ਪੁਤੀ ਗੰਢੁ ਪਵੈ ਸੰਸਾਰਿ

 

ਮਃ 1 ॥ 

ਕੈਹਾ ਕੰਚਨੁ ਤੁਟੈ ਸਾਰੁ ॥ ਅਗਨੀ ਗੰਢੁ ਪਾਏ ਲੋਹਾਰੁ ॥
ਗੋਰੀ ਸੇਤੀ ਤੁਟੈ ਭਤਾਰੁ ॥ ਪੁਤੀ ਗੰਢੁ ਪਵੈ ਸੰਸਾਰਿ ॥
ਰਾਜਾ ਮੰਗੈ ਦਿਤੈ ਗੰਢੁ ਪਾਇ ॥ ਭੁਖਿਆ ਗੰਢੁ ਪਵੈ ਜਾ ਖਾਇ ॥
ਕਾਲਾ ਗੰਢੁ ਨਦੀਆ ਮੀਹ ਝੋਲ ॥ ਗੰਢੁ ਪਰੀਤੀ ਮਿਠੇ ਬੋਲ ॥
ਬੇਦਾ ਗੰਢੁ ਬੋਲੇ ਸਚੁ ਕੋਇ ॥ ਮੁਇਆ ਗੰਢੁ ਨੇਕੀ ਸਤੁ ਹੋਇ ॥
ਏਤੁ ਗੰਢਿ ਵਰਤੈ ਸੰਸਾਰੁ ॥ ਮੂਰਖ ਗੰਢੁ ਪਵੈ ਮੁਹਿ ਮਾਰ ॥
ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥2॥ {ਗੁ:ਗਰੰਥ:ਪੰਨਾਂ:-143}

ਭਾਰਤ ਦੇਸ ਦੇ ਵਸਨੀਕ ਸਦੀਆਂ ਤੋਂ ਧਰਮ ਦਾ ਮਖੋਟਾ ਪਾਈ ਅਤੇ ਬਾਹਰੀ ਧਾੜਵੀਆਂ ਦੀ ਲੁੱਟ ਦਾ ਸ਼ਿਕਾਰ ਹੋਏ ਹੋਏ ਸਨ ਇਸ ਤਰ੍ਹਾਂ ਦੀ ਲੰਮੇਂ ਸਮੇਂ ਦੀ ਹੋ ਰਹੀ ਲੁੱਟ ਦੌਰਾਨ ਪਹਿਲੀ ਵਾਰੀ ਲਤਾੜੇ, ਕੁਚਲੇ, ਮਾਰੇ ਜਾ ਰਹੇ ਲੋਕਾਂ ਦੀ ਬਾਂਹ ਫੜਨ ਵਾਲੇ ਇਕ ਮਰਦ ਅਗੰਮੜੇ ਦਾ ਆਗਮਨ ਹੋਇਆ। ਜਿਸ ਨੇ ਬੜ੍ਹੀ ਨਿਡੱਰਤਾ ਦੇ ਨਾਲ ਮਾਰੇ ਜਾ ਰਹੇ ਲੋਕਾਂ ਦੇ ਹੱਕਾਂ ਦੀ ਅਵਾਜ਼ ਨੂੰ ਉਠਾਇਆ। ਇਹ ਉਪਰ ਲਿਖਿਆ ਸ਼ਬਦ ਉਸ ਜਗਤ ਬਾਬਾ ਨਾਨਕ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੋ ਅੱਜ ਸਾਡੇ ਮਾਨੀਅਤ ਗੁਰੂ ਗ੍ਰੰਥ ਜੀ ਵਿੱਚ ਪੰਨਾਂ ਨੰ: 143 ਤੇ ਸੁਭਾਏਮਾਨ ਹੈ। ਗੁਰੂਆਂ ਅਤੇ ਭਗਤਾਂ ਨੇ ਆਪਣੀ ਕ੍ਰਾਂਤੀਕਾਰੀ ਅਤੇ ਸਮਾਜ਼ ਸਧਾਰਕ ਰਚਨਾ ਨੂੰ ਅਲੋਕਿਕ ਤੇ ਸੁਆਦਲੀ ਬਣਾਉਣ ਵਾਸਤੇ ਅਨੇਕਾਂ ਹੀ ਉਧਾਰਨਾ, ਲੋਕ ਕਥੀਆਂ, ਮਨੁੱਖੀ ਜ਼ਜ਼ਬਾਤਾਂ ਅਤੇ ਵਿਅੰਗ ਵਰਤਕੇ ਮਨੁੱਖ ਦੇ ਜੀਵਨ ਨੂੰ ਗਿਆਨਵਾਨਾਂ ਵਾਲਾ ਬਣਾਕੇ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ। ਅਸੀਂ ਭਾਗਾਂਵਾਲੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਨੇ ਇਸ ਗਿਆਨ ਦੇ ਵਡਮੁੱਲੇ ਖਜ਼ਾਨੇ ਨੂੰ ਇੱਕ ਥਾਂ ਇਕੱਤਰ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸੰਭਾਲ ਦਿੱਤਾ ਸੀ ਪਰ ਇਹ ਇਕ ਸਿੱਖ ਧਰਮ ਵਿੱਚ ਦੁਖਾਂਤ ਹੋ ਨਿਬੜਿਆ ਹੈ ਕਿ ਇਸ ਗਿਆਨ ਮਈ ਖਜ਼ਾਨੇ ਨੂੰ ਆਪੂੰ ਬਣੇ ਸਾਧਾਂ, ਸੰਤਾਂ, ਭਾਈਆਂ, ਡੇਰੇਦਾਰਾਂ ਤੇ ਬ੍ਰਹਮਗਿਆਨੀਆਂ ਨੇ ਆਪਣੀ ਹੀ ਮਲਕੀਅਤ ਸਮਝ ਲਿਆ ਹੈ ਅਤੇ ਹੋਰ ਕਿਸੇ ਨੂੰ ਨਾ ਹੀ ਪੜ੍ਹਾਇਆ ਸਮਝਾਇਆ ਅਤੇ ਨਾ ਹੀ ਪੜ੍ਹਨ ਦਿੱਤਾ ਗਿਆ ਜਿਸ ਕਰਕੇ ਆਮ ਲੋਕ ਇਸ ਗਿਆਨ ਤੋਂ ਸੱਖਣੇ ਰਿਹ ਗਏ ਜਿਸ ਕਰਕੇ ਇਨ੍ਹਾਂ ਆਪੂੰ ਬਣੇ ਸਾਧਾਂ ਦੇ ਚਰਨਾਂ ਤੇ ਸਿਰ ਸੁੱਟੀ ਪੁੱਤਰਾਂ ਦੀ ਪ੍ਰਾਪਤੀ ਦੀਆਂ ਅਰਦਾਸਾਂ ਕਰਵਾਉਣ ਲੱਗ ਪਏ। ਇਸੇ ਤਰ੍ਹਾਂ ਹੀ ਉਪਰ ਦਰਸਾਏ ਸ਼ਬਦ ਨੂੰ ਵੀ ਰਾਗੀਆਂ, ਢਾਢੀਆਂ, ਕੀਰਤਨੀਆਂ, ਪ੍ਰਚਾਰਕਾਂ, ਸਾਧਾਂ, ਸੰਤਾਂ ਤੇ ਬ੍ਰਹਮਗਿਆਨੀਆਂ ਨੇ ਪੁੱਤਰ ਦੇ ਪੈਦਾ ਹੋਣ ਨਾਲ ਸੰਸਾਰ ਵਿੱਚ ਗੰਢ ਪੈਣ ਦੀ ਖੁਸ਼ੀ ਤੇ ਹੀ ਸਾਨੂੰ ਸੁਣਾਇਆ ਹੈ ਅਤੇ ਸਾਡੀਆਂ ਜੇਬਾਂ ਖਾਲੀ ਕਰਵਾਈਆਂ ਹਨ। ਕੀਰਤਨ ਕਰਨ ਵਾਲਿਆਂ ਨੇ ਵੀ ਵਾਰ ਵਾਰ ਸ਼ਬਦ ਵਿੱਚੋਂ ਇਕ ਲਾਈਨ ਨੂੰ ਚੁਣਕੇ ਗਾਇਆ ਹੈ ਜਿਸ ਨਾਲ ਭੋਲੀਆਂ ਸੰਗਤਾਂ ਨੂੰ ਇਹ ਸਾਰਾ ਕੁੱਝ ਸੱਚ ਲੱਗਣ ਲੱਗ ਪਿਆ ਹੈ। ਸ਼ਬਦ ਵਿੱਚ ਵਰਤੀਆਂ ਜਾਣ ਵਾਲੀਆਂ ਉਧਾਰਨਾ ਕਈ ਵਾਰੀ ਸੱਚੀਆਂ ਵੀ ਨਹੀਂ ਹੁੰਦੀਆਂ ਪਰ ਕੱਚੇ ਪਿੱਲੇ ਰਾਗੀਆਂ ਨੇ ਉਨ੍ਹਾਂ ਨੂੰ ਸਮਝਣ ਦੀ ਬਜਾਏ ਕੋਈ-ਨ-ਕੋਈ ਸਾਖੀ ਘੜ੍ਹਕੇ ਸਮਾਂ ਪੂਰਤੀ ਕਰਦਿਆਂ ਗੁਰੂ ਜੀ ਦੇ ਅਸਲੀ ਸਿਧਾਂਤ ਨੂੰ ਵਿਗਾੜਿਆ ਹੈ। ਮਿਸਾਲ ਦੇ ਤੌਰ ਤੇ ਜਿਵੇਂ ਉਦਾਰਨ ਹੈ ਪਰ ਸੱਚ ਨਹੀਂ ਹੋ ਸਕਦਾ:-{1196:-ਸੁਰਹ ਕੀ ਜੈਸੀ ਤੇਰੀ ਚਾਲ ॥ ਤੇਰੀ ਪੂੰਛਟ ਊਪਰਿ ਝਮਕ ਬਾਲ ॥1॥} {326:-ਕਹੁ ਕਬੀਰ ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥3॥} ਇਹ ਵੀ ਮਨੁੱਖ ਨੂੰ ਸਮਝਾਉਣ ਵਾਸਤੇ ਦਲੀਲ (ਉਧਾਰਨ) ਵਜੋਂ ਹੀ ਵਰਤੀ ਗਈ ਹੈ ਇਸੇ ਹੀ ਤਰ੍ਹਾਂ ਉਪਰ ਦਰਸਾਏ ਸ਼ਬਦ ਅੰਦਰ ਵੀ ਉਧਾਰਨਾ ਵਰਤ ਵਰਤਕੇ ਗੁਰੂ ਜੀ ਸਾਨੂੰ ਜੀਵਨ ਦਾ ਅਸਲੀ ਮਕਸਦ ਸਮਝਾ ਰਹੇ ਹਨ। ਜੇ ਅਸੀ ਇਸ ਸ਼ਬਦ ਦੇ ਅਖਰੀ ਅਰਥਾਂ ਨੂੰ ਹੀ ਸੱਚ ਮੰਨ ਲੈਂਦੇ ਹਾਂ ਤਾਂ ਇਸ ਗੱਲ ਦਾ ਅਸੀਂ ਕਿਸ ਤਰ੍ਹਾਂ ਨਿਰਣਾ ਕਰ ਸਕਦੇ ਹਾਂ ਕਿ ਨਵ ਜੰਮਿਆਂ ਪੁੱਤਰ ਵੱਡਾ ਹੋ ਕਿ ਨੇਕ ਇਨਸਾਨ ਬਣੇਗਾ ਜਾਂ ਨਹੀਂ, ਮਾਤਾ ਪਿਤਾ ਦਾ ਆਗਿਆਕਾਰੀ ਬਣੇਗਾ ਕਿ ਨਹੀਂ, ਉਚੀ ਵਿਦਿਆ ਹਾਸਲ ਕਰ ਸਕੇਗਾ ਜਾਂ ਨਹੀਂ, ਜਾਂ ਕੀ ਉਹ ਦੇਸ ਦੀ, ਕੌਂਮ ਦੀ ਕੋਈ ਸੇਵਾ ਕਰ ਸਕੇਗਾ ਜਾਂ ਨਹੀਂ, ਕੀ ਉਹ ਬੁੱਢੇ ਹੋਏ ਮਾਂ-ਬਾਪ ਦੀ ਸੇਵਾ ਕਰ ਸਕੇਗਾ ਕਿ ਨਹੀਂ, ਜਾਂ ਕੀ ਉਹ ਡਰੱਗੀ, ਨਸ਼ੱਈ, ਚੋਰ, ਠੱਗ ਡਾਕੂ ਤਾਂ ਨਹੀਂ ਬਣ ਜਾਵੇਗਾ ਇਨ੍ਹਾਂ ਗੱਲਾਂ ਵੱਲ ਅਸੀਂ ਜਾਂ ਸਾਡੇ ਸਮਾਜ਼ ਨੇ ਕਦੇ ਵੀ ਧਿਆਨ ਨਹੀਂ ਮਾਰਿਆ, ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਅਸਲੀ ਧਰਮੀ ਬਣਾਉਣ ਵੱਲ ਕਦੇ ਵੀ ਉਪਰਾਲਾ ਨਹੀਂ ਕੀਤਾ, ਨੇਕ ਸੱਚ ਦੇ ਗਿਆਨਵਾਨ ਬਣਾਉਣ ਵਾਸਤੇ ਸਾਰਥਿਕ ਉਪਰਾਲੇ ਨਹੀਂ ਕੀਤੇ, ਬਸ ਨਿਰ੍ਹਾ ਗੁਰਦੁਆਰੇ ਦੀ ਚਾਰਦੁਆਰੀ ਵਿੱਚ ਕੰਨ ਪਾੜਵੀਂ ਅਵਾਜ਼ ਨਾਲ {ਪੁੱਤੀਂ ਗੰਢ ਪਵੇ ਸੰਸਾਰ} ਵਾਲਾ ਸ਼ਬਦ ਹੀ ਗਵਾਇਆ ਜਾਂ ਗਾਇਆ ਹੈ। ਗੁਰਬਾਣੀ ਦਾ ਵਾਰ-ਵਾਰ ਨਰੀਖਣ ਕਰਨ ਤੇ ਜਿਥੇ ਸਾਨੂੰ ਬਹੁ ਸਾਰੀਆਂ ਦਲੀਲਾਂ, ਉਧਾਰਨਾ, ਜ਼ਜ਼ਬਾਤਾਂ ਨੂੰ ਵਰਤਿਆ ਹੋਇਆ ਮਿਲਦਾ ਹੈ ਉਥੇ ਇਸ ਸ਼ਬਦ ਵਿੱਚ ਵੀ ਸਾਨੂੰ ਸਮਝਾਉਣ ਵਾਸਤੇ ਗੁਰੂ ਜੀ ਨੇ ਕਈ ਦਲੀਲਾਂ ਵਰਤੀਆ ਹਨ ਪਰ ਅਸੀਂ ਗੁਰਬਾਣੀ ਦੀ ਬਣਤਰ ਤੋਂ ਨਾਵਾਕਫ਼ ਹੋਣ ਕਰਕੇ ਗੁਰੂ ਜੀ ਦੇ ਅਸਲ ਸਿਧਾਂਤ ਨੂੰ ਨਹੀਂ ਸਮਝ ਸਕੇ ਜਿਸ ਕਰਕੇ ਹਰ ਸਾਧ ਦੇ ਡੇਰੇ ਤੇ, ਹਰ ਗੁਰਦੁਆਰੇ ਵਿੱਚ ਬੈਠੇ ਭਾਈ ਨੇ ਸਾਡੀ ਪੁੱਤਰ ਦੀ ਪ੍ਰਾਪਤੀ ਵਾਸਤੇ ਹੀ ਅਰਦਾਸ ਕੀਤੀ ਹੈ ਅਤੇ ਅਸੀਂ ਕਰਵਾਈ ਹੈ। ਜੇ ਇਕ ਮਿੰਟ ਵਾਸਤੇ ਮੰਨ ਵੀ ਲਈਏ ਕਿ ਅਰਦਾਸ ਕਰਨ ਨਾਲ ਹੀ ਪੁੱਤਰ ਮਿਲਦਾ ਹੈ ਤਾਂ ਫਿਰ ਪੁਤਰੀਆਂ ਕਿਸ ਦੀ ਅਰਦਾਸ ਨਾਲ ਜਨਮ ਲੈ ਰਹੀਆਂ ਹਨ ਕੀ ਅਸੀਂ ਜਾਂ ਸਾਧ, ਸੰਤ, ਭਾਈ, ਪੁਜ਼ਾਰੀ ਉਸ ਅਸੀਮ ਤੇ ਅਟੱਲ ਵਰਤ ਰਹੇ ਨਿਯਮ ਨੂੰ ਬਦਲ ਸਕਦੇ ਹਨ? ਨਹੀਂ ਜੀ! ਕੋਈ ਵੀ ਉਸ ਨੂੰ ਨਹੀਂ ਬਦਲ ਸਕਦਾ ਇਹ ਸਾਰੀ ਸਾਡੀ ਅਗਿਆਨਤਾ ਹੀ ਹੈ ਜੋ ਸਾਡੇ ਦਿਲ ਦਿਮਾਗ ਵਿੱਚ ਡੂੰਘੀ ਧੱਸ ਗਈ ਹੈ ਜਿਸ ਨੂੰ ਅਸੀਂ ਛੱਡਨਾ ਨਹੀਂ ਚਾਹੁੰਦੇ। ਕਈ ਹੋਰ ਸ਼ਬਦ ਵੀ ਹਨ ਜਿਨ੍ਹਾਂ ਨੂੰ ਖਾਸ਼ ਕਰਕੇ ਪੁੱਤਰਾਂ ਦੇ ਜਨਮ ਦਿਨਾਂ ਤੇ ਗਾਇਆ ਜਾਂਦਾ ਹੈ ਜਿਵੇ:-{496:-ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍‍ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥1|| ਰਹਾਉ ॥} ਇਹ ਕੇਵਲ ਗਾਇਆ ਹੀ ਜਾ ਰਿਹਾ ਹੈ ਕੀ ਕਦੇ ਅਸੀਂ ਇਸ ਤਰ੍ਹਾਂ ਦੀ ਉਲਾਦ ਬਣਾਉਣ ਦਾ ਉਪਰਾਲਾ ਵੀ ਕੀਤਾ ਹੈ ਕਿ ਹੇ ਮੇਰੇ ਪੁਤਰੋ, ਹੇ ਮੇਰੀਉ ਧੀਉ ਉਸ ਰੱਬ ਜੀ ਨੂੰ ਸਦਾ ਹੀ ਯਾਦ ਰੱਖਿਉ, ਉਹ ਅਸੀਮ ਸ਼ਕਤੀ ਹਰ ਸਮੇਂ ਮੱਦਦ ਕਰਦੀ ਹੈ, ਸੱਚ ਦਾ ਲੜ੍ਹ ਕਦੇ ਨਾ ਛੱਡਿਉ ਅਤੇ ਨਾ ਹੀ ਅਸੀਂ ਆਪਣੇ ਬਣਾਏ ਕ੍ਰੋੜਾਂ ਰੁਪਇਆਂ ਦੇ ਗੁਰਦੁਆਰਿਆਂ ਵਿੱਚ ਇਸ ਤਰ੍ਹਾਂ ਦੀ ਸਿਖਿਆ ਦਾ ਕੋਈ ਪ੍ਰਬੰਧ ਕੀਤਾ ਹੈ ਕਦੇ-ਨ-ਕਦੇ ਤਾਂ ਇਸ ਪਾਸੇ ਵੱਲ ਨੂੰ ਸਾਨੂੰ ਸੋਚਣਾ ਹੀ ਪਵੇਗਾ ਆਉ ਹੁਣੇ ਹੀ ਸ਼ੁਰੂ ਕਰੀਏ ਤਾਂ ਜੋ ਸੱਚ ਦੇ ਮਾਰਗ ਤੇ ਚੱਲਦਿਆਂ ਸੰਸਾਰ ਨਾਲ ਸੱਚੀ ਗੰਢ ਪਾ ਸਕੀਏ। ਸ਼ਬਦ ਦੀ ਪੰਗਤੀ-ਦਰ-ਪੰਗਤੀ ਨੂੰ ਸਮਝਣ ਦਾ ਯਤਨ ਕਰਦੇ ਹਾਂ।

ਮਃ 1 ॥
ਕੈਹਾ, ਕੰਚਨੁ, ਤੁਟੈ ਸਾਰੁ ॥
ਉਚਾਰਨ:-ਕੈਹਾਂ, ਕੰਚਨ, ਤੁੱਟੈ ਸਾਰ ॥
ਪਦ ਅਰਥ:-ਕੈਹਾ-ਕਾਂਸੀ। ਕੰਚਨੁ-ਸੋਨਾ। ਤੁਟੈ-ਟੁੱਟ ਜਾਵੇ। ਸਾਰੁ-ਲੋਹਾ।
ਅਰਥ:-ਗੁਰੂ ਨਾਨਕ ਜੀ ਦੇ ਸਮੇਂ ਲੋਕ ਰੱਬ ਦੇ ਮਿਲਾਪ ਵਾਸਤੇ ਘਰਬਾਰ ਛੱਡ ਜ਼ੰਗਲਾ ਵਿੱਚ, ਪਹਾੜਾਂ ਦੀਆਂ ਕੰਦਰਾਂ ਵਿੱਚ ਜਾਂ ਤੀਰਥਾਂ ਦੇ ਕੰਢਿਆਂ ਤੇ ਜਾ ਵਾਸਾ ਕਰ ਲੈਂਦੇ ਸਨ ਅਤੇ ਜਾਂ ਮੋਨਧਾਰ ਲੈਂਦੇ ਸਨ ਫਿਰ ਵੀ ਸਾਰੀ ਉਮਰ ਬੀਤਣ ਤੇ ਅਸਲ ਵਿੱਚ ਰੱਬ ਜੀ ਨਾਲ ਜੋੜ ਨਹੀਂ ਸੀ ਹੁੰਦਾ। ਗੁਰੂ ਜੀ ਸਾਨੂੰ ਉਸ ਪ੍ਰਭੂ ਜੀ ਨਾਲ ਜੋੜ ਪਾਉਣ ਵਾਸਤੇ ਕੁੱਝ ਦਲੀਲਾਂ ਵਰਤਦੇ ਹੋਏ ਸਮਝਾ ਰਹੇ ਹਨ। ਕਿ ਜਿਸ ਤਰ੍ਹਾਂ ਕਾਂਸੀ, ਸੋਨਾ ਅਤੇ ਲੋਹੇ ਦੀ ਬਣੀ ਹੋਈ ਕੋਈ ਚੀਜ ਟੁੱਟ ਜਾਵੇ ਤਾਂ ਦੁਬਾਰਾ ਬਣ ਜਾਂਦੀ ਹੈ, ਖਿਆਲ ਅਗਲੀ ਲਾਈਨ ਵਿੱਚ ਚਾਲੂ ਹੈ:-

ਅਗਨੀ, ਗੰਢੁ ਪਾਏ ਲੋਹਾਰੁ ॥
ਉਚਾਰਨ:-ਅਗਨੀ, ਗੰਢ ਪਾਏ ਲੋਹਾਰ ॥
ਪਦ ਅਰਥ:-ਅਗਨੀ-ਅੱਗ ਨਾਲ। ਗੰਢੁ-ਜੋੜ, ਟੰਕਾ। ਪਾਏ-ਪਾ ਦਿੰਦਾ ਹੈ। ਲੋਹਾਰੁ-ਕਾਰੀਗਰ।
ਅਰਥ:-ਉਪਰਲੀ ਲਾਈਨ ਵਿੱਚ ਦਰਸਾਈਆਂ ਧਾਤਾਂ ਦੇ ਟੁੱਟ ਜਾਣ ਤੇ ਉਨ੍ਹਾਂ ਦੇ ਕਾਰੀਗਰ ਉਨ੍ਹਾਂ ਨੂੰ ਅੱਗ ਵਿੱਚ ਰੱਖ ਗਰਮ ਕਰਕੇ ਮੁੜ ਦੁਬਾਰਾ ਟੰਕਾ ਲਾ ਦਿੰਦੇ ਹਨ, ਉਨ੍ਹਾਂ ਨੂੰ ਜੋੜ ਦਿੰਦੇ ਹਨ।

ਗੋਰੀ ਸੇਤੀ, ਤੁਟੈ ਭਤਾਰੁ ॥
ਉਚਾਰਨ:-ਗੋਰੀ ਸੇਤੀਂ, ਤੁੱਟੈ ਭਤਾਰ ॥
ਪਦ ਅਰਥ:-ਗੋਰੀ-ਜਵਾਨ ਇਸਤ੍ਰੀ, ਘਰਵਾਲੀ। ਸੇਤੀ-ਨਾਲੋਂ। ਤੁਟੈ-ਟੁੱਟ ਜਾਵੇ, ਅਣਬਣ ਹੋ ਜਾਵੇ। ਭਤਾਰੁ-ਖਸਮ, ਪਤੀ।
ਅਰਥ:-ਗੁਰੂ ਜੀ ਉਪਰਲੀ ਲਾਈਨ ਵਾਂਗੂੰ ਹੀ ਇਸ ਲਾਈਨ ਵਿੱਚ ਦਲੀਲ ਵਰਤਕੇ ਕੁੱਝ ਸਮਝਾ ਰਹੇ ਹਨ ਕਿ ਜੇ ਪਤਨੀ ਅਤੇ ਪਤੀ ਦੀ ਆਪਸ ਵਿੱਚ ਕਦੇ ਕੋਈ ਕਿਸੇ ਤਰ੍ਹਾਂ ਦੀ ਅਣਬਣ ਹੋ ਜਾਵੇ ਤਾਂ ਖਿਆਲ ਅਗਲੀ ਲਾਈਨ ਵਿੱਚ ਸੰਪੂਰਨ ਹੁੰਦਾ ਹੈ।

ਪੁਂਤੀ, ਗੰਢੁ ਪਵੈ ਸੰਸਾਰਿ ॥
ਉਚਾਰਨ:-ਪੁੱਤੀਂ, ਗੰਢ ਪਵੈ ਸੰਸਾਰ ॥
ਪਦ ਅਰਥ:-ਪੁਤਂØੀ-ਪੁੱਤਰਾਂ ਧੀਆਂ ਕਰਕੇ {ਪੁਤੀ ਅਖਰ ਬਹੁ ਵਚਨ ਹੈ}| ਗੰਢ-ਜੋੜ, ਮਿਲਾਪ। ਪਵੈ-ਪੈ ਸਕਦਾ ਹੈ, ਪੈ ਜਾਂਦਾ ਹੈ। ਸੰਸਾਰਿ-ਜਗਤ ਵਿੱਚ।
ਅਰਥ:-ਸ਼ਬਦ ਦੇ ਪਹਿਲੇ ਬੰਦ ਦੀ ਦਲੀਲ ਵਾਂਗੂੰ ਹੀ ਇਸ ਬੰਦ ਵਿੱਚ ਗੁਰੂ ਜੀ ਫੁਰਮਾਉਂਦੇ ਹਨ ਕਿ ਜੇ ਕਦੇ ਪਤੀ ਪਤਨੀ ਦੀ ਆਪਸ ਵਿੱਚ ਅਣਬਣ ਹੋ ਜਾਵੇ ਤਾਂ ਸਿਆਣੇ ਪੁੱਤਰ ਧੀਆਂ ਦੇ ਸਹਿਯੋਗ ਨਾਲ ਫਿਰ ਮਿਲ ਵਰਤਣ ਬਣ ਜਾਂਦਾ ਹੈ। ਭਾਵ ਮਿਲ ਵਰਤਨ ਸੰਭਵ ਹੋ ਸਕਦਾ ਹੈ।

ਰਾਜਾ ਮੰਗੈ, ਦਿਤੈ ਗੰਢੁ ਪਾਇ ॥
ਉਚਾਰਨ:-ਰਾਜਾ ਮੰਗੈ, ਦਿੱਤੈ ਗੰਢ ਪਾਏ ॥
ਪਦ ਅਰਥ:-ਰਾਜਾ-ਕਿਸੇ ਇਲਾਕੇ ਦਾ ਸਰਦਾਰ। ਮੰਗੈ-ਪਰਜਾ ਪਾਸੋਂ ਮੰਗਦਾ ਹੈ। ਦਿਤੈ-ਦੇਣ ਨਾਲ। ਗੰਢੁ-ਜੋੜ। ਪਾਇ-ਪੈਂਦਾ ਹੈ।
ਅਰਥ:-ਗੁਰੂ ਜੀ ਸ਼ਬਦ ਦੇ ਪ੍ਰਾਕਰਣ ਅਨੁਸਾਰ ਅਗਲੀ ਉਧਾਰਨ ਵਰਤਦੇ ਹਨ ਕਿ ਜੇ ਇਲਾਕੇ ਦਾ ਰਾਜਾ ਆਪਣੀ ਪਰਜਾ ਪਾਸੋਂ ਮਾਮਲਾ ਮੰਗਦਾ ਹੈ ਅਤੇ ਉਸ ਦੀ ਪਰਜਾ ਰਾਜੇ ਨੂੰ ਮਾਮਲਾ ਦਿੰਦੀ ਹੈ ਤਾਂ ਰਾਜੇ ਅਤੇ ਪਰਜਾ ਦਾ ਆਪਸੀ ਜੋੜ ਬਣਿਆ ਰਿਹ ਸਕਦਾ ਹੈ। (ਮਾਮਲਾ ਨਾ ਦਿੱਤਾ ਜਾਵੇ ਤਾਂ ਰਾਜੇ ਤੇ ਪਰਜਾ ਦੀ ਆਪਸੀ ਵਿਗੜ ਜਾਂਦੀ ਹੈ)।

ਭੁਖਿਆ ਗੰਢੁ ਪਵੈ, ਜਾ ਖਾਇ ॥
ਉਚਾਰਨ:-ਭੁੱਖਿਆਂ ਗੰਢ ਪਵੈ, ਜਾਂ ਖਾਏ ॥
ਪਦ ਅਰਥ:-ਭੁਖਿਆ-ਭੁੱਖੇ ਮਨੁੱਖ ਦੀ। ਗੰਢੁ-ਜੋੜ, ਸਾਂਤੀ, ਚੈਨ। ਪਵੈ-ਪੈਂਦਾ ਹੈ। ਜਾ-ਜੇ ਕਰ। ਖਾਇ-ਭੋਜਨ ਖਾਂਦਾ ਹੈ।
ਅਰਥ:-ਗੁਰੂ ਜੀ ਆਖਦੇ ਹਨ ਕਿ ਭੁੱਖੇ ਮਨੁੱਖ ਨੂੰ ਕੁੱਝ-ਨ-ਕੁੱਝ ਖਾਣ ਨਾਲ ਹੀ ਸਾਂਤੀ, ਚੈਨ ਮਿਲਦਾ ਹੈ ਅਤੇ ਹੋਰਨਾ ਨਾਲ ਜੋੜ ਮਿਲਾਪ ਹੁੰਦਾ ਹੈ। ਜੇ ਮਨੁੱਖ ਕੁੱਝ ਖਾਵੇ ਹੀ ਨਾ ਤਾਂ ਬਹੁਤਾ ਚਿਰ ਸੰਸਾਰ ਨਾਲ ਜੋੜ ਨਹੀਂ ਰੱਖ ਸਕਦਾ। { ਕਹਾਵਤ ਹੈ:-ਢਿੱਡ ਨਾ ਪਾਈਆਂ ਰੋਟੀਆਂ, ਤਾਂ ਸਭੈ ਗੱਲਾਂ ਖੋਟਰੀਆਂ}।

ਕਾਲਾ ਗੰਢੁ, ਨਦੀਆ ਮੀਹ ਝੋਲ ॥
ਉਚਾਰਨ:-ਕਾਲਾਂ ਗੰਢ, ਨਦੀਆਂ ਮੀਂਹ ਝੋਲ ॥
ਪਦ ਅਰਥ:-ਕਾਲਾ-ਕਾਲ ਤੋਂ। ਗੰਢੁ-ਗੰਢ ਪੈਂਦੀ ਹੈ, ਰੋਕ ਪੈਂਦੀ ਹੈ, ਖਤਮ ਹੁੰਦਾ ਹੈ। ਨਦੀਆ-ਨਹਿਰਾਂ ਵਿੱਚ। ਮੀਹ ਝੋਲ-ਬਹੁਤੇ ਮੀਂਹ ਪੈਣ ਨਾਲ।
ਅਰਥ:-ਆਖਦੇ ਹਨ ਕਿ ਜ਼ਬਰਦਸਤ (ਬਹੁ ਸਾਰਾ) ਮੀਂਹ ਪੈਣ ਨਾਲ ਹੀ ਸੋਕਾ ਦੂਰ ਹੁੰਦਾ ਹੈ ਕਾਲ ਦਾ ਖਾਤਮਾ ਹੁੰਦਾ ਹੈ, ਚਾਰ ਚਫੇਰੇ ਹਰਿਆਵਲੀ ਹੁੰਦੀ ਹੈ, ਨਦੀਆਂ ਨਾਲਿਆਂ ਵਿੱਚ ਪਾਣੀ ਭਰ ਸਕਦਾ ਹੈ।

ਗੰਢੁ ਪਰੀਤੀ, ਮਿਠੇ ਬੋਲ ॥
ਉਚਾਰਨ:-ਗੰਢ ਪਰੀਤੀਂ, ਮਿੱਠੇ ਬੋਲ ॥
ਪਦ ਅਰਥ:-ਗੰਢੁ-ਜੋੜ, ਮਿਲਾਪ। ਪਰੀਤੀ-ਪਿਆਰ, ਨੇੜਤਾ। ਮਿਠੇ ਬੋਲ-ਮਿੱਠੇ ਬਚਨਾਂ ਨਾਲ।
ਅਰਥ:-ਹੁਣ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਮਨੁੱਖ ਦਾ ਸੰਸਾਰ ਨਾਲ ਜੋੜ, ਪਰੀਤੀ, ਮਿੱਠੇ ਬਚਨਾਂ ਸਦਕਾ ਹੀ ਚੰਗੀ ਬਣ ਸਕਦੀ ਹੈ। ਜੇ ਮਨੁੱਖ ਗਲਤ ਬੋਲਦਾ ਹੋਵੇ ਤਾਂ ਕੋਈ ਮਨੁੱਖ ਵੀ ਉਸ ਦੇ ਨੇੜੇ ਨਹੀਂ ਆਉਣਾ ਚਾਉਂਦਾ।

ਬੇਦਾ ਗੰਢੁ, ਬੋਲੇ ਸਚੁ ਕੋਇ ॥
ਉਚਾਰਨ:-ਬੇਦਾ ਗੰਢ, ਬੋਲੇ ਸੱਚ ਕੋਏ ॥
ਪਦ ਅਰਥ:-ਬੇਦਾ-ਬੇਦਾ ਚਾਰੀਆ, ਗਿਆਨਵਾਨ। ਗੰਢੁ-ਜੋੜ। ਬੋਲੇ ਸਚੁ-ਨਿਰੋਲ ਸੱਚ ਵਾਲੇ ਬਚਨ। ਕੋਇ-ਕੋਈ।
ਅਰਥ:-ਹੁਣ ਗੁਰੂ ਜੀ ਹੋਰ ਉਧਾਰਨ ਵਰਤਦੇ ਆਖਦੇ ਹਨ ਕਿ ਹਰ ਮਨੁੱਖ ਆਪਣੇ ਆਪ ਨੂੰ ਧਰਮ ਦੇ ਮਿੱਥ ਲਏ ਗਏ ਕਰਮਕਾਂਡ ਕਰਦਾ ਹੋਇਆ ਸਿਆਣਾ, ਗਿਆਨਵਾਨ ਸਮਝ ਰਿਹਾ ਹੈ ਪਰ ਅਸਲ ਵਿੱਚ ਗਿਆਨਵਾਨ, ਬੇਦਾਚਾਰੀਆ ਉਸ ਨੂੰ ਹੀ ਮੰਨਿਆ ਜਾ ਸਕਦਾ ਹੈ, ਉਸ ਨੂੰ ਜਾਣਿਆਂ ਜਾ ਸਕਦਾ ਹੈ ਜਿਹੜਾ ਮਨੁੱਖ ਜੀਵਨ ਦੌਰਾਨ ਹਮੇਸ਼ਾਂ ਸੱਚ ਬੋਲਦਾ ਹੈ ਅਤੇ ਉਸ ਸੱਚ ਉਪਰ ਆਪਣਾ ਜੀਵਨ ਗੁਜਾਰਦਾ ਹੈ। 2:-ਧਾਰਮਿਕ ਗ੍ਰੰਥਾਂ ਦੀ ਵਿਦਿਆ ਨੂੰ ਹਾਸਲ ਕੀਤਾ ਤਾਂ ਹੀ ਸਮਝਿਆ ਜਾਵੇਗਾ ਜੇ ਉਸ ਮਨੁੱਖ ਦਾ ਜੀਵਨ ਨਿਰੋਲ ਸੱਚ ਵਾਲਾ ਹੈ।

ਮੁਇਆ ਗੰਢੁ, ਨੇਕੀ ਸਤੁ ਹੋਇ ॥
ਉਚਾਰਨ:-ਮੋਇਆਂ ਗੰਢ, ਨੇਕੀ ਸੱਤ ਹੋਏ ॥
ਪਦ ਅਰਥ:-ਮੁਇਆ-ਮਰ ਜਾਣ ਪਿੱਛੋਂ। ਗੰਢੁ-ਜੋੜ। ਨੇਕੀ-ਨੇਕ ਕਾਰਜ਼। ਸਤੁ-ਦਾਨ ਪੁੰਨ ਕਰਕੇ। ਹੋਇ-ਬਣ ਜਾਂਦਾ ਹੈ, ਹੋ ਜਾਂਦਾ ਹੈ।
ਅਰਥ:-ਆਖਦੇ ਹਨ ਕਿ ਜੀਵਨ ਦੌਰਾਨ ਭਲੇ ਕਾਰਜ਼ ਕਰਨ ਵਾਲੇ ਮਨੁੱਖ ਨੂੰ ਮਰਨ ਤੋਂ ਬਾਅਦ ਵੀ ਲੋਕ ਯਾਦ ਕਰਦੇ ਰਹਿੰਦੇ ਹਨ। ਉਸ ਦਾ ਜੋੜ ਦੁਨੀਆਂ ਨਾਲ ਲੰਮੇ ਸਮੇਂ ਤੱਕ ਬਣਿਆਂ ਰਹਿੰਦਾ ਹੈ। ਜੇ ਅਸੀਂ ਆਪਣੇ ਇਤਹਾਸ ਵੱਲ ਪੱਛੀ ਝਾਤ ਵੀ ਮਾਰ ਲਈਏ ਤਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਚਰਖੜੀਆਂ ਤੇ ਚੜ੍ਹੇ ਉਹ ਅੱਜ ਸਾਡੇ ਵਿੱਚ ਸਰੀਰ ਕਰਕੇ ਤਾਂ ਨਹੀਂ ਹਨ ਪਰ ਸਾਡੇ ਨਾਲ ਉਨ੍ਹਾਂ ਦਾ ਜੋੜ ਸਦੀਆਂ ਤੋਂ ਚੱਲਿਆ ਆ ਰਿਹਾ ਹੈ, ਕਿਸੇ ਵੀ ਤਰ੍ਹਾਂ ਦੀ ਉਨ੍ਹਾਂ ਦੀ ਉਲਾਦ ਕਰਕੇ ਅਸੀਂ ਉਨ੍ਹਾਂ ਨੂੰ ਯਾਦ ਨਹੀਂ ਕਰਦੇ। ਕੇਵਲ ਭਲੇ ਕੰਮਾਂ ਕਰਕੇ ਹੀ ਸਾਡੇ ਨਾਲ ਉਨ੍ਹਾਂ ਦਾ ਜੋੜ ਹੈ।

ਏਤੁ ਗੰਢਿ, ਵਰਤੈ ਸੰਸਾਰੁ ॥
ਉਚਾਰਨ:-ਏਤ ਗੰਢ, ਵਰਤੈ ਸੰਸਾਰ ॥
ਪਦ ਅਰਥ:-ਏਤੁ-ਇਸ ਤਰ੍ਹਾਂ। ਗੰਢਿ-ਜੋੜ, ਮਿਲ ਵਰਤਨ। ਵਰਤੈ ਸੰਸਾਰੁ-ਦੁਨੀਆਂ ਦਾ ਵਰਤਾਰਾ ਹੈ।
ਅਰਥ:-ਆਖਦੇ ਹਨ ਕਿ ਉਪਰ ਦਰਸਾਈਆਂ ਅਨੇਕਾਂ ਦਲੀਲਾਂ ਤੇ ਤਰੀਕਿਆਂ ਨਾਲ ਹੀ ਲੋਕਾਂ ਦਾ ਦੁਨੀਆਂ ਵਿੱਚ ਜੋੜ ਹੈ, ਮਿਲ ਵਰਤਨ ਹੈ, ਪਿਆਰ ਹੈ।

ਮੂਰਖ ਗੰਢੁ ਪਵੈ, ਮੁਹਿ ਮਾਰ ॥
ਉਚਾਰਨ:-ਮੂਰਖ ਗੰਢ ਪਵੈ, ਮੂੰਹ ਮਾਰ ॥
ਪਦ ਅਰਥ:-ਮੂਰਖ-ਅਗਿਆਨੀ ਮਨੁੱਖ। ਗੰਢੁ-ਰੋਕ ਪੈਣੀ। ਪਵੈ-ਪੈਂਦੀ ਹੈ। ਮੁਹਿ-ਮੂੰਹ ਤੇ। ਮਾਰ- ਮਾਰ ਪਵੇ।
ਅਰਥ:-ਗੁਰੂ ਜੀ ਸੇਧ ਦਿੰਦੇ ਹੋਏ ਆਖਦੇ ਹਨ ਕਿ ਬਹੁਤੀ ਵਾਰੀ ਅਗਿਆਨਤਾ ਅਧੀਨ ਕੰਮ ਕਰਨ ਵਾਲੇ ਮੂਰਖ ਮਨੁੱਖ ਨੂੰ ਵੀ ਅਕਲ ਆ ਜਾਂਦੀ ਹੈ ਜੇ ਕਰ ਉਸ ਨੂੰ ਉਸਦੀ ਕੀਤੀ ਮੂਰਖਤਾ ਕਰਕੇ ਉਸ ਨੂੰ ਮੂੰਹ ਦੀ ਖਾਣੀ ਪੈ ਜਾਵੇ। ਭਾਵ ਜੇ ਕੋਈ ਅਗਿਆਨੀ ਮਨੁੱਖ ਵੀ ਆਪਣੀ ਅਗਿਆਨਤਾ ਨੂੰ ਜਾਣ ਲਵੇ ਤੇ ਸੱਚ ਵਾਲੇ ਰਾਹ ਤੁਰ ਪਵੇ ਤਾਂ ਉਸ ਦਾ ਜੋੜ ‘ਮਿਲ ਵਰਤਨ’ ਵੀ ਦੁਨੀਆਂ ਦੇ ਲੋਕਾਂ ਨਾਲ ਵਧੀਆ ਬਣ ਸਕਦਾ ਹੈ।

ਨਾਨਕੁ ਆਖੈ, ਏਹੁ ਬੀਚਾਰੁ ॥
ਉਚਾਰਨ:-ਨਾਨਕ ਆਖੈ, ਏਹ ਬੀਚਾਰ ॥
ਪਦ ਅਰਥ:-ਨਾਨਕੁ-ਖੁਦ ਨਾਨਕ ਜੀ। ਆਖੈ-ਆਖਦੇ ਹਨ। ਏਹੁ-ਇਹ ਸੱਚ ਦੀ। ਬੀਚਾਰੁ-ਸਿਖਿਆ।
ਅਰਥ:-ਗੁਰੂ ਨਾਨਕ ਜੀ ਸ਼ਬਦ ਦੇ ਆਖਰੀ ਬੰਦ ਅੰਦਰ ਬਹੁਤ ਹੀ ਸਿਖਿਆ ਦਾਇਕ ਗੱਲ ਆਖ ਰਹੇ ਹਨ, ਇਹ ਉਤਮ ਵੀਚਾਰ ਦਰਸਾ ਰਹੇ ਹਨ।

ਸਿਫਤੀ, ਗੰਢੁ ਪਵੈ ਦਰਬਾਰਿ ॥2॥
ਉਚਾਰਨ:-ਸਿਫਤੀਂ, ਗੰਢ ਪਵੈ ਦਰਬਾਰ ॥2॥
ਪਦ ਅਰਥ:-ਸਿਫਤੀ-ਸਿਫਤ ਸਲਾਹ ਕਰਨ ਨਾਲ। ਗੰਢੁ-ਜੋੜ। ਪਵੈ-ਪੈਂਦਾ ਹੈ, ਪੈ ਸਕਦਾ ਹੈ। ਦਰਬਾਰਿ-ਰੱਬ ਜੀ ਦੇ ਦਰ ਤੇ, ਸੰਸਾਰ ਦੇ ਲੋਕਾਂ ਨਾਲ।2।
ਅਰਥ:-ਆਖਰੀ ਲਾਈਨ ਵਿੱਚ ਗੁਰੂ ਜੀ ਬਹੁਤ ਹੀ ਉਤਮ ਦਰਜ਼ੇ ਦਾ ਉਪਦੇਸ਼ ਸਾਨੂੰ ਬਖਸ਼ ਰਹੇ ਹਨ ਕਿ ਦੁਨੀਆਂ ਵਿੱਚ ਲੋਕਾਂ ਦਾ ਆਪਸੀ ਮਿਲ ਵਰਤਨ, ਆਪਸੀ ਜੋੜ ਕਈ ਤਰੀਕਿਆਂ ਨਾਲ ਬਣ ਸਕਦਾ ਹੈ ਅਤੇ ਬਣਿਆਂ ਹੋਇਆ ਹੈ ਪਰ ਉਸ ਅਸੀਮ ਤੇ ਬੇਅੰਤ ਸ਼ਕਤੀ ਮਾਨ ਪ੍ਰਭੂ ਜੀ ਨਾਲ ਜੋੜ ਪਾਉਣ ਵਾਸਤੇ ਲੋਕ ਜਾਂ ਆਪਣੇ ਆਪ ਨੂੰ ਧਰਮੀ ਸਮਝੀ ਬੈਠੇ ਸਾਧ, ਸੰਤ, ਬ੍ਰਹਮਗਿਆਨੀ, ਭਾਈ, ਰਾਗੀ, ਢਾਢੀ ਇਨ੍ਹਾਂ ਸਾਰਿਆਂ ਵਿੱਚੋਂ ਕੋਈ ਸਾਨੂੰ ਦੋ-ਚਾਰ ਅੱਖਰਾਂ ਦਾ ਰਟਨ ਕਰਨ ਨਾਲ ਉਸ ਰੱਬ ਜੀ ਨਾਲ ਜੋੜ ਰਿਹਾ ਹੈ, ਕੋਈ ਮਸਿਆ-ਸੰਗਰਾਂਦਾਂ ਤੇ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਹੀ ਰੱਬ ਜੀ ਦਾ ਮਿਲਾਪ ਦਰਸਾ ਰਿਹਾ ਹੈ, ਕੋਈ ਕੇਵਲ ਸੇਵਾ ਦੇ ਨਾ ਹੇਠਾਂ ਸਾਨੂੰ ਲੁੱਟਦਾ ਹੋਇਆ ਪ੍ਰਭੂ ਜੀ ਦਾ ਮਿਲਾਪ ਹੋ ਜਾਣ ਦਾ ਲਾਰਾ ਲਾ ਰਿਹਾ ਹੈ, ਕੋਈ ਢਾਈ ਘੰਟੇ ਸਵਾਸਾਂ ਦਾ ਦਸਵੰਜ਼ ਕਢਣ ਨੂੰ ਹੀ ਪ੍ਰਭੂ ਨਾਲ ਜੋੜ ਆਖ ਰਿਹਾ ਹੈ, ਕੋਈ ਅਰਦਾਸਾਂ ਕਰ ਕਰਵਾ ਰਿਹਾ ਹੈ, ਕੋਈ ਇਕ ਪਾਠ, ਕੋਈ ਗਿਆਰਾਂ ਪਾਠ, ਕੋਈ ਇੱਕੀ ਪਾਠ, ਕੋਈ ਇੱਕਵੰਜ਼ਾ ਪਾਠ, ਕੋਈ ਕੋਤਰਸੋ ਪਾਠ, ਕੋਈ ਚੁੱਪ ਪਾਠ, ਕੋਈ ਹੇਕਾਂ ਵਾਲਾ ਪਾਠ, ਕੋਈ ਸਹਿਜ਼ ਪਾਠ, ਕੋਈ ਖਾਸ਼ ਵਿਧੀ ਵਾਲਾ ਪਾਠ, ਕੋਈ ਸੰਪਟ ਪਾਠ ਹੇਠਾਂ ਸਾਨੂੰ ਖੂਬ ਲੁੱਟਦਾ ਹੋਇਆ ਸਾਡਾ ਮਿਲਾਪ ਉਸ ਰੱਬ ਜੀ ਨਾਲ ਕਰ-ਕਰਵਾ ਰਿਹਾ ਹੈ। ਕੋਈ ਘਰਬਾਰ ਤਿਆਗ ਜ਼ੰਗਲਾਂ ਵੱਲ ਨੂੰ ਰੱਬ ਜੀ ਨਾਲ ਮਿਲਾਪ ਕਰਨ ਵਾਸਤੇ ਦੋੜ੍ਹਿਆ ਹੋਇਆ ਹੈ। ਪਰ ਗੁਰੂ ਜੀ ਬੜ੍ਹੀ ਹੀ ਨਿਧੱੜਕੀ ਨਾਲ ਨਿਰੋਲ ਸੱਚ ਨੂੰ ਸਾਡੇ ਸਾਹਮਣੇ ਬਿਆਨ ਕਰਦੇ ਹੋਏ ਆਖਦੇ ਹਨ ਕਿ ਹੇ ਭਾਈ ਜੇ ਤੂੰ ਉਸ ਰੱਬ ਜੀ ਨਾਲ ਜੋੜ ਪਾਉਣਾ ਚਾਹੁੰਦਾ ਹੈ ਤਾਂ ਤੈਨੂੰ ਖੁਦ ਆਪ ਨੂੰ ਉਸ ਨਿਰੋਲ ਸੱਚ ਦੇ ਸਿਧਾਂਤ ਨੂੰ, ਨਿਰੋਲ ਸੱਚ ਦੇ ਵਰਤ ਰਹੇ ਅਟੱਲ ਨਿਯਮਾਂ ਦੇ ਗਿਆਨ ਨੂੰ ਹਾਸਲ ਕਰ ਉਸ ਅਨੁਸਾਰ ਜੀਵਨ ਬਣਾਉਣ ਦੀ ਜਰੂਰਤ ਹੈ, ਹੇ ਮਨੁੱਖ ਜੇ ਤੂੰ ਸੱਚ ਨੂੰ ਸਮਝਕੇ ਆਪਣਾ ਜੀਵਨ ਗੁਜਾਰੇਂਗਾ ਤਾਂ ਸੰਸਾਰ ਦੇ ਲੋਕ ਤੇਰਾ ਆਦਰ ਸਤਿਕਾਰ ਕਰਦੇ ਹੋਏ ਤੈਨੂੰ ਸਦਾ ਯਾਦ ਵੀ ਰੱਖਣਗੇ, ਜਿਸ ਨੂੰ ਗੁਰੂ ਜੀ ਨੇ ਬਿਆਨ ਕੀਤਾ ਹੈ:-{ ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ }| ਕਿਉਂ ਕਿ ਇਹ ਸੰਸਾਰ ਹੀ ਉਸ ਸੱਚੇ ਦਾ ਦਰਬਾਰ ਹੈ ਜਿਸ ਨੂੰ ਹਜ਼ੂਰ ਨੇ ਫੁਰਮਾਇਆ ਹੈ:-{ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ } ਸੋ ਇਸ ਸ਼ਬਦ ਅੰਦਰ ਕਿਸੇ ਵੀ ਤਰ੍ਹਾਂ ਇਹ ਨਹੀਂ ਸਪੱਸ਼ਟ ਹੁੰਦਾ ਕਿ ਪੁੱਤਰਾਂ ਕਰਕੇ ਹੀ ਸੰਸਾਰ ਵਿੱਚ ਗੰਢ ਹੈ, ਜੋੜ ਹੈ।2।

ਗੁਰੂ ਗ੍ਰੰਥ ਅਤੇ ਖਾਲਸਾ ਪੰਥ ਦਾ ਸੇਵਕ
ਕੁਲਵੰਤ ਸਿੰਘ ਭੰਡਾਲ ਯੂ.ਕੇ