ਭਗਤ ਨਾਮਦੇਵ ਜੀ ਦਾ ਦੇਹੁਰੇ ਨੂੰ ਘੁਮਾਉਂਣਾ

{ ਪੰਨਾ:-1164 }
ਹਸਤ ਖੇਲਤ ਤੇਰੇ ਦੇਹੁਰੇ ਆਇਆ ॥
ਭਗਤਿ ਕਰਤ ਨਾਮਾ ਪਕਰਿ ਉਠਾਇਆ ॥1॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥
ਛੀਪੇ ਕੇ ਜਨਮਿ ਕਾਹੇ ਕਉ ਆਇਆ ॥1॥ ਰਹਾਉ ॥
ਲੈ ਕਮਲੀ ਚਲਿਓ ਪਲਟਾਇ ॥
ਦੇਹੁਰੈ ਪਾਛੈ ਬੈਠਾ ਜਾਇ ॥2॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥
ਭਗਤ ਜਨਾਂ ਕਉ ਦੇਹੁਰਾ ਫਿਰੈ ॥3॥6॥

ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਜਿਥੇ ਮਨੁੱਖ ਦੇ ਜੀਵਨ ਦੀ ਥੱਮੀ ਹੈ, ਉਥੇ ਮਨੁੱਖੀ ਜੀਵਨ ਨੂੰ ਗਿਆਨ ਪਰਭੂਰ ਬਣਾਉਂਦੀ ਹੋਈ ‘ਅਟੱਲ ਸੱਚ ਦੀ’ ਪ੍ਰਭੂ ਜੀ ਦੀ ਲੱਖਤਾ ਵੀ ਕਰਵਾਉਂਦੀ ਹੈ ਭਾਵ ਮਨੁੱਖਤਾ ਵਿੱਚ ਪਏ ਵਿੱਤਕਰਿਆਂ ਨੂੰ ਦੂਰ ਕਰ, ਏਕ ਪਿਤਾ ਦੇ ਬੱਚੇ ਬਣਨ ਦਾ ਉਪਦੇਸ਼ ਦਿੰਦੀ ਹੈ ਅਤੇ ਨਾਲ ਹੀ ਸਮਾਜਿਕ ਢਾਂਚੇ ਵਿੱਚ ਆਈਆਂ ਅਨੇਕਾਂ ਕਮੀਆਂ ਦਾ ਖਲਾਸਾ ਵੀ ਕਰਦੀ ਹੈ। ਗੁਰਬਾਣੀ ਦਾ ਅੱਖਰ-ਅੱਖਰ ਮਨੁੱਖ ਦੇ ਜੀਵਨ ਦੀ ਤਰਜ਼ਮਾਨੀ ਕਰਦਾ ਹੈ, ਜੀਵਨ ਨੂੰ ਸੋਹਣਾ ਗਿਆਨਵਾਨ ਬਣਾਉਂਣ ਦਾ ਤਰੀਕਾ ਦਰਸਾਉਂਦਾ ਹੈ ਅਤੇ ਇਹ ਸਾਰਾ ਸਿਧਾਂਤ ਇਸ ਸੰਸਾਰ ਵਿੱਚ ਵਸ ਰਹੇ ਮਨੁੱਖਾਂ ਵਾਸਤੇ ਹੈ, ਸਾਡੇ ਵਾਸਤੇ ਹੈ। ਧੰਨ ਸਿਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਮਨੁੱਖ ਦੇ ਜੀਵਨ ਨਾਲ ਢੁੱਕਦੀਆਂ ਬਹੁ ਸਾਰੀਆਂ ਘਟਨਾਵਾਂ ਦਾ ਜ਼ਿਕਰ ਹੈ, ਉਸ ਸਮੇਂ ਦੇ ਪ੍ਰਚਲਤ ਮੁਹਾਵਰਿਆਂ ਦਾ ਵਖਿਆਨ ਹੈ, ਲੋਕਾਂ ਦੇ ਆਪਸੀ ਮਿਲ ਵਰਤਣ ਦੇ ਤੌਰ ਤਰੀਕਿਆਂ ਦੀ ਵਿਆਖਿਆ ਹੈ। ਗੁਰੂਆਂ ਅਤੇ ਭਗਤਾਂ ਨੇ ਇਸ ਗੁਰਬਾਣੀ ਰੂਪੀ ਨਿਰੋਲ ਸੱਚ ਦੇ ਗਿਆਨ ਨਾਲ ਆਪਣਾ ਸਾਰਾ ਜੀਵਨ ਬਿਤਾਇਆ ਅਤੇ ਲੋਕਾਂ ਦੀ ਭਲਾਈ ਵਾਸਤੇ ਲਾਇਆ, ਸਮਾਜ਼ ਸਧਾਰ ਦਾ ਕੰਮ ਹਰ ਖੇਤਰ ਵਿੱਚ ਵਿਚਰਦਿਆਂ ਕੀਤਾ ਸੀ। ਪਰ ਅੱਜ ਅਸੀਂ ਇਸ ਕਾਵਿਕ ਰਚਨਾਂ ਨੂੰ ਸਮਝਣ ਤੋਂ ਅਸਮਰੱਥ ਕਿਉਂ ਹਾਂ ? ਇਸ ਦੇ ਕਈ ਕਾਰਣ ਹਨ:

1: ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਤੋਂ ਜਾਣੂ ਨਹੀਂ ਹਾਂ,

2: ਅਸੀਂ ਗੁਰਬਾਣੀ ਨੂੰ ਅੱਨ੍ਹੀ ਸ਼ਰਧਾ ਅਧੀਨ ਕੇਵਲ ਰੱਬ ਜੀ ਨਾਲ ਮਿਲਣ ਦਾ ਜ਼ਰੀਆ ਹੀ ਮੰਨੀ ਬੈਠੇ ਹਾਂ,

3: ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਣ ਦੀ ਥਾਂ ਕੇਵਲ ਤੋਤਾ ਰਟਨ ਹੀ ਕਰੀ ਜਾ ਰਹੇ ਹਾਂ,

4: ਹੱਥ ਉਪਰ ਹੱਥ ਰੱਖ ਨਿਰ੍ਹੀਆਂ ਅਰਦਾਸਾਂ ਕਰਨ ਵਿੱਚ ਹੀ ਵਿਸ਼ਵਾਸ਼ ਰੱਖੀ ਬੈਠੇ ਹਾਂ ਪਰ ਗੁਰੂਆਂ ਅਤੇ ਭਗਤਾਂ ਨੇ ਸਾਨੂੰ ਵਾਰ ਵਾਰ ਆਪਣੇ ਸਮੇਂ ਦੌਰਾਨ ਅਤੇ ਹਰ ਸਮੇਂ ਵਿੱਚ ਮਨੁੱਖਤਾ ਨਾਲ ਹੋਣ ਵਾਲੇ ਆਪਸੀ ਵਿਤਕਰੇ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕੀਤਾ ਹੈ ਅਤੇ ਉਸ ਨੂੰ ਸਲਝਾਉਣ ਦਾ ਵਧੀਆ ਤਰੀਕਾ ਦਰਸਾਇਆ ਹੈ ਜਿਵੇ:- ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥1॥

ਗੁਰੂਆਂ ਤੋਂ ਪਹਿਲਾਂ ਹੋਏ ਭਗਤਾਂ ਨੇ ਆਪਣੇ ਨਿਜ਼ੀ ਜੀਵਨ ਦੀਆਂ ਕਈ ਘਟਨਾਵਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ ਅਤੇ ਉਨ੍ਹਾਂ ਭਗਤਾਂ ਦੇ ਜੀਵਨ ਵਰਗੀਆਂ ਘਟਨਾਵਾਂ ਹਰ ਸਮੇਂ ਹੋਣੀਆਂ ਸੰਭਵ ਹਨ ਅਤੇ ਹੋ ਵੀ ਰਹੀਆਂ ਹਨ ਭਗਤ ਨਾਮਦੇਵ ਜੀ ਮਹਾਂਰਾਸ਼ਟਰ ਦੇ ਵਸਨੀਕ ਸਨ ਅਤੇ ਉਨ੍ਹਾਂ ਦੀ ‘18’ ਰਾਗਾਂ ਅੰਦਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਹੈ। ਉਸ ਸਮੇਂ ਦਾ ਧਰਮ ਮੋਹਰੀ ਆਪਣੀ ਉਚੀ ਜਾਤ ਦਾ ਅਭਿਮਾਨ ਕਰਦਾ ਹੋਇਆ ਜਿਥੇ ਆਪ ਸੁੱਚ ਭਿੱਟ, ਊਚ ਨੀਚ ਵਿੱਚ ਫਸਿਆ ਹੋਇਆ ਆਪਣੇ ਆਪ ਨੂੰ ਹੀ ਧਰਮੀ ‘ਆਸਤਕ’ ਸਮਝਦਾ ਸੀ ਉਥੇ ਸੱਚ ਹੱਕ ਦੀ ਕਮਾਈ ਕਰਨ ਵਾਲੇ ਸੱਚ ਤੇ ਪਹਿਰਾ ਦੇਣ ਵਾਲਿਆਂ ਨੂੰ ਨੀਵੇਂ ਤੇ ਸ਼ੂਦਰ ਤੇ ‘ਨਾਸਤਿਕ’ ਵੀ ਆਖਦਾ ਸੀ। ਆਪਣੇ ਆਪ ਨੂੰ ਧਰਮੀ ਸਮਝਦਾ ਹੋਇਆ ਲੋਕਾਂ ਨਾਲ ਵੱਡੀ ਬੇ ਇਨਸਾਫੀ ਵੀ ਕਰ ਰਿਹਾ ਸੀ, ਆਮ ਲੋਕਾਂ ਨੂੰ ਨੀਚ ਆਖ ਕੇ ਹਰ ਖੇਤਰ ਵਿੱਚ ਉਨ੍ਹਾਂ ਨੂੰ ਪਿੱਛੇ ਕੀਤਾ ਜਾਂਦਾ ਸੀ। ਖਾਣ-ਪੀਣ ਅਤੇ ਪਹਿਣਨ ਤੋਂ ਲੈ ਕੇ ਵਿਦਿਆ ਲੈਣ ਤੱਕ ਵੀ ਵਿਤਕਰਾ ਕੀਤਾ ਜਾਂਦਾ ਸੀ, ਜਾਤ-ਪਾਤ ਕਰਕੇ ਗਰੀਬਾਂ ਨੂੰ ਲਤਾੜਿਆਂ ਜਾਂਦਾ ਸੀ। ਉਸ ਸਮੇਂ ਵਿੱਚ ਗਿਆਨਵਾਨ ਕ੍ਰਾਂਤੀਕਾਰੀ ਤੇ ਪ੍ਰਉਕਾਰਾਂ ਨਾਲ ਭਰੇ ਜੀਵਨ ਵਾਲਾ ਕੋਈ ਵਿਰਲਾ ਹੀ ਭਗਤ ਨਾਮਦੇਵ ਜੀ ਵਰਗਾ ਇੱਕ ਅੱਧ ਹੁੰਦਾ ਸੀ ਜੋ ਇਸ ਤਰ੍ਹਾਂ ਦੀਆਂ ਮਨੁੱਖਤਾ ਉਪਰ ਹੋ ਰਹੀਆਂ ਵਧੀਕੀਆਂ ਦਾ ਡੱਟਕੇ ਵਿਰੋਧ ਕਰਦਾ ਸੀ ਕਈ ਵਾਰੀ ਇਸ ਤਰ੍ਹਾਂ ਦੀ ਵਿਰੋਧਤਾ ਦਾ ਸਿੱਟਾ ਜਾਨ ਮਾਰੂ ਵੀ ਹੋ ਨਿਬੜਦਾ ਸੀ।

ਸੋ ਇਸ ਉਪਰ ਲਿਖੇ ਸ਼ਬਦ ਰਾਹੀਂ ਵੀ ਭਗਤ ਨਾਮਦੇਵ ਜੀ ਆਪਣੇ ਸਮੇਂ ਅਤੇ ਅੱਜ ਦੇ ਹੰਕਾਰੀ ਤੇ ਉਚ ਜਾਤੀਆਂ ਵਲੋਂ ਹੋ ਰਹੇ ਵਿਤਕਰੇ ਬਾਰੇ ਦਰਸਾਉਂਦੇ ਹੋਏ ਲੋਕਾਂ ਨੂੰ ਸੱਚ ਹੱਕ ਤੇ ਆਪਣੇ ਸਵੈ-ਮਾਣ ਨਾਲ ਜੀਵਨ ਗੁਜ਼ਾਰਨ ਦਾ ਸੰਦੇਸ਼ ਦੇ ਰਹੇ ਹਨ। ਪਰ ਅੱਜ ਤੱਕ ਇਸ ਤਰ੍ਹਾਂ ਦੇ ਕਈ ਸ਼ਬਦਾਂ ਦੇ ਅਰਥ ਕੇਵਲ ਮੰਨ ਘੜਤ ਕਹਾਣੀਆਂ ਬਣਾ ਕਿ ਹੀ ਸੁਣਾਏ ਗਏ ਹਨ| ਆਉ ਇਸ ਸ਼ਬਦ ਦੀ ਲਾਈਨ-ਦਰ-ਲਾਈਨ ਨੂੰ ਵੀਚਾਰਨ ਦੀ ਕੋਸ਼ਿਸ਼ ਕਰੀਏ ਕਿ ਉਸ ਸਮੇਂ ਭਗਤ ਨਾਮਦੇਵ ਜੀ ਨਾਲ ਕੀ ਵਾਪਰੀ ਹੋਵੇਗੀ ਅਤੇ ਅੱਜ ਸਾਡੇ ਨਾਲ ਧਰਮ ਦੇ ਖੇਤਰ ਵਿੱਚ ਕੀ ਵਾਪਰ ਰਹੀ ਹੈ ਅਤੇ ਇਸ ਸ਼ਬਦ ਤੋਂ ਸੇਧ ਲੈ ਕੇ ਭਗਤ ਜੀ ਵਾਂਗੂੰ ਅਸੀਂ ਵੀ ਦ੍ਰਿੜ ਇਰਾਦੇ ਨਾਲ ਸਮਾਜ਼ ਸਧਾਰ ਦੇ ਕੰਮ ਕਰਨ ਦਾ ਪ੍ਰਣ ਕਰੀਏ:-

ਹਸਤ ਖੇਲਤ ਤੇਰੇ ਦੇਹੁਰੇ ਆਇਆ ॥
ਉਚਾਰਨ ਸੇਧ:-ਹਸਤ ਖੇਲਤ ਤੇਰੇ ਦੇਹੁਰੇ ਆਇਆ ॥
ਪਦ ਅਰਥ:-ਹਸਤ ਖੇਲਤ-ਖੁਸ਼ੀ ਖੁਸ਼ੀ, ਚਾਵਾਂ ਚਾਵਾਂ ਨਾਲ। ਤੇਰੇ ਦਹੁਰੇ-ਹੇ ਰੱਬ ਜੀ ਲੋਕਾਂ ਦੇ ਸਮਝੇ ਜਾਂਦੇ ਤੇਰੇ ਦਹੁਰੇ। ਆਇਆ-ਆਇਆ ਹਾਂ।
ਅਰਥ:-ਭਗਤ ਨਾਮਦੇਵ ਜੀ ਆਪਣੇ ਜੀਵਨ ਦੌਰਾਨ ਆਪਣੇ ਨਾਲ ਹੋਈ ਹੱਡਬੀਤੀ ਨੂੰ ਸਾਡੇ ਸਾਹਮਣੇ ਰੱਖਦੇ ਹੋਏ ਸਮਝਾ ਰਹੇ ਹਨ ਕਿ ਧਰਮ ਅਸਥਾਨਾਂ ਤੇ ਕਾਬਜ਼ ਪੁਜ਼ਾਰੀ ਤੱਬਕਾ ਆਮ ਲੋਕਾਂ ਨਾਲ ਕੀ ਕਰ ਸਕਦਾ ਹੈ ਆਖਦੇ ਹਨ ਕਿ ਮੈਂ ਨਾਮਦੇਵ ਬੜੇ ਹੀ ਚਾਵਾਂ ਨਾਲ ਲੋਕਾਂ ਦੇ ਸਮਝ ਲਏ ਗਏ ਰੱਬ ਜੀ ਦੇ ਘਰ ‘ਮੰਦਰ’ ਵਿੱਚ ਜੀਵਨ ਨੂੰ ਵਧੀਆ ਬਣਾਉਂਣ ਵਾਸਤੇ ਗਿਆਨ ਲੈਣ ਆਇਆ ਸਾਂ, ਪਰ ਉਥੇ ਮੇਰੇ ਨਾਲ ਹੋਇਆ ਕੀ ਜੋ ਅਗੇ ਫੁਰਮਾ ਰਹੇ ਹਨ।

ਭਗਤਿ ਕਰਤ ਨਾਮਾ ਪਕਰਿ ਉਠਾਇਆ ॥1॥
ਉਚਾਰਨ ਸੇਧ:-ਭਗਤੀ ਕਰਤ ਨਾਮਾਂ ਪਕਰ ਉਠਾਇਆ ॥1॥
ਪਦ ਅਰਥ:-ਭਗਤਿ-ਭਗਤੀ, ਬੰਦਗੀ {ਸੱਚ ਦੀ ਗੱਲ ਕਰਨੀ} ‘ਭਗਤਿ’ ਇਸ ਤਰੀਕੇ ਨਾਲ ਲਿਖਿਆ ਇਹ ਅੱਖਰ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਤਕਰੀਬਨ ‘660’ ਵਾਰੀ ਆਉਂਦਾ ਹੈ ਅਰਥਾਂ ਦੇ ਅਧਾਰ ਤੇ ਨਰੀਖਣ ਕਰ ਲੈਣਾ ਇਸ ਦਾ ਅਰਥ ‘ਭਗਤੀ’ ਹੀ ਨਿਕਲਦਾ ਹੈ ਤਾਂ ਫਿਰ ਗੁਰਬਾਣੀ ਜਾਂ ਕਿਸੇ ਵੀ ਹੋਰ ਰਚਨਾਂ ਦੇ ਅੱਖਰਾਂ ਦਾ ਉਚਾਰਨ ਸਪੱਸ਼ਟ ਅਰਥਾਂ ਅਨੁਸਾਰ ਹੀ ਸਹੀ ਹੁੰਦਾ ਹੈ ਇਸ ਕਰਕੇ ਇਸ ਦਾ ਉਚਾਰਨ ‘ਭਗਤੀ’ ਹੀ ਹੋਣਾ ਸਹੀ ਹੈ। ਕਰਤ-ਕਰਦੇ ਨੂੰ। ਪਕਰਿ-ਫੜ੍ਹਕੇ। ਉਠਾਇਆ-ਬਾਹਰ ਕੱਢ ਦਿੱਤਾ।1।
ਅਰਥ:-ਦੋ ਚਾਰ ਮਨੁੱਖਾਂ ਵਿੱਚ ਹੋਣ ਵਾਲੀ ਵਾਰਤਕ ਗੱਲਬਾਤ ਨੂੰ ਕਾਵਿਕ ਰਚਨਾਂ ਅੰਦਰ ਪ੍ਰੋਣ ਵਾਸਤੇ ਬਹੁਤ ਥੋੜੇ ਤੇ ਗਹਿਰੇ ਅੱਖਰਾਂ ਦੀ ਲੋੜ ਹੁੰਦੀ ਹੈ। ਜਿਹੜੇ ਭਗਤ ਨਾਮਦੇਵ ਜੀ ਆਪਣੀ ਰਚਨਾਂ ਅੰਦਰ ਆਖਦੇ ਹੋਣ ਕਿ {ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍‍ਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥} ਉਹ ਭਗਤ ਨਾਮਦੇਵ ਕਿਸੇ ਵੀ ਤਰ੍ਹਾਂ ਕਿਸੇ ਮੰਦਰ ਵਿੱਚ ਜਾ ਕੇ ਅੱਖਾਂ ਮੀਟ ਸਮਾਧੀ ਲਾ ਕਿਸੇ ਤਰ੍ਹਾਂ ਦੀ ਭਗਤੀ ਨਹੀਂ ਕਰਦਾ ਹੋਵੇਗਾ, ਕਿਸੇ ਮੰਨ ਲਏ ਗਏ ਦੇਵੀ ਦੇਵਤੇ ਦੀ ਮੂਰਤੀ ਦੀ ਪੂਜ਼ਾ ਭੇਟਾ ਕਰਨ ਨਹੀਂ ਜਾ ਸਕਦਾ ਅਤੇ ਕਿਸੇ ਵੀ ਤਰ੍ਹਾਂ ਦੀ ਭਗਤੀ ਕਰਨ ਵੀ ਨਹੀਂ ਆਇਆ ਹੋਵੇਗਾ। ਹਾਂ! ਭਗਤ ਨਾਮਦੇਵ ਜੀ, ਜੋ ਉਚ ਕੋਟੀ ਦਾ ਗਿਆਨ ਰੱਖਣ ਵਾਲੇ ਸਨ ਉਹ ਉਸ ਮੰਦਰ ਵਿੱਚ ਹੋ ਰਹੇ ਕਰਮਕਾਂਢਾਂ, ਆਮ ਲੋਕਾਂ ਦੀ ਹੋ ਰਹੀ ਅੱਨ੍ਹੀ ਲੁੱਟ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਵਾਸਤੇ ਅਤੇ ਉਨ੍ਹਾਂ ਉਚ ਜਾਤੀ ਦੇ ਬਣੇ ਪੁਜ਼ਾਰੀ ਨੂੰ ਖਰੀਆਂ ਖਰੀਆਂ ਸੁਣਾਉਂਣ ਵਾਸਤੇ ਜਰੂਰ ਆਇਆ ਹੋਵੇਗਾ ਅਤੇ ਇਸ ਤਰ੍ਹਾਂ ਵੀ ਆਖਿਆ ਹੋਵੇਗਾ:-ਛੋਡਿ ਛੋਡਿ ਰੇ ਪਾਖੰਡੀ,! ਮਨ, ਕਪਟੁ ਨ ਕੀਜੈ ॥ ਹਰਿ ਕਾ ਨਾਮੁ, ਨਿਤ ਨਿਤਹਿ ਲੀਜੈ ॥1॥ ਰਹਾਉ ॥ ਅਸਲ ਵਿੱਚ ਭਗਤੀ ਕਰਦੇ ਨੂੰ ਉਠਾਲ ਦੇਣਾ ਇਹੋ ਹੀ ਹੈ ਕਿ ਜਦੋਂ ਨਾਮਦੇਵ ਜੀ ਲੋਕਾਂ ਨੂੰ ਪੁਜ਼ਾਰੀ ਵਲੋਂ ਹੋ ਰਹੀ ਲੁੱਟ ਬਾਰੇ ਦੱਸਦੇ ਹੋਣਗੇ ਤਾਂ ਪੁਜ਼ਾਰੀ ਅਤੇ ਧਰਮ ਪ੍ਰਤੀ ਅੱਨ੍ਹੀ ਸ਼ਰਧਾ ਰੱਖਣ ਵਾਲਿਆਂ ਭਗਤ ਜੀ ਨੂੰ ਜਰੂਰ ਮੰਦਰ ਵਿੱਚੋਂ ਧੱਕੇ ਮਾਰ ਕਿ ਬਾਹਰ ਕੱਢਿਆ ਹੋਵੇਗਾ। { ਅਸਲ ਵਿੱਚ ਸੱਚ ਦਾ ਗਿਆਨ ਹਾਸਲ ਕਰ ਸੱਚ ਬੋਲਣਾ ਹੀ ਭਗਤੀ ਹੈ }। ਆਪਣੇ ਨਾਲ ਹੋਈ ਵਰਤਾ ਨੂੰ ਅਗੇ ਹੋਰ ਖੋਲਦੇ ਹਨ-à

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥
ਉਚਾਰਨ ਸੇਧ:-ਹੀਨੜੀ ਜਾਤ ਮੇਰੀ, ਜ਼ਾਦਮ ਰਾਇਆ ॥
ਪਦ ਅਰਥ:-ਹੀਨੜੀ-ਨੀਵੀਂ। ਜਾਤਿ-ਵਰਨ ਵੰਡ ਦੇ ਅਧਾਰ ਤੇ ਬਣਾਈਆਂ ਗਈਆਂ ਬ੍ਹਾਮਣ ਵਲੋਂ ਜਾਤਾਂ। ਮੇਰੀ-ਮੈਨੂੰ ਆਖਦੇ ਹਨ। ਜਾਦਿਮ ਰਾਇਆ-ਇਹ ਆਪਣੇ ਆਪ ਨੂੰ ਜਾਦਮ ਦੀ ਕੁੱਲ ਵਿੱਚ ਸਮਝਣ ਵਾਲੇ ਪੁਜ਼ਾਰੀ ਲੋਕ {ਜਾਦਿਮ ਰਾਏ-ਕ੍ਰਿਸ਼ਨ ਦੀ ਕੁੱਲ ਵਿੱਚੋਂ}।
ਅਰਥ:-ਹੁਣ ਭਗਤ ਜੀ ਆਪਣੀ ਹੱਡ ਬੀਤੀ ਨੂੰ ਕਾਵਿਕ ਰਚਨਾਂ ਰਾਹੀਂ ਬਿਆਨ ਕਰਦੇ ਹਨ ਕਿ ਇਹ ਪੁਜ਼ਾਰੀ ਜਿਹੜੇ ਆਮ ਅਨਪੜ੍ਹ ਤੇ ਅੱਨ੍ਹੀ ਸ਼ਰਧਾ ਵਾਲਿਆਂ ਨੂੰ ਜਾਤਾਂ-ਪਾਤਾਂ ਵਿੱਚ ਪਾ ਖੂਬ ਲੁੱਟਦੇ ਹਨ ਉਥੇ ਇਹ ਮੈਨੂੰ ਵੀ ਨੀਵੀਂ ਨੀਵੀਂ ਜਾਤ ਦਾ ਆਖਦੇ ਹਨ ਅਤੇ ਆਪਣੇ ਆਪ ਨੂੰ ਕ੍ਰਿਸ਼ਨ ਦੀ ਕੁੱਲ ਦਾ ਅਖਵਾਉਂਦੇ ਹਨ ਅਤੇ ਆਖਦੇ ਹਨ ਕਿ ਮੰਦਰਾਂ ਵਿੱਚ ਕੇਵਲ ਉਚ ਜਾਤੀ ਵਾਲੇ ਹੀ ਭਗਤੀ ਕਰ ਸਕਦੇ ਹਨ ‘ਹੋਰਨਾਂ ਨੂੰ ਉਪਸੇਸ਼ ਦੇ ਸਕਦੇ ਹਨ’। ਅੱਜ ਨਿਗ੍ਹਾ ਮਾਰਿਆਂ ਸਿੱਖ ਧਰਮ ਵਿੱਚ ਆਪਣੇ ਆਪ ਨੂੰ ਸਾਧ, ਸੰਤ, ਬ੍ਰਹਮਗਿਆਨੀ ਤੇ ਮਹਾਂਪੁਰਖ ਅਖਵਾਉਂਣ ਵਾਲੇ ਵੀ ਕਿਸੇ ਨੂੰ ਆਪਣੇ ਲਾਗੇ ਨਹੀਂ ਲੱਗਣ ਦਿੰਦੇ ਅਤੇ ਜਿਨ੍ਹਾਂ ਦੀਆਂ ਕਰਤੂਤਾਂ ਜਗ ਜਾਹਰ ਹਨ।

ਛੀਪੇ ਕੇ ਜਨਮਿ ਕਾਹੇ ਕਉ ਆਇਆ ॥1॥ ਰਹਾਉ ॥
ਉਚਾਰਨ ਸੇਧ:-ਛੀਪੇ ਕੇ ਜਨਮ ਕਾਹੇ ਕਉ ਆਇਆ ॥1॥ ਰਹਾਉ ॥
ਪਦ ਅਰਥ:-ਛੀਪੇ ਕੇ ਜਨਮਿ-ਜਿਸ ਨੂੰ ਪੁਜ਼ਾਰੀ ਨੀਵੀਂ ਜਾਤ ਆਖਦਾ ਸੀ ਅਤੇ ਹੈ ਉਸ ਘਰ ਵਿੱਚ ਜਨਮ। ਕਾਹੇ ਕਉ-ਕਿਉਂ ਲਿਆ ਹੈ।1। ਰਹਾਉ-ਰੁਕੋ, ਵੀਚਾਰੋ।
ਅਰਥ:-ਇਸ ਰਹਾਉ ਵਾਲੇ ਬੰਦ ਦੇ ਅਰਥ ਅਸੀਂ ਅੱਜ ਤੱਕ ਇਹੋ ਹੀ ਸੁਣੇ ਅਤੇ ਸਮਝੇ ਹਨ ਕਿ ਭਗਤ ਨਾਮਦੇਵ ਜੀ ਆਖਦੇ ਹਨ ਕਿ ਹੇ ਕ੍ਰਿਸ਼ਨ ਭਗਵਾਨ ਮੈਨੂੰ ਨੀਵੀਂ ਜਾਤ ਵਾਲੇ ਛੀਂਬਿਆਂ ਦੇ ਘਰ ਜਨਮ ਕਿਉਂ ਦਿੱਤਾ ਹੈ? ਪਰ ਜਿਸ ਨੂੰ ਅੱਜ ਸਿੱਖ ਗੁਰੂ ਮੰਨਦਾ ਤੇ ਸਵੀਕਾਰਦਾ ਹੈ ਉਸ ਵਿੱਚ ਸਾਰੇ ਗੁਰੂਆਂ ਅਤੇ ਭਗਤਾਂ ਦੀ ਆਪਣੀ ਬਾਣੀ ਕਿਸੇ ਵੀ ਤਰ੍ਹਾਂ ਦੀ ਜਾਤ-ਪਾਤ ਨੂੰ ਨਹੀਂ ਮੰਨਦੀ ਤਾਂ ਫਿਰ ਐਸਾ ਗਿਆਨਵਾਨ ਭਗਤ ਆਪਣੇ ਆਪ ਨੂੰ ਕਿਸ ਤਰ੍ਹਾਂ ਨੀਵੀਂ ਜਾਤ ਵਿੱਚ ਆਇਆ ਆਖ ਸਕਦਾ ਹੈ, ਇਹ ਨਹੀਂ ਹੋ ਸਕਦਾ। ਹਾਂ! ਵਹਿਲਾ ਬੈਠਾ ਗੋਗੜਧਾਰੀ ਮੰਦਰ ਜਾਂ ਹੋਰ ਧਾਰਮਿਕ ਅਸਥਾਨ ਦਾ ਪੁਜ਼ਾਰੀ ਪੂਜਾ ਭੇਟਾ ਦਾ ਧਾਨ ਖਾ ਹੰਕਾਰ ਨਾਲ ਭਰਿਆ ਆਪਣੇ ਆਪ ਨੂੰ ਉਚੀ ਜਾਤ ਦਾ ਸਮਝਦਾ ਹੋਇਆ ਭਗਤ ਜੀ ਨੂੰ ਜਰੂਰ ਆਖਦਾ ਹੋਵੇਗਾ ਕਿ ਜੇ ਤੂੰ ਮੰਦਰਾਂ ਵਿੱਚ ਆ ਕਿ ਲੋਕਾਂ ਨੂੰ ਰੱਬ ਜੀ ਦਾ ਉਪਦੇਸ਼ ਹੀ ਕਰਨਾ ਸੀ ਤਾਂ ਫਿਰ ਤੂੰ ਨੀਵੀਂ ਜਾਤ ‘ਛੀਂਬੇ’ ਦੇ ਘਰ ਜਨਮ ਕਿਉਂ ਲਿਆ? ਕਿਸੇ ਉਚ ਜਾਤੀਏ ਦੇ ਘਰ ਪੈਦਾ ਹੋਣਾ ਸੀ।1। ਰਹਾਉ। ਕਾਵਿਕ ਰਚਨਾਂ ਦੀ ਬਣਤਰ ਤੋਂ ਸਮਝ ਆਉਂਦੀ ਹੈ ਕਿ ਇਸ ਵੇਲੇ ਪੁਜ਼ਾਰੀ ਦਾ ਉਥੇ ਜ਼ੋਰ ਚੱਲਦਾ ਹੋਣ ਕਰਕੇ ਹੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਭਗਤ ਜੀ ਨੂੰ ਆਖਦਾ ਹੋਵੇਗਾ, ਪਰ ਗਿਆਨਵਾਨ ਤੇ ਨਿਧੱੜਕ ਭਗਤ ਨਾਮਦੇਵ ਜੀ ਸੱਚ ਉਪਰ ਪਹਿਰਾ ਦੇਣ ਵਾਲੇ ਨੇ ਹੌਂਸਲਾ ਨਹੀਂ ਹਾਰਿਆ ਲੱਗਦਾ ਅਤੇ ਲੋਕਾਂ ਨੂੰ ਅਸਲ ਸੱਚ ਦੱਸਣ ਵਾਸਤੇ ਆਪਣੀ ਕੋਸ਼ਿਸ਼ ਜ਼ਾਰੀ ਰੱਖੀ ਹੋਵੇਗੀ ਜੋ ਅਗੇ ਫੁਰਮਾਉਂਦੇ ਹਨ।:

ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥2॥
ਉਚਾਰਨ ਸੇਧ:-ਲੈ ਕੰਮਲੀ ਚਲਿਓ ਪਲਟਾਏ ॥ ਦੇਹੁਰੇ ਪਾਛੈ ਬੈਠਾ ਜਾਏ ॥2॥
ਪਦ ਅਰਥ:-ਲੈ-ਲੈ ਕੇ, ਚੁੱਕ ਕੇ। ਕਮਲੀ-ਚਾਦਰ, ਤੱਨ ਨੂੰ ਢਕਣ ਵਾਲਾ ਕੱਪੜਾ। ਚਲਿਓ-ਤੁਰ ਪਿਆ। ਪਲਟਾਇ-ਪਲਟ ਕੇ, ਪੁਜ਼ਾਰੀ ਦੇ ਬਾਹਰ ਕੱਢਣ ਤੋਂ ਬਾਅਦ। ਦੇਹੁਰੇ-ਮੰਦਰ। ਪਾਛੈ-ਪਿਛਲੇ ਪਾਸੇ, ਭਾਵ ਬਾਹਰਲੇ ਪਾਸੇ। ਬੈਠਾ-ਬੈਠ ਗਏ। ਜਾਇ-ਜਾ ਕੇ।2।
ਅਰਥ:-ਭਗਤ ਜੀ ਆਪਣੇ ਜੀਵਨ ਬਰਤਾਂਤ ਨੂੰ ਸਾਡੇ ਸਾਹਮਣੇ ਪੇਸ਼ ਕਰਦੇ ਹੋਏ ਉਸ ਸਮੇਂ ਜੋ ਹੋਈ ਬੀਤੀ ਉਸ ਨੂੰ ਦਰਸਾਉਂਦੇ ਹੋਏ ਸਾਨੂੰ ਵੀ ਹਲੂਣਾ ਦੇ ਰਹੇ ਹਨ ਕਿ ਇਸ ਤਰ੍ਹਾਂ ਮੁਫ਼ਤ ਦਾ ਧਾਨ ਖਾਣ ਵਾਲੇ ਧਰਮ ਦੇ ਠੇਕੇਦਾਰ ਹਮੇਸ਼ਾਂ ਹੀ ਸੰਸਾਰ ਵਿੱਚ ਪੈਦਾ ਹੁੰਦੇ ਰਹਿਣਗੇ ਪਰ ਸੱਚ ਨੂੰ ਕਦੇ ਵੀ ਭੁਲਣਾ ਨਹੀਂ ਚਾਹੀਦਾ। ਪੁਜ਼ਾਰੀ ਦੀਆਂ ਕੀਤੀਆਂ ਵਧੀਕੀਆਂ ਤੋਂ ਬਾਅਦ ਭਗਤ ਨਾਮਦੇਵ ਜੀ ਨੇ ਆਪਣਾ ਬੋਰੀ ਬਿਸਤਰਾ ‘ਭਾਵ ਆਪਣੀ ਚਾਦਰ’ ਚੁੱਕੀ ਤੇ ਉਸ ਪੁਜ਼ਾਰੀ ਦੇ ਬਣਾਏ ਮੰਦਰ ਤੋਂ ਬਾਹਰ ਆ ਕੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਸੱਚ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਜ਼ਾਰੀ ਵਲੋਂ ਕੀਤੀ ਜਾ ਰਹੀ ਲੁੱਟ ਦਾ ਖਲਾਸਾ ਲੋਕਾਂ ਦੇ ਸਾਹਮਣੇ ਕਰਨਾ ਜ਼ਾਰੀ ਰੱਖਿਆ ਹੋਵੇਗਾ। ਜਦੋਂ ਜਾਗੇ ਹੋਏ ਭਗਤ ਜੀ ਨੇ ਲੋਕਾਂ ਨੂੰ ‘ਸਮਾਜ਼ ਨੂੰ’ ਸਧਾਰਨ ਵਾਲਾ ਆਪਣਾ ਫ਼ਰਜ਼ ਜ਼ਾਰੀ ਰੱਖਿਆ ਤਾਂ ਲੋਕਾਂ ਵਿੱਚ ਬਦਲਾਹਟ ਆਉਣ ਲੱਗ ਪਈ। ਉਹ ਕਿਹੜੀ ਬਦਲਾਹਟ ਸੀ? ਜੋ ਅਗੇ ਫੁਰਮਾਉਂਦੇ ਹਨ:-

ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ ॥3॥6॥
ਉਚਾਰਨ ਸੇਧ:-ਜਿਉਂ ਜਿਉਂ ਨਾਮਾਂ, ਹਰ ਗੁਣ ਉਚਰੈ ॥ ਭਗਤ ਜਨਾਂ ਕਉ, ਦੇਹੁਰਾ ਫਿਰੈ ॥3॥6॥
ਪਦ ਅਰਥ:-ਜਿਉ ਜਿਉ-ਜਿਵੇਂ ਜਿਵੇਂ। ਨਾਮਾ-ਭਗਤ ਨਾਮਦੇਵ ਜੀ। ਹਰਿ-ਰੱਬ ਜੀ ‘ਨਿਰੋਲ ਸੱਚ’। ਗੁਣ-ਅਟੱਲ ਸਚਾਈ। ਉਚਰੈ-ਉਚਾਰਦਾ, ਆਖਦਾ। ਭਗਤ ਜਨਾਂ-ਗਿਆਨਵਾਨਾਂ। ਕਉ-ਦਾ। ਦੇਹੁਰਾ-ਪੁਜ਼ਾਰੀ ਦਾ ਬਣਾਇਆਂ ਪੂਜ਼ਾ ਦਾ ਅਸਥਾਨ। ਫਿਰੈ-ਫਿਰ ਗਿਆ, ਘੁੰਮ ਗਿਆ।3।6।
ਅਰਥ:-ਧਰਮ ਦੀ ਦੁਨੀਆਂ ਵਿੱਚ ਨਿਰ੍ਹਾ ਮਾਇਆ ਕਮਾਉਂਣ ਵਾਲਿਆਂ ਨੇ ਆਮ ਲੋਕਾਂ ਨੂੰ ਧਰਮ ਦੇ ਨਾਂ ਤੇ ਹਮੇਸ਼ਾਂ ਬਲੈਕ ਮੇਲ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹਨ। ਜੇ ਅੱਜ ਅਸੀਂ ਸਿੱਖ ਧਰਮ ਵੱਲ ਹੀ ਨਿਗ੍ਹਾ ਮਾਰ ਲਈਏ ਤਾਂ ਜਿਨ੍ਹੇ ਗੁਰਦੁਆਰਿਆਂ ਦੇ ਨਾਂ ਤੇ ਅਸਥਾਨ ਹਨ, ਜਾਂ ਡੇਰੇ ਹਨ, ਟਕਸਾਲਾਂ ਹਨ ਜਾਂ ਹੋਰ ਧਰਮ ਦੇ ਅਦਾਰੇ ਹਨ, ਟੀ ਵੀ ਚੈਨਲ ਅਤੇ ਰੇਡੀਓ ਸਟੇਸ਼ਨ ਹਨ ਸਭਨਾਂ ਦੇ ਅੰਦਰ ਰੱਬ ਜੀ ਦੇ ਗੁਣ ਗਾਉਣ ਦਾ ਪ੍ਰਬੰਦ ਕੀਤਾ ਹੋਇਆ ਹੈ ਅਤੇ ਸਾਰੇ ਹੀ ਰੱਬ ਜੀ ਦੇ ਗੁਣ ਗਾਉਣ ਦਾ ਢੋਲ ਵੀ ਵਜਾ ਰਹੇ ਹਨ ਅਤੇ ਉਸ ਰੱਬ ਜੀ ਨਾਲ ਮਿਲੇ ਹੋਏ ਵੀ ਆਖਦੇ ਹਨ। ਸਭ ਤੋਂ ਪਹਿਲਾਂ ਜਿਸ ਲਿਖਤ ਨੂੰ ਅਸੀਂ ਹੁਣ ਦੇਖ ਰਹੇ ਹਾਂ ਉਸੇ ਹੀ ਗੁਰੂ ਗ੍ਰੰਥ ਜੀ ਵਿੱਚੋਂ ਰੱਬ ਜੀ ਬਾਰੇ ਸਾਨੂੰ ਪਤਾ ਕਰਨਾਂ ਪਵੇਗਾ ਫਿਰ ਹੀ ਸਾਨੂੰ ਸਮਝ ਆਵੇਗੀ ਕਿ ਰੱਬ ਜੀ ਦੇ ਗੁਣ ਕਿਹੜੇ ਹਨ , ਗੁਣ ਕਿਸ ਤਰ੍ਹਾਂ ਗਾਏ ਜਾ ਸਕਦੇ ਹਨ , ਭਗਤ ਜੀ ਨੇ ਕਿਸ ਤਰੀਕੇ ਨਾਲ ਗੁਣਾਂ ਦਾ ਉਚਾਰਨ ਕੀਤਾ ਹੋਵੇਗਾ , ਆਮ ਲੋਕਾਂ ਨੂੰ ਲੁੱਟਣ ਵਾਸਤੇ ਪੁਜ਼ਾਰੀ ਦਾ ਬਣਾਇਆਂ ਪੂਜਾ ਕਰਨ ਵਾਲਾ ਮੰਦਰ ਭਗਤ ਨਾਮਦੇਵ ਜੀ ਵੱਲ ਨੂੰ ਕਿਸ ਤਰ੍ਹਾਂ ਘੁੰਮਣਾ ਸ਼ੁਰੂ ਹੋਇਆ ਹੋਵੇਗਾ ? ਆਉ ਇਨ੍ਹਾਂ ਨੁੱਕਤਿਆਂ ਨੂੰ ਇੱਕ-ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ:-

ਰੱਬ ਜੀ ਕਿਥੇ ਹਨ ?
{ 186:-ਅਗਮ ਰੂਪ ਕਾ ਮਨ ਮਹਿ ਥਾਨਾ ॥ }
{988:-ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥1॥ ਰਹਾਉ ॥}
{ 96:-ਜਹ ਜਹ ਦੇਖਾ ਤਹ ਤਹ ਸੁਆਮੀ ॥ ਤੂ ਘਟਿ ਘਟਿ ਰਵਿਆ ਅੰਤਰਜਾਮੀ ॥}

ਜਿਹੜਾ ਹਰੀ ‘ਰੱਬ ਜੀ’ ਸਭਨਾਂ ਜੀਵਾਂ ਦੇ ਅੰਦਰ ਹੈ ਅਤੇ ਬਾਹਰ ਵੀ ਸਾਰੇ ਪਾਸੇ ਹੈ ਉਸ ਦੇ ਗੁਣ ਕੀ ਹਨ ਕਿਸ ਤਰ੍ਹਾਂ ਗਾਏ ਜਾ ਸਕਦੇ ਹਨ। ਸੋ ਅਸਲ ਵਿੱਚ ਜਿਸ ਨੂੰ ਗੁਰੂਆਂ, ਭਗਤਾਂ ਅਤੇ ਗਿਆਨਵਾਨਾਂ ਕ੍ਰਾਂਤੀਕਾਰੀ ਮਨੁੱਖਾਂ ਨੇ ਰੱਬ ਜੀ ਆਖਿਆ ਹੈ ਉਹ ਹੈ ਕੁਦਰਤ ਦੇ ਵਰਤ ਰਹੇ ਅਟੱਲ ਨਿਯਮ, ਸ਼ਕਤੀ, ਜਿਸ ਦੇ ਅਧੀਨ ਅਸੀਂ ਅਤੇ ਹੋਰ ਸਾਰੇ ਜੀਵ ਜੀਵਤ ਹਨ।ਉਸ ਦੇ ਗੁਣ ਗਾਉਣੇ ਹਨ ਉਨ੍ਹਾਂ ਵਰਤ ਰਹੇ ਕੁਦਰਤ ਦੇ ਨਿਯਮਾਂ ਦੇ ਗਿਆਨ ਨੂੰ ਸਮਝਕੇ ਉਨ੍ਹਾਂ ਅਨੁਸਾਰ ਜੀਵਨ ਬਣਾਉਂਣਾ ਅਤੇ ਇਸ ਹਾਸਲ ਕੀਤੇ ਗਿਆਨ ਨਾਲ ਸਮਾਜ਼ ਭਲਾਈ ਦੇ ਕਾਰਜ਼ਾਂ ਨੂੰ ਕਰਨਾ। ਲੋਕਾਂ ਨੂੰ ਧਰਮ ਦੇ ਨਾਂ ਤੇ ਬਲੈਕ ਮੇਲ ਕਰਨ ਵਾਲਿਆਂ ਨੂੰ ਸੱਚ ਦੀ ਵੀਚਾਰਧਾਰਾ ਨਾਲ ਸਹੀ ਰਸਤੇ ਤੇ ਲਿਆਉਣਾ। ਇਸ ਤਰੀਕੇ ਨਾਲ ਹੀ ਜਦੋਂ ਭਗਤ ਨਾਮਦੇਵ ਜੀ ਨੇ ਧਰਮ ਦੇ ਨਾਂ ਤੇ ਲੋਕਾਂ ਦੀ ਹੋ ਰਹੀ ਅੰਧਾ ਧੁੰਧ ਲੁੱਟ ਤੋਂ ਸੱਚ ਬੋਲ ਬੋਲਕੇ ਜਾਣੂ ਕਰਵਾਇਆ ਅਤੇ ਉਸ ਪੁਜ਼ਾਰੀ ਨੂੰ ਝਾੜਾਂ ਪਾਈਆਂ ਜਿਵੇ:-ਛੋਡਿ ਛੋਡਿ ਰੇ ਪਾਖੰਡੀ ! ਮਨ, ਕਪਟੁ ਨ ਕੀਜੈ ॥ ਹਰਿ ਕਾ ਨਾਮੁ, ਨਿਤ ਨਿਤਹਿ ਲੀਜੈ ॥1॥ ਰਹਾਉ ॥ ਤਾਂ ਜਿਹੜੇ ਲੋਕ ਸੱਚੀਂ ਧਰਮ ਨੂੰ ਸਮਝਣਾ ਚਾਉਂਦੇ ਸਨ ਉਹ ਇਸ ਸੱਚ ਨੂੰ ਸੁਣਕੇ ਭਗਤ ਜੀ ਨਾਲ ਸਹਿਮਤ ਹੋ ਗਏ ਹੋਣਗੇ ਅਤੇ ਉਸ ਪੁਜ਼ਾਰੀ ਦੇ ਬਣਾਏ ਮੰਦਰ ਵਲੋਂ ਮੁੜਕੇ ਭਗਤ ਜੀ ਦਾ ਸਾਥ ਦੇਣ ਲੱਗ ਪਵੇ ਹੋਣਗੇ। ਮੰਦਰਾਂ ਵਿੱਚ ਧਰਮ ਦੇ ਨਾਂ ਤੇ ਹੋਣ ਵਾਲੀ ਲੁੱਟ ਤੋਂ ਬਚਕੇ ਸੱਚ ਹੱਕ ਦੀ ਗੱਲ ਕਰਨ ਵਾਲੇ ਭਗਤ ਨਾਮਦੇਵ ਜੀ ਦਾ ਸਾਥ ਦੇਣਾ ਹੀ ਮੰਦਰ ਦਾ ਘੁੰਮਣਾ ਹੈ ਅਤੇ ਜੀਵਨ ਦੌਰਾਨ ਸੱਚ ਬੋਲਣਾ, ਸੱਚ ਕਰਨਾਂ, ਸੱਚ ਸੁਨਣਾ ਅਤੇ ਸੱਚ ਕਹਿਣਾ ਹੀ ਹਰੀ ਜੀ ਦੇ ਗੁਣ ਗਾਉਣੇ ਹਨ ਕਿਉਂ ਕਿ ਹਰੀ ਹੈ ਨਿਰੋਲ ਸੱਚ ਅਤੇ ਸੱਚ ਨੂੰ ਸੱਚ ਆਖਦੇ ਹੋਏ ਸੱਚ ਉਪਰ ਪਹਿਰਾ ਦੇਣਾ ਹੀ ਉਸ ਦੇ ਗੁਣ ਗਾਉਣੇ ਹਨ।3।6 ॥

ਕੁਲਵੰਤ ਸਿੰਘ ਭੰਡਾਲ . ਯੂ. ਕੇ.