ਪ੍ਰਥਮੇ ਮਤਾ, ਜਿ ਪਤ੍ਰੀ ਚਲਾਵਉ ॥

ਪ੍ਰਥਮੇ ਮਤਾ, ਜਿ ਪਤ੍ਰੀ ਚਲਾਵਉ ॥
ਆਸਾ, ਮਹਲਾ ੫ ॥ (ਪੰਨਾ:-੩੭੧)
ਪ੍ਰਥਮੇ ਮਤਾ, ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ, ਦੁਇ ਮਾਨੁਖ ਪਹੁਚਾਵਉ ॥
ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ, ਪ੍ਰਭ ਤੁਹੀ ਧਿਆਇਆ ॥੧॥
ਮਹਾ ਅਨੰਦ, ਅਚਿੰਤ, ਸਹਜਾਇਆ ॥ ਦੁਸਮਨ ਦੂਤ ਮੁਏ, ਸੁਖੁ ਪਾਇਆ ॥੧|| ਰਹਾਉ ॥
ਸਤਿਗੁਰਿ ਮੋ ਕਉ, ਦੀਆ ਉਪਦੇਸੁ ॥ ਜੀਉ, ਪਿੰਡੁ, ਸਭੁ ਹਰਿ ਕਾ ਦੇਸੁ ॥
ਜੋ ਕਿਛੁ ਕਰੀ, ਸੁ ਤੇਰਾ ਤਾਣੁ ॥ ਤੂੰ ਮੇਰੀ ਓਟ, ਤੂੰਹੈ ਦੀਬਾਣੁ ॥੨॥
ਤੁਧਨੋ ਛੋਡਿ, ਜਾਈਐ, ਪ੍ਰਭ ਕੈਂ ਧਰਿ ॥ ਆਨ ਨ ਬੀਆ, ਤੇਰੀ ਸਮਸਰਿ ॥
ਤੇਰੇ ਸੇਵਕ ਕਉ, ਕਿਸ ਕੀ ਕਾਣਿ ॥ ਸਾਕਤੁ ਭੂਲਾ, ਫਿਰੈ ਬੇਬਾਣਿ ॥੩॥
ਤੇਰੀ ਵਡਿਆਈ, ਕਹੀ ਨ ਜਾਇ ॥ ਜਹ, ਕਹ, ਰਾਖਿ ਲੈਹਿ ਗਲਿ ਲਾਇ ॥
ਨਾਨਕ, ਦਾਸ ਤੇਰੀ ਸਰਣਾਈ ॥ ਪ੍ਰਭਿ ਰਾਖੀ ਪੈਜ, ਵਜੀ ਵਾਧਾਈ ॥੪॥੫॥
ਕੁੱਝ ਸਮਾਂ ਪਹਿਲਾਂ (ਸੁਲਹੀ ਤੇ ਨਰਾਇਣ ਰਾਖੁ) ਵਾਲੇ ਸ਼ਬਦ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਬਹੁਤ ਸਾਰੇ ਵੀਰਾਂ, ਭੈਣਾ ਅਤੇ ਬਜੁਰਗਾਂ ਦੇ ਸ਼ਲਾਘਾਂ ਭਰੇ ਸਨੇਹਿਆਂ ਤੋਂ ਬਾਅਦ ਹੁਣ ਉਸੇ ਹੀ ਸ਼ਬਦ ਨਾਲ ਜਿਹੜਾ ਅਗਲਾ ਸ਼ਬਦ ਜੋੜਿਆ ਜਾਂਦਾ ਹੈ ਆਉ ਅਜ ਉਸ ਦੀ ਵੀਚਾਰ ਕਰਨ ਦਾ ਯਤਨ ਕਰੀਏ। ਅਜ ਤੱਕ ਟੀਕਾਕਾਰਾਂ ਅਤੇ ਕਥਾਕਾਰਾਂ ਨੇ ਇਸ ਸ਼ਬਦ ਦੇ ਅਰਥ ਸੂਲੀ ਖਾਨ ਦਾ ਪੰਜਵੇਂ ਪਾਤਸ਼ਾਹ ਉਤੇ ਚੜ੍ਹਾਈ ਕਰਕੇ ਆਉਣਾਂ ਅਤੇ ਗੁਰਸਿਖਾਂ ਵਲੋਂ ਗੁਰੂ ਜੀ ਨੂੰ ਸਲਾਹ ਮਸ਼ਵਰਾ ਦੇਣਾ ਅਤੇ ਬੇਨਤੀ ਕਰਨੀ ਨੂੰ ਮੁੱਖ ਰੱਖ ਕੇ ਕੀਤੇ ਗਏ ਹਨ। ਆਖਿਆ ਜਾਂਦਾ ਹੈ ਕੇ ਗੁਰੂ ਜੀ ਨੇ ਸਿੱਖਾਂ ਦੀ ਗੱਲ ਨਾ ਮੰਨਦਿਆਂ ਹੋਇਆਂ ਆਖਿਆ ਕਿ ਮੈਂ ਤਾਂ ਕੇਵਲ ਪ੍ਰਭੂ ਜੀ ਦਾ ਹੀ ਧਿਆਨ ਧਰਿਆ ਹੈ, ਜਿਸ ਕਰਕੇ ਸੂਲੀ ਖਾਨ ਆਪ ਤੇ ਉਸਦਾ ਘੋੜਾ ਭੱਠੇ ਵਿੱਚ ਡਿੱਗਕੇ ਸੁਆਹ ਹੋ ਗਏ ਸਨ। ਸੋ ਇਹ ਹੈ ਪ੍ਰਭੂ ਜੀ ਨੂੰ ਧਿਆਉਣ ਦੀ ਕਰਾਮਾਤ। ਫਿਰ ਸਾਨੂੰ ਆਪਣੇ ਹੋਏ ਗੁਜ਼ਰੇ ਇਤਹਾਸ ਵੱਲ ਇਕ ਝਾਤ ਜਰੂਰ ਮਾਰਨੀ ਪਵੇਗੀ ਕਿ ਦੂਜੇ ਗੁਰੂ ਸਾਹਿਬਾਨ ਜੀ ਨੂੰ ਅਨੇਕਾਂ ਹੀ ਲੜ੍ਹਾਈਆਂ ਲੜ੍ਹਨੀਆਂ ਪਈਆਂ, ਅਨੇਕ ਤਰ੍ਹਾਂ ਦੇ ਮੁਸ਼ਕਲਾਂ ਭਰੇ ਜੀਵਨ ਵਿੱਚੋਂ ਦੀ ਗੁਜਰਣਾ ਪਿਆ ਸੀ। ਉਸ ਵੇਲੇ ਐਸੀ ਕਰਾਮਾਤ ਕਿਉਂ ਨਹੀਂ ਹੋਈ। ਕੀ ਉਹ ਰੱਬ ਜੀ ਨੂੰ ਨਹੀਂ ਧਿਆਉਂਦੇ ਸਨ? ਆਉ ਪਾਠਕ ਜਨੋਂ ਗੁਰੂ ਜੀ ਦੇ ਸਾਰੇ ਸਿਧਾਂਤ ਨੂੰ ਅੱਖਾਂ ਸਾਹਮਣੇ ਰੱਖਦਿਆਂ ਹੋਇਆਂ ਵਗਿਆਨਿਕ ਕਸਵੱਟੀ ਅਤੇ ਯੂਨੀਵਰਸਲ ਸਚਾਈ ਦੇ ਅਸੂਲਾਂ ਮੁਤਾਬਿਕ ਇਸ ਸ਼ਬਦ ਨੂੰ ਵੀਚਾਰਨ ਦੀ ਕੋਸ਼ਿਸ ਕਰੀਏ। ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਇਹ ਸ਼ਬਦ ਗੁਰੂ ਗ੍ਰੰਥ ਜੀ ਦੇ ਪੰਨਾਂ ਨੰ: ੩੭੧ ਉਪਰ ਸਭਾਏ ਮਾਨ ਹੈ ਅਤੇ ਜਿਸ ਸ਼ਬਦ ਨਾਲ ਮਿਲਾ ਕਿ ਜਿਸ ਸ਼ਬਦ ਦੇ ਅਰਥ ਕੀਤੇ ਜਾਂਦੇ ਹਨ ਉਹ ਸ਼ਬਦ ਗੁਰੂ ਗ੍ਰੰਥ ਜੀ ਦੇ ਪੰਨਾ ਨੰ: ੮੨੫ ਉਪਰ ਸ਼ਸ਼ੋਬਿਤ ਹੈ। ਇਨ੍ਹਾਂ ਸ਼ਬਦਾਂ ਵਿੱਚ ੪੫੪ ਪੰਨੇ ਦਾ ਅੰਤਰ ਹੈ। ਜਦ ਅਸੀਂ ਸ਼ਬਦ ਦੀ ਲਾਈਨ-ਦਰ-ਲਾਈਨ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਇਹ ਸ਼ਬਦ ਕਿਸ ਪ੍ਰਥਾਏਂ ਲਿਖਿਆ ਹੋਇਆ ਹੈ। ਅਜ ਸਾਨੂੰ ਇਸ ਸ਼ਬਦ ਵਿੱਚੋਂ ਜੀਵਨ ਦੀ ਕਿਹੜੀ ਸਿਖਿਆ ਮਿਲਦੀ ਹੈ।

ਆਸਾ, ਮਹਲਾ ੫ ॥
ਅਰਥ:-ਆਸਾ ਰਾਗ ਹੈ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਿਆ ਸ਼ਬਦ ਹੈ।
ਪ੍ਰਥਮੇ ਮਤਾ, ਜਿ ਪਤ੍ਰੀ ਚਲਾਵਉ ॥
ਪਦ ਅਰਥ:-ਪ੍ਰਥਮੇ-ਪਹਿਲਾ (ਪਹਿਲੇ ਦਰਜ਼ੇ ਤੇ)| ਮਤਾ-ਫੈਸਲਾ (ਮਾਨਤਾ, ਖਿਆਲ, ਵਿਸ਼ਵਾਸ਼, ਭਰੋਸਾ)। ਜਿ-ਜੇਕਰ। ਪਤ੍ਰੀ-ਪੱਤਰ (ਸਨੇਹਾਂ) ਹਿਦੂੰ ਮੱਤ ਅਨੁਸਾਰ ਪਤ੍ਰੀ ਖੋਲਕੇ ਦੁੱਖਾਂ ਦੀ ਨਿਰਵਿਰਤੀ ਲਈ ਦਿੱਤਾ ਹੋਇਆ ਮੰਤ੍ਰ, ਸਨੇਹਾਂ) । ਚਲਾਵਉ-ਚਲਾਉਣਾ (ਅਪਨਾਉਣਾ, ਜਾਂ ਵਾਰ ਵਾਰ ਪੜ੍ਹਨਾ)।
ਅਰਥ:-ਗੁਰੂ ਜੀ ਸਾਨੂੰ ਅਟੱਲ ਸਚਾਈ ਦਰਸਾ ਰਹੇ ਹਨ ਕਿ ਪਹਿਲੇ ਨੰਬਰ ਤੇ ਕਈ ਲੋਕਾਂ ਦੀ ਮਾਨਤਾ, ਵਿਸ਼ਵਾਸ਼ ਹੈ ਕਿ ਦੁੱਖਾਂ ਦੀ ਨਿਰਵਿਰਤੀ ਤੇ ਆਤਮਿਕ ਸੁੱਖ ਹਾਸਲ ਕਰਨ ਵਾਸਤੇ ਕਿਸੇ ਬ੍ਰਹਮਗਿਆਨੀ ਪਾਸੋਂ ਮੰਤ੍ਰ ਲੈ ਕੇ ਉਸ ਮੰਤ੍ਰ ਨੂੰ ਵਾਰ ਵਾਰ ਜਪਣਾ ਚਾਹੀਦਾ ਹੈ। ਜਿਸ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। { ਜਿਸ ਤਰ੍ਹਾਂ ਪਹਿਲਾਂ ਪੰਡਤ ਲੋਕਾਂ ਨੂੰ ਮੰਤ੍ਰ ਦਿੰਦੇ ਸਨ ਅੱਜ ਸਿੱਖ ਜਗਤ ਵਿੱਚ ਸਾਧ ਲਾਣਾ ਵੀ ਭੋਲੀਆਂ ਸੰਗਤਾਂ ਨੂੰ ਸਬਦਾਂ ਦਾ ਮੰਤ੍ਰ ਜਾਪ ਹੀ ਦੇ ਰਹੇ ਹਨ, ਸੰਕਟ ਮੋਚਣ ਦੀਆਂ ਕਿਤਾਬਾਂ ਮਿਲ ਰਹੀਆਂ ਹਨ।}
ਦੁਤੀਏ ਮਤਾ, ਦੁਇ ਮਾਨੁਖ ਪਹੁਚਾਵਉ ॥
ਪਦ ਅਰਥ:-ਦੁਤੀਏ-ਦੂਜੇ (ਦੂਜੇ ਦਰਜ਼ੇ ਦੇ)। ਮਤਾ-ਫੈਸਲਾ (ਮਾਨਤਾ, ਖਿਆਲ, ਵਿਸ਼ਵਾਸ਼, ਭਰੋਸਾ)| ਦੁਇ ਮਾਨੁਖ-ਦੂਜੇ ਮਨੁੱਖ ਰਾਹੀਂ। ਪਹੁਚਾਵਉ-ਪਹੁੰਚਾਇਆ ਜਾ ਸਕਦਾ।
ਅਰਥ:-ਗੁਰੂ ਜੀ ਆਖਦੇ ਹਨ ਕਿ ਦੂਜੇ ਦਰਜ਼ੇ ਤੇ ਕਈਆਂ ਲੋਕਾਂ ਦਾ ਵਿਸ਼ਵਾਸ਼, ਮਾਨਤਾ, ਖਿਆਲ ਇਹ ਵੀ ਹੈ ਕਿ ਆਤਮਿਕ ਸੁੱਖ ਵਾਸਤੇ ਕਿਸੇ ਦੂਜੇ ਮਨੁੱਖ ਦੀ ਜਰੂਰਤ ਹੈ (ਕਿਸੇ ਬਹ੍ਰਮਗਿਆਨੀ ਦੇ ਅਸ਼ੀਰਵਾਦ ਦੀ ਲੋੜ ਹੈ), ਕੋਈ ਦੂਜਾ ਸਾਡੇ ਵਾਸਤੇ ਪਾਠ, ਮੰਤ੍ਰ ਜਾਪ, ਅਰਦਾਸ ਕਰੇ ਤਾਂ ਹੀ ਸੁੱਖਾਂ ਦੀ ਉਪਲੱਭਦੀ ਹੋ ਸਕਦੀ ਹੈ।(ਅੱਜ ਸਿੱਖ ਜਗਤ ਵਿੱਚ ਨਿਰਾ ਦਿਖਾਵੇ ਦਾ ਧਰਮੀ ਲਿਬਾਸ ਪਾਈ ਆਪੂੰ ਬਣੇ ਸੰਤ ਅਤੇ ਕਈ ਕਥਾਕਾਰ, ਕੀਰਤਨੀਏ ਵੀ ਇਹੋ ਹੀ ਸਾਨੂੰ ਦਰਸਾ ਰਹੇ ਹਨ ਕਿ ਤੁਸੀਂ ਪੈਸੇ ਸਾਨੂੰ ਦੇ ਦੇਉ ਅਸੀਂ ਤੁਹਾਡੇ ਸੁੱਖਾਂ ਵਾਸਤੇ ਪਾਠ, ਪੂਜਾ, ਅਰਦਾਸਾਂ ਕਰ ਦਿਆਂਗੇ ਅਤੇ ਸੁੱਖ ਸਾਰੇ ਤੁਹਾਨੂੰ ਮਿਲ ਜਾਣਗੇ)।
ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ ॥
ਪਦ ਅਰਥ:-ਤ੍ਰਿਤੀਏ-ਤੀਜੇ ਦਰਜ਼ੇ ਦੀ ਸੋਚ ਵਾਲੇ ਲੋਕ। ਮਤਾ-ਫੈਸਲਾ (ਮਾਨਤਾ, ਖਿਆਲ, ਵਿਸ਼ਵਾਸ਼, ਭਰੋਸਾ)| ਕਿਛੁ-ਕੁਝ ਨ ਕੁਝ। ਕਰਉ–ਕੀਤਿਆਂ (ਕਰਨਾ ਚਾਹੀਦਾ ਹੈ)| ਉਪਾਇਆ-ਉਪਾਅ (ਉਪਰਾਲਾ, ਯਤਨ)।
ਅਰਥ:-ਹੁਣ ਗੁਰੂ ਜੀ ਤੀਜੇ ਦਰਜ਼ੇ ਦੀ ਸੋਚ ਵਾਲੇ ਮਨੁੱਖਾਂ ਦੇ ਬਾਬਤ ਦਰਸਾਉਂਦੇ ਹਨ ਕਿ ਕਈ ਐਸਾ ਸੋਚਦੇ ਹਨ, ਕਈਆਂ ਦੀ ਐਸੀ ਮਾਣਤਾ ਹੈ। ਕਿ ਮੰਤ੍ਰ ਜਾਪ ਅਤੇ ਦੂਜਿਆਂ ਪਾਸੋਂ ਕਰਵਾਏ ਪਾਠ, ਅਰਦਾਸਾਂ ਦੇ ਨਾਲ ਨਾਲ ਕੁਝ ਨ ਕੁਝ ਮਨੁੱਖ ਨੂੰ ਆਪ ਵੀ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।
ਮੈ ਸਭੁ ਕਿਛੁ ਛੋਡਿ, ਪ੍ਰਭ ਤੁਹੀ ਧਿਆਇਆ ॥੧॥
ਪਦ ਅਰਥ:-ਮੈ-ਇਹ ਅਖਰ ਯੂਨੀਵਰਸਲ ਹੈ ਸਭਨਾ ਤੇ ਲਾਗੂ ਹੈ। ਸਭੁ ਕਿਛੁ-ਸਾਰਾ ਕੁਝ। ਛੋਡਿ-ਛੱਡ ਕੇ। ਪ੍ਰਭ-ਹੇ ਪ੍ਰਭੂ । ਤੁਹੀ-ਤੈਨੂੰ ਹੀ। ਧਿਆਇਆ-ਯਾਦ ਕੀਤਾ (ਗਹ੍ਰਿਣ ਕਰਨਾ)।
ਅਰਥ:-ਪੰਜਵੇਂ ਪਾਤਸ਼ਾਹ ਉਪਰ ਦਰਸਾਈ ਲੋਕਾਂ ਦੀ ਮਾਨੌਤ ਨੂੰ ਦਰਸਾ ਕਿ ਹੁਣ ਆਪਣਾ ਯੂਨੀਵਰਸਲ ਸਿਧਾਂਤ, ਸਿਖਿਆ, ਉਪਦੇਸ਼ ਸਾਡੇ ਸਾਹਮਣੇ ਰੱਖਦੇ ਹਨ; ਕਿ ਭਾਈ ਇਹ ਨਜੂਮੀਆਂ ਦੇ ਦਿੱਤੇ ਮੰਤਰ ਜਾਪ ਤੇ ਪਖੰਡੀਆਂ ਵਲੋਂ ਨਿਰ੍ਹਾ ਬੁੱਲ ਹਲਾਊ ਜਾਂ ਚੁੱਪ ਚਪੀਤੇ ਕੀਤੇ ਪਾਠਾਂ ਤੇ ਅਰਦਾਸਾਂ ਵਿੱਚੋਂ ਸੁੱਖਾਂ ਦੀ ਪ੍ਰਾਪਤੀ ਨਹੀਂ ਹੈ। ਅਸੀਂ ਇਸ ਤਰ੍ਹਾਂ ਦਾ ਗੋਰਖ ਧੰਧਾ ਨਹੀਂ ਕਰਦੇ, ਅਸੀਂ ਕੇਵਲ ਤਾਂ ਕੇਵਲ ਪ੍ਰਭੂ ਜੀ ਦੇ ਨਾਮ ਨੂੰ, ਗੁਣਾਂ ਨੂੰ, ਸਦੀਵੀਂ ਪ੍ਰਭੂ ਜੀ ਦੇ ਅਟੱਲ ਨਿਯਮਾਂ ਦੇ ਗਿਆਨ ਨੂੰ ਹੀ ਗ੍ਰਹਿਣ ਕਰਦੇ ਹਾਂ। ਜਿਨ੍ਹਾਂ ਗੁਣਾਂ ਸਦਕਾ, ਨਿਯਮਾਵਲੀ ਦੇ ਗਿਆਨ ਸਦਕਾ ਅੰਦਰੂਨੀ ਸ਼ਾਤੀ, ਸੁੱਖ, ਸਹਿਜ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਣ ਸਕਦਾ ਹੈ, ਅਤੇ ਇਹ ਹਰ ਇੱਕ ਪ੍ਰਾਣੀ ਦਾ ਖੁੱਦ ਦਾ ਕਰਮ ਖੇਤਰ ਹੈ। ਜੋ ਹਰ ਸਮੇਂ ਹਾਸਲ ਕੀਤਾ ਜਾ ਸਕਦਾ ਹੈ। ਗੁਰ ਫੁਰਮਾਣ ਹੈ:-{੧/੩੫੧:-ਆਪਣਾ ਕਾਰਜੁ ਆਪਿ ਸਵਾਰੇ, ਹੋਰਨਿ ਕਾਰਜੁ ਨ ਹੋਈ ॥ ਜਿਤੁ ਕਾਰਜਿ ਸਤੁ, ਸੰਤੋਖ, ਦਇਆ, ਧਰਮੁ ਹੈ, ਗੁਰਮੁਖਿ  ਬੂਝੈ ਕੋਈ ॥} {ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ ॥}
ਮਹਾ ਅਨੰਦ, ਅਚਿੰਤ, ਸਹਜਾਇਆ ॥
ਪਦ ਅਰਥ:-ਮਹਾ ਅਨੰਦ-ਮਹਾਨ ਸੁੱਖ (ਅੰਦਰੂਨੀ ਟਿਕਾਉ)| ਅਚਿੰਤ-ਚਿੰਤਾਵਾਂ ਤੋਂ ਰਹਿਤ। ਸਹਜਾਇਆ-ਸਹਿਜ ਅਵਸਤਾ (ਸੋਚ ਦੀ ਇੱਕਸਾਰਤਾ)।
ਅਰਥ:-(ਇਹ ਲਾਈਨ ਸ਼ਬਦ ਦੀ ਮੁੱਖ ਲਾਈਨ ਹੈ)|  ਪਿਛਲੀਆਂ ਲਾਈਨਾਂ ਦੇ ਅਰਥਾਂ ਨੂੰ ਨਾਲ ਲੈ ਕੇ ਅਰਥ ਕਰਨੇ ਪੈਣਗੇ, ਗੁਰੂ ਜੀ ਆਖਦੇ ਹਨ ਕਿ ਜਿਸ ਵੀ ਸੇਵਕ ਨੇ ਤੋਤਾ ਰਟਨ, ਮੰਤ੍ਰਾਂ ਦਾ ਜਾਪ ਤੇ ਮਨੁੱਖਾਂ ਦੀ ਟੇਕ ਛੱਡਕੇ ਕੇਵਲ ਪ੍ਰਭੂ ਜੀ ਦੇ ਨਾਮ ਨੂੰ (ਗੁਣਾਂ ਨੂੰ) ਗ੍ਰਹਿਣ ਕੀਤਾ, ਪ੍ਰਭੂ ਜੀ ਦੇ ਗੁਣਾਂ ਕਰਕੇ, ਗਿਆਨ ਸਦਕਾ ਹੀ ਅੰਦਰੂਨੀ ਫਿਕਰ, ਚਿੰਤਾਵਾਂ ਮੁੱਕੀਆਂ ਅਤੇ ਅੰਦਰੂਨੀ ਸੁੱਖਾਂ ਦਾ ਆਨੰਦ ਪ੍ਰਾਪਤ ਹੋਇਆ, ਸਹਿਜ ਦੀ ਉਪਲੱਭਦੀ ਹੋਈ।
ਦੁਸਮਨ ਦੂਤ ਮੁਏ, ਸੁਖੁ ਪਾਇਆ ॥੧|| ਰਹਾa॥
ਪਦ ਅਰਥ:-ਦੁਸਮਨ ਦੂਤ-ਵੈਰੀ (ਵਿਕਾਰ) (ਮਾੜੀ ਸੋਚ)। ਮੁਏ-ਮਰ ਜਾਣਾ। ਸੁਖੁ-ਆਤਮਿਕ ਸੁੱਖ। ਪਾਇਆ-ਹਾਸਲ ਕਰਨਾ।੧| ਰਹਾਉ-ਠਹਿਰੋ (ਵੀਚਾਰੋ)।
ਅਰਥ:-(ਇਹ ਲਾਈਨ ਸ਼ਬਦ ਦੀ ਮੁੱਖ ਲਾਈਨ ਹੈ ਇਸ ਵਿੱਚ ਅੰਦਰੂਨੀ ਦੁਸ਼ਮਣਾਂ (ਵਿਕਾਰਾਂ ਨੂੰ, ਮਾੜੀ ਸੋਚ ਨੂੰ) ਮਾਰਣ ਦੀ ਗੱਲ ਹੈ ਅੰਦਰੂਨੀ ਸੁੱਖਾਂ ਦੀ ਭਾਲ ਦਾ ਜਿਕਰ ਹੈ ਤਾਂ ਫਿਰ ਸਾਨੂੰ ਸੋਚਣ ਦੀ ਜਰੂਰਤ ਹੈ ਕਿ ਸੂਲੀ ਖਾਨ ਵਾਲੀ ਕਹਾਣੀ ਸ਼ਬਦ ਵਿੱਚ ਕਿਥੋਂ ਆਈ? ਗੁਰੂ ਜੀ ਯੂਨੀਵਰਸਲ ਸਚਾਈ ਆਖਦੇ ਹਨ ਕਿ ਜਿਉਂ ਹੀ ਕੋਈ ਜਗਿਆਸੂ ਨਿਰੋਲ ਸੱਚ ਦੇ ਗਿਆਨ ਰਾਹੀਂ ਕੁਦਰਤ ਦੇ ਅਟੱਲ ਨਿਯਮਾਂ ਨੂੰ ਸਮਝਦਾ ਹੈ ਅਤੇ ਗੁਣਾਂ ਦਾ ਧਾਰਨੀ ਹੁੰਦਾ ਹੈ, ਤਿਉਂ ਹੀ ਉਸਦੀ ਮਾੜੀ ਸੋਚ, ਧੋਖੇ ਵਾਲੀ ਬਿਰਤੀ, ਵਿਕਾਰ ਦੁਸ਼ਮਣ ਖਤਮ ਹੁੰਦੇ ਹਨ ਅਤੇ ਅੰਦਰੂਨੀ ਸਹਿਜ, ਸੁੱਖ, ਅਨੰਦ, ਚੜ੍ਹਦੀ ਕਲਾ, ਬਿਬੇਕ ਬੁੱਧੀ ਅਤੇ ਮ੍ਰਯਾਦਾ ਵਾਲਾ ਜੀਵਨ ਬਣਦਾ ਹੈ।੧| ਰਹਾਉ। ਇਸ ਨੂੰ ਹੀ ਗੁਰੂ ਜੀ ਆਖਦੇ ਹਨ:- {੫/੭੫੦:-ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥}
ਸਤਿਗੁਰਿ ਮੋ ਕਉ ਦੀਆ ਉਪਦੇਸੁ ॥
ਪਦ ਅਰਥ:-ਸਤਿਗੁਰਿ-ਪੂਰਨ ਗੁਰੂ ਨੇ (ਸੱਤ ਦੇ ਗਿਆਨ ਨੇ)| ਮੋ ਕਉ-ਮੈਨੂੰ, ਇਹ ਅਖਰ ਯੂਨੀਵਰਸਲ ਹੈ ਸਭਨਾ ਵਾਸਤੇ ਲਾਗੂ ਹੁੰਦਾ ਹੈ।ਦੀਆ-ਦਿੱਤਾ(ਗ੍ਰਹਿਣ ਕੀਤਾ)| ਉਪਦੇਸ-ਗਿਆਨ, ਸਿਖਿਆ, ਜੁਗਤੀ,ਸਿਧਾਂਤ,ਗੁਰ,ਵਿਧੀ।
ਅਰਥ:-ਗੁਰੂ ਜੀ ਆਖਦੇ ਹਨ ਕਿ ਜਦੋਂ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ।(ਭਾਵ ਜਿਉਂ ਹੀ ਕਿਸੇ ਜਗਿਆਸੂ ਨੇ ਪੂਰਨ ਗੁਰੂ ਰਾਹੀਂ (ਨਿਰੋਲ ਸੱਚ ਦੇ ਗਿਆਨ ਰਾਹੀਂ) ਪ੍ਰਭੂ ਜੀ ਦੇ ਗੁਣਾਂ ਨੂੰ, ਗਿਆਨ ਨੂੰ, ਸਿਧਾਂਤ ਨੂੰ ਜੀਵਨ ਦਾ ਹਿਸਾ ਬਣਾਇਆ) ਤਾਂ ਅਗੇ ਫੁਰਮਾਉਂਦੇ ਹਨ:-
ਜੀਉ, ਪਿੰਡੁ ਸਭੁ, ਹਰਿ ਕਾ ਦੇਸੁ ॥
ਪਦ ਅਰਥ:-ਜੀਉ-ਜਿੰਦ (ਜੀਵਨ ਰੌਂ)| ਪਿੰਡੁ-ਸਰੀਰ। ਸਭੁ-ਸਾਰਾ ਕੁਝ। ਹਰਿ ਕਾ-ਪ੍ਰਭੂ ਜੀ ਦਾ। ਦੇਸੁ-ਜਗ੍ਹਾ (ਹਰ ਥਾਂ)।
ਅਰਥ:-ਜਿਸ ਮਨੁੱਖ ਨੂੰ ਪੂਰਨ ਗੁਰੂ ਦੇ ਉਪਦੇਸ਼, ਸਿਖਿਆ ਰਾਹੀਂ ਪ੍ਰਭੂ ਜੀ ਦੇ ਹੁਕਮਾਂ ਦੀ, ਨਿਯਮਾਵਲੀ ਦੀ ਸਮਝ ਆਉਂਦੀ ਹੈ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਸਾਰੇ ਜੀਵ ਅਤੇ ਜੀਵਨ ਸ਼ਕਤੀ ਵੀ ਉਸ ਪ੍ਰਭੂ ਜੀ ਦੀ ਹੀ ਵਰਤਾਈ ਹੋਈ ਹੈ ਅਤੇ ਉਹ ਪ੍ਰਭੂ ਸਭਨੀ ਥਾਈਂ ਹੀ ਰਮਿਆਂ ਹੋਇਆ ਹੈ। (ਭਾਵ ਇਹ ਅਟੱਲ ਨਿਯਮ ਸਭਨਾ ਉਪਰ ਲਾਗੂ ਹੈ)।
ਜੋ ਕਿਛੁ ਕਰੀ, ਸੁ ਤੇਰਾ ਤਾਣੁ ॥
ਪਦ ਅਰਥ:-ਜੋ ਕਿਛੁ-ਜੋ ਕੁਝ ਵੀ।ਕਰੀ-ਕਰ ਰਹੇ ਹਾਂ।ਸੁ-ਉਹ।ਤੇਰਾ-ਹੇ ਪ੍ਰਭੂ ਜੀ ਤੇਰਾ।ਤਾਣੁ-ਜ਼ੋਰ (ਤਾਕਤ)(ਸ਼ਕਤੀ)।
ਅਰਥ:-ਜਿਉਂ ਹੀ ਕਿਸੇ ਜਗਿਆਸੂ ਨੂੰ ਗੁਰ ਗਿਆਨ, ਸਿਖਿਆ ਰਾਹੀਂ ਸੱਚ ਦੇ ਮਾਰਗ ਦੀ ਸਮਝ ਪੈਂਦੀ ਹੈ ਤਾਂ ਉਹ ਹਰ ਹੋਣ ਵਾਲੇ ਕਾਰਜ ਵਿੱਚ ਪ੍ਰਭੂ ਜੀ ਦੀ ਤਾਕਤ ਵਰਤਦੀ ਪ੍ਰਤੀਤ ਕਰਦਾ ਹੈ।(ਭਾਵ ਸੱਚ ਦਾ ਗਿਆਨ ਅੰਦਰੂਨੀ ਨਿਮਰਤਾ ਅਤੇ ਚੜ੍ਹਦੀ ਕਲਾ ਬਖ਼ਸ਼ਦਾ ਹੈ ਜਿਸ ਸਦਕਾ ਸੇਵਕ ਹਮੇਸ਼ਾਂ ਆਪਣੇ ਉਪਰ ਪ੍ਰਭੂ ਜੀ ਦੀ ਮੇਹਰ, ਸ਼ਕਤੀ, ਸਮਝਦਾ ਹੈ)।
ਤੂੰ ਮੇਰੀ ਓਟ, ਤੂੰ ਹੈ ਦੀਬਾਣੁ ॥੨॥
ਪਦ ਅਰਥ:-ਤੂੰ-ਹੇ ਪ੍ਰਭੂ ਜੀ ਤੁਸੀਂ। ਮੇਰੀ-ਇਹ ਅਖਰ ਯੂਨੀਵਰਸਲ ਹੈ, ਸਾਡਾ। ਓਟ-ਆਸਰਾ। ਦੀਬਾਣੁ-ਸਹਾਰਾ।੨।
ਅਰਥ:-ਜਿਹੜਾ ਜਗਿਆਸੂ ਗੁਰ ਗਿਆਨ ਰਾਹੀਂ ਅੰਦਰੂਨੀ ਜਾਗਰਤਾ ਹਾਸਲ ਕਰ ਪ੍ਰਭੂ ਜੀ ਦੇ ਹੁਕਮਾਂ, ਨਿਯਮਾਂ ਵਿੱਚ ਜੀਵਨ ਗੁਜਾਰਦਾ ਹੈ ਅਸਲ ਵਿੱਚ ਉਹੋ ਹੀ ਨਿਮਰਤਾ ਦਾ ਪੁੰਜ ਹੁੰਦਾ ਹੈ ਅਤੇ ਉਹ ਸਦਾ ਹੀ ਪ੍ਰਭੂ ਜੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਸਰਾ, ਸਹਾਰਾ ਪ੍ਰਤੀਤ ਕਰਦਾ ਹੈ।੨।
ਤੁਧਨੋ ਛੋਡਿ, ਜਾਈਐ ਪ੍ਰਭ ਕੈਂ ਧਰਿ ॥
ਪਦ ਅਰਥ:-ਤੁਧਨੋ-ਤੁਹਾਨੂੰ (ਪ੍ਰਭੂ ਗੁਣਾਂ ਨੂੰ) ਛੋਡਿ-ਛੱਡਕੇ। ਜਾਈਐ-ਜਾਣਾ। ਕੈ ਧਰਿ-ਕਿਸ ਥਾਂ।
ਅਰਥ:-ਇਸ ਸਾਰੇ ਬੰਦ ਨੂੰ ਪੜਿਆਂ ਤੇ ਪਤਾ ਲਗਦਾ ਹੈ ਕਿ ਗੱਲ ਗਿਆਨਵਾਨ (ਸੇਵਕ) ਦੀ ਅਤੇ ਅਗਿਆਨੀ (ਸਾਕਤ) ਦੀ ਕਰ ਰਹੇ ਹਨ। ਅਗਿਆਨਤਾ ਅਧੀਨ ਸੋਚ ਵਾਲੇ ਲੋਕ ਆਤਮਿਕ ਸੁੱਖਾਂ ਵਾਸਤੇ ਕੇਵਲ ਜੰਤਰ ਮੰਤਰ, ਭਾੜੇ ਦੇ ਪਾਠ ਤੇ ਸਾਧ ਵਿਚੋਲਿਆਂ ਦੇ ਮਗਰ ਹੀ ਲੱਗੇ ਹੋਏ ਹਨ, ਪਰ ਗਿਆਨਵਾਨ ਸੇਵਕ ਆਖਦਾ ਹੈ ਕਿ ਮੈਨੂੰ ਸਮਝ ਆ ਗਈ ਹੈ; ਮੈਂ ਕੇਵਲ ਇੱਕ ਪ੍ਰਭੂ ਜੀ ਦੇ ਗੁਣਾਂ ਨੂੰ, ਬੰਦਗੀ ਨੂੰ ਹੀ ਜੀਵਨ ਦਾ ਅਧਾਰ ਬਣਾਇਆ ਹੈ। ਪ੍ਰਭੂ ਗੁਣ ਹੀ ਸੁੱਖ ਪ੍ਰਦਾਨ ਕਰ ਸਕਦੇ ਹਨ ਇਸ ਲਈ ਇਨ੍ਹਾਂ ਗੁਣਾਂ ਨੂੰ ਛੱਡ ਹੋਰ ਕੋਈ ਤਰੀਕਾ, ਹੋਰ ਥਾਂ ਕਿਉਂ ਭਾਲੀਏ। ਭਾਵ ਭਾਲਣ ਦੀ ਲੋੜ ਨਹੀਂ ਹੈ। {੫/੧੦੨:-ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥}
ਆਨ ਨ ਬੀਆ, ਤੇਰੀ ਸਮਸਰਿ ॥
ਪਦ ਅਰਥ:-ਆਨ-ਹੋਰ। ਨ-ਨਹੀਂ। ਬੀਆ-ਦੂਜਾ। ਤੇਰੀ ਸਮਸਰਿ-ਤੇਰੀ ਬਰਾਬਰੀ ਦਾ।
ਅਰਥ:-ਸੇਵਕ ਵਾਸਤੇ ਪ੍ਰਭੂ ਜੀ ਦੇ ਗੁਣ ਅਤੇ ਗੁਣਾਂ ਅਨੁਸਾਰ ਜੀਵਨ ਜੀਊਣ ਦੇ ਬਰਾਬਰ ਹੋਰ ਦੂਜਾ ਕੁਝ ਵੀ ਨਹੀਂ ਹੈ। (ਸੱਚ ਦਾ ਮਾਰਗ, ਰੱਬ ਜੀ ਦੇ ਗੁਣਾਂ ਦੀ ਬਰਾਬਰੀ ਜੰਤਰ ਮੰਤਰ ਅਤੇ ਪੈਸੇ ਦੇ ਕੇ ਕਰਵਾਏ ਪਾਠ ਨਹੀਂ ਕਰ ਸਕਦੇ)।
ਤੇਰੇ ਸੇਵਕ ਕਉ, ਕਿਸ ਕੀ ਕਾਣਿ ॥
ਪਦ ਅਰਥ:-ਤੇਰੇ-ਹੇ ਪ੍ਰਭੂ ਤੇਰੇ। ਸੇਵਕ ਕਉ-ਸੇਵਕ ਨੂੰ (ਬਹੁ ਵਚਨ ਹੈ)| ਕਿਸ ਕੀ ਕਾਣਿ-ਕਿਸ ਦੀ ਮੁਥਾਜ਼ਗੀ, ਅਧੀਨਗੀ।
ਅਰਥ:-ਜਿਹੜਾ ਵੀ ਸੇਵਕ (ਮਨੁੱਖ) ਗੁਰ ਗਿਆਨ ਰਾਹੀਂ ਰੱਬ ਜੀ ਦੇ (ਸੱਚ ਦੇ) ਗੁਣਾਂ ਦਾ ਧਾਰਨੀ ਹੋ ਜਾਂਦਾ ਹੈ (ਭਾਵ ਜੀਵਨ ਉਨ੍ਹਾਂ ਅਨੁਸਾਰ ਬਣਾ ਲੈਂਦਾ ਹੈ) ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।(ਸੱਚ ਦੇ ਮਾਰਗ ਦਾ ਪਾਂਧੀ ਕਿਸੇ ਦੀ ਅਧੀਨਗੀ ਨਹੀ ਕਬੂਲਦਾ)| ਐਸਾ ਸੱਚ ਦੇ ਮਾਰਗ ਵਾਲਾ ਮਨੁੱਖ ਮਰ ਤਾਂ ਭਾਵੇਂ ਜਾਵੇਗਾ ਪਰ ਕਦੇ ਟੁੱਟੇਗਾ ਨਹੀਂ, ਵਿਕੇਗਾ ਨਹੀਂ, ਆਪਣੇ ਸਿਧਾਂਤ ਨੂੰ ਤਿਆਗੇਗਾ ਨਹੀਂ।
ਸਾਕਤੁ, ਭੂਲਾ ਫਿਰੈ ਬੇਬਾਣਿ ॥੩॥
ਪਦ ਅਰਥ:-ਸਾਕਤੁ-ਮਾਇਕੀ ਪ੍ਰਭਾਵ ਥੱਲੇ ਅਗਿਆਨਤਾ ਵਿੱਚ ਗੁਲਤਾਨ (ਪ੍ਰਭੂ ਗੁਣਾਂ ਤੋਂ ਸੱਖਣਾ)। ਭੂਲਾ-ਭੁਲਿਆ । ਫਿਰੈ-ਫਿਰ ਰਹਿਆ। ਬੇਬਾਣਿ-ਜੰਗਲ ਵਿੱਚ।
ਅਰਥ:-ਪਹਿਲੀਆਂ ਤਿੱਨਾ ਲਾਈਨਾਂ ਵਿੱਚ ਸੇਵਕ ਦੀ ਗੱਲ ਕੀਤੀ ਅਤੇ ਹੁਣ ਸਾਕਤ ਬਾਰੇ ਦਰਸਾਉਂਦੇ ਹਨ ਕਿ ਉਹ ਪ੍ਰਭੂ ਜੀ ਦੇ ਗੁਣਾਂ ਤੋਂ ਸੱਖਣਾ ਸਿਰਫ ਦਿਖਾਵੇ ਦੇ ਕਰਮਕਾਂਡ, ਜੰਤ੍ਰਾਂ ਮੰਤ੍ਰਾਂ ਦੇ ਜਾਪ, ਤੋਤਾ ਰੱਟਨ ਵਾਲਾ ਸਿਮਰਨ ਅਤੇ ਦਿਖਾਵੇ ਦੇ ਪਹਿਰਾਵੇ ਵਿੱਚ ਫਸਿਆ ਅਸਲੀ ਜੀਵਨ ਮਨੋਰਥ ਤੋਂ ਭੁਲਿਆ ਹੋਇਆ ਹੈ; ਸਾਰੀ ਉਮਰ ਖਜ਼ਲ ਖੁਆਰ ਹੁੰਦਾ ਰਹਿੰਦਾ ਹੈ ਜਿਸ ਤਰ੍ਹਾਂ ਕੋਈ ਸਘਣੇ ਜੰਗਲ ਵਿੱਚ ਰਸਤੇ ਤੋਂ ਭੁੱਲਿਆ ਖੁਆਰ ਤੇ ਦੁੱਖੀ ਹੁੰਦਾ ਹੈ।
ਤੇਰੀ ਵਡਿਆਈ, ਕਹੀ ਨ ਜਾਇ ॥
ਪਦ ਅਰਥ:-ਤੇਰੀ-ਹੇ ਪ੍ਰਭੂ ਤੇਰੇ ਗੁਣਾਂ ਦੀ। ਵਡਿਆਈ-ਉਚਤਾ। ਕਹੀ ਨ ਜਾਇ-ਬਿਆਨ ਨਹੀਂ ਹੋ ਸਕਦੀ।
ਅਰਥ:-ਹੇ ਪ੍ਰਭੂ ਜੀ ਆਪ ਜੀ ਦੇ ਗੁਣਾਂ ਦੀ ਕੀਮਤ, ਉਚਤਾ ਬਿਆਨ ਨਹੀਂ ਕੀਤੀ ਜਾ ਸਕਦੀ।(ਭਾਵ ਪ੍ਰਭੂ ਜੀ ਦੇ ਗੁਣਾਂ ਕਰਕੇ ਜੋ ਸੋਝੀ ਤੇ ਆਤਮਿਕ ਅਡੋਲਤਾ ਮਿਲਦੀ ਹੈ ਉਸ ਦੀ ਕੋਈ ਕੀਮਤ ਨਹੀਂ ਹੈ, ਪੈਸਿਆਂ ਨਾਲ ਖਰੀਦੀ ਨਹੀਂ ਜਾ ਸਕਦੀ)| ਭਾੜੇ ਦੇ ਪਾਠਾਂ ਨਾਲ ਮਨੁੱਖ ਨੂੰ ਕੁੱਝ ਪ੍ਰਾਪਤੀ ਨਹੀਂ ਹੈ, ਹਾਂ ਹਰ ਮਨੁੱਖ ਨੂੰ ਖੁੱਦ ਆਪ ਗੁਰਬਾਣੀ ਪੜ੍ਹਨੀ ਤੇ ਵੀਚਾਰਣੀ ਚਾਹੀਦੀ ਹੈ।
ਜਹ, ਕਹ, ਰਾਖਿ ਲੈਹਿ, ਗਲਿ ਲਾਇ ॥
ਪਦ ਅਰਥ:-ਜਹ-ਜਿਥੇ। ਕਹ-ਕਿਥੇ। ਰਾਖਿ ਲੈਹਿ-ਰੱਖ ਲੈਂਦਾ ਹੈ, ਰੱਖਿਆ ਕਰਨੀ। ਗਲਿ ਲਾਇ-ਗਲ ਨਾਲ ਲਾ ਕੇ।
ਅਰਥ:-ਗੁਰੂ ਜੀ ਆਖਦੇ ਹਨ ਜਿਸ ਵੀ ਜਗਿਆਸੂ ਕੋਲ ਰੱਬ ਜੀ ਵਾਲੇ ਗੁਣ, ਗਿਆਨ, ਸੋਝੀ ਹੈ; ਇਹ ਗੁਣ, ਸੋਝੀ, ਗਿਆਨ, ਬਿਬੇਕ ਬੁੱਧੀ ਉਸ ਮਨੁੱਖ ਦੀ ਹਰ ਸਮੇਂ ਹਰ ਥਾਂ ਰੱਖਿਆ ਕਰਦੇ ਹਨ।(ਭਾਵ ਗਿਆਨ ਹਰ ਖੇਤਰ ਵਿੱਚ ਮਦਦਗਾਰ ਹੈ; ਇਹੋ ਹੀ ਹੈ ਗਲ ਨਾਲ ਲਾਕੇ ਰੱਖਿਆ ਕਰਨੀ)।
ਨਾਨਕ, ਦਾਸ ਤੇਰੀ ਸਰਣਾਈ ॥
ਪਦ ਅਰਥ:-ਨਾਨਕ-ਨਾਨਕ ਜੀ ਦਾ ਨਾਮ। ਦਾਸ-ਸੇਵਕ। ਤੇਰੀ-ਪ੍ਰਭੂ ਜੀ। ਸਰਣਾਈ-ਸ਼ਰਨ (ਗੁਣ, ਹੁਕਮ, ਨਿਯਮ)।
ਅਰਥ:-ਪੰਜਵੇਂ ਪਾਤਸ਼ਾਹ ਨਾਨਕ ਨਾਮ ਦੀ ਮੋਹਰ ਲਾਉਂਦੇ ਹੋਏ ਆਖਦੇ ਹਨ ਕਿ ਹੇ ਪ੍ਰਭੂ ਜੀ ਜਿਹੜਾ ਸੇਵਕ ਤੇਰੀ ਸ਼ਰਨ ਲੈ ਲੈਂਦਾ ਹੈ (ਭਾਵ ਤੇਰੇ ਗੁਣਾਂ ਨੂੰ, ਹੁਕਮਾਂ ਨੂੰ, ਨਿਯਮਾਂ ਨੂੰ ਜੀਵਨ ਦਾ ਹਿਸਾ ਬਣਾ ਲੈਂਦਾ ਹੈ) ਤਾਂ ਅਗੇ ਫੁਰਮਾਉਂਦੇ ਹਨ:-
ਪ੍ਰਭਿ ਰਾਖੀ ਪੈਜ, ਵਜੀ ਵਾਧਾਈ ॥੪॥੫॥
ਪਦ ਅਰਥ:-ਪ੍ਰਭਿ-ਪ੍ਰਭੂ ਨੇ, ਗਿਆਨ ਨੇ, ਗੁਣਾਂ ਨੇ। ਰਾਖੀ-ਰੱਖਿਆ। ਪੈਜ-ਇੱਜਤ। ਵਜੀ-ਵਜਣੀ। ਵਾਧਾਈ-ਖੁੱਸ਼ੀ, ਖੇੜਾ, ਇੱਕਸਾਰਤਾ, ਚੜਦੀ ਕਲਾ।੪।੫।
ਅਰਥ:-ਜਿਹੜਾ ਸੇਵਕ ਰੱਬ ਜੀ ਦੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਇਹ ਗੁਣ, ਗਿਆਨ, ਮ੍ਰਯਾਦਾ ਵਾਲਾ ਜੀਵਨ ਉਸ ਸੇਵਕ ਦੀ ਹਰ ਥਾਂ ਰੱਖਿਆ ਕਰਦਾ ਹੈ। ਭਾਵ ਗੁਣ, ਗਿਆਨ ਸਦਕਾ ਅੰਦਰੂਨੀ ਖੁੱਸ਼ੀ, ਖੇੜਾ, ਇੱਕਸਾਰਤਾ, ਚੜ੍ਹਦੀ ਕਲਾ ਵਾਲਾ ਸਹਜ ਭਰਿਆ ਜੀਵਨ ਬਣਿਆਂ ਰਹਿੰਦਾ ਹੈ। ਇਹੋ ਹੀ ਵਧਾਈ ਵਜਣੀ ਹੈ)| ਇਸ ਤਰ੍ਹਾਂ ਦਾ ਜੀਵਨ ਹਰ ਮਨੁੱਖ ਬਣਾ ਸਕਦਾ ਹੈ, ਆਪਣਾ ਕਾਰਜ਼ ਆਪ ਸਵਾਰ ਸਕਦਾ ਹੈ, ਕੋਈ ਵੀ ਕਰਾਮਾਤ ਨਾ ਪਹਿਲਾਂ ਸੀ ਤੇ ਨਾ ਹੀ ਹੁਣ ਹੈ ਅਤੇ ਨਾ ਹੀ ਅਗਾਂਹ ਨੂੰ ਕੋਈ ਵਾਪਰਣ ਵਾਲੀ ਹੈ।੪।੫।

ਗੁਰੂ ਗ੍ਰੰਥ ਅਤੇ ਖਾਲਸਾ ਪੰਥ ਦਾ ਦਾਸ
ਕੁਲਵੰਤ ਸਿੰਘ ਭੰਡਾਲ ਯੂ ਕੇ

kulwantsinghbhandal@gmail.com