ਪਾਠੰਤਰ ਵੀਚਾਰ – ਭਾਗ ੦੧

0
14

A A A

ਗੁਰਬਾਣੀ ਦੇ ਸ਼ੁੱਧ ਉਚਾਰਣ ਦਾ ਵੱਡਾ ਸਬੰਧ ਪਦ-ਵੰਡ ਅਤੇ ਬਿਸਰਾਮਾਂ ਨਾਲ ਹੈ। ਪਦ-ਵੰਡ ਅਤੇ ਵਿਸਰਾਮ ਅਰਥ ਬੋਧ ਤੋਂ ਬਿਨਾ ਕਦੇ ਵੀ ਠੀਕ ਨਹੀਂ ਹੋ ਸਕਦੇ ! ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਦਾ ਆਪਣਾ ਵਿਆਕਰਣ ਹੈ। ਆਪਣੀ ਸ਼ੈਲੀ ਅਤੇ ਆਪਣਾ ਉਚਾਰਣ ਤਰੀਕਾ ਹੈ। ਅਜੋਕੀ ਪੰਜਾਬੀ ਦੇ ਲਿਖਣ ਨੇਮ, ਪੁਰਾਤਨ ਪੰਜਾਬੀ ਦੇ ਲਿਖਣ-ਨੇਮਾਂ ਨਾਲ ਮੇਲ ਨਹੀਂ ਖਾਂਦੇ, ਗੁਰਬਾਣੀ ਦੇ ਵਰਣਾਤਮਿਕ ਅਰਥ ਲਗਮਾਤਰੀ ਨੇਮਾਂ ਤੇ ਆਧਾਰਤ ਹਨ। ਖੈਰ ਆਪਣੇ ਵਿਸ਼ੇ ਵੱਲ ਆਈਏ, ਸੰਗਤੀ ਰੂਪ ਵਿਚ ਆਮ ਕਰਕੇ ਵਾਦ-ਵਿਵਾਦ ਉਠ ਖਲੋਂਦੇ ਹਨ ਕਿ ਕਿਸੇ ਵਿਦਵਾਨ ਨੇ ਪਾਠ ‘ਪਦ-ਛੇਦ’ ਹੋਰ ਤਰੀਕੇ ਨਾਲ ਕੀਤਾ ਹੈ ਕਿਸੇ ਨੇ ਹੋਰ। ਇਹ ਮਸਲਾ ਪੰਥਕ ਪੱਧਰ ਦਾ ਹੈ ਬੜ੍ਹੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਜੁਮੇਂਵਾਰ ਪੰਥ ਦੀ ਪ੍ਰਤੀਨਿਧੀ ਸੰਸਥਾ (ਸ਼੍ਰੋਮਣੀ ਕਮੇਟੀ) ਇਸ ਵਲ ਧਿਆਨ ਨਹੀਂ ਦੇ ਰਹੀ। ਚਾਹੀਦਾ ਸੀ ਵਿਦਵਾਨਾਂ ਦਾ ਪੈਨਲ ਬਣਾ ਕੇ ਅੱਜ ਤੱਕ ਹੋਏ ਲਗਾਂ ਮਾਤ੍ਰਾਂ ਤੇ ਅਧਾਰਿਤ ਟੀਕੇ (ਦਰਪਨ, ਸ਼ਬਦਾਰਥ, ਦਰਸ਼ਨ ਨਿਰਣੈ ਸ਼ਟੀਕ) ਸਨਮੁਖ ਰੱਖ ਕੇ ਇਕ ਪਾਠ ਸਰੂਪ, ਉਚਾਰਣ ਇਕ ਨਿਸ਼ਚਿਤ ਕਰਕੇ ਹੱਥ ਲਿਖਤ ਬੀੜਾਂ ਤੋਂ ਸੇਧ ਲੈ ਕੇ ਸ਼ੁਧ ਪਦ-ਛੇਦ ਸਰੂਪ ਪ੍ਰਿੰਟ ਕੀਤੇ ਜਾਣ ਜਿਸ ਸਦਕਾ ਸਾਡੇ ਵਿਚ ਪਈ ਆਪੋ ਧਾਪੀ ਵਿਰੋਧ ਭਾਵਨਾ ਖਤਮ ਹੋ ਸਕੇ। ਅਸੀਂ ‘ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦ ਵੀਚਾਰਿ’ ਵਾਲੀ ਭਾਵਨਾ ਦੇ ਧਾਰਨੀ ਬਣ ਸਕੀਏ। ਗੁਰਬਾਣੀ ਵਿਚ ਐਸੇ ‘ ਸ਼ਬਦ ਜੋੜ ‘ ੫੦੦ ਦੇ ਕਰੀਬ ਹਨ ਜਿਹਨਾਂ ਬਾਬਤ ਵਿਦਵਾਨਾਂ ਵਿਚ ਆਪਸੀ ਮਤ-ਭੇਦ ਹੈ। ਇਹ ਮਤ-ਭੇਦ ਸ਼ਾਇਦ ਵਿਆਕਰਣ ਲਗਾਂ ਮਾਤ੍ਰਾ ਨੂੰ ਨਾ ਸਮਝਣਾ ਕਰਕੇ ਹੋਣ। ਦਾਸ ਨੇ ਤੁਛ ਬੁਧੀ ਨਾਲ ਕੁੱਝ ‘ਸ਼ਬਦ ਜੋੜ (ਪਦ-ਛੇਦ ਸਰੂਪ) ਅਰਥ ਆਪ ਨਾਲ ਸਾਂਝੇ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਆਸ ਹੈ ਦਾਸ ਲਿਖੀ ਜਾਣਕਾਰੀ ਤੇ ਵਿਦਵਾਨ ਸੱਜਨ ਵੀਚਾਰ ਕਰਣਗੇ ਅਤੇ ਕਿਸੇ ਸਿਟੇ ਤੇ ਪਹੁੰਚਣਗੇ :-

1. ਭਰਨਾਲਿ / ਭਰ ਨਾਲਿ

ਗੁਰਬਾਣੀ ਵਿਚ ਇਹ ਲਫ਼ਜ਼ ਚਾਰ ਕੁ ਬਾਰ ਆਇਆ ਹੈ।ਸੰਪ੍ਰਦਾਈ ਟੀਕਾਕਾਰ, ਮਹਾਨ ਕੋਸ਼, ਸ਼ਬਦਾਰਥ, ਗੁਰੂ ਗ੍ਰੰਥ ਸਾਹਿਬ ਕੋਸ਼ (ਭਾਈ ਵੀਰ ਸਿੰਘ), ਗੁਰੂ ਗ੍ਰੰਥ ਕੋਸ਼(ਡਾ.ਗੁਰਚਰਨ ਸਿੰਘ), ਇਸ ਦਾ ਅਰਥ ਭਾਰ ਨਾਲ ਕਰਦੇ ਹਨ।

ਵਿਚਾਰ ਅਧੀਨ ਪੰਕਤੀ : ਮਨ ਮੇਰੇ, ਹਉਮੈ ਮੈਲੁ ਭਰਨਾਲਿ ॥ (ਪੰਨਾ 36 )
ਇਸ ਪੰਗਤੀ ਵਿੱਚ ਗੁਰਬਾਣੀ ਵਿਆਕਰਣ ਅਨੁਸਾਰ ਜੇ ‘ਮੈਲੁ ‘ ਪਦ ਦਾ ਲਲਾ ਅੱਖਰ ਸਿਹਾਰੀ ਨਾਲ ( ਜਿਵੇਂ ਮੈਲਿ ) ਹੁੰਦਾ ਤਾਂ ‘ਮੈਲ ਨਾਲ ਭਰਿਆ ਹੋਇਆ‘ ਜਾਂ ‘ਭਾਰ ਨਾਲ‘ ਅਰਥ ਬਣ ਸਕਦੇ ਸਨ।

ਜੇ ਬੋਲੀ ਦੇ ਪੱਖ ਨੂੰ ਵੇਖੀਏ ਤਾਂ ਇਹ ਲਫ਼ਜ਼ ਸੰਸਕ੍ਰਿਤ ਦੇ ‘भरणालय’ ਤੋਂ ਬਣਿਆ ਹੈ ਜਿਸ ਦੇ ਅਰਥ ‘ ਸਮੁੰਦਰ ‘ ਬਣਦੇ ਹਨ। ਭਾਈ ਗੁਰਦਾਸ ਜੀ ਨੇ ਭੀ ਇਹ ਲਫ਼ਜ਼ ਦੋ ਬਾਰ ‘ ਵਾਰਾਂ ‘ ਵਿਚ ਵਰਤਿਆ ਹੈ ਜਿਸ ਤੋਂ ਸ਼ੁਧ ਅਰਥ ‘ ਸਮੁੰਦਰ  ‘ ਦੀ ਪੁਸ਼ਟੀ ਹੁੰਦੀ ਹੈ :
ਕਲਿਜੁਗ ਨਾਉ ਲੈ ਪਾਰ ਪਵੈ ਭਵਜਲ ਭਰਨਾਲਾ  (26-9)
ਪੋਪਲੀਆਂ ਭਰ ਨਾਲਿ ਲਖ ਤਰੰਦੀਆਂ   (27-16)
ਇਹਨਾਂ ਪੰਕਤੀਆਂ ਵਿਚ ਭੀ ‘ ਭਰਨਾਲਿ ‘ ਦੇ ਅਰਥ ‘ ਸਮੁੰਦਰ ‘ ਹੀ ਕੀਤੇ ਹਨ ਜੋ ਕਿ ਬਿਲਕੁਲ ਠੀਕ ਲਗਦੇ ਹਨ। ਗੁਰਬਾਣੀ ਵਿਆਕਰਣ ਅਨੁਸਾਰ ‘ ਭਾਰ ‘ ਵਾਲੇ ਅਰਥ ਫਿਰ ਬਣਦੇ ਹਨ ਜੇ ‘ ਭਰ ‘ ਦੇ ‘ ਰ ‘ ਨਾਲ ਸਿਹਾਰੀ ਹੁੰਦੀ ( ਜਿਵੇਂ ਭਰਿ ) ਜੋ ਕਿ ਹੈ ਨਹੀਂ , ਇਸ ਕਰਕੇ ਗੁਰਬਾਣੀ ਵਿਚ ਇਸ ਦਾ ਇਕ ਹੀ ਇਸਤਲਾਹੀ, ਪ੍ਰਸੰਗਕ ਅਰਥ ‘ ਸਮੁੰਦਰ ‘ ਬਣਦਾ ਹੈ ਜੋ ਵਿਆਕਰਣ ਅਤੇ ਬੋਲੀ ਪੱਖ ਤੋਂ ਦਰੁਸਤ ਜਾਪਦਾ ਹੈ।

ਮਨ ਮੇਰੇ, ਹਉਮੈ ਮੈਲੁ ਭਰਨਾਲਿ ॥ (ਪੰਨਾ 35 ) ਭਰਨਾਲਿ = ਸਮੁੰਦਰ ਵਿਚ ।
ਅਰਥ : ਹੇ ਮੇਰੇ ਮਨ ! ਸੰਸਾਰ ਸਮੁੰਦਰ ਵਿਚ ਹਉਮੈ ਦੀ ਮੈਲ ਹੈ। 

ਪਥਰ ਕੀ ਬੇੜੀ ਜੇ ਚੜੈ, ਭਰਨਾਲਿ ਬੁਡਾਵੈ ॥ (ਪੰਨਾ 420 ) ਭਰਨਾਲਿ = ਸਮੁੰਦਰ ਵਿਚ ।
ਅਰਥ : ਜੋ ਮਨੁਖ ਇਸ ਪੱਥਰ ਦੀ ਬੇੜੀ ਵਿਚ ਸਵਾਰ ਹੁੰਦਾ ਹੈ ਉਹ ਸੰਸਾਰ ਸਮੁੰਦਰ ਵਿਚ ਡੱਬ ਜਾਂਦਾ ਹੈ। 

ਹਿਕਨੀ ਲਦਿਆ ਹਿਕਿ ਲਦਿ ਗਏ, ਹਿਕਿ ਭਾਰੇ ਭਰਨਾਲਿ ॥ (ਪੰਨਾ 1015 )
ਭਰਨਾਲਿ = ਸਮੁੰਦਰ ਵਿਚ (ਇਸ ਪੰਕਤੀ ਵਿਚ ਬਿਲਕੁਲ ਸਪਸ਼ੱਟ ਹੋ ਜਾਂਦਾ ਹੈ ਕਿਉਂਕਿ ‘ ਭਾਰੇ ‘ ਪਦ ਪਹਿਲਾਂ ਹੀ ਮੋਜੂਦ ਹੈ )
ਅਨੇਕਾਂ ਨੂੰ ਨਾਮ ਰੂਪ ਜਹਾਜ ਵਿਚ ਲੱਦ ਲਿਆ ਹੈ। ਅਨੇਕਾਂ ਲੱਦ ਕੇ ਪਾਰ ਪਹੁੰਚ ਗਏ ਹਨ। ਪਰ ਅਨੇਕ ਵਿਕਾਰਾਂ ਦੇ ਭਾਰ ਨਾਲ ਭਾਰੇ ਹੋ ਕੇ ਸੰਸਾਰ ਸਮੁੰਦਰ ਵਿਚ ਡੁੱਬ ਗਏ ਹਨ। 

ਅਖਲੀ ਊਂਡੀ ਜਲੁ ਭਰਨਾਲਿ॥ (ਪੰਨਾ 1275 ) ਭਰਨਾਲਿ= ਸਮੁੰਦਰ ਵਿਚ ।
ਅਰਥ : ਜੇ ਪੰਛੀ ਉੱਚੇ ਆਕਾਸ਼ ਵਿਚ ਉੱਡ ਰਿਹਾ ਹੈ ਤਾਂ ਉਥੇ ਉੱਡਦੇ ਨੂੰ ਪਾਣੀ ਨਹੀਂ ਮਿਲ ਸਕਦਾ ਕਿਉਂਕਿ ਪਾਣੀ ਸਮੁੰਦਰ ਵਿਚ ਹੈ। (ਅਨਵੈ)

ਭਰਨਾਲਿ ਜੁੜਤ ਪਦ ਹੈ ਇਸ ਨੂੰ ਜੁੜਤ ਰੂਪ ਵਿਚ ਹੀ ਪੜ੍ਹਣਾ ਉਚਿਤ ਹੈ।

2. ਵੰਨੀ / ਵੰਨੀਸ

ਵਿਚਾਰ ਅਧੀਨ ਪੰਕਤੀ : ਕਸਿ ਕਸਵਟੀ ਸਹੈ ਸੁ ਤਾਉ॥ ਨਦਰਿ ਸਰਾਫ ਵੰਨੀ ਸਚੜਾਉ ॥ (ਪੰਨਾ 932 )

ਵੰਨੀ ਸਚੜਾਉ ‘  ਨੂੰ ਆਮ ਕਰਕੇ ਕਈ ਵੀਰ ਪਦਛੇਦ ਕਰਕੇ ‘ਵਨੀਸ ਚੜਾਉ ‘ ਪੜ੍ਹਦੇ ਹਨ ਅਤੇ ਅਰਥ ਇਸ ਪ੍ਰਕਾਰ ਕਰਦੇ ਹਨ :
ਉਹ ਢਲਿਆ ਹੋਇਆ ਸੋਨਾ ਕੁਠਾਲੀ ਵਿਚ ਸੇਕ ਸਹਿੰਦਾ ਹੈ, ਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ ਭਾਵ , ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ ਤੇ ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ।

ਵੀਚਾਰ :
ਗੁਰਬਾਣੀ ਵਿਚ ‘ ਵੰਨੀ, ਚੜਾਉ, ਸਚੜਾਉ ‘ ਪਦਾਂ ਦੀ ਵਰਤੋਂ ਕੀਤੀ ਹੋਈ ਹੈ।
ਗੁਰਬਾਣੀ ਲਗਮਾਤਰੀ ਨੇਮਾਂ ਦੇ ਅਧਾਰ ਤੇ ਵੰਨੀਸ ਪਾਠ ਸ਼ੁੱਧ ਨਹੀਂ ਜਾਪਦਾ, ਜੇਕਰ ਵੰਨੀ ਲਫ਼ਜ਼ ਦੇ ਪਿਛੇ ‘ ਸ ‘ ਲਗਦਾ ਤਾਂ ਵਿਸ਼ੇਸ਼ਨ ਬਣ ਜਾਣਾ ਸੀ ਤੇ ਅਰਥ ਚੰਗੇ ਰੰਗ ਦੇ ਕੀਤੇ ਜਾ ਸਕਦੇ ਸਨ। ਜੇਕਰ ਵੰਨੀਸ ਦੇ ਸ ਨੂੰ ਔਂਕੜ ਹੁੰਦੀ ਤਾਂ ਭੀ ਉਪਰੋਕਤ ਵਾਲੇ ਅਰਥ ਦਰੁਸਤ ਮੰਨੇ ਜਾ ਸਕਦੇ ਸਨ । ਲਗਮਾਤਰੀ ਨੇਮਾਂ ਅਨੁਸਾਰ ਸ਼ੁਧ ਪਾਠ ” ਵੰਨੀ ਸਚੜਾਉ ” ਹੀ ਬਣਦਾ ਹੈ। ਕੇਂਦਰੀ ਸਿੰਘ ਸਭਾ ਵਲੋਂ ਭੀ ਪਾਠ ਬੋਧ ਸਮਾਗਮ ਦੋਰਾਨ ” ਸਚੜਾਉ ” ਪਾਠ ਸ਼ੁਧ ਮੰਨਿਆ ਹੈ ਅਤੇ ਇਸ ਦੇ ਅਰਥ ਇਸ ਪ੍ਰਕਾਰ ਹਨ :-
“ਢਲਿਆ ਹੋਇਆ ਸੋਨਾ ਭਠੀ ਦਾ ਸੇਕ ਸਹਿਂਦਾ ਹੈ। ਫਿਰ ਜਦੋਂ ਪਰਖਿਆ ਜਾਂਦਾ ਹੈ ਤਾਂ ਕਸਵੱਟੀ ਦੀ ਕਸ ਸਹਾਰਦਾ ਹੈ ਉਹ ਸਰਾਫ਼ ਦੀ ਨਜ਼ਰ ਵਿਚ ਸੱਚੀ ਵੰਨੀ ਵਾਲਾ ਸਮਝਿਆ ਜਾਂਦਾ ਹੈ, ਭਾਵ ਤਿਵੇਂ ਵਿਸੇ ਵਿਕਾਰਾਂ ਤੋਂ ਰਹਿਤ ਸਰੀਰ ਗੁਰੂ ਸਰਾਫ ਦੀ ਨਜ਼ਰਾ ਵਿਚ ਪਰਵਾਨ ਹੁੰਦਾ ਹੈ। “

3. ਪਾਹਰੂਅਰਾ ਛਬਿ / ਪਾਹਰੂਅ ਰਾਛਬਿ

ਵੀਚਾਰ ਅਧੀਨ ਪੰਗਤੀ : ਭੋਜਨੁ ਭਾਉ, ਭਰਮ ਭਉ ਭਾਗੈ॥ ਪਾਹਰੂਅਰਾ ਛਬਿ, ਚੋਰੁ ਨ ਲਾਗੈ ॥ (ਪੰਨਾ 355 )

ਇਸ ਪੰਕਤੀ ਵਿਚ ਲਫ਼ਜ਼ ‘ਪਾਹਰੂਅਰਾ, ਛਬਿ ‘ ਨੂੰ ਸੰਪ੍ਰਦਾਈ, ਫਰੀਦਕੋਟ ਸ਼ਟੀਕ, ਗੁਰਬਾਣੀ ਪਾਠ ਦਰਸ਼ਨ ਪੋਥੀ ਵਿਚ ਪਦ-ਛੇਦ ਇਸ ਤਰਾਂ ‘ਪਾਹਰੂਅ-ਰਾਛਬਿ ‘ ਕੀਤਾ ਹੈ।

ਮਹਾਨ ਕੋਸ਼ ਦੇ ਕਰਤਾ ਨੇ ‘ਪਾਹਰੂਅਰਾ-ਛਬਿ ‘ ਪਾਠ ਅਪਨਾਇਆ ਹੈ।

ਪੰਡਤ ਹਜ਼ਾਰਾ ਸਿੰਘ -‘ ਸ੍ਰੀ ਗੁਰੂ ਗ੍ਰੰਥ ਕੋਸ਼ ‘ ਵਿਚ ਇਸ ਪ੍ਰਕਾਰ ਲਿਖਿਆ ਹੈ  – : ” ਰਾਛਬਿ (ਸੰ.ਸੰਸਕ੍ਰਿਤ ਰਕਿਸ਼-ਵਰਗ-ਸਿਪਾਹੀ) ਸਿਪਾਹੀ ਯਥਾ-ਪਾਹਰੂਅ ਰਾਛਬਿ ਚੋਰੁ ਨ ਲਾਗੇ’ ਭਾਵ ਜਿਸਦਾ ਨਾਮ ਪਾਹਰੂ ਤੇ ਰਾਖਾ ਹੈ, ਉਸ ਨੂੰ ਕਾਮਾਦਿ ਚੋਰ ਨਹੀਂ ਲਗਦੇ ” ।

ਇਸੇ ਤਰਾਂ ਭਾਈ ਸ਼ਾਮ ਸਿੰਘ, ਪ੍ਰਾਚੀਣ ਕੋਸ਼, ਟੀਕਾਕਾਰਾਂ ਨੇ ਪਾਠ ‘ਪਾਹਰੂਅ-ਰਾਛਬਿ ‘ ਠੀਕ ਮੰਨਿਆ ਹੈ ।

ਨਵੀਨ ਵਿਦਵਾਨ ਪ੍ਰਿ. ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ, ਗਿ.ਹਰਬੰਸ ਸਿੰਘ ਨੇ ਪਾਠ ‘ ਪਾਹਰੂਅਰਾ-ਛਬਿ ‘ ਸਹੀ ਮੰਨਿਆਂ ਹੈ। ਗੁਰਬਾਣੀ ਵਿਆਕਰਣ ਅਨੁਸਾਰ ‘ ਪਾਹਰੂਅਰਾ ‘ ਇਕ ਵਚਨ ਪੁਲਿੰਗ ਨਾਂਵ ਹੈ ਅਤੇ ਉਸਦਾ ਵਿਸ਼ੇਸ਼ਣ ‘ ਛਬਿ ‘ ਹੈ। ਸੋ ਗੁਰਬਾਣੀ ਵਿਆਕਰਣ ਮੁਤਾਬਕ ‘ ਪਾਹਰੂਅਰਾ-ਛਬਿ ‘ ਪਾਠ ਦਰੁੱਸਤ ਹੈ। ਪ੍ਰੋ. ਸਾਹਿਬ ਸਿੰਘ, ਗਿ. ਹਰਬੰਸ ਸਿੰਘ, ਡਾ. ਜੋਧ ਸਿੰਘ ਦੇ ਅਰਥ ਬਿਲਕੁਲ ਸਹੀ ਹਨ। ਪਾਠ ਪਦ-ਛੇਦ  ਵਿਦਵਾਨਾਂ ਵਿਚ ਮਤ-ਭੇਦ ਦਾ ਕਾਰਣ ਲਗਮਾਤ੍ਰੀ ਗਿਆਨ ਨੂੰ ਨਾ ਸਮਝਣਾ ਹੈ। ਸਹੀ ਅਰਥ ਇਸ ਪ੍ਰਕਾਰ ਹਨ :
ਪਾਹਰੂਅਰਾ = {ਪੁਲਿੰਗ ਨਾਂਵ } ਰਾਖਾ, ਪਹਿਰੇਦਾਰ ।  ਛਬਿ = {ਵਿਸ਼ੇਸ਼ਣ } ਤੇਜ ਪ੍ਰਤਾਪ ਵਾਲਾ ।
ਅਰਥ : ਹੇ ਪਾਂਡੇ ! ਤੂੰ ਉਸ ਪ੍ਰਭੂ ਨੂੰ ਰਾਖਾ ਬਣਾ ਫਿਰ ਉਸ ਦੇ ਪ੍ਰਤਾਪ ਨਾਲ ਤੇਰੇ ਨੇੜੇ ਕੋਈ ਚੋਰ ਨਹੀਂ ਆਵੇਗਾ ।

ਰਾਛਬਿ ‘ ਪਦ ਕਿਸੇ ਵੀ ਕੋਸ਼ ਵਿਚ ਵਰਤਿਆ ਹੋਇਆ ਨਹੀਂ ਹੈ । ਛਬਿ ਦੇ ਅਰਥ ‘ਰਾਤ ‘ ਕਿਸੇ ਤਰੀਕੇ ਨਾਲ ਨਹੀਂ ਹੋ ਸਕਦੇ ਪਤਾ ਨਹੀਂ ਪ੍ਰਾਚੀਣ ਟੀਕਾਕਾਰਾਂ ਨੇ ਕਿਵੇਂ ‘ਛਬਿ ‘ ਦੇ ਅਰਥ ‘ਰਾਤ ‘ ਕੀਤੇ ਹਨ।

ਜੇ ਕੋਈ ਵਿਦਵਾਨ ਸੱਜਣ ਗੁਰਮਤਿ ਵਿਦਵਾਨੀ ਮੁਤਾਬਕ ਕੋਈ ਵੀਚਾਰ ਦੇਵੇ ਤਾਂ ਧੀਰਜ ਨਾਲ ਉਸ ਉਪਰ ਵੀਚਾਰ ਕੀਤੀ ਜਾ ਸਕਦੀ ਹੈ।

ਭੁੱਲ ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ‘
Khalsasingh.hs@gmail.com