ਭਗਤ ਧੰਨਾ ਜੀ ਦਾ ਪੱਥਰ ਨੂੰ ਪੂਜਣਾ

( ਵਾਰ 10 ਪਉੜੀ 13)
ਬਾਮ੍ਹਣ ਪੂਜੈ ਦੇਵਤੇ, ਧੰਨਾ, ਗਊ ਚਰਾਵਣਿ ਆਵੈ॥
ਧੰਨੈ ਡਿਠਾ ਚਲਿਤੁ ਏਹੁ, ਪੂਛੈ, ਬਾਮ੍ਹਣੁ ਆਖਿ ਸੁਣਾਵੈ॥
ਠਾਕੁਰ ਦੀ ਸੇਵਾ ਕਰੈ, ਜੋ ਇਛੈ, ਸੋਈ ਫਲੁ ਪਾਵੈ॥
ਧੰਨਾ ਕਰਦਾ ਜੋਦੜੀ, ਮੈ ਭਿ ਦੇਹ ਇਕ, ਜੇ ਤੁਧੁ ਭਾਵੈ॥
ਪਥਰੁ ਇਕ ਲਪੇਟਿ ਕਰਿ, ਦੇ ਧੰਨੈ ਨੋ, ਗੈਲ ਛੁਡਾਵੈ॥
ਠਾਕੁਰ ਨੋ ਨ੍ਹਾਵਾਲਿ ਕੈ, ਛਾਹਿ, ਰੋਟੀ ਲੈ ਭੋਗੁ ਚੜ੍ਹਾਵੈ॥
ਹਥਿ ਜੋੜਿ ਮਿਨਤਿ ਕਰੈ, ਪੈਰੀ ਪੈ ਪੈ, ਬਹੁਤੁ ਮਨਾਵੈ॥
ਹਉ ਬੀ ਮੁਹੁ ਨ ਜੁਠਾਲਸਾਂ, ਤੂ ਰੁਠਾ, ਮੈ ਕਿਹੁ ਨ ਸੁਖਾਵੈ॥
ਗੋਸਾਈ ਪਰਤਖਿ ਹੋਇ, ਰੋਟੀ ਖਾਹਿ, ਛਾਹਿ ਮੁਹਿ ਲਾਵੈ॥
ਭੋਲਾ ਭਾਉ, ਗੋਬਿੰਦ ਮਿਲਾਵੈ ॥13

ਇਹ ਰਚਨਾ ਭਾਈ ਗੁਰਦਾਸ ਜੀ ਦੀ ‘10 ਵੀਂ’ ਵਾਰ ਦੀ ਤੇਰਵੀਂ ਪਉੜੀ ਹੈ ਗੁਰੂ ਜੀ ਦੇ ਸਿਖ ਸੇਵਕਾਂ ਵਿੱਚੋਂ ਭਾਈ ਗੁਰਦਾਸ ਜੀ ਉਹ ਉਚ ਕੋਟੀ ਦੇ ਵਿਦਵਾਨ ਸਨ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਹੁਕਮਾਂ ਨੂੰ ਕਬੂਲ ਕਰਦਿਆਂ ਗੁਰੂ ਗ੍ਰੰਥ ਜੀ ਦੀ ਸਾਰੀ ਬਾਣੀ ਨੂੰ ਤਰਤੀਬ ਦੇ ਕਰ ਅੰਕਤ ਕੀਤਾ ਸੀ। ਜਿਥੇ ਗੁਰੂ ਗ੍ਰੰਥ ਜੀ ਦੀ ਬਾਣੀ ਮਨੁੱਖ ਦੇ ਜੀਵਨ ਨੂੰ ਸਰਬ ਪੱਖੀ ਗਿਆਨ ਦਿੰਦੀ ਹੈ ਉਥੇ ਭਾਈ ਜੀ ਦੀਆਂ ਵਾਰਾਂ ਅਤੇ ਕਬਿੱਤ ਵੀ ਮਨੁੱਖ ਦੇ ਜ਼ਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਹੋਏ ਬਹੁ ਪੱਖੀ ਜੀਵਨ ਸੇਧ ਬਖਸ਼ਦੇ ਹਨ। ਸਾਨੂੰ ਗੁਰਬਾਣੀ ਦੀ ਜਾਣਕਾਰੀ ਨਾ ਹੁੰਦਿਆਂ ਹੋਣ ਕਰਕੇ ਅਸੀਂ ਭਗਤਾਂ ਅਤੇ ਗੁਰੂਆਂ ਦੇ ਜੀਵਨ ਨਾਲ ਕਈ ਅਣਹੋਣੀਆਂ ਕਹਾਣੀਆਂ ਜੋੜ ਲੈਂਦੇ ਹਾਂ ਜਿਥੇ ਵੀ ਅਸੀਂ ਅਖਰਾਂ ਦੀ ਬੰਧਸ਼ ਨੂੰ ਸਮਝਣ ਤੋਂ ਅਸਮਰੱਥ ਹਾਂ ਉਥੇ ਅਸੀਂ ਕੋਈ-ਨ-ਕੋਈ ਮੰਨ ਘੜਤ ਕਹਾਣੀ ਦਾ ਆਸਰਾ ਭਾਲਦੇ ਹਾਂ ਅਤੇ ਬਹੁਤ ਵੱਡਾ ਭਲੇਖਾ ਖਾ ਜਾਂਦੇ ਹਾਂ। ਇਸੇ ਹੀ ਤਰ੍ਹਾਂ ਭਗਤ ਧੰਨਾ ਜੀ ਦੇ ਬਾਬਤ ਅਗਿਆਨਤਾ ਅਧੀਨ ਇਕ ਮੂਰਖਤਾ ਭਰੀ ਕਹਾਣੀ ਘੜ੍ਹ ਲਈ ਹੈ। ਆਖਦੇ ਹਨ ਕਿ ਭਗਤ ਧੰਨਾ ਜੀ ਨੇ ਬ੍ਰਹਮਣ ਪਾਸੋਂ ਇਕ ਪੱਥਰ ਲੈ ਕੇ ਉਸ ਦੀ ਪੂਜਾ ਕੀਤੀ ਅਤੇ ਪੱਥਰ ਵਿੱਚੋਂ ਪਰਤੱਖ ਰੱਬ ਜੀ ਪ੍ਰਗਟ ਹੋਏ ਅਤੇ ਧੰਨਾ ਜੀ ਨੂੰ ਦਰਸ਼ਨ ਦਿੱਤੇ। ਪਰ ਜਦ ਅਸੀਂ ਭਗਤ ਜੀ ਦੇ ਤਿੱਨ ਸ਼ਬਦ ਗੁਰੂ ਗ੍ਰੰਥ ਜੀ ਵਿੱਚੋਂ ਪੜ੍ਹਦੇ ਤੇ ਵੀਚਾਰਦੇ ਹਾਂ ਤਾਂ ਸਾਡੀ ਇਹ ਬਣਾਈ ਹੋਈ ਕਹਾਣੀ ਫੇਲ ਹੁੰਦੀ ਹੈ। ਗੁਰੂ ਗ੍ਰੰਥ ਜੀ ਦੀ ਸਾਰੀ ਬਾਣੀ ਅੰਦਰ ਪਥਰਾਂ ਦੀ ਪੂਜਾ ਨੂੰ ਕੋਈ ਵੀ ਥਾਂ ਨਹੀਂ ਹੈ। ਗੁਰੂ ਅਰਜਨ ਸਾਹਿਬ ਜੀ ਦਾ ਇਕ ਸ਼ਬਦ ਵੀ ਇਸ ਦਰਸਾਈ ਕਹਾਣੀ ਨੂੰ ਫੇਲ ਕਰਦਾ ਹੈ { 488:-ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥4॥2॥} ਨਿਰ੍ਹੀ ਮਾਇਆ ਕਮਾਉਣ ਵਾਲਿਆਂ ਨੇ ਇਸ ਸ਼ਬਦ ਦੇ ਅਧਾਰ ਤੇ ਫਿਲਮਾਂ ਵੀ ਬਣਾ ਲਈਆਂ ਹਨ ਪਰ ਜਦ ਅਸੀਂ ਗੁਰਬਾਣੀ ਦੇ ਅਨਸਾਰ ਇਸ ਵਾਰ ਦੀ ਪਉੜੀ ਨੂੰ ਸਮਝਣ ਦਾ ਯਤਨ ਕਰਦੇ ਹਾਂ ਤਾਂ ਅਰਥ ਕੁੱਝ ਹੋਰ ਹੀ ਬਣਦੇ ਹਨ, ਆਉ ਇਸ ਪਉੜੀ ਨੂੰ ਲਾਈਨ-ਦਰ-ਲਾਈਨ ਸਮਝਣ ਦਾ ਉਪਰਾਲਾ ਕਈਏ।

ਬਾਮ੍ਹਣ ਪੂਜੈ ਦੇਵਤੇ, ਧੰਨਾ ਗਊ ਚਰਾਵਣਿ ਆਵੈ॥
ਪਦ ਅਰਥ:-ਬਾਮ੍ਹਣ-ਧਰਮ ਦਾ ਬਣਿਆਂ ਮੋਹਰੀ। ਪੂਜੈ-ਪੂਜਦਾ ਹੈ। ਦੇਵਤੇ-ਕਈ ਦੇਵਤਿਆਂ ਨੂੰ। ਧੰਨਾ-ਕਿਰਸਾਣ ਕਿੱਤੇ ਨਾਲ ਸਬੰਧਤ ਧੰਨਾ ਨਾਮ ਦਾ ਜੱਟ। ਗਊ-ਆਪਣੇ ਪਾਲਤੂ ਪਸ਼ੂ। ਚਰਾਵਣਿ-ਚਰਾਉਣ ਵਾਸਤੇ। ਆਵੈ-ਬਾਮ੍ਹਣ ਦੇ ਪੂਜਾ ਕਰਨ ਵਾਲੇ ਅਸਥਾਨ ਦੇ ਲਾਗਿਉਂ ਦੀ ਹਰ ਰੋਜ਼ ਆਉਂਦਾ ਜਾਂਦਾ ਹੈ।
ਅਰਥ:-ਭਾਈ ਗੁਰਦਾਸ ਜੀ ਆਪਣੇ ਸਮੇਂ ਦੌਰਾਨ ਲੋਕਾਂ ਦੇ ਪੱਕ ਚੁੱਕੇ ਸੁਭਾਅ ਵਿਚਲੀ ਵਾਰਤਾ ਨੂੰ ਇਕ ਕਾਵਿਕ ਰਚਨਾ ਰਾਹੀਂ ਸਾਡੇ ਸਾਹਮਣੇ ਪੇਸ਼ ਕਰਦੇ ਹਨ ਤੇ ਆਖਦੇ ਹਨ ਕਿ ਮੰਦਰ ਵਿੱਚ ਬੈਠਾ ਪੁਜਾਰੀ ਹਰ ਰੋਜ਼ ਦੀ ਤਰ੍ਹਾਂ ਮੰਦਰ ਵਿੱਚ ਰੱਖੀਆਂ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਭੇਟਾ ਕਰਦਾ ਹੋਇਆ ਮੂਰਤੀਆਂ ਨੂੰ ਭੋਗ ਲਵਾਉਂਦਾ ਹੈ ਅਤੇ ਮਾਇਆ ਕਮਾਉਣ ਵਾਸਤੇ ਲੋਕਾਂ ਦੀਆਂ ਮੰਨਤਾ ਪੂਰੀਆਂ ਕਰਨ ਦੀਆਂ ਅਰਦਾਸਾਂ ਮੂਰਤੀਆਂ ਅਗੇ ਕਰਦਾ ਹੈ। ਧੰਨਾ ਨਾ ਦਾ ਕਿਰਸਾਣ ਹਰ ਰੋਜ਼ ਆਪਣੇ ਪਸ਼ੂਆਂ ਨੂੰ ਬਾਹਰ ਚਰਾਉਣ ਵਾਸਤੇ ਉਥੋਂ ਦੀ ਲੈ ਕੇ ਆਉਂਦਾ ਜਾਂਦਾ ਸੀ।

ਧੰਨੈ ਡਿਠਾ ਚਲਿਤੁ ਏਹੁ, ਪੂਛੈ, ਬਾਮ੍ਹਣੁ ਆਖਿ ਸੁਣਾਵੈ॥
ਪਦ ਅਰਥ:-ਧੰਨੈ-ਕਿਰਸਾਣ ਧੰਨੇ ਨੇ। ਡਿਠਾ-ਦੇਖਿਆ। ਚਲਿਤੁ-ਚਲਿੱਤ-ਚਲਿੱਤਰ-ਕੌਤਕ-ਢੌਂਗ। ਏਹੁ-ਇਹ ਮੂਰਤੀਆਂ ਦੀ ਅਰਚਾ ਭੇਟਾ ਵਾਲਾ ਖੇਡ। ਪੂਛੈ-ਪੁਛਦਾ ਹੈ।ਬਾਮ੍ਹਣੁ-ਮੰਦਰ ਦਾ ਪੁਜਾਰੀ, ਧਰਮ ਦਾ ਬਣਿਆਂ ਮੋਹਰੀਦਾਰ। ਆਖਿ-ਆਖ ਕੇ, ਬਿਆਨ ਕਰਕੇ। ਸੁਣਾਵੈ-ਧੰਨੇ ਨੂੰ ਸੁਣਾਉਂਦਾ ਹੈ।
ਅਰਥ:-ਜਦ ਕਿਰਸਾਣ ਧੰਨਾ ਜੀ ਹਰ ਰੋਜ਼ ਲੰਘਦਾ ਹੋਇਆ ਦੇਵਤਿਆਂ ਦੀਆਂ ਬਣਾਈਆਂ ਮੂਰਤੀਆਂ ਦੀ ਹੋ ਰਹੀ ਇਹ ਪੂਜਾ ਭੇਟਾ ਅਤੇ ਮੰਤ੍ਰਾਂ ਦੇ ਜਾਪ ਹੁੰਦੇ ਕੌਤਕ ਨੂੰ ਦੇਖਦਾ ਹੈ ਤਾਂ ਇਕ ਦਿਨ ਧੰਨਾ ਜੀ ਉਸ ਬਾਮ੍ਹਣ ਨੂੰ ਇਸ ਮੂਰਤੀਆਂ ਦੀ ਸੇਵਾ ਭੇਟਾ ਬਾਰੇ ਪੁਛਦਾ ਹੈ ਅਤੇ ਉਹ ਪੁਜ਼ਾਰੀ ਅਗਿਉਂ ਜਿਸ ਤਰ੍ਹਾਂ ਪਹਿਲਾਂ ਲੋਕਾਂ ਨੂੰ ਦੇਵਤਿਆਂ ਦੀ ਖੂਬੀ ਬਾਰੇ ਦੱਸਦਾ ਸੀ, ਧੰਨਾ ਜੀ ਨੂੰ ਵੀ ਆਖ ਕੇ ਸੁਣਾਉਂਦਾ ਹੈ।

ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲੁ ਪਾਵੈ॥
ਪਦ ਅਰਥ:-ਠਾਕੁਰ ਦੀ-ਪਥਰ ਦੀ ਬਣਾਈ ਦੇਵਤੇ ਦੀ ਮੂਰਤੀ ਦੀ। ਸੇਵਾ-ਪੂਜਾ ਭੇਟਾ, ਸਮਗ੍ਰੀ ਅਰਪਣ ਕਰਨੀ, ਭੋਗ ਲਵਾਉਣਾ। ਕਰੈ-ਕਰਦਾ ਹੈ। ਜੋ-ਜੋ ਕੁੱਝ। ਇਛੈ-ਮੰਨ ਵਿੱਚ ਇਛਾਵਾਂ ਬਣਾਉਂਦਾ ਹੈ। ਫਲੁ-ਉਹ ਮੰਨ ਇਛਾ ਵਾਲਾ ਫਲ। ਪਾਵੈ-ਪਾ ਲੈਂਦਾ ਹੈ।
ਅਰਥ:-ਮੰਦਰ ਦਾ ਪੁਜ਼ਾਰੀ, ਧਰਮ ਦਾ ਬਣ ਬੈਠਾ ਮੋਹਰੀ ਧੰਨਾ ਜੀ ਨੂੰ ਦੇਵਤਿਆਂ ਦੀ ਪ੍ਰਸੰਸਾ ਵਿੱਚ ਆਖਦਾ ਹੈ ਕਿ ਜਿਹੜਾ ਮਨੁੱਖ ਪਥਰ ਦੀ ਬਣਾਈ ਦੇਵਤੇ ਦੀ ਮੂਰਤੀ ਦੀ ਸੇਵਾ ਕਰਦਾ ਹੈ, ਪੂਜਾ ਭੇਟਾ ਕਰਦਾ ਹੈ, ਇਹ ਦੇਵਤਾ, ਇਹ ਰੱਬ ਜੀ ਉਸ ਮਨੁੱਖ ਦੇ ਮੰਨ ਇਛਕ ਵਾਲੀ ਹਰ ਵਸਤੂ ਦਿੰਦਾ ਹੈ। ਇਹ ਤਾਂ ਹੈ ਬ੍ਰਹਮਣ ਦੀ ਦਿੱਤੀ ਦਲੀਲ ਭਗਤ ਧੰਨਾ ਜੀ ਨੂੰ, ਪਰ ਜਿਸ ਧੰਨਾ ਜੀ ਦੀ ਬਾਣੀ ਗੁਰੂ ਗੰ੍ਰਥ ਜੀ ਵਿੱਚ ਹੈ ਉਹ ਗੁਰੂ ਗ੍ਰੰਥ ਜੀ ਕਿਸ ਠਾਕੁਰ ਨੂੰ ਮੰਨਦੇ ਹੈ, ਗੁਰੂ ਜੀ ਆਖਦੇ ਹਨ:-{5/673:- ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥}
4/172:-ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥ ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥2॥}
5/612:-ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥1॥}
5/739:-ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥1|| ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥1|| ਰਹਾਉ ॥ ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥2|| ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥3|| ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥4॥3॥9॥}

ਧੰਨਾ ਕਰਦਾ ਜੋਦੜੀ, ਮੈ ਭਿ ਦੇਹ ਇਕ, ਜੇ ਤੁਧੁ ਭਾਵੈ॥
ਪਦ ਅਰਥ:-ਧੰਨਾ-ਕਿਰਸਾਣ ਧੰਨਾ ਜੀ। ਕਰਦਾ ਜੋਦੜੀ-ਬੇਨਤੀ ਭਰੇ ਲਹਿਜੇ ਵਿੱਚ ਪੁਜ਼ਾਰੀ ਨੂੰ ਆਖਦਾ ਹੈ। ਮੈ ਭਿ-ਮੈਨੂੰ ਵੀ। ਦੇਹ ਇਕ-ਇਹ ਇਕ ਸਿਖਿਆ ਦੇ, ਇਹ ਗਿਆਨ ਵਾਲੀ ਗੱਲ ਸਮਝਾ।(ਗੁਰਾ ਇਕ ਦੇਹ ਬੁਝਾਈ)-ਦੇਹ-ਬੁਝਾਈ ਦਾ ਵਿਸ਼ੇਸ਼ਣ ਹੈ ਅਤੇ ਬੁਝਾਈ ਇਸਤ੍ਰੀ ਲਿੰਗ ਹੈ, ਇਸੇ ਹੀ ਤਰ੍ਹਾਂ ਇਥੇ ‘ਦੇਹ’ ‘ਇਕ’ ਇਸਤ੍ਰੀ ਲਿੰਗ ਦਾ ਵਿਸ਼ੇਸ਼ਣ ਹੈ ਭਾਵ ਹੈ ਇਕ ਸਿਖਿਆ। {ਇਕੁ-ਪੁਲਿੰਗ ਹੈ, ਇਕ-ਇਸਤ੍ਰੀ ਲਿੰਗ ਹੈ, ਇਕਿ-ਬਹੁ ਵਚਨ ਹੈ}। ਜੇ-ਜੇ ਕਰ। ਤੁਧੁ-ਤੈਨੂੰ। ਭਾਵੈ-ਭਾਉਂਦਾ ਹੈ।
ਅਰਥ:-ਭਾਈ ਗੁਰਦਾਸ ਜੀ ਵਾਰਤਾ ਨੂੰ ਇਕ ਕਾਵਿਕ ਰਚਨਾ ਦੀ ਰੰਗਤ ਵਿੱਚ ਪਰੋਂਦੇ ਹੋਏ ਆਖਦੇ ਹਨ ਕਿ ਧੰਨਾ ਜੀ ਨੇ ਪੁਜ਼ਾਰੀ ਦੀ ਆਖੀ ਹੋਈ ਗੱਲ ਨੂੰ ਸੁਣ ਕੇ ਮੁੜ ਪੁਜ਼ਾਰੀ ਨੂੰ ਕਟਾਕਸ਼ ਭਰੇ ਨਿਮਰਤਾ ਵਾਲੇ ਅੰਦਾਜ਼ ਨਾਲ ਆਖਿਆ ਕਿ ਜੇ ਤੂੰ ਆਖਦਾ ਹੈ ਕਿ ਇਸ ਦੇਵਤੇ ਦੀ ਬਣਾਈ ਪੱਥਰ ਦੀ ਮੂਰਤੀ ਅਗੇ ਪੂਜਾ ਭੇਟਾ ਰੱਖਣ ਨਾਲ ਉਸ ਰੱਬ ਜੀ ਦੇ ਦਰਸ਼ਨ ਹੁੰਦੇ ਹਨ ਅਤੇ ਮੰਨ ਇਛਕ ਸਾਰੇ ਪਦਾਰਥ ਮਿਲ ਜਾਂਦੇ ਹਨ ਤਾਂ ਫਿਰ ਤੂੰ ਖੁਦ ਲੋਕਾਂ ਪਾਸੋਂ ਕਿਉਂ ਮੰਗਦਾ ਫਿਰਦਾ ਹੈ ਇਸ ਮੂਰਤੀ ਪਾਸੋਂ ਤੂੰ ਖੁਦ ਹੀ ਪ੍ਰਾਪਤ ਕਰ ਲੈ। ਪਰ ਮੈਨੂੰ ਉਸ ਰੱਬ ਜੀ ਦੀ ਇਕ ਸਿਖਿਆ ਦੱਸ, ਉਸ ਸਰਬ ਵਿਆਪੀ ਪ੍ਰਭੂ ਜੀ ਬਾਰੇ ਗਿਆਨ ਦੇਹ। ਜੇ ਤੈਨੂੰ ਉਸ ਬਾਰੇ ਕੁੱਝ ਸਮਝ ਹੈ।

ਪਥਰੁ ਇਕ ਲਪੇਟਿ ਕਰਿ, ਦੇ ਧੰਨੈ ਨੋ, ਗੈਲ ਛੁਡਾਵੈ॥
ਪਦ ਅਰਥ:-ਪਥਰੁ-ਦੇਵਤੇ ਦੀ ਬਣਾਈ ਹੋਈ ਪੱਥਰ ਦੀ ਮੂਰਤੀ। ਇਕ-(ਇਸਤ੍ਰੀ ਲਿੰਗ ਹੈ ਭਾਵ ਹੈ ਇਕ ਮੂਰਤੀ)| ਲਪੇਟਿ-ਸਵਾਰ ਸ਼ਿੰਗਾਰ ਕੇ। ਕਰਿ-ਕਰਕੇ। ਦੇ ਧੰਨੈ ਨੋ-ਧੰਨਾ ਜੀ ਨੂੰ ਦੇ ਕੇ। ਗੈਲ ਛੁਡਾਵੈ-ਗਲੋਂ ਲਾਉਣਾ, ਪਿਛਾ ਛੁਡਾਉਣਾ, ਖੈੜਾ ਛੁਡਾਉਣਾ। (ਗੈਲ;ਮਹਾਨ ਕੋਸ਼-ਪੰਨਾ:427)।
ਅਰਥ:-ਭਾਈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਵਾਰਤਾ ਨੂੰ ਅਗੇ ਤੋਰਦੇ ਸਮਝਾ ਰਹੇ ਹਨ ਕਿ ਜਦ ਧੰਨਾ ਜੀ ਨੇ ਸਰਬ ਵਿਆਪੀ ਰੱਬ ਜੀ ਬਾਰੇ ਪੁਜ਼ਾਰੀ ਪਾਸੋਂ ਸਵਾਲ ਪੁੱਛੇ ਤਾਂ ਪੱਥਰਾਂ ਦੀ ਪੂਜਾ ਦੇ ਨਾ ਤੇ ਆਪਣਾ ਗੁਜਾਰਾ ਕਰਨ ਵਾਲਾ ਪੁਜ਼ਾਰੀ ਘਬਰਾ ਗਿਆ ਅਤੇ ਛੇਤੀ ਨਾਲ ਇਕ ਮੂਰਤੀ ਨੂੰ ਸਵਾਰ ਸ਼ਿੰਗਾਰ ਕੇ ਧੰਨਾ ਜੀ ਨੂੰ ਦਿੰਦਾ ਹੋਇਆ ਉਸ ਪਾਸੋਂ ਆਪਣਾ ਪਿਛਾ ਛੁਡਾਉਣ ਲੱਗ ਪਿਆ। ਖੈੜਾ ਉਹ ਮਨੁੱਖ ਹੀ ਛੁਡਾਉਂਦਾ ਹੈ ਜਿਹੜਾ ਮਨੁੱਖ ਕਿਤੇ ਕਸੂਤਾ ਫਸ ਜਾਵੇ, ਕਿਉਂ ਕਿ ਬ੍ਰਹਮਣ ਨੇ ਤਾਂ ਕਈ ਕ੍ਰੋੜ ਰੱਬ ਬਣਾਏ ਹੋਏ ਸਨ। ਅੱਜ ਦੇ ਸਾਧ ਲਾਣੇ ਨੂੰ ਜਦ ਅਸੀਂ ਕੋਈ ਸਵਾਲ ਕਰਦੇ ਹਾਂ ਤਾਂ ਅਗਿਆਨਤਾ ਅਧੀਨ ਸਵਾਲ ਦਾ ਜਵਾਬ ਨਾ ਹੋਣ ਕਰਕੇ ਉਹ ਵੀ ਪਿਛਾ ਹੀ ਛੁਡਾਉਂਦੇ ਹਨ। ਕੁੱਝ-ਕੁ ਚੌਣਵੇਂ ਪ੍ਰਚਾਰਕ ਹੀ ਹਨ ਜਿਹੜੇ ਆਮ ਸੰਗਤਾਂ ਦੇ ਕੀਤੇ ਗਏ ਸਵਾਲਾਂ ਦਾ ਜਵਾਬ ਦੇਣ ਵਾਸਤੇ ਸਦਾ ਹੀ ਤਿਆਰ-ਬਰ-ਤਿਆਰ ਹਨ ਅਤੇ ਜਵਾਬ ਦਿੰਦੇ ਹਨ।

ਠਾਕੁਰ ਨੋ ਨ੍ਹਾਵਾਲਿ ਕੈ, ਛਾਹਿ ਰੋਟੀ ਲੈ ਭੋਗੁ ਚੜ੍ਹਾਵੈ॥
ਪਦ ਅਰਥ:-ਠਾਕੁਰ ਨੋ-ਇਸ ਪੱਥਰ ਦੀ ਮੂਰਤੀ ਨੂੰ। ਨ੍ਹਾਵਾਲਿ ਕੈ-ਸਵੇਰ ਨੂੰ ਨ੍ਹਵਾਲ ਕੇ ਸਵਾਰ ਕੇ। ਛਾਹਿ-ਪੂਜਾ ਭੇਟਾ ਦੀ ਸਮਗ੍ਰੀ। ਰੋਟੀ-ਪਦਾਰਥ। ਲੈ-ਲੈ ਕੇ। ਭੋਗੁ ਚੜ੍ਹਾਵੈ-ਪਹਿਲਾਂ ਮੂਰਤੀ ਨੂੰ ਭੋਗ ਲਾਵੀਂ।
ਅਰਥ:-ਬਾਮ੍ਹਣ ਪੁਜ਼ਾਰੀ ਹੁਣ ਧੰਨਾ ਜੀ ਤੋਂ ਆਪਣਾ ਖੈੜਾ ਛੁਡਾਉਣ ਵਾਸਤੇ ਉਸ ਨੂੰ ਇਕ ਪੱਥਰ ਦੀ ਮੂਰਤੀ ਦੇ ਕੇ ਆਖਦਾ ਹੈ ਕਿ ਇਸ ਨੂੰ ਹਰ ਰੋਜ਼ ਨ੍ਹਵਾਲ ਕੇ, ਸ਼ਿੰਗਾਰ ਸਵਾਰ ਕੇ ਇਸ ਅਗੇ ਪੂਜਾ ਭੇਟਾ ਦੀ ਸਮਗ੍ਰੀ ਅਤੇ ਹੋਰ ਪਦਾਰਥ ਰੱਖ ਕੇ ਇਸ ਨੂੰ ਭੋਗ ਲਵਾਇਆ ਕਰੀਂ, ਫਿਰ ਤੈਨੂੰ ਸਭ ਕੁੱਝ ਦੀ ਪ੍ਰਾਪਤੀ ਹੋ ਸਕਦੀ ਹੈ। ਵਾਰਤਾ ਦੀ ਗੂਝ ਸਿਖਿਆ ਵਿੱਚੋਂ ਕੁੱਝ ਹੋਰ ਮਹਿਸੂਸ ਵੀ ਹੋ ਰਿਹਾ ਹੈ ਕਿ ਪੁਜ਼ਾਰੀ ਦੇ ਸਾਰਾ ਕੁੱਝ ਕਹਿਣ ਤੋਂ ਬਾਅਦ ਧੰਨਾ ਜੀ ਨੇ ਜਰੂਰ ਕੁੱਝ ਹੋਰ ਸਵਾਲ ਵੀ ਪੁਜ਼ਾਰੀ ਤੋਂ ਪੁਛਿਆ ਹੋਵੇਗਾ ਜੋ ਅਗਲੀ ਲਾਈ ਸਾਨੂੰ ਸੰਕੇਤ ਦਿੰਦੀ ਹੈ:-

ਹਥਿ ਜੋੜਿ ਮਿਨਤਿ ਕਰੈ, ਪੈਰੀ ਪੈ ਪੈ, ਬਹੁਤੁ ਮਨਾਵੈ॥
ਪਦ ਅਰਥ:-ਹਥਿ ਜੋੜਿ-ਹੱਥ ਜੋੜ ਜੋੜ ਕੇ। ਮਿਨਤਿ-ਜੋਦੜੀ, ਤਰਲੇ ਕਰਨੇ। ਕਰੈ-ਕਰਦਾ ਹੈ। ਪੈਰੀ ਪੈ ਪੈ-ਬਹੁਤ ਮਿਨਤਾਂ ਕਰਨੀਆਂ (ਪੱਥਰ ਦੇ ਪੈਰ ਨਹੀਂ ਹੁੰਦੇ ਜਿਹੜੇ ਅਸੀਂ ਧੰਨਾ ਜੀ ਨੂੰ ਪੈਰੀਂ ਪਵਾ ਰਹੇ ਹਾਂ)| ਬਹੁਤੁ ਮਨਾਵੈ-ਵਾਰ ਵਾਰ ਤਰਲੇ ਕਰਨੇ।
ਅਰਥ:-ਜਦ ਧੰਨਾ ਜੀ ਨੇ ਪੁਜ਼ਾਰੀ ਵਲੋਂ ਲੋਕਾਂ ਦੀ ਹੋ ਰਹੀ ਇਸ ਲੁੱਟ ਤੋਂ ਪੁਜ਼ਾਰੀ ਨੂੰ ਜਾਣੂ ਕਰਵਾਇਆ ਹੋਵੇਗਾ ਅਤੇ ਸਰਭ ਵਿਆਪੀ ਰੱਬ ਜੀ ਬਾਰੇ ਸਵਾਲ ਪੁਛੇ ਹੋਣਗੇ ਤਾਂ ਪੁਜ਼ਾਰੀ ਵਲੋਂ ਧੰਨਾ ਜੀ ਦੇ ਕੀਤੇ ਗਏ ਸਵਾਲਾ ਦਾ ਜਵਾਬ ਨਾ ਦੇ ਸਕਣ ਤੇ ਫਿਰ ਪੁਜ਼ਾਰੀ ਆਪਣੇ ਢੌਂਗ ਤੇ ਪੜਦਾ ਪਾਈ ਰੱਖਣ ਵਾਸਤੇ ਧੰਨਾ ਜੀ ਅਗੇ ਵਾਰ ਵਾਰ ਮਿਨਤਾਂ ਕਰਦਾ ਹੈ, ਜੋਦੜੀਆਂ ਕਰਦਾ ਹੈ, ਮੁਆਫੀਆਂ ਮੰਗਦਾ ਹੋਵੇਗਾ। ਕਿ ਹੇ ਧੰਨਾ ਜੀ! ਜੇ ਤੈਨੂੰ ਮੇਰੀਆਂ ਚਲਾਕੀਆਂ ਦਾ ਪਤਾ ਲੱਗ ਹੀ ਗਿਆ ਹੈ ਤਾਂ ਮੇਰੀ ਪੋਲ ਬਾਹਰ ਨਾਂ ਖੋਲਿਉ ਇਹ ਤਾਂ ਮੇਰੀ ਰੋਟੀ ਰੋਜ਼ੀ ਦਾ ਹੀ ਸਾਧਨ ਹੈ। ਮੇਰੀ ਮਿਨਤ ਹੈ ਬਾਹਰ ਨਾ ਕਿਸੇ ਨੂੰ ਦੱਸਿਉ। ਜੇ ਕਰ ਧੰਨਾ ਜੀ ਪੱਥਰ ਦੀ ਮੂਰਤੀ ਦੇ ਪੈਰੀਂ ਪੈਂਦੇ ਹੁੰਦੇ ਤਾਂ ਗੁਰੂ ਨਾਨਕ ਜੀ ਕਦੇ ਵੀ ਉਨ੍ਹਾਂ ਦੀ ਬਾਣੀ ਨੂੰ ਆਪਣੀ ਬਾਣੀ ਨਾਲ ਇਕੱਤਰ ਨਾ ਕਰਦੇ ਅਤੇ ਗੁਰੂ ਅਰਜਨ ਸਾਹਿਬ ਜੀ ਕਦੇ ਵੀ ਉਨ੍ਹਾਂ ਦੀ ਬਾਣੀ ਨੂੰ ਗੁਰੂ ਗੰ੍ਰਥ ਜੀ ਵਿੱਚ ਦਰਜ਼ ਨਾ ਕਰਦੇ ਕਿਉਂ ਕਿ ਬਾਣੀ ਪੱਥਰਾਂ ਦੀ ਪੂਜਾ ਬਾਰੇ ਕੀ ਆਖਦੀ ਹੈ ਆਉ ਦਰਸ਼ਨ ਕਰੀਏ:-।
{1/556:-ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥}
5/1160:-ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥
ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥}
324:-ਕਰਮ ਕਰਤ ਬਧੇ ਅਹੰਮੇਵ ॥ ਮਿਲਿ ਪਾਥਰ ਕੀ ਕਰਹੀ ਸੇਵ ॥3॥
ਕਹੁ ਕਬੀਰ ਭਗਤਿ ਕਰਿ ਪਾਇਆ ॥ਭੋਲੇ ਭਾਇ ਮਿਲੇ ਰਘੁਰਾਇਆ ॥4॥}
ਕਬੀਰ/479:-ਪਾਖਾਨ ਗਢਿ ਕੈ ਮੂਰਤਿ ਕੀਨ੍‍ੀ ਦੇ ਕੈ ਛਾਤੀ ਪਾਉ ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥3॥}

ਹਉ ਬੀ ਮੁਹੁ ਨ ਜੁਠਾਲਸਾਂ, ਤੂ ਰੁਠਾ ਮੈ ਕਿਹੁ ਨ ਸੁਖਾਵੈ॥
ਪਦ ਅਰਥ:-ਹਉਂ ਬੀ-ਮੈਂ ਵੀ। ਮੁਹੁ-ਮੂੰਹ। ਨ ਜੁਠਾਲਸਾਂ-ਮੈਂ ਵੀ ਉਨ੍ਹਾਂ ਚਿਰ ਕੁੱਝ ਨਹੀਂ ਖਾਣਾ, ਮੂੰਹ ਜੂਠਾ ਨਹੀਂ ਕਰਨਾ। ਤੂ-ਹੇ ਧੰਨਾ ਜੀ ਤੁਸੀਂ। ਰੁਠਾ-ਖੁੱਸੇ ਹੋ। ਮੈ ਕਿਹੁ ਨ ਸੁਖਾਵੈ-ਮੈਨੂੰ ਕਿਸੇ ਵੀ ਤਰ੍ਹਾਂ ਚੰਗਾ ਨਹੀਂ ਲੱਗਦਾ।
ਅਰਥ:-ਪੁਜ਼ਾਰੀ ਧੰਨਾ ਜੀ ਦੀਆਂ ਵਾਰ ਵਾਰ ਮਿਨਤਾ ਕਰਦਾ ਹੋਇਆ ਆਖਦਾ ਹੈ ਕਿ ਧੰਨਾ ਜੀ ਮੈਂ ਵੀ ਉਨ੍ਹਾਂ ਚਿਰ ਰੋਟੀ ਨਹੀਂ ਖਾਵਾਂਗਾ ਜਿਨਾਂ ਚਿਰ ਤੁਸੀਂ ਮੇਰੇ ਨਾਲ ਗੁੱਸੇ ਹੋ। ਭਾਵ ਜਿਨਾਂ ਚਿਰ ਮੇਰੇ ਨਾਲ ਵਾਇਦਾ ਨਹੀਂ ਕਰਦੇ ਕਿ ਮੇਰੇ ਇਸ ਪਖੰਡ ਦਾ ਬਾਹਰ ਲੋਕਾਂ ਨੂੰ ਨਹੀਂ ਦਸੋਂਗੇ। ਮੈਨੂੰ ਇਹ ਕਦਾਚਿਤ ਚੰਗਾ ਨਹੀਂ ਲੱਗਦਾ। ਪਰ ਸਾਡੇ ਅਣਪੜ ਸਾਧ ਲਾਣੇ ਨੇ ਗਿਆਨਵਾਨ ਕ੍ਰਾਂਤੀਕਾਰੀ ਧੰਨਾ ਜੀ ਨੂੰ ਪੱਥਰ ਦੀ ਪੈਰੀਂ ਹੀ ਪੁਆਇਆ ਹੈ।

ਗੋਸਾਈ ਪਰਤਖਿ ਹੋਇ, ਰੋਟੀ ਖਾਹਿ ਛਾਹਿ ਮੁਹਿ ਲਾਵੈ॥
ਪਦ ਅਰਥ:-ਗੋਸਾਈ-ਗੋ-ਧਰਤੀ। ਸਾਈਂ-ਮਾਲਕ। ਪਰਤਖਿ-ਪਰਤੱਖ ਰੂਪ ਵਿੱਚ ਹੈ। ਹੋਇ-ਵਰਤ ਰਿਹਾ ਹੈ। ਰੋਟੀ ਖਾਹਿ-ਸਭਨਾ ਵਿੱਚ ਵਰਤ ਰਿਹਾ ਭੋਗ ਲਾ ਹੀ ਰਿਹਾ ਹੈ। ਛਾਹਿ-ਪੂਜਾ ਵਾਲੀ ਸਮਗ੍ਰੀ। ਮੁਹਿ ਲਾਵੈ-ਸਦਾ ਹੀ ਖਾ ਰਿਹਾ ਹੈ।
ਅਰਥ:-ਹੁਣ ਭਾਈ ਗੁਰਦਾਸ ਜੀ ਧੰਨਾ ਜੀ ਦਾ ਆਪਣਾ ਖਿਆਲ ਪੁਜ਼ਾਰੀ ਦੇ ਸਾਹਮਣੇ ਰੱਖਦੇ ਹਨ ਕਿ ਤੂੰ ਤਾਂ ਦੇਵਤੇ ਦੀ ਬਣਾਈ ਮੂਰਤੀ ਵਿੱਚੋਂ ਰੱਬ ਜੀ ਦੇ ਦਰਸ਼ਨ ਕਰਨ ਮਗਰ ਲੱਗਾ ਹੋਇਆ ਹੈ ਪਰ ਮੇਰਾ ਰੱਬ ਤਾਂ ਪਰਤੱਖ ਤੌਰਤੇ ਸਭਨਾਂ ਵਿੱਚ ਵਰਤ ਰਿਹਾ ਹੈ, ਸਭਨਾਂ ਜੀਵਾਂ ਵਿੱਚ ਬੈਠਾ ਸਾਰੇ ਪਦਾਰਥਾਂ ਨੂੰ ਭੋਗ ਰਿਹਾ ਹੈ, ਮੈਂ ਕਿਸੇ ਮੂਰਤੀ ਵਿੱਚੋਂ ਰੱਬ ਦੀ ਭਾਲ ਨਹੀਂ ਕਰਦਾ।
{ 487:-ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥4॥1॥}। { 488:-ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥4॥2॥}

ਭੋਲਾ ਭਾਉ, ਗੋਬਿੰਦ ਮਿਲਾਵੈ ॥13॥
ਪਦ ਅਰਥ:-ਭੋਲਾ ਭਾਉ-ਬਾਲ ਬੁੱਧ, ਛੱਲ ਤੋਂ ਰਹਿਤ ਸੋਚ, ਹੰਕਾਰ ਤੋਂ ਬਗੈਰ ਜੋੜ, ਗਿਆਨ ਵਾਲਾ ਜੀਵਨ। ਗੋਬਿੰਦ-ਪ੍ਰਭੂ ਜੀ। ਮਿਲਾਵੈ-ਪ੍ਰਾਪਤੀ।13।
ਅਰਥ:-ਭਾਈ ਗੁਰਦਾਸ ਜੀ ਭਗਤ ਧੰਨਾ ਜੀ ਦੀ ਵੀਚਾਰਧਾਰਾ ਤੇ ਅਟੱਲ ਯੂਨੀਵਰਸਲ ਸਚਾਈ ਸਾਡੇ ਸਾਹਮਣੇ ਰੱਖਦੇ ਹੋਏ ਆਖਦੇ ਹਨ ਕਿ ਗੁਰ ਗਿਆਨ ਰਾਹੀਂ ਅਟੱਲ ਰੱਬ ਜੀ ਦੇ ਨਿਯਮਾਂ ਦਾ ਗਿਆਨ ਹਾਸਲ ਕਰ ਹੰਕਾਰ ਬਿਰਤੀ ਨੂੰ ਖਤਮ ਕਰ ਲੈਣਾ, ਮੰਨ ਦੀਆਂ ਚਤੁਰਾਈਆਂ ਨੂੰ ਮਾਰ ਲੈਣਾ ਹੀ ਭੋਲਾ ਭਾਉ ਹੈ ਅਤੇ ਸੱਚ ਵਾਲਾ ਜੀਵਨ ਬਣ ਜਾਣਾ ਹੀ ਅਸਲ ਰੱਬ ਜੀ ਦੇ ਦਰਸ਼ਨ ਹਨ ਜੋ ਹਰ ਸਮੇਂ ਵਿੱਚ ਕੋਈ ਵੀ ਕਰ ਸਕਦਾ ਹੈ, ਨਾਂ ਕੇ ਪੱਥਰਾਂ ਦੀ ਪੂਜਾ ਕੀਤਿਆਂ ਕੋਈ ਪ੍ਰਾਪਤੀ ਹੋ ਸਕਦੀ ਹੈ।13।

ਗੁਰੂ ਗ੍ਰੰਥ ਅਤੇ ਖਾਲਸਾ ਪੰਥ ਦਾ ਦਾਸ

ਕੁਲਵੰਤ ਸਿੰਘ ਭੰਡਾਲ ਯੂ ਕੇ