ਸਿਰਦਾਰ ਦਰਸ਼ਨ ਸਿੰਘ ‘ਅਵਾਰਾ’ (1906) ਦੀ ਕਵਿਤਾ ‘ ਰੱਬ ਬੰਦੇ ਨੂੰ ’

0
7

A A A

ਸਿਰਦਾਰ ਦਰਸ਼ਨ ਸਿੰਘ ‘ਅਵਾਰਾ’ (1906) ਦੀ ਕਵਿਤਾ ‘ ਰੱਬ ਬੰਦੇ ਨੂੰ ’ ਵਿਚੋਂ ਕੁੱਝ ਵੰਨਗੀਆਂ

ਓ ਜੂਨਾਂ ‘ਚੋਂ ਉਤਮ ਨੂਰ ਬੰਦੇ !

ਮੇਰੀ ਅੰਸ਼ ਤੇ ਨਾਂ ਤੇ ਮਸ਼ਹੂਰ ਬੰਦੇ !

ਓ ਮਜ਼ਹਬ ਦੀ ਮਸਤੀ ‘ਚ ਮਸਰੂਰ ਬੰਦੇ !

ਓ ਹੋਣੀ ਤੇ ‘ਕਿਸਮਤ’ ਤੋਂ ਮਜ਼ਬੂਰ ਬੰਦੇ !

                                      ਤੂੰ ਅਜ ਹੋਰ ਦਾ ਹੋਰ ਹੀ ਬਣ ਗਿਆ ਏਂ,

                                               ਤੈਨੂੰ ਕੀ ਬਣਾਇਆ ਸੀ ? ਕੀ ਬਣ ਗਿਆ ਏਂ ?

ਤੇਰੇ ਜ਼ਿੰਮੇ ਲਾਈ ਸੀ ‘ਸੱਚ’ ਦੀ ਹਿਮਾਇਤ।

ਮੁਥਾਜੀ ਤੋਂ ਘਿਰਣਾ, ਗੁਲਾਮੀ ਤੋਂ ਨਫਰਤ।

ਦੁਖੀ ਵਾਸਤੇ ਦਰਦ, ਹੰਝੂ ਤੇ ਖਿਦਮਤ।

ਤੇਰੇ ਕੋਲ ਸੀ ਅਮਨ, ਜਗ ਦੀ ਅਮਾਨਤ।

                                                  ਸੈਂ ਹੋਣੀ ਦਾ ਕਾਦਰ, ਤੇ ਕਿਸਮਤ ਦਾ ਸੁਆਮੀ’

                                          ਲਿਖੀ ਨਹੀਂ ਸੀ ਤੇਨੂੰ ਕਿਸੇ ਦੀ ਗੁਲਾਮੀ।

ਤੂੰ ਬਣ ਬੈਠੋਂ ਚਿੰਨ੍ਹਾਂ ਤੇ ਰੀਤਾ ਦਾ ਕੈਦੀ।

ਕਿਤਾਬਾਂ ਤੇ ਮੰਦਰਾਂ ਮਸੀਤਾਂ ਦਾ ਕੈਦੀ।

ਕਰਾਮਾਤ, ਟੂਣੇ, ਤਵੀਤਾਂ ਦਾ ਕੈਦੀ।

ਨਾ ਬਣਿਉਂ ਮੁਹੱਬਤਾਂ ਪ੍ਰੀਤਾਂ ਦਾ ਕੈਦੀ।

                                                ਦਿਮਾਗੀ ਜ਼ੰਜ਼ੀਰਾਂ ਕਿਆਸੀ ਇਹ ਕੜੀਆਂ,

                                                    ਤੂੰ ਆਪੇ ਬਣਾਈਆਂ ਨੇ ਮੈਂ ਤੇ ਨਹੀਂ ਘੜੀਆਂ।

 ਤੇਰੇ ਹੱਥ ‘ਚ’ ਮਾਲਾ ਤੇ ਸੀਨੇ ‘ਚ’ ਸਾੜੇ।

ਤਿਲਕ ਤੇਰੇ ਮੱਥੇ ਤੇ ਹੱਥੀਂ ਕੁਹਾੜੇ।

ਮਾਰਾ ਨਾਮ ਲੈ ਲੈ ਤੂੰ ਪਾਏ ਪੁਆੜੇ।

ਕਈ ਦਿਲ ਤਰੋੜੇ, ਤੇ ਕਈ ਘਰ ਉਜਾੜੇ।

                                           ਤੇਰੀ ਪਿੱਠ ਤੇ ਮੁਫਤੀ, ਹਮਾਇਤੀ ਤੇ ਕਾਜ਼ੀ।

                                    ਜੋ ‘ਕਾਤਿਲ’ ਤੋਂ ਤੈਨੂੰ ਬਣਾ ਦੇਣ ਗਾਜ਼ੀ।

ਤੂੰ ਛੁਰੀਆਂ ਚਲਾਨਾਂ, ਮੇਰਾ ਨਾਮ ਲੈ ਕੇ।

ਤੂੰ ਵੰਡੀਆਂ ਪਵਾਨਾ, ਮੇਰਾ ਨਾਮ ਲੈ ਕੇ।

ਤੂੰ ਲੜਨਾ ਲੜਾਨਾ, ਮੇਰਾ ਨਾਮ ਲੈ ਕੇ।

ਦਿਲਾਂ ਨੂੰ ਦੁਖਾਨਾ ਮੇਰਾ ਨਾਮ ਲੈ ਕੇ।

                                ਮੇਰੇ ਪੁੱਤਰਾਂ ਨਾਲ ਠੱਗੀਆਂ, ਬਹਾਨੇ।

                                 ਮੇਰੇ ਨਾਲ ਗੰਢਨਾ ਏਂ, ਆ ਕੇ ਯਰਾਨੇ।

 ਤੂੰ ਕਰਨਾ ਏਂ ਠੱਗੀਆਂ, ਪਵਾਨਾ ਏਂ ਡਾਕੇ।

ਕਮਾਨਾ ਏਂ ਵੱਢੀਆਂ, ਖਵਾ ਕੇ ਤੇ ਖਾ ਕੇ।

ਗਰੀਬਾਂ ਦੀ ਰੱਤ ਚੋ ਕੇ, ਉਸ ਵਿਚ ਨਹਾ ਕੇ।

ਮੇਰੇ ਅੱਗੇ ਧਰਨੈਂ, ਚੜਾਵੇ ਲਿਆ ਕੇ।

                                                  ਕੜਾਹ ਤੇ ਮੈਂ ਡੁਲ ਜਾਂਵਾਂ ਲੋਲਾ ਨਹੀਂ ਹਾਂ।

                                                      ਤੂੰ ਭੁਲਨਾਂ ਏ, ਮੈਂ ਏਨਾ ਭੋਲਾ ਨਹੀਂ ਹਾਂ।

ਕਦੇ ਕੋਈ ਰੋਂਦਾ ਹਸਾਇਆ ਈ! ਦਸ ਖਾਂ?

ਕਦੇ ਕੋਈ ਡਹਿੰਦਾ ਉਠਾਇਆ ਈ! ਦਸ ਖਾਂ?

ਕਦੋ ਕੋਈ ਰੁੜ੍ਹਦਾ ਬਚਾਇਆ ਈ! ਦਸ ਖਾਂ?

ਕਦੇ ਕੋਈ ਰੁਠਾ ਮਨਾਇਆਂ ਈ! ਦਸ ਖਾਂ?

                                               ਜੇ ਹੱਥੀਂ ਨਹੀਂ ਫੱਟ, ਕਿਸੇ ਦਾ ਤੂੰ ਸੀਤਾ,

                                                  ਨਿਰੀ ਮਾਲਾ ਫੇਰੀ ਤੂੰ ਕੱਖ ਵੀ ਨਹੀਂ ਕੀਤਾ।