹਰਮੁੱਖੀ ਗਿਆਨ ਲੈਣ ਵਾਸਤੇ ਬਾਹਰੋਂ ਮੱਦਦ ਹੋ ਸਕਦੀ ਹੈ। ਪਰ ਗੁਣਾਂ ਨੂੰ ਗ੍ਰਹਿਣ ਕਰਨਾ ਤਾਂ ਖੁੱਦ ਆਪਣਾ ਕਾਰਜ਼ ਹੈ। ਅੰਦਰੂਨੀ ਸਹਾਰਾ ਇਹ ਦੁਨਿਆਵੀ ਰਿਸ਼ਤੇ ਨਾਤੇ ਨਹੀਂ ਦੇ ਸਕਦੇ।
ਕਹੁ ਨਾਨਕ, ਤਿਸੁ ਪ੍ਰਭ ਬਲਿਹਾਰੀ, ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥2॥18॥104॥
ਪਦ ਅਰਥ:-ਕਹੁ ਨਾਨਕ-ਨਾਨਕ ਜੀ ਕਿਹ ਰਹੇ ਹਨ। ਤਿਸੁ ਪ੍ਰਭ-ਤਿਸ ਪ੍ਰਭੂ ਦੇ। ਬਲਿਹਾਰੀ-ਸਦਕੇ। ਜਿਨਿ-ਜਿਸ ਪ੍ਰਭੂ ਨੇ। ਜਨ ਕਾ-ਸੇਵਕ ਦਾ। ਕੀਨੋ-ਕੀਤਾ। ਪੂਰਨ-ਪੂਰਾ। ਵਾਕੁ-ਬਚਨ (ਸੋਚ)| ਪੂਰਨ ਵਾਕੁ-ਸਹੀ ਜੀਵਨ ਚਾਲ।
ਅਰਥ:-ਪੰਜਵੇਂ ਗੁਰੂ ਅਰਜਨ ਸਾਹਿਬ ਜੀ ਨਾਨਕ ਨਾਮ ਦੀ ਪ੍ਰੋੜਤਾ ਕਰਦੇ ਹੋਏ ਆਖਦੇ ਹਨ ਕਿ ਉਸ ਪ੍ਰਭੂ ਜੀ ਤੋਂ ਸਦਾ ਬਲਿਹਾਰੇ ਜਾਣਾ ਚਾਹੀਦਾ ਹੈ। ਭਾਵ ਸੱਚ ਦੇ ਗਿਆਨ ਨੂੰ, ਗੁਣਾਂ ਨੂੰ ਸਦਾ ਹੀ ਜੀਵਨ ਵਿੱਚ ਹਾਸਲ ਕਰਨਾ ਚਾਹੀਦਾ ਹੈ। ਰੱਬ ਜੀ ਦੇ ਗੁਣ, ਗਿਆਨ ਐਸਾ ਹੈ! ਕਿ ਜਿਸ ਸੇਵਕ ਨੇ ਇਸ ਗਿਆਨ ਨੂੰ ਹਾਸਲ ਕੀਤਾ ਉਸ ਸੇਵਕ ਦੀ ਜੀਵਨ ਚਾਲ ਸਹੀ ਤੇ ਪੂਰਨ ਮ੍ਰਯਾਦਾ ਵਾਲੀ ਬਣ ਜਾਂਦੀ ਹੈ। ਜਿਸ ਨੂੰ ਗੁਰਬਾਣੀ ਆਖਦੀ ਹੈ:-{ ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥155॥}| ਪ੍ਰਭੂ ਜੀ ਦੇ ਗੁਣਾਂ ਕਰਕੇ ਸੇਵਕ ਨੂੰ ਸਭ ਪਾਸੀਂ ਇੱਜਤ ਅਤੇ ਮਾਣ ਮਿਲਦਾ ਹੈ। ਇਨ੍ਹਾਂ ਗੁਣਾਂ, ਗਿਆਨ ਦੁਆਰਾ ਹੀ ਸੁਲਹੀ ਬੁੱਧੀ, ਮਾੜੀ ਸੋਚ, ਗਲਤ ਖਿਆਲ ਮੁੱਕਦੇ ਹਨ ਅਤੇ ਅੰਦਰੂਨੀ ਖੁੱਸ਼ੀ, ਖੇੜਾ, ਚੜ੍ਹਦੀ ਕਲਾ ਵਾਲਾ ਜੀਵਨ ਬਣਦਾ ਹੈ। ਇਹੋ ਹੀ ਨਰਾਇਣ ਵਲੋਂ ਸੁਲਹੀ ਤੋਂ ਰੱਖਿਆ ਕਰਨੀ ਹੈ ਅਤੇ ਇਹ ਯੂਨੀਵਰਸਲ ਹੈ, ਪਹਿਲਾਂ ਵੀ ਸੰਭਵ ਸੀ ਤੇ ਅਜ ਵੀ ਸੰਭਵ ਹੈ ਅਤੇ ਆਉਣ ਵਾਲੇ ਕਲ ਨੂੰ ਵੀ ਸੰਭਵ ਹੋਵੇਗਾ। 2।18।104।

ਗੁਰੂ ਗ੍ਰੰਥ ਤੇ ਖਾਲਸਾ ਪੰਥ ਦਾ ਸੇਵਾਦਾਰ
ਕੁਲਵੰਤ ਸਿੰਘ ਭੰਡਾਲ ਯੂ ਕੇ

kulwantsinghbhandal@gmail.com