ਗੁਰੂ ਜੀ ਦੇ ਦਰਸ਼ਨ

ਗਉੜੀ ਮਹਲਾ 5 ॥ (ਗੁ:ਗ੍ਰੰ:ਪੰ:-193)
ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥
ਜਪਿ ਜਪਿ ਜੀਵਾ ਸਤਿਗੁਰ ਨਾਉ ॥1||
ਪਾਰਬ੍ਰਹਮ ਪੂਰਨ ਗੁਰਦੇਵ ॥
ਕਰਿ ਕਿਰਪਾ ਲਾਗਉ ਤੇਰੀ ਸੇਵ ॥1|| ਰਹਾਉ ॥
ਚਰਨ ਕਮਲ ਹਿਰਦੈ ਉਰ ਧਾਰੀ ॥
ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥2||
ਸਫਲ ਜਨਮੁ ਹੋਵੈ ਪਰਵਾਣੁ ॥
ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥3||
ਸੰਤ ਧੂਰਿ ਪਾਈਐ ਵਡਭਾਗੀ ॥
ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥4||70॥139॥

ਇਹ ਸ਼ਬਦ ਗੁਰੂ ਨਾਨਕ ਜੀ ਦੀ ਚਲਾਈ ਸੱਚ ਹੱਕ ਦੀ ਅਵਾਜ਼ ਨੂੰ ਬਰਕਰਾਰ ਰੱਖਣ ਵਾਲੇ ਨਿਮਰਤਾ ਦੇ ਪੁੰਜ ਮਨੁੱਖਤਾ ਦੇ ਹੱਕਾਂ ਦੇ ਰਖਿਅਕ, ਸ਼ਹੀਦਾਂ ਦੇ ਸਿਰਤਾਜ਼, ਪ੍ਰਉਪਕਾਰੀ ਤੇ ਮਹਾਨ ਕ੍ਰਾਂਤੀਕਾਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਜੀ ਦੇ ਅੰਗ ‘193’ ਉਪਰ ਸੁਭਾਏ ਮਾਨ ਹੈ। ਇਸ ਸ਼ਬਦ ਦੀ ਪਹਿਲੀ ਲਾਈਨ ਵਿੱਚ ਗੁਰੂ ਜੀ ਆਪ ਹੀ ਗੁਰੂ ਦੇ ਦਰਸ਼ਨ ਕਰਨ ਅਤੇ ਦਰਸ਼ਨਾਂ ਤੋਂ ਬਲਿਹਾਰੇ ਜਾਣ ਦੀ ਗੱਲ ਕਰਦੇ ਹਨ। ਗੁਰੂ ਜੀ ਦਾ ਵੱਡਮੁਲਾ ਖ਼ਜ਼ਾਨਾ ਜੋ ਅੱਜ ਸਾਡੇ ਪਾਸ ਹੈ ਜਿਹੜਾ ਮਨੁੱਖ ਇਸ ਨੂੰ ਪੜ੍ਹਦਾ ਅਤੇ ਵੀਚਾਰਦਾ ਹੈ ਉਸ ਦੇ ਅੰਦਰ ਸਹਿਜੇ ਹੀ ਕਈ ਸਵਾਲ ਪੈਦਾ ਹੁੰਦੇ ਹਨ ਕਿ ਗੁਰੂ ਜੀ ਦੇ ਦਰਸ਼ਨ ਕੀ ਹਨ? ਗੁਰੂ ਜੀ ਦੇ ਦਰਸ਼ਨ ਕਿਥੇ ਹੁੰਦੇ ਹਨ? ਗੁਰੂ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋ ਸਕਦੇ ਹਨ? ਆਉ ਇਨ੍ਹਾਂ ਸਵਾਲਾਂ ਵੱਲ ਜ਼ਰਾ ਧਿਆਨ ਮਾਰਨ ਦਾ ਯਤਨ ਕਰੀਏ, ਇਸ ਤੋਂ ਪਹਿਲਾਂ ਜੋ ਸਾਡੇ ਆਹਲੇ-ਦੁਆਲੇ ਹੋ ਰਿਹਾ ਹੈ ਜਾਂ ਅਸੀਂ ਦੇਖਾ ਦੇਖੀ ਕਰ ਰਹੇ ਹਾਂ ਉਸ ਨੂੰ ਵੀਚਾਰਨ ਦਾ ਯਤਨ ਕਰੀਏ:-
ਅੱਜ ਤੱਕ ਪਾਠੀਆਂ, ਭਾਈਆਂ, ਕੀਰਤਨੀਆਂ, ਕਥਾਕਾਰਾਂ, ਸਾਧਾਂ, ਸੰਤਾਂ, ਬ੍ਰਹਮਗਿਆਨੀਆਂ ਅਤੇ ਡੇਰੇਦਾਰਾਂ ਦੇ ਨਾਲ-ਨਾਲ ਟਕਸਾਲਾਂ ਨੇ ਜੋ ਸਾਨੂੰ ਆਮ ਜਨ ਸਮੂਹੀਆਂ ਨੂੰ ਗੁਰੂ ਦੇ ਦਰਸ਼ਨਾਂ ਬਾਰੇ ਦਰਸਾਇਆ ਸਮਝਾਇਆ ਹੈ ਪਹਿਲਾਂ ਉਸ ਵੱਲ ਆਪਾਂ ਨਿਗ੍ਹਾ ਮਾਰੀਏ। ਆਮ ਹੀ ਇਨ੍ਹਾਂ ਲਾਈਨਾਂ ਦਾ ਗਾਇਣ ਸਾਡੇ ਸਾਹਮਣੇ ਲੱਗੇ ਦੀਵਾਨਾਂ ਵਿੱਚ ਕੀਤਾ ਜਾਂਦਾ ਹੈ:- {ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥13|| ਜਾਂ { ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥27॥} ਤੇ ਉਚੀ-ਉਚੀ ਹੇਕਾਂ ਲਾ ਕੇ ਸਾਨੂੰ ਦਰਸਾਇਆ ਜਾਂਦਾ ਹੈ ਕਿ ਭਾਈ ਭਾਵੇਂ ਹਨ੍ਹੇਰੀਆਂ, ਮੀਂਹ ਆਦਿ ਵੀ ਬਹੁਤ ਪੈਂਦਾ ਹੋਵੇ, ਭਾਵੇਂ ਜਿਨ੍‍ੀ ਮਰਜ਼ੀ ਠੰਡ ਹੋਵੇ, ਕੋਰਾ ਹੋਵੇ, ਬਰਫ਼ ਪੈਂਦੀ ਹੋਵੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਡੇਰੇ ਤੇ ਜਰੂਰ ਆਉਣਾ, ਅਤੇ ਗੁਰੂ ਨੂੰ ਮੱਥਾ ਜਰੂਰ ਟੇਕਣਾ । ਸੋ ਲੰਮੇ ਸਮੇਂ ਤੋਂ ਅਸੀਂ ਇਸ ਤਰ੍ਹਾਂ ਹੀ ਕਰਦੇ ਆ ਰਹਿਆਂ ਦਾ ਸੁਭਾਅ ਪੱਕ ਗਿਆ ਹੈ, ਅਤੇ ਸਾਨੂੰ ਇਸ ਤਰ੍ਹਾਂ ਹੀ ਲੱਗਣ ਲੱਗ ਪਿਆ ਹੈ ਕਿ ਸਾਡਾ ਗੁਰੂ ਗੁਰਦੁਆਰੇ ਦੀ ਚਾਰ-ਦੁਆਰੀ ਦੀ ਬਿਲਡਿੰਗ ਵਿੱਚ ਜਾਂ ਕਿਸੇ ਖਾਸ਼ ਡੇਰੇ ਤੇ ਹੀ ਬੈਠਾ ਹੈ। ਨਾਲ ਦੀ ਨਾਲ ਅਸੀਂ ਇਹ ਬਚਨ ਵੀ ਆਖਦੇ ਸੁਣਦੇ ਹਾਂ ਕਿ:- {5/394:- ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍‍ਾਲੇ ॥1॥ ਰਹਾਉ ॥} {5/662:-ਹਿਰਦੈ ਨਾਮੁ ਵਸਾਇਹੁ ॥ ਘਰਿ ਬੈਠੇ ਗੁਰੂ ਧਿਆਇਹੁ ॥ ਜੇ ਗੁਰੂ ਜੀ ਦੇ ਇਨ੍ਹਾਂ ਬਚਨਾਂ ਨੂੰ ਸਮਝੀਏ ਤਾਂ ਫਿਰ ਸਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਹੈ, ਕੀ ਫਿਰ ਅਸੀਂ ਗੁਰਦੁਆਰੇ ਨਾਂ ਜਾਈਏ ? ਨਹੀਂ ਜੀ! ਸਾਡੇ ਗੁਰਦੁਆਰੇ ਇੱਕ ਵਿਦਿਆ, ਗੁਰੂ ਦੀ ਸਿਖਿਆ, ਗਿਆਨ ਹਾਸਲ ਕਰਨ ਵਾਸਤੇ ਕੇਂਦਰ ਹਨ। ਜਿਥੋਂ ਸਾਨੂੰ ਸੰਸਾਰ ਵਿੱਚ ਵਿਚਰਨ ਵਾਸਤੇ ਉਚੇ ਜੀਵਨ ਦਾ ਸਰਬ ਪੱਖੀ ਗਿਆਨ ਮਿਲਣਾ ਸੀ, ਗੁਰਦੁਆਰੇ ਗੁਰੂ ਜੀ ਨੇ ਗਰੀਬਾਂ ਦੀ ਮੱਦਦ ਵਾਸਤੇ ਅਸਥਾਨ ਬਣਾਏ ਸਨ, ਲੋੜਵੰਦਾਂ ਦੀ ਹਰ ਲੋੜ ਪੂਰਤੀ ਵਾਸਤੇ ਸਨ। ਪਰ ਗੁਰੂ ਤਾਂ ਹਮੇਸ਼ਾਂ ਮਨੁੱਖ ਦੇ ਨਾਲ ਵਸਦਾ ਹੈ, ਸਭਨੀ ਥਾਂਈ ਹੈ, ਹਰ ਸਮੇਂ ਹੈ। ਭਾਵ ਹੈ ਕਿ ਸਦੀਵੀਂ ਤੇ ਅਟੱਲ ਰਹਿਣ ਵਾਲਾ ‘ਗਿਆਨ ਗੁਰੂ’ ਹੀ ਹੈ ਜਿਸ ਵੀ ਮਨੁੱਖ ਨੇ ਇਸ ਗਿਆਨ ਗੁਰੂ ਨੂੰ ਹਾਸਲ ਕਰ ਲਿਆ ਤਾਂ ਫਿਰ ਇਹ ਗਿਆਨ ਗੁਰੂ ਉਸ ਮਨੁੱਖ ਨਾਲ ਹਰ ਸਮੇਂ, ਹਰ ਜਗ੍ਹਾ ਨਾਲ ਹੀ ਵਰਤਦਾ ਹੈ। ਕਦੇ ਵੀ ਕਿਤੇ ਦੂਰ ਨਹੀਂ ਜਾਂਦਾ, ਉਹ ਮਨੁੱਖ ਫਿਰ ਗੁਰੂ ਦੇ ਦਰਸ਼ਨ ਹਮੇਸ਼ਾਂ ਹੀ ਕਰਦਾ ਹੈ, ਉਸ ਨੂੰ ਕਿਤੇ ਖਾਸ਼ ਥਾਂ ਜਾਣ ਦੀ ਜਰੂਰਤ ਨਹੀਂ ਰਹਿੰਦੀ।
ਇੱਕ ਬੜੀ ਹੀ ਰੋਚਕ ਕਹਾਣੀ ਹੈ ਕਿ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਖੇ ਇੱਕ ਵਾਰੀ ਬੜੇ ਭਾਰੀ ਦੀਵਾਨ ਸਜ਼ਾਏ ਜਿਸ ਵਿੱਚ ਕਈ ਕਵੀਆਂ ਨੇ, ਬਹਾਦਰ ਯੋਧਿਆਂ ਨੇ ਅਤੇ ਬਹੁਤ ਸਾਰੇ ਆਮ ਸ਼ਰਦਾਲੂਆਂ ਨੇ ਆ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਜੀਵਨ ਨੂੰ ਗਿਆਨਵਾਨ ਬਣਾਇਆਂ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਥੇ ਨਾਲ ਹੀ ਕਿਸੇ ਲਾਗੇ ਦੇ ਪਿੰਡ ਵਿੱਚ ਕਿਸਾਨ ਦੋ ਭਰਾ ਰਹਿੰਦੇ ਸੀ ਘਰ ਵਿੱਚ ਖੇਤੀ ਦਾ ਕੰਮ ਬਹੁਤਾਦ ਵਿੱਚ ਹੋਣ ਕਰਕੇ ਉਹ ਅਨੰਦਪੁਰ ਗੁਰੂ ਜੀ ਦੇ ਸਜ਼ਾਏ ਦੀਵਾਨਾਂ ਵਿੱਚ ਸਮੇਂ ਸਿਰ ਨਾ ਜਾ ਸਕੇ, ਜੇ ਅਨੰਦਪੁਰ ਜਾਂਦੇ ਸੀ ਤਾਂ ਉਨ੍ਹਾਂ ਦੀ ਖੇਤੀ ਲੇਟ ਹੁੰਦੀ ਸੀ। ਪਰ ਆਉਂਦੇ ਜਾਂਦੇ ਹਰ ਰਾਹੀ ਪਾਸੋਂ ਗੁਰੂ ਜੀ ਦੇ ਲੱਗੇ ਦੀਵਾਨਾਂ ਬਾਰੇ ਪੁੱਛਦੇ ਅਤੇ ਮਨ ਹੀ ਮਨ ਵਿੱਚ ਸੋਚਦੇ ਕਿ ਇਹ ਲੋਕ ਕਿਨ੍ਹੇ ਚੰਗੇ ਹਨ, ਕਿਨ੍ਹੇ ਭਾਗਾਂਵਾਲੇ ਹਨ ਜਿਹੜੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ, ਉਨ੍ਹਾਂ ਦਾ ਉਪਦੇਸ਼ ਸੁਣ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਉਪਦੇਸ਼ ਕਰਦਿਆਂ ਸਹਿਜ ਸੁਭਾਏ ਹੀ ਆਖ ਦਿੱਤਾ ਕਿ ‘ਹਾਜ਼ਰ ਗੈਰ ਹਾਜ਼ਰ ਅਤੇ ਗੈਰ ਹਾਜ਼ਰ ਹਾਜ਼ਰ’ ਤਾਂ ਲਾਗੇ ਬੈਠੇ ਨਿਕਟ-ਵਰਤੀ ਸਿੱਖਾਂ ਨੇ ਪੁੱਛਿਆ ਕਿ ਗੁਰੂ ਜੀ ਕੀ ਆਖ ਰਹੇ ਹੋ ਕੁੱਝ ਸਮਝ ਨਹੀਂ ਪਈ। ਗੁਰੂ ਜੀ ਨੇ ਆਖਿਆ ਕਿ ਸਮਾਂ ਆਉਣ ਤੇ ਆਪ ਜੀ ਨੂੰ ਸਮਝਾਵਾਂਗੇ। ਅਖੀਰ ਜਦ ਦੀਵਾਨ ਖਤਮ ਹੋਣ ਦੇ ਲਾਗੇ ਸੀ ਤਾਂ ਇਹ ਦੋਨੋ ਭਰਾ ਵੀ ਅਨੰਦਪੁਰ ਆ ਪਹੁੰਚੇ ਅਤੇ ਨਿਮੋਂ-ਝੂਣੇ ਜਿਹੇ ਹੋ ਕਿ ਪਿੱਛੇ ਜਿਹੇ ਬੈਠ ਗਏ। ਗੁਰੂ ਜੀ ਨੇ ਇਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਪੁਛਣਾ ਕੀਤਾ ਕਿ ਭਾਈ ਸਿੱਖੋ ਤੁਸੀਂ ਏਨੀ ਦੇਰ ਨਾਲ ਕਿਉਂ ਆਏ ਹੋ, ਸਾਰੇ ਗੁਰਸਿੱਖ ਦੂਰੋਂ-ਦੂਰੋਂ ਪਹਿਲਾਂ ਆਏ ਹੋਏ ਹਨ, ਤਾਂ ਉਨ੍ਹਾਂ ਗੁਰਸਿੱਖਾਂ ਨੇ ਨੀਵੀਂ ਪਾ ਕਿ ਹੱਥ ਜੋੜਕੇ ਗੁਰੂ ਜੀ ਨੂੰ ਆਖਿਆ ਕਿ ਗੁਰੂ ਜੀ ਕੀ ਦਸੀਏ ਜਮੀਨਾਂ ਵਤਰ ਵਿੱਚ ਸਨ, ਕੰਮ ਕੁੱਝ ਜ਼ਿਆਦਾ ਸੀ ਜਿਸ ਕਰਕੇ ਆਉਣ ਵਿੱਚ ਕੁੱਝ ਦੇਰੀ ਹੋ ਗਈ, ਸੋ ਮੁਆਫ਼ੀ ਚਾਉਂਦੇ ਹਾਂ, ਪਰ ਗੁਰੂ ਜੀ ਅਸੀਂ ਮਨ ਕਰਕੇ ਤਾਂ ਆਪ ਜੀ ਦੇ ਹੀ ਦਰਸ਼ਨ ਕਰ ਰਹੇ ਸੀ, ਆਪ ਜੀ ਦੇ ਦਸੇ ਹੋਵੇ ਮਾਰਗ ਨੂੰ ਯਾਦ ਕਰਦੇ ਹੋਏ ਜੀਵਨ ਦੇ ਸਾਰੇ ਕਾਰਜ਼ ਕਰ ਰਹੇ ਸੀ। ਤਦ ਗੁਰੂ ਜੀ ਨੇ ਪਹਿਲਾਂ ਪੁੱਛਣ ਵਾਲੇ ਸਿੱਖਾਂ ਨੂੰ ਆਖਿਆ ਕਿ ਇਹ ਹੈ ਤੁਹਾਡੇ ਸਵਾਲ ਦਾ ਜਵਾਬ, ਕਿ ਕਈ ਇਥੇ ਆ ਕਿ ਵੀ ਪਿੱਛੇ ਘਰ ਦੇ ਕਾਰਜ਼ਾਂ ਦੇ ਖਿਆਲ ਵਿੱਚ ਸਨ ਜਿਸ ਕਰਕੇ ਗੈਰ-ਹਾਜ਼ਰ ਸਨ ਅਤੇ ਇਹ ਦੋਨੋ ਗੁਰਸਿੱਖ ਇਥੇ ਹਾਜ਼ਰ ਨਹੀਂ ਵੀ ਸਨ ਪਰ ਮਨ ਕਰਕੇ, ਜੀਵਨ ਦੇ ਫ਼ਰਜ਼ਾਂ ਕਰਕੇ ਹਾਜ਼ਰ ਸਨ।
{ਪੰਨਾ:-84:-ਮਃ 3 || ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥2॥}
ਜਦ ਕਦੇ ਅਸੀਂ ਆਪਣੀ ਸੋਚ ‘ਆਪਣੀ ਨਿਗ੍ਹਾ’ ਨੂੰ ਪਿਛੋਕੜ ਸਿੱਖ ਇਤਹਾਸ ਵੱਲ ਮਾਰਦੇ ਹਾਂ ਤਾਂ ਇੱਕ ਨਹੀਂ ਬੇਅੰਤ ਗੁਰਸਿੱਖਾਂ ਦਾ ਜੀਵਨ ਇਸ ਤਰ੍ਹਾਂ ਦਾ ਸਾਨੂੰ ਮਿਲ ਜਾਂਦਾ ਹੈ ਕਿ ਉਹ ਭਾਵੇਂ ਕਈ ਮੁਸ਼ਕਲਾਂ ਭਰਿਆ ਸਮਾਂ ਗੁਜਾਰਦੇ ਸਨ ਪਰ ਉਸ ਸਮੇਂ ਦਾ ਦੁਸ਼ਮਨ ਵੀ ਉਨ੍ਹਾਂ ਸਿੱਖਾਂ ਦਾ ਜੀਵਨ ਦੇਖ ਕੇ ਆਖਦਾ ਸੀ ਕਿ ਇਹ ਹਨ ਅਸਲ ਗੁਰੂ ਦੇ ਸਿੱਖ, ਏਨਾਂ ਉਚਾ ਜੀਵਨ ਕਿਰਦਾਰ ਸੀ, ਏਨੀ ਇਮਾਨਦਾਰੀ ਸੀ, ਵਾਹ ਬਈ ਵਾਹ ਇਹ ਹਨ ਗੁਰੂ ਦੇ ਸਿੱਖ। ਸੱਚ ਜਾਣਿਉਂ ਉਸ ਵੇਲੇ ਗੁਰੂ ਸਦਾ ਉਨ੍ਹਾਂ ਸਿੱਖਾਂ ਦੇ ਨਾਲ ਵਸਦਾ ਸੀ, ਉਹ ਹਮੇਸ਼ਾਂ ਹੀ ਗੁਰੂ ਦੇ ਦਰਸ਼ਨ ਕਰਦੇ ਸਨ। ਪਰ ਅੱਜ ਅਸੀਂ ਆਪਣੇ ਵੱਲ ਜ਼ਰਾ ਨਿਗ੍ਹਾ ਮਾਰ ਕੇ ਆਪਣੇ ਆਪ ਨੂੰ ਪਰਖ਼ ਲਈਏ ਕਿ ਕੀ ਅਸੀਂ ਸੱਚੀ ਗੁਰੂ ਦੇ ਦਰਸ਼ਨ ਕਰ ਰਹੇ ਹਾਂ? ਭਾਵੇ ਇਹ ਕਹਾਣੀ ਸੱਚ ਨਹੀਂ ਹੈ ਪਰ ਅਸੀਂ ਇਸ ਨੂੰ ਲੰਮੇ ਸਮੇਂ ਤੋਂ ਸੁਣਨ ਦੇ ਆਦੀ ਹੋ ਗਏ ਹਾਂ ਕਿ ਮੱਖਣ ਸ਼ਾਹ ਲੁਬਾਣੇ ਨੇ ‘20-22’ ਭੇਖਧਾਰੀਆਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਸਨ ਅਸਲ ਗੁਰੂ ‘ਤੇਗ ਬਹਾਦਰ ਜੀ’ ਨੂੰ ਲੱਭ ਲਿਆ ਸੀ ਉਸ ਦੇ ਦਰਸ਼ਨ ਕਰ ਲਏ ਸਨ। ਪਰ ਬੜੇ ਹੀ ਅਫ਼ਸੋਸ ਨਾਲ ਆਖਣਾ ਪੈ ਰਿਹਾ ਹੈ ਕਿ ਅੱਜ ਸਾਡੇ ਪਾਸ ਘਰ-ਘਰ ਗੁਰੂ ਗ੍ਰੰਥ ਜੀ ਮੋਜ਼ੂਦ ਹਨ ਪਰ ਸਾਡੇ ਪਾਸੋਂ ਅਸਲ ਗੁਰੂ ਗੁਆਚ ਗਿਆ ਹੈ, ਸਾਨੂੰ ਗੁਰੂ ਦੇ ਦਰਸ਼ਨ ਨਹੀਂ ਹੋ ਰਹੇ, ਸਾਨੂੰ ਅਸਲ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਗੁਰੂ ਜੀ ਦੇ ਦਰਸ਼ਨ ਕਿਸ ਤਰ੍ਹਾਂ ਕਰੀਏ?, ਸਾਨੂੰ ਸਮਝ ਨਹੀਂ ਆ ਰਹੀ ਕਿ ਅਸਲ ਦਰਸ਼ਨ ਕੀ ਹਨ? ਸਾਡੇ ਵਿੱਚੋਂ ਕੋਈ ਮੰਜੀ ਦੇ ਪਾਵੇ ਘੁੱਟ ਰਿਹਾ ਹੈ ਅਤੇ ਗੁਰੂ ਦੇ ਦਰਸ਼ਨ ਹੁੰਦੇ ਆਖ ਰਿਹਾ ਹੈ, ਕੋਈ ਰੁਮਾਲਾ ਚੁੱਕ ਕੇ ਗੁਰੂ ਗ੍ਰੰਥ ਜੀ ਨੂੰ ਦੇਖ ਕੇ ਹੀ ਗੁਰੂ ਜੀ ਦੇ ਦਰਸ਼ਨ ਆਖ ਰਿਹਾ ਹੈ, ਕੋਈ ਦੇਸ਼ਾ ਵਿਦੇਸ਼ਾ ਵਿੱਚੋਂ ਲੱਖਾਂ ਮੂਹੀਂ ਪੈਸਾ ਖਰਚ ਕਰਕੇ ਹੇਮ-ਕੁੰਟ ਨੂੰ ਗੁਰੂ ਦੇ ਦਰਸ਼ਨ ਕਰਨ ਦੋੜ੍ਹਿਆ ਹੋਇਆ ਹੈ ਤੇ ਕੋਈ ‘40’ ਦਿਨ ਨੰਗੇ ਪੈਰੀਂ ਗੁਰਦੁਆਰੇ ਵੱਲ ਗੁਰੂ ਦੇ ਦਰਸ਼ਨ ਕਰਨ ਦਾ ਰੋਲਾ ਪਾ ਰਿਹਾ ਹੈ। ਕੋਈ ਵਿਕਾਰਾਂ ਅਤੇ ਮਾਇਆ ਦੇ ਨਸ਼ੇ ਵਿੱਚ ਗੁਲਤਾਨ ਸਾਧ ਬਾਬਾ ਨਿਤ ਸੰਗਤਾਂ ਨੂੰ ਗੁਰੂ ਦੇ ਦਰਸ਼ਨ ਹੁੰਦੇ ਆਖ ਰਿਹਾ ਹੈ। ਸੋ ਇਹ ਸਾਰਾ ਕੁੱਝ ਸਾਡੀ ਸੋਚ ਤੋਂ ਬਾਹਰ ਹੈ ਕਿ ਕੀ ਕੁੱਝ ਅਸੀਂ ਕਰ ਕਰਵਾ ਰਹੇ ਹਾਂ ਅਤੇ ਗੁਰੂ ਦੇ ਦਰਸ਼ਨ ਹੋਣ ਦਾ ਢੋਲ ਵਜ਼ਾ ਰਹੇ ਹਾਂ। ਮੁਆਫ਼ ਕਰਨਾਂ ਗੱਲਾਂ ਕੌੜੀਆਂ ਕਸੇਲੀਆਂ ਜਰੂਰ ਹਨ ਪਰ ਮੇਰੀ ਸੋਚ ਅਸ਼ਰਧਿਕ ਨਹੀਂ ਹੈ ਅਤੇ ਨਾਂ ਹੀ ਕਿਸੇ ਦੀ ਸ਼ਰਧਾ ਨੂੰ ਤੋੜਨ ਦੀ ਭਾਵਨਾਂ ਵਾਲੀ ਹੀ ਹੈ। ਥੋੜਾ ਜਿਹਾ ਧਿਆਨ ਨਾਲ ਦੇਖਿਆਂ ਹੀ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਅਸੀਂ ਅੱਜ ਗੁਰਦੁਆਰਿਆਂ ਵਿੱਚ ਗੁਰੂ ਦੇ ਦਰਸ਼ਨਾਂ ਨੂੰ ਵੀ ‘ਡਰਾਈਵ ਥਰੂ’ ਖਾਣੇ ਦੀਆਂ ਦੁਕਾਨਾਂ ਵਾਗੂੰ ਹੀ ਸਮਝ ਲਿਆ ਹੈ। ਸਿੱਧਾ ਗੁਰਦੁਆਰੇ ਅੰਦਰ ਗਏ ਕੁੱਝ-ਕੁ ਪੈਸੇ ਗੋਲਕ ਵਿੱਚ ਪਾਏ ਗੋਲਕ ਨੂੰ ਮੱਥਾ ਟੇਕਿਆ, ਕੜਾਹ ਪ੍ਰਸ਼ਾਦ ਲਿਆ ਅਤੇ ਦੋ ਮਿੰਟ ਦੇ ਅੰਦਰ-ਅੰਦਰ ਗੁਰਦੁਆਰੇ ਤੋਂ ਬਾਹਰ ਆ ਜਾਂਦੇ ਹਾਂ ਅਤੇ ਆਪਣੇ ਆਪ ਨੂੰ ਗੁਰੂ ਦੇ ਦਰਸ਼ਨ ਕਰ ਲਏ ਸਮਝੀ ਬੈਠੇ ਹਾਂ, ਕੀ ਇਹੋ ਹੀ ਹਨ ਗੁਰੂ ਦੇ ਦਰਸ਼ਨ ? ਨਹੀਂ ਜੀ ਇਹ ਨਹੀਂ ਹਨ ਗੁਰੂ ਜੀ ਦੇ ਦਰਸ਼ਨ। ਗੁਰੂ ਜੀ ਦਾ ਫੁਰਮਾਨ ਹੈ:- { ਪੰਨਾ:-594 ਸਲੋਕੁ ਮਃ 3 || ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥} ਗੁਰੂ ਜੀ ਆਖਦੇ ਹਨ ਕਿ ਇਸ ਤਰ੍ਹਾਂ ਸਾਰਾ ਸੰਸਾਰ ਹੀ ਗੁਰੂ ਨੂੰ ਦੇਖਦਾ ਹੋਇਆ ਦਰਸ਼ਨ ਸਮਝੀ ਬੈਠਾ ਹੈ ਪਰ ਇਸ ਤਰ੍ਹਾਂ ਨਿਰ੍ਹਾ ਦੇਖਣ ਨਾਲ ਅਸਲ ਦਰਸ਼ਨ ਨਹੀਂ ਹਨ ਵਿਕਾਰਾਂ ਵਲੋਂ ਮੁਕਤੀ ਨਹੀਂ ਹੋ ਸਕਦੀ ਜਿਨ੍ਹਾਂ ਚਿਰ ਗੁਰ ਸ਼ਬਦ ਦੀ ਵੀਚਾਰ ਨਹੀਂ ਕੀਤੀ ਜਾਂਦੀ। ਅਸਲ ਗੁਰ ਸ਼ਬਦ ਦੀ, ਸਿਖਿਆ ਦੀ ਵੀਚਾਰ ਕਰਕੇ ਉਸ ਵਿੱਚਲੀ ਸਿਖਿਆ ਨੂੰ ਕਮਾਉਣਾ ਹੀ ਗੁਰੂ ਜੀ ਦੇ ਦਰਸ਼ਨ ਹਨ ਜਿਸ ਨਾਲ ਸਾਨੂੰ ਜੀਵਨ ਜੀਊਣ ਦੀ ਸੋਝੀ ਆ ਸਕਦੀ ਹੈ ਜੀਵਨ ਉਚਾ ਸੁੱਚਾ ਗਿਆਨਵਾਨ ਬਣ ਸਕਦਾ ਹੈ। ਜਦ ਅਸੀਂ ਅੱਜ ਆਪਣੇ ਬਜੁਰਗਾਂ ਵੱਲ ਧਿਆਨ ਮਾਰਦੇ ਹਾਂ ਜਿਨ੍ਹਾਂ ਨੇ ਲੰਮੇ ਸਮੇਂ ਦੀ ਘਾਲਣਾ ਤੋਂ ਬਾਅਦ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਾਸਤੇ ਬਾਹਰ ਮੁਖੀ ਅਤੇ ਅਧਿਆਤਮਿਕ ਗਿਆਨ ਹਾਸਲ ਕਰਨ ਵਾਸਤੇ ਰਹਿਤ-ਮ੍ਰਯਾਦਾ ਬਣਾਈ ਉਥੇ ਉਨ੍ਹਾਂ ਨੇ ਬਹੁਤ ਹੀ ਸ਼ਪੱਸ਼ਟ ਰੂਪ ਵਿੱਚ ਇਹ ਬਚਨ ਵੀ ਦਰਜ਼ ਕੀਤੇ ਹਨ ਕਿ ‘ਦਸਾਂ ਪਾਤਸ਼ਾਹੀਆਂ ਦੀ ਜੋਤ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹ ਗੁਰੂ’ ਪਾਠ ਦੀਦਾਰ ਲਿਖਿਆ ਹੋਇਆ ਹੈ ਨਾਂ ਕਿ ਨਿਰ੍ਹਾ ਅੱਖਾਂ ਨਾਲ ਤੱਕਣ ਨੂੰ ਹੀ ਦਰਸ਼ਨ ਆਖਿਆ ਹੈ।
ਸਿੱਖ ਇਤਹਾਸ ਵਿੱਚੋਂ ਇੱਕ ਘਟਨਾ ਦਾ ਜ਼ਿਕਰ ਹੈ ਕਿ ਜਦ ‘1848’ ਵਿੱਚ ਅੰਗਰੇਜਾਂ ਦੀ ਬੜੀ ਭਾਰੀ ਲੜ੍ਹਾਈ ਸਿੱਖਾਂ ਨਾਲ ਹੋ ਰਹੀ ਸੀ ਤਾਂ ਅੰਗਰੇਜ ਫੋਜ਼ੀਆਂ ਨੇ ਆਪਣੇ ਜਰਨੈਲ ਨੂੰ ਬੇਨਤੀ ਕੀਤੀ ਕਿ ਆਪਣਾ ਕੋਈ ਪਤਾ ਨਹੀਂ ਜਿੱਤਾਂਗੇ ਜਾਂ ਹਾਰਾਂਗੇ ਸੋ ਆਪਾਂ ਆਪਣੇ ਪ੍ਰੀਵਾਰਾਂ ਨੂੰ, ਬਹੂ ਬੇਟੀਆਂ ਨੂੰ ਪਿੱਛੇ ਭੇਜ ਦੇਈਏ ਇਹ ਸਿੱਖ ਇਨ੍ਹਾਂ ਦੀ ਬੇ-ਪਤੀ ਕਰਨਗੇ ਤਾਂ ਉਨ੍ਹਾਂ ਅੰਗਰੇਜਾਂ ਦੀ ਫੋਜ਼ ਦੇ ਜਰਨੈਲ ਨੇ ਜੋ ਗੱਲ ਉਨ੍ਹਾਂ ਆਪਣੇ ਸਾਥੀਆਂ ਨੂੰ ਆਖੀ ਸੁਣ ਕੇ ਹੈਰਾਨ ਹੋ ਜਾਈਦਾ ਹੈ ਕਿ ਹੇ ਮੇਰੇ ਭਰਾਵੋ ਮੈਂ ਸਿੱਖਾਂ ਦੀ ਹਿਸਟਰੀ ਨੂੰ ਪੜ੍ਹਿਆ ਹੈ, ਇਹ ਭਾਵੇਂ ਅੱਜ ਸਾਡੇ ਦੁਸ਼ਮਨ ਹਨ ਪਰ ਜੇ ਇਹ ਸਾਨੂੰ ਜਿੱਤ ਵੀ ਗਏ ਤਾਂ ਸਾਡੇ ਪ੍ਰੀਵਾਰ ਸਾਡੇ ਆਪਣੇ ਨਾਲੋਂ ਇਨ੍ਹਾਂ ਦੇ ਕਬਜ਼ੇ ਵਿੱਚ ਜ਼ਿਆਦਾ ਸੁਰਖਿਅਤ ਹੋਣਗੇ, ਕਿਉਂ ਕਿ ਇਨ੍ਹਾਂ ਸਿੱਖਾਂ ਦੇ ਜੀਵਨ ਬਹੁਤ ਹੀ ਉਚੇ ਸੁੱਚੇ ਆਚਰਨ ਵਾਲੇ ਹਨ। ਸੱਚ ਜਾਣਿਉਂ ਉਸ ਸਮੇਂ ਉਨ੍ਹਾਂ ਸਿੱਖਾਂ ਨੂੰ ਗੁਰੂ ਦੇ ਦਰਸ਼ਨ ਸਦਾ ਹੀ ਹੁੰਦੇ ਸਨ, ਗੁਰਬਾਣੀ ਦਾ ਉਪਦੇਸ਼ ਉਨ੍ਹਾਂ ਨੂੰ ਹਮੇਸ਼ਾਂ ਯਾਦ ਸੀ, ਗੁਰੂ ਉਨ੍ਹਾਂ ਦੇ ਹਮੇਸ਼ਾਂ ਨਾਲ ਵੱਸਦਾ ਸੀ ਜਿਸ ਕਰਕੇ ਸਾਡੇ ਦੁਸ਼ਮਨ ਵੀ ਸਾਡੀ ਸਿਫਤ ਕਰਦੇ ਸਨ। ਪਰ ਅੱਜ ਸਾਨੂੰ ਖੁਦ ਆਪਣੇ ਆਪ ਉਪਰ ਹੀ ਯਕੀਨ ਨਹੀਂ ਹੈ ਹਰ ਆਏ ਦਿਨ ਗੁਰੂ ਘਰਾਂ ਦੀਆਂ ਲੱਖਾਂ, ਅਰਬਾਂ ਦੀਆਂ ਗੋਲਕਾਂ ਦੀ ਚੋਰੀ ਹੋ ਰਹੀ ਹੈ, ਗੁਰ ਅਸਥਾਨਾਂ ਤੇ ਜੇਬਾਂ ਕੱਟੀਆਂ ਜਾ ਰਹੀਆਂ ਹਨ, ਰਿਸ਼ਵਤ ਖੋਰੀ ਹਰ ਥਾਂ-ਥਾਂ ਚੱਲ ਰਹੀ ਹੈ, ਸਾਨੂੰ ਖੁਦ ਹੀ ਆਪਣੇ ਆਪ ਤੇ ਭਰੋਸਾ ਨਹੀਂ ਹੈ ਹੋਰ ਕਿਸੇ ਨੇ ਸਾਡੇ ਉਪਰ ਵਿਸ਼ਵਾਸ਼ ਕੀ ਕਰਨਾ ਹੈ। ਖੁਦ ਆਪਣੇ ਵੱਲ ਨਿਗ੍ਹਾ ਮਾਰਿਆਂ, ਆਪਣੇ ਜੀਵਨ ਨੂੰ ਪਰਖਿਆਂ ਪਤਾ ਲੱਗ ਸਕਦਾ ਹੈ ਕਿ ਅਸੀਂ ਕਿਨਿਆਂ-ਕੁ ਨੇ ਗੁਰਬਾਣੀ ਗੁਰੂ ਦਾ ਪਾਠ ਦੀਦਾਰ ਕੀਤਾ ਹੈ, ਕਿਨਿਆਂ-ਕੁ ਨੂੰ ਗੁਰੂ ਜੀ ਦੇ ਸਿਧਾਂਤਾਂ ਦੀ ਸਮਝ ਹੈ, ਕਿਨੇ-ਕੁ ਉਸ ਪੜ੍ਹੇ ਹੋਏ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਗੁਜਾਰ ਰਹੇ ਹਨ ਤਾਂ ਸਹਿਜੇ ਹੀ ਮੇਰੇ ਹਿਸਾਬ ਨਾਲ ‘95%’ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵਿੱਚੇ ਹੀ ਵੱਡੀਆਂ ਛੋਟੀਆਂ ਕ੍ਰਿਪਾਨਾਂ ਪਾਈ ਫਿਰਦੇ ਅੱਧ ਨੰਗੇ ਸਾਧਾਂ ਨੂੰ ਰਲਾ ਮਿਲਾ ਕੇ ਗੁਰ ਉਪਦੇਸ਼ਾਂ ਤੋਂ ਨਾ-ਵਾਕਫ਼ ਹਾਂ, ਸਾਨੂੰ ਨਹੀਂ ਪਤਾ ਗੁਰੂ ਜੀ ਕੀ ਕਹਿੰਦੇ ਹਨ, ਸਾਨੂੰ ਗੁਰਬਾਣੀ ਬਾਰੇ ਕੋਈ ਵੀ ਸਮਝ ਨਹੀਂ ਹੈ। ਸਾਨੂੰ ਤਾਂ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਕਿ ਬਾਣੀ ਕਿਨਿਆਂ ਗੁਰੂਆਂ ਦੀ ਲਿਖੀ ਹੋਈ ਹੈ, ਕਿਨੇ ਰਾਗਾਂ ਵਿੱਚ ਹੈ, ਕਿਨੇ ਭਗਤਾਂ ਦੀ ਅਤੇ ਕਿਨੇ ਭੱਟਾਂ ਦੀ ਰਚਨਾਂ ਗੁਰੂ ਗ੍ਰੰਥ ਜੀ ਵਿੱਚ ਦਰਜ਼ ਹੈ। ਕਿਹੜੇ ਕੰਮ ਜੀਵਨ ਦੌਰਾਨ ਕਰਨ ਵਾਸਤੇ ਗੁਰੂ ਜੀ ਦਾ ਹੁਕਮ ਹੈ ਅਤੇ ਕਿਹੜੇ ਕੰਮ ਨਹੀ ਕਰਨ ਬਾਰੇ ਉਪਦੇਸ਼ ਹੈ। ਹਾਂ ਇਸ ਸਾਡੀ ਅਗਿਆਨਤਾ ਦਾ ਲਾਭ ਡੇਰੇਦਾਰਾਂ, ਸਾਧਾਂ ਸੰਤਾਂ ਅਤੇ ਆਪੂੰ ਬਣੇ ਬ੍ਰਹਮਗਿਆਨੀਆਂ ਨੇ ਬਹੁਤ ਲਿਆ ਹੈ ਇਹ ਲੋਕ ਕਦੇ ਵੀ ਸਾਨੂੰ ਸਾਡੇ ਪਿੰਡ ਵਾਲੇ ਗੁਰਦੁਆਰੇ ਮੱਥਾ ਟੇਕਣ ਵਾਸਤੇ, ਗੁਰੂ ਦੇ ਦਰਸ਼ਨ ਕਰਨ ਵਾਸਤੇ ਨਹੀਂ ਆਖਦੇ, ਕੋਈ ਵੀ ਸਾਧ ਅਰਥਾਂ ਨਾਲ ਗੁਰਬਾਣੀ ਦੀ ਸੰਥਿਆ ਦਿੰਦਾ ਅੱਜ ਤੱਕ ਨਹੀਂ ਸੁਣਿਆਂ, ਹਮੇਸ਼ਾਂ ਸੰਗਤਾਂ ਨੂੰ ਆਪਣੇ ਨਿਜੀ ਡੇਰਿਆਂ ਉਪਰ ਹੀ ਹਾਜ਼ਰੀ ਭਰਨ ਅਤੇ ਗੁਰੂ ਦੇ ਦਰਸ਼ਨ ਕਰਨ ਨੂੰ ਹੀ ਉਤਮ ਆਖਦੇ ਹਨ, ਅਤੇ ਪੰਜ ਜਾਂ ਸੱਤ ਚੌਕੀਆਂ ਭਰਨ ਵਾਸਤੇ ਡੇਰੇ ਉਪਰ ਆਉਣ ਨੂੰ ਹੀ ਗੁਰੂ ਜੀ ਦੇ ਦਰਸ਼ਨ ਕਰਨੇ ਆਖਦੇ ਹਨ ਬੜੇ ਹੀ ਲਹਿਜੇ ਵਿੱਚ ਭੋਲੀਆਂ ਸੰਗਤਾਂ ਨੂੰ ਆਖਦੇ ਹਨ ਕਿ ਭਾਈ ਭਾਵੇਂ ਮੀਂਹ ਹਨ੍ਹੇਰੀ ਵੀ ਕਿਉਂ ਨਾਂ ਚਲਦੀ ਹੋਵੇ ਤੁਸੀਂ ਕਦੇ ਕਿਸੇ ਕਿਸਮ ਦੀ ਲਾਪ੍ਰਵਾਹੀ ਨਹੀਂ ਕਰਨੀ, ਡੇਰੇ ਤੇ ਜਰੂਰ ਆਉਣਾ ਹੈ ਤਾਂ ਹੀ ਗੁਰੂ ਜੀ ਦੇ ਤੁਹਾਨੂੰ ਅਸਲ ਦਰਸ਼ਨ ਹੋਣਗੇ ਅਤੇ ਅਸੀਂ ਅਗਿਆਨਤਾ ਕਾਰਣ ਇਸੇ ਤਰ੍ਹਾਂ ਹੀ ਲਗਾਤਾਰ ਕਰੀ ਜਾ ਰਹੇ ਹਾਂ ਅਤੇ ਗੁਰੂ ਦੇ ਦਰਸ਼ਨ ਹੁੰਦੇ ਮੰਨੀ ਬੈਠੇ ਹਾਂ।
1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਮਗਰੋਂ ਤਕਰੀਬਨ ’60-70’ ਸਾਲ ਸਾਡੇ ਬਜੁਰਗਾਂ ਨੂੰ ਜੰਗਲਾਂ ਵਿੱਚ ਵਾਸਾ ਕਰਨਾ ਪਿਆ, ਘਰ-ਬਾਰ ਛੱਡਨੇ ਪਏ, ਹਰ ਪਾਸੇ ਖਤਰਾ ਹੀ ਖਤਰਾ ਸੀ, ਪਤਾ ਨਹੀਂ ਕਿਹੜੇ ਸਮੇਂ ਮੌਤ ਆ ਜਾਣੀ ਸੀ ਪਰ ਉਨ੍ਹਾਂ ਸਿੰਘਾਂ ਦੇ ਹਿਰਦੇ ਵਿੱਚ ਗੁਰੂ ਹਮੇਸ਼ਾਂ ਵੱਸਦਾ ਸੀ, ਭਾਵੇਂ ਉਹ ਸਾਲਾਂ ਬੱਧੀ ਕਦੇ ਕਦਾਈ ਹੀ ਗੁਰੂ ਨੂੰ ਮੱਥਾ ਟੇਕਣ ਆਉਂਦੇ ਸਨ ਪਰ ਉਨ੍ਹਾਂ ਨੂੰ ਗੁਰੂ ਦੇ ਦਰਸ਼ਨ ਹਮੇਸ਼ਾਂ ਹੀ ਹੁੰਦੇ ਸਨ, ਉਹ ਕਦੇ ਵੀ ਡੋਲੇ ਨਹੀਂ, ਘਬਰਾਏ ਨਹੀਂ, ਲਗਾਤਾਰ ਸੱਚ ਹੱਕ ਉਪਰ ਪਹਿਰਾ ਦਿੰਦੇ ਅਡੋਲ ਆਪਣੀ ਮੰਜਲ ਵੱਲ ਵਧਦੇ ਹੀ ਗਏ। ਜਦ ਅੱਜ ਅਸੀਂ ਆਪਣੇ ਵੱਲ ਝਾਤ ਮਾਰਦੇ ਹਾਂ ਤਾਂ ਦਿਨ ਵਿੱਚ ਕਈ ਕਈ ਵਾਰੀ ਗੁਰੂ ਨੂੰ ਮੱਥਾ ਵੀ ਟੇਕਦੇ ਹਾਂ, ਗੁਰੂ ਦੇ ਦਰਸ਼ਨ ਕਰਦੇ ਵੀ ਅਖਵਾਉਂਦੇ ਹਾਂ। ਕਈ ਪਾਠੀ, ਕਥਾਕਾਰ, ਸਾਧ, ਸੰਤ, ਬ੍ਰਹਮਗਿਆਨੀਆਂ ਦਾ ਸਾਰਾ ਜੀਵਨ ਹੀ ਗੁਰੂ ਗ੍ਰੰਥ ਜੀ ਦੀ ਹਜ਼ੂਰੀ ਵਿੱਚ ਬੀਤ ਜਾਂਦਾ ਹੈ ਪਰ ਸੋਚ ਕਰਕੇ, ਆਦਤਾਂ ਕਰਕੇ ਇੱਕ ਦੂਜੇ ਨਾਲ ਈਰਖਾ, ਲੜਾਈ ਝਗੜੇ, ਰਿਸ਼ਵਤ ਖੋਰੀ, ਮਾਰ-ਧਾੜ ਕਦੇ ਵੀ ਖਤਮ ਨਹੀਂ ਹੋਈ, ਕੋਈ ਵੀ ਉਚ ਦਰਜ਼ੇ ਦਾ ਗਿਆਨ ਹਾਸਲ ਨਹੀਂ ਹੋਇਆ, ਲੋਕ ਭਲਾਈ, ਹੱਥੀ ਕਿਰਤ ਕਰਨ ਦੀ ਸਮਝ ਨਹੀਂ ਆਈ ਤਾਂ ਫਿਰ ਸਾਨੂੰ ਸੋਚਨ ਵਾਸਤੇ ਮਜਬੂਰ ਹੋਣਾ ਪੈਂਦਾ ਹੈ ਕਿ ਕੀ ਇਨ੍ਹਾਂ ਨੂੰ ਅਜੇ ਤੱਕ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ? ਜਾਂ ਇਨ੍ਹਾਂ ਨੇ ਆਪ ਹੀ ਅਜੇ ਤੱਕ ਦਰਸ਼ਨ ਨਹੀਂ ਕੀਤੇ। ਸੋ ਭਾਗਾਂ ਵਾਲਿਉ ਇਸ ਵੇਲੇ ਗੁਰੂ ਜੀ ਦੇ ਦਰਸ਼ਨ ਹਨ ਬੁਰਬਾਣੀ ਨੂੰ ਪੜ੍ਹਨਾਂ ਸਮਝਣਾ ਅਤੇ ਉਸ ਸਮਝੇ ਹੋਏ ਗਿਆਨ ਅਨੁਸਾਰ ਆਪਣਾ ਜੀਵਨ ਬਣਾਉਂਣਾ ਜੇ ਇਸ ਤਰ੍ਹਾਂ ਨਹੀਂ ਹੋ ਰਿਹਾ ਤਾਂ ਫਿਰ ਅਜੇ ਤੱਕ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ, ਐਵੇ ਦਿਖਾਵਾ ਹੀ ਹੈ, ਨਿਰ੍ਹਾ ਢੌਂਗ ਹੀ ਹੈ, ਪੈਸੇ ਅਤੇ ਟਾਈਮ ਦੀ ਬਰਬਾਦੀ ਹੀ ਹੈ।:-

ਗਉੜੀ, ਮਹਲਾ 5 ॥
ਗੁਰ ਜੀ ਕੇ, ਦਰਸਨ ਕਉ ਬਲਿ ਜਾਉ ॥
ਅਰਥ:-ਗੁਰੂ ਜੀ ਆਖਦੇ ਹਨ ਕਿ ਗੁਰੂ ਜੀ ਦੇ ਦਰਸ਼ਨਾਂ ਤੋਂ ਮੈਂ ਸਦਾ ਹੀ ਬਲਹਾਰੇ ਜਾਂਦਾ ਹਾਂ। ਗੁਰੂ ਹੈ ਗਿਆਨ ਅਤੇ ਗਿਆਨ ਤੋਂ ਬਲਹਾਰੇ ਜਾਣਾ ਹੈ ਕਿ ਇਸ ਗਿਆਨ ਨੂੰ ਹਾਸਲ ਕਰਨਾਂ ਅਤੇ ਉਸ ਅਨੁਸਾਰ ਆਪਣਾ ਜੀਵਨ ਬਣਾਉਂਣਾ। ਇਸ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਿਸ ਤਰ੍ਹਾਂ ਕਰਨਾ ਹੈ ਤਾਂ ਅਗੇ ਫੁਰਮਾਉਂਦੇ ਹਨ।
ਜਪਿ ਜਪਿ ਜੀਵਾ, ਸਤਿਗੁਰ ਨਾਉ ॥1॥
ਅਰਥ:-ਆਖਦੇ ਹਨ ਕਿ ਗੁਰੂ ਜੀ ਦੇ ਦਰਸ਼ਨ ਇਹੋ ਹੀ ਹਨ ਕਿ ਹਮੇਸ਼ਾਂ ਗੁਰ ਸਿਖਿਆ ਰਾਹੀਂ ਨਿਰੋਲ ਸੱਚ ਦੇ ਗਿਆਨ ਨੂੰ ਯਾਦ ਕਰਦੇ ਹੋਏ ਉਸ ਗਿਆਨ ਅਨੁਸਾਰ ਆਪਣਾ ਜੀਵਨ ਜੀਊਣ ਦਾ ਤਰੀਕਾ ਸਿੱਖ ਲਈਏ, ਮਨੁੱਖਾ ਜੀਵਨ ਦੀਆਂ ਕਦਰਾਂ ਕੀਮਤਾਂ, ਇਮਾਨਦਾਰੀ, ਸਵੈ-ਮਾਣਤਾ, ਪ੍ਰਉਪਕਾਰਾਂ ਵਾਲਾ ਜੀਵਨ, ਹੱਕ ਸੱਚ ਦੀ ਕਿਰਤ ਕਰਨੀ ਅਤੇ ਅਟੱਲ ਪ੍ਰਭੂ ਜੀ ਦੇ ਨਿਯਮਾਂ ਅਨੁਸਾਰ ਜੀਵਨ ਹੀ ਗੁਰੂ ਜੀ ਦਰਸ਼ਨ ਹਨ।1।
ਪਾਰਬ੍ਰਹਮ ਪੂਰਨ ਗੁਰਦੇਵ ॥
ਅਰਥ:-ਅਖਰਾਂ ਦੀ ਬੰਧਸ਼ ਵਿੱਚ ਗੁਰੂ ਜੀ ਆਖਦੇ ਹਨ ਕਿ ਹੇ ਸੰਪੂਰਨ ਗੁਰੂ ‘ਨਿਰੋਲ ਸੱਚ ਦਾ ਗਿਆਨ ਗੁਰੂ’ ਹੇ ਰੱਬ ਦੀ ਦੇ ਅਟੱਲ ਨਿਯਮਾਂ ਦੀ ਸੂਝ-ਬੂਝ ਦੇਣ ਦੇ ਸਮਰੱਥ ਗੁਰੂ! ।
ਕਰਿ ਕਿਰਪਾ, ਲਾਗਉ ਤੇਰੀ ਸੇਵ ॥1|| ਰਹਾਉ ॥
ਅਰਥ:-ਅਖਰ ਤਾਂ ਸਾਨੂੰ ਇਹੋ ਗਿਆਨ ਹੀ ਦੇ ਰਹੇ ਹਨ ਕਿ ਹੇ ਗੁਰੂ ਮੇਰੇ ਤੇ ਮੇਹਰ ਕਰ ਮੈਂ ਤੇਰੀ ਸੇਵਾ ਵਿੱਚ ਲੱਗ ਜਾਵਾਂ। ਪਰ ਭਾਗਾਂ ਵਾਲਿਉ ਅੱਜ ਸਾਡੇ ਪਾਸ ਸ਼ਬਦ ਗੁਰੂ ਹੈ, ਗਿਆਨ ਗੁਰੂ ਹੈ ਜੋ ਸਿਰੀ ਗੁਰੂ ਗੰ੍ਰਥ ਜੀ ਦੇ ਸਰੂਪ ਵਿੱਚ ਮੌਜ਼ੂਦ ਹੈ ਤਾਂ ਫਿਰ ਇਹ ਗੁਰੂ ਸਾਡੇ ਉਪਰ ਕਿਸ ਤਰ੍ਹਾਂ ਕਿਰਪਾ ਕਰੇ? ਕਿਸ ਤਰ੍ਹਾਂ ਮੇਹਰ ਕਰੇ? ਤਾਂ ਜੋ ਅਸੀਂ ਇਸ ਦੀ ਸੇਵਾ ਕਰਨ ਵਿੱਚ ਲੱਗ ਸਕੀਏ। ਸੋ ਭਾਵ ਅਰਥ ਹਨ ਕਿ ਜੇ ਮਨੁੱਖ ਇਸ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰ ਲਵੇ ਤਾਂ ਇਹ ਗਿਆਨ ਉਸ ਮਨੁੱਖ ਨੂੰ ਐਸਾ ਗਿਆਨਵਾਨ ਬਣਾ ਦਿੰਦਾ ਹੈ, ਉਸ ਉਪਰ ਆਪਣੀ ਐਸੀ ਮੇਹਰ ਕਰ ਦਿੰਦਾ ਹੈ ਕਿ ਉਸ ਮਨੁੱਖ ਦਾ ਜੀਵਨ ਅਸਲ ਮਨੁੱਖਾ ਜੀਵਨ ਵਿੱਚ ਸਦਾ ਗੁਜਰਦਾ ਹੈ ਇਹੋ ਹੀ ਗਿਆਨ ਗੁਰੂ ਦੀ ਮਨੁੱਖ ਉਪਰ ਕਿਰਪਾ ਹੈ, ਜਿਸ ਨੇ ਵੀ ਗਿਆਨ ਨੂੰ ਹਾਸਲ ਕੀਤਾ ਇਸ ਗਿਆਨ ਨੇ ਉਸ ਨੂੰ ਹੀ ਸਹੀ ਜੀਵਨ ਸੇਧ ਦਿੱਤੀ ਅਤੇ ਇਹੋ ਹੀ ਗੁਰੂ ਦੇ ਅਸਲ ਦਰਸ਼ਨ ਹਨ।1| ਰਹਾਉ।
ਚਰਨ ਕਮਲ, ਹਿਰਦੈ ਉਰ ਧਾਰੀ ॥
ਅਰਥ:-ਸੰਕੇਤਕ ਅੰਦਾਜ਼ ਵਿੱਚ ਆਖਦੇ ਹਨ ਕਿ ਹੇ ਭਾਈ ਗੁਰੂ ਜੀ ਦਾ ਉਪਦੇਸ਼, ਸਿਖਿਆ ਜੋ ਉਸ ਨਿਰੋਲ ਸੱਚ ਦੇ ਸੋਹਣੇ ਗੁਣਾਂ ਦਾ ਗਿਆਨ ਹੈ ਉਸ ਨੂੰ ਆਪਣੀ ਸੋਚ ਦਾ ਹਿਸਾ ਬਣਾ ਲੈ, ਭਾਵ ਉਸ ਗਿਆਨ ਅਨੁਸਾਰ ਆਪਣਾ ਜੀਵਨ ਗੁਜਾਰਨਾ ਸ਼ੁਰੂ ਕਰਦੇ। ਨਹੀਂ ਤਾਂ ਸਾਨੂੰ ਪਹਿਲਾਂ ਗੁਰੂ ਦੇ ਚਰਨ ਲੱਭਣੇ ਪੈਣਗੇ ਫਿਰ ਹੀ ਉਨ੍ਹਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਵਾਂਗੇ ਜੋ ਕਦੇ ਵੀ ਕਿਸੇ ਦੇ ਪੈਰ ਕਿਸੇ ਹੋਰ ਦੇ ਹਿਰਦੇ ਵਿੱਚ ਨਹੀਂ ਜਾ ਸਕਦੇ।
ਮਨ, ਤਨ, ਧਨ, ਗੁਰ ਪ੍ਰਾਨ ਅਧਾਰੀ ॥2॥
ਅਰਥ:-ਆਖਦੇ ਹਨ ਕਿ ਗੁਰੂ ਜੀ ਦਾ ਉਪਦੇਸ਼, ਸਿਖਿਆ, ਗਿਆਨ ਮਨੁੱਖ ਨੂੰ ਹਰ ਥਾਂ ਹਰ ਖੇਤਰ ਵਿੱਚ ਸਹਾਇਤਾ ਕਰਦਾ ਹੈ। ਜਿੰਦ ਦਾ ਆਸਰਾ ਹੈ, ਭਾਵ ਹੈ ਕਿ ਅਸਲ ਮਨੁੱਖਾ ਜੀਵਨ ਜੀਊਣ ਵਿੱਚ ਮੱਦਦ ਕਰਦਾ ਹੈ। ਜਿਸ ਪਾਸ ਇਹ ਗੁਰੂ ਜੀ ਦਾ ਬਖਸ਼ਿਆ ਗਿਆਨ ਹੈ ਉਸ ਨੇ ਹੀ ਅਸਲ ਵਿੱਚ ਗੁਰੂ ਜੀ ਦੇ ਦਰਸ਼ਨ ਕੀਤੇ ਹਨ।2।
ਸਫਲ ਜਨਮੁ, ਹੋਵੈ ਪਰਵਾਣੁ ॥
ਅਰਥ:-ਆਖਦੇ ਹਨ ਕਿ ਅਸਲ ਵਿੱਚ ਉਸ ਮਨੁੱਖ ਦਾ ਜੀਵਨ ਹੀ ਲਾਭਦਾਇਕ ਹੈ, ਵਧੀਆ ਹੈ, ਉਤਮ ਹੈ, ਪ੍ਰਵਾਣ ਹੈ ਜੋ ਅਗੇ ਫੁਰਮਾਉਂਦੇ ਹਨ।
ਗੁਰੁ ਪਾਰਬ੍ਰਹਮੁ, ਨਿਕਟਿ ਕਰਿ ਜਾਣੁ ॥3॥
ਅਰਥ:-ਉਪਰਲੀ ਲਾਈਨ ਵਾਲੀ ਕ੍ਰਿਆ ਤਾਂ ਹੀ ਪੂਰੀ ਹੈ ਜੇ ਮਨੁੱਖ ਉਸ ਸਦੀਵੀਂ ਤੇ ਅਟੱਲ ਪ੍ਰਭੂ ਜੀ ‘ਭਾਵ ਨਿਰੋਲ ਸੱਚ’ ਦੇ ਗਿਆਨ ਨੂੰ, ਨਿਯਮਾਂ ਨੂੰ ਸਮਝਕੇ ਆਪਣੇ ਜੀਵਨ ਦਾ ਹਿਸਾ ਬਣਾ ਲਵੇ, ਉਸ ਅਨੁਸਾਰ ਆਪਣਾ ਜੀਵਨ ਗੁਜਾਰੇ। ਤਾਂ ਹੀ ਗੁਰੂ ਜੀ ਦੇ ਦਰਸ਼ਨ ਹੋ ਸਕਦੇ ਹਨ।3।
ਸੰਤ ਧੂਰਿ, ਪਾਈਐ ਵਡਭਾਗੀ ॥
ਅਰਥ:-ਗੁਰੂ ਪਿਆਰ ਵਾਲਿਉ ਅੱਜ ਸਾਡੇ ਪਾਸ ਸ਼ਬਦ ਗੁਰੂ, ਗਿਆਨ ਗੁਰੂ ‘ਧੰਨ ਸਿਰੀ ਗੁਰੂ ਗ੍ਰੰਥ ਜੀ ਹਨ’ ਤਾਂ ਫਿਰ ਸੋਚਨ ਦੀ ਜਰੂਰਤ ਹੈ ਕਿ ਇਸ ਦੇ ਚਰਨ ਕਿਹੜੇ ਹਨ ਤੇ ਚਰਨਾਂ ਦੀ ਧੂੜ ਕਿਹੜੀ ਹੈ। ਸੋ ਭਾਵ ਹੈ ਕਿ ਗੁਰ ਉਪਦੇਸ਼, ਸਿਖਿਆ, ਗਿਆਨ ਹੀ ਗੁਰੂ ਦੀ ਚਰਨ ਧੂੜ ਹੈ ਅਤੇ ਇਸ ਸਿਖਿਆ, ਗਿਆਨ, ਉਪਦੇਸ਼ ਨੂੰ ਹਾਸਲ ਕਰਨ ਵਾਸਤੇ ਲਗਾਤਾਰ ਮਨ ਲਾ ਕਿ ਮਹਿਨਤ ਕਰਨ ਦੀ ਜਰੂਰਤ ਹੈ। ਮਹਿਨਤ ਕਰਨ ਉਪਰੰਤ ਜੋ ਪ੍ਰਾਪਤੀ ਹੁੰਦੀ ਹੈ ਉਸ ਨੂੰ ਅਸੀਂ ਵੱਡੇਭਾਗਾਂ ਦੀ ਨਿਸ਼ਾਨੀ ਆਖ ਦਿੰਦੇ ਹਾਂ।
ਨਾਨਕ, ਗੁਰ ਭੇਟਤ, ਹਰਿ ਸਿਉ ਲਿਵ ਲਾਗੀ ॥4॥70॥139॥
ਅਰਥ:-ਪੰਜਵੇਂ ਗੁਰੂ ਅਰਜਨ ਸਾਹਿਬ ਜੀ ਸ਼ਬਦ ਦੀ ਆਖਰੀ ਲਾਈਨ ਅੰਦਰ ਉਪਦੇਸ਼ ਕਰਦੇ ਹੋਏ ਨਾਨਕ ਜੀ ਦਾ ਨਾਮ ਲਿਖਦੇ ਹੋਏ ਆਖਦੇ ਹਨ ਕਿ ਅਸਲ ਗੁਰੂ ਜੀ ਦੇ ਦਰਸ਼ਨ ਹਨ ਕਿ ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨਾਲ, ਗਿਆਨ ਨਾਲ ਸੋਚ ਕਰਕੇ ਨੇੜਤਾ ਪਾ ਲੈਂਦਾ ਹੈ, ਭਾਵ ਉਸ ਸਿਖਿਆ ਅਨੁਸਾਰ ਆਪਣਾ ਜੀਵਨ ਬਣਾ ਲੈਂਦਾ ਹੈ ਉਸ ਦੀ ਸੁਰਤ ਉਸ ਸਦੀਵੀਂ ਤੇ ਅਟੱਲ ਪ੍ਰਭੂ ਜੀ ਵਿੱਚ ਲੱਗ ਜਾਂਦੀ ਹੈ, ਭਾਵ ਉਸ ਨੂੰ ਨਿਰੋਲ ਸੱਚ ਦੇ ਨਿਯਮਾਂ ਦੀ ਸੂਝ-ਬੂਝ ਆ ਜਾਂਦੀ ਹੈ। ਇਹੋ ਹੀ ਅਸਲ ਗੁਰੂ ਦੇ ਦਰਸ਼ਨ ਹਨ ਜਿਨ੍ਹਾਂ ਤੋਂ ਲੱਗਭਗ ਅਸੀਂ ਸਾਰੇ ਹੀ ਵਿਛੜ ਚੁੱਕੇ ਹਾਂ।4।70।139।
(4/758):-ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥13|| ਗੁਰੂ ਰਾਮਦਾਸ ਜੀ ਆਖਦੇ ਹਨ ਕਿ ਭਾਈ ਭਾਵੇਂ ਜੀਵਨ ਦੌਰਾਨ ਜਿਨ੍‍ੀਆਂ ਵੀ ਮਰਜ਼ੀ ਮੁਸ਼ਕਲਾਂ ਆ ਜਾਣ ਮਨੁੱਖ ਨੂੰ ਸੱਚ ਦੇ ਸਿਧਾਂਤ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਸਾਰਾ ਜੀਵਨ ਹੀ ਸੱਚ ਹੱਕ ਉਪਰ ਪਹਿਰਾ ਦੇਣਾ ਅਤੇ ਇਮਾਨਦਾਰੀ ਨਾਲ ਆਪਣੇ ਫ਼ਰਜ਼ਾਂ ਦੀ ਪਹਿਚਾਨ ਕਰਨੀ ਗੁਰੂ ਦੇ ਦਰਸ਼ਨ ਕਰਨੇ ਹਨ।
ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥14|| ਆਖਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੀ ਸਿਖਿਆ, ਗਿਆਨ ਨੂੰ ਹਾਸਲ ਕਰਕੇ ਉਸ ਅਨੁਸਾਰ ਆਪਣਾ ਜੀਵਨ ਬਣਾ ਲੈਂਦੇ ਹਨ ਉਹ ਫਿਰ ਜੀਵਨ ਦੀਆਂ ਤਮਾਂਮ ਮੁਸੀਬਤਾਂ ਨੂੰ ਲੰਘਦੇ ਹੋਏ ਆਪਣੀ ਮੰਜਲ ਵੱਲ ਨੂੰ ਲਗਾਤਾਰ ਵਧਦੇ ਹੀ ਜਾਂਦੇ ਹਨ।
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥15|| ਆਖਦੇ ਹਨ ਕਿ ਜਿਸ ਵੀ ਮਨੁੱਖ ਨੇ ਗੁਰੂ ਦੇ ਦਰਸ਼ਨ ਇੱਕ ਵਾਰੀ ਕਰ ਲਏ, ਭਾਵ ਜਿਸ ਨੂੰ ਗੁਰੂ ਜੀ ਦਾ ਸਿਧਾਂਤ, ਸਿਖਿਆ ਸਮਝ ਵਿੱਚ ਆ ਗਿਆ ਉਹ ਫਿਰ ਕਦੇ ਵੀ ਉਸ ਸਿਖਿਆ, ਗਿਆਨ, ਸੱਚ ਦੇ ਮਾਰਗ ਤੋਂ ਨਹੀਂ ਭਟਕਦਾ। ਉਸ ਨੂੰ ਸੱਚ ਵਾਲੇ ਰਾਹ ਉਪਰ ਚਲਣ ਦੀ ਹਮੇਸ਼ਾਂ ਹੀ ਤਾਂਘ ਬਣੀ ਰਹਿੰਦੀ ਹੈ।
ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥16|| ਗੁਰੂ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਮੀਂਹ ਪੈਣ ਨਾਲ ਸਾਰੀ ਧਰਤੀ ਦੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਚਾਰ ਚੁਫੇਰੇ ਖੇੜਾ ਮਹਿਸੂਸ ਹੁੰਦਾ ਹੈ ਇਸੇ ਤਰ੍ਹਾਂ ਹੀ ਜੇ ਅਸਲੀਅਤ ਵਿੱਚ ਕਿਸੇ ਨੇ ਗੁਰੂ ਦੇ ਦਰਸ਼ਨ ਕਰ ਲਏ ਹਨ, ਗੁਰੂ ਨੂੰ ਮਿਲ ਲਿਆ ਹੈ ਤਾਂ ਉਸ ਦੇ ਜੀਵਨ ਵਿੱਚ ਵੀ ਖੁਸ਼ੀਆਂ ਖੇੜਾ ਬਣ ਜਾਣਾ ਚਾਹੀਦਾ ਹੈ।
ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥25|| ਜਿਥੇ ਗੁਰੂ ਦੀ ਸਿਖਿਆ, ਨਿਰੋਲ ਸੱਚ ਦਾ ਗਿਆਨ ਸਾਡੇ ਜੀਵਨ ਨੂੰ ਗਲਤ ਰਸਤੇ ਤੋਂ ਰੋਕਣ ਵਾਸਤੇ ਨਿਤ ਝਾੜਾਂ ਪਾ ਰਿਹਾ ਹੈ ਉਥੇ ਜੇ ਅਸੀਂ ਇਸ ਗਿਆਨ ਅਨੁਸਾਰ ਆਪਣਾ ਜੀਵਨ ਬਣਾ ਲਈਏ ਉਥੇ ਸਾਨੂੰ ਦੁਨੀਆਂ ਦੇ ਤੱਖਤੇ ਉਪਰ ਇੱਜ਼ਤ-ਮਾਣ ਵਡਿਆਈ ਵੀ ਬਖਸ਼ਦਾ ਹੈ। ਇਹ ਸ਼ੋਭਾ, ਵਡਿਆਈ ਗਿਆਨ ਕਰਕੇ ਹੀ ਹੈ।
5/812:-ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥ ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥3|| ਗੁਰੂ ਜੀ ਆਖਦੇ ਹਨ ਕਿ ਜਿਸ ਮਨੁੱਖ ਨੂੰ ਉਹ ਪ੍ਰਭੂ ‘ਭਾਵ ਨਿਰੋਲ ਸੱਚ ਦੇ ਗੁਣ’ ਹਮੇਸ਼ਾਂ ਯਾਦ ਹੈ ਅਤੇ ਜੀਵਨ ਵਿੱਚ ਵਿਚਰਦਿਆਂ ਹੰਕਾਰ, ਮੋਹ, ਮਾਇਆ ਵਲੋਂ ਨਿਰਲੇਪ ਹੈ ਅਸਲ ਵਿੱਚ ਗੁਰੂ ਜੀ ਦੇ ਦਰਸ਼ਨ ਉਸ ਨੇ ਹੀ ਕੀਤੇ ਹਨ, ਨਹੀਂ ਤਾਂ ਨਿਰਾ ਮੱਥਾ ਟੇਕ ਕੇ ਆਖੀ ਜਾਣਾ ਕਿ ਮੈਂ ਗੁਰੂ ਦੇ ਦਰਸ਼ਨ ਕਰ ਲਏ ਹਨ ਇਹ ਨਿਰਾ ਦਿਖਾਵਾ ਹੀ ਹੈ।
5/217:-ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥ ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥ ਆਖਦੇ ਹਨ ਕਿ ਗੁਰੂ ਜੀ ਦੇ ਦਰਸ਼ਨ ਕਰ ਲੈਣ ਨਾਲ ਮਨੁੱਖ ਦੇ ਸਾਰੇ ਮਾਨਸਿਕ ਦੁੱਖ ਮੁੱਕ ਜਾਣੇ ਚਾਹੀਦੇ ਹਨ ਅਤੇ ਸਾਰੀਆਂ ਮਾਨਸਿਕ ਇਸ਼ਾਂਵਾਂ ਦੀ ਪੂਰਤੀ ਵੀ ਹੋ ਜਾਣੀ ਚਾਹੀਦੀ ਹੈ, ਭਾਵ ਸਾਰਾ ਜੀਵਨ ਹੀ ਖੁਸ਼ੀਆਂ ਖੇੜਿਆਂ ਵਾਲਾ ਬਣ ਜਾਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਨਹੀਂ ਹੈ ਤਾਂ ਅਜੇ ਤੱਕ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ। ਭਾਵੇਂ ਸਾਰੀ ਉਮਰ ਗੁਰੂ ਜੀ ਦੇ ਲਾਗੇ ਬੈਠ ਕੇ ਗੁਜਾਰ ਦੇਈਏ ਉਸ ਦਾ ਕੋਈ ਵੀ ਲਾਭ ਨਹੀਂ ਹੈ।
5/830:- ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥ ਰਾਚਹੁ ਨਾਥ ਹੀ ਸਹਾਈ ਸੰਤਨਾ ॥ ਅਬ ਚਰਨ ਗਹੇ ॥1|| ਰਹਾਉ ॥ ਆਖਦੇ ਹਨ ਕਿ ਗੁਰੂ ਜੀ ਚਰਨਾਂ ਨਾਲ ਲੱਗਿਆਂ, ਦਰਸ਼ਨ ਕਰ ਲੈਣ ਨਾਲ ਮਨੁੱਖ ਦੀ ਸਾਰੀ ਹੰਕਾਰ ਬਿਰਤੀ ਖਤਮ ਹੋ ਜਾਣੀ ਚਾਹੀਦੀ ਹੈ, ਜੇ ਗੁਰ ਸਿਖਿਆ, ਗਿਆਨ ਇਹ ਤਬਦੀਲੀ ਮਨੁੱਖ ਵਿੱਚ ਨਹੀਂ ਕਰ ਰਿਹਾ ਤਾਂ ਜਰੂਰ ਕਿਤੇ ਮਨੁੱਖ ਦੀ ਆਪਣੀ ਗਲਤੀ ਹੈ, ਫਿਰ ਸਮਝ ਲੈਣਾ ਚਾਹੀਦਾ ਹੈ ਕਿ ਅਸਲ ਗੁਰੂ ਜੀ ਦੇ ਦਰਸ਼ਨ ਅਜੇ ਤੱਕ ਨਹੀਂ ਹੋਏ।
5/1235:- ਹਮ ਨਾਨ੍‍ੇ ਨੀਚ ਤੁਮੇ੍‍ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥8॥1॥
ਕਬੀਰ/1374:- ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥ ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥189॥
1/17:- ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥3॥
ਭੁੱਲ ਚੁੱਕ ਦੀ ਮੁਆਫੀ
ਗੁਰੂ ਗ੍ਰੰਥ ਅਤੇ ਖਾਲਸਾ ਪੰਥ ਦਾ ਸੇਵਾਦਾਰ
ਕੁਲਵੰਤ ਸਿੰਘ ਭੰਡਾਲ

kulwantsinghbhandal@gmail.com

07958585695