ਰਾਮਕਲੀ ਕੀ ਵਾਰ – ਅਰਥ ਭਾਵ ਉਚਾਰਨ ਸੇਧਾਂ ਸਹਿਤ (ਭਾਗ 1)

ਰਾਮਕਲੀ ਕੀ ਵਾਰ ( ਪੰਨਾ ੯੬੬ )

ਅਰਥ ਭਾਵ ਉਚਾਰਨ ਸੇਧਾਂ ਸਹਿਤ ( ਭਾਗ ੧ )


                      ਰਾਮਕਲੀ ਕੀ ਵਾਰ 
        ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

ਰਾਇ ਬਲਵੰਡਿ = (ਨਾਂਵ ਕਰਤਾ ਕਾਰਕ ਇਕਵਚਨ) ਬਲਵੰਡ ਰਾਏ ਨੇ।
ਤਥਾ = ਅਤੇ। ਸਤੈ ਡੂਮਿ = (ਨਾਂਵ ਕਰਤਾ ਕਾਰਕ) ਸਤੇ ਰਬਾਬੀ ਨੇ। ਆਖੀ = ਉਚਾਰਣ ਕੀਤੀ।
ਉਚਾਰਣ :- ਰਾਏ ਬਲਵੰਡ ਤਥਾ ਸਤੈ ਡੂਮ ਆਖੀ

ੴ ਸਤਿਗੁਰ ਪ੍ਰਸਾਦਿ॥

ਉਚਾਰਣ :- ਇਕ( ਏਕ) ਉਅੰਕਾਰ ਸਤਗੁਰ ਪ੍ਰਸਾਦ ||
ਅਰਥ : ਇਕ ਰਸ ਵਿਆਪਕ ਪ੍ਰਭੂ ਦਾ ਮਿਲਾਪ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ ਹੈ।

ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥

ਉਚਾਰਨ ਸੇਧ : ਬਿੰਦੀ ਸਹਿਤ ਉਚਾਰਣ :- ਨਾਉਂ , ਕਿਉਂ , ਜੋਖੀਂਵਦੈ।
ਨਾਉਂ ਕਰਤਾ ਕਾਦਰ ਕਰੇ, ਕਿਓਂ ਬੋਲ ਹੋਵੈ ਜੋਖੀਂਵਦੈ ||
ਪਦ ਅਰਥ : ਨਾਉ = ਨਾਮ (ਸੰਸਕ੍ਰਿਤ) ਸੰਗਿਆ। ਜੋਖੀਵਦੈ = ਤੋਲਣ ਜੋਗ। ਕਰਤਾ = ਕਰਣਹਾਰ ,ਕਰਤਾਰ
ਅਰਥ : ਕਰਨਹਾਰ ਕਰਤਾਰ (ਜਿਸ ਦੇ) ਨਾਮ ਨੂੰ (ਉਚਾ) ਕਰ ਦੇਵੇ, ਉਸ ਦਾ ਬੋਲ ਕਿਵੇਂ ਤੋਲਣ ਜੋਗ ਹੋ ਸਕਦਾ ਹੈ |

ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ॥

ਉਚਾਰਣ ਸੇਧ : ਬਿੰਦੀ ਸਹਿਤ:- ਹੈਂ , ਪੜੀਂਵਦੈ। ਪਾਰੰਗਤ = ਪਾ-ਰੰਗਤ
ਦੇ ਗੁਨਾ ਸਤ ਭੈਣ ਭਰਾਵ ਹੈਂ , ਪਾਰੰਗਤ ਦਾਨ ਪੜੀਂਵਦੈ 
ਪਦ ਅਰਥ : ਦੇ ਗੁਨਾ = ਦੈਵੀ ਗੁਣ (ਸ਼ੁਭ ਗੁਣ)। ਸਤਿ = ਸਚ ਨਾਮ। ਪਾਰੰਗਤਿ = ਆਤਮ ਅਵਸਥਾ। ਪੜੀਵਦੈ = ਪੈਣ ਨਾਲ।
ਅਰਥ : (ਸਤਿ , ਸੰਤੋਖ ਆਦਿਕ) ਸ਼ੁਭ ਗੁਣ ਸਚ-ਨਾਮ ਦੇ ਸੱਕੇ ਭੈਣ ਭਰਾ (ਸਾਕ ਸੰਬੰਧੀ) ਹਨ। (ਸਤਿਗੁਰ ਤੋਂ) ਯਾਦ ਰੂਪ ਦਾਨ (ਝੋਲੀ) ਪੈਣ ਨਾਲ ਆਤਮਿਕ ਪਰਮ- ਗਤੀ ਹੋ ਜਾਂਦੀ ਹੈ।

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥

ਉਚਾਰਣ ਸੇਧ : ਬਿੰਦੀ ਸਹਿਤ:- ਨੀਂਵ ਦੈ
ਨਾਨਕ ਰਾਜ ਚਲਾਇਆ, ਸਚ ਕੋਟ ਸਤਾਣੀ ਨੀਂਵ ਦੈ॥
ਪਦ ਅਰਥ : ਨਾਨਕਿ = (ਨਾਂਵ ਕਰਤਾ ਕਾਰਕ ਇਕਵਚਨ) ਨਾਨਕ ਨੇ। ਕੋਟੁ = (ਨਾਂਵ ਪੁਲਿੰਗ ਇਕਵਚਨ) ਕਿਲ੍ਹਾ। ਸਤਾਣੀ = ਬਲ ਵਾਲੀ | ਦੈ = ਦੇ ਕੇ।
ਅਰਥ : (ਗੁਰੂ) ਨਾਨਕ ਨੇ ਆਤਮ ਦਾਨ ਪ੍ਰਦਾਨ ਕਰਨ ਲਈ ਰੂਹਾਨੀ ਰਾਜ ਚਲਾਇਆ। ਸਤ ਰੂਪ ਕਿਲ੍ਹਾ ਉਸਾਰ ਕੇ (ਉਸ ਦੀ) ਨੀਂਹ ਬਲ ਵਾਲੀ ਰੱਖੀ ।

ਲਹਣੇ ਧਰਿਓਨੁ ਛਤੁ ਸਿਰਿ, ਕਰਿ ਸਿਫਤੀ ਅੰਮ੍ਰਿਤੁ ਪੀਵਦੈ॥

ਉਚਾਰਨ ਸੇਧ : ਬਿੰਦੀ ਸਹਿਤ :- ਪੀਂਵਦੈ , ਬਿੰਦੀ ਰਹਿਤ :- ਸਿਫਤੀ ।
ਲਹਣੇ ਧਰਿਓਨ ਛਤ ਸਿਰ , ਕਰ ਸਿਫਤੀ ; ਅੰਮ੍ਰਿਤ ਪੀਂਵਦੈ ॥
ਪਦ ਅਰਥ : ਧਰਿਓਨੁ = ਉਸ ਗੁਰੂ ਨਾਨਕ ਨੇ ਧਰਿਆ। ਸਿਰਿ = (ਨਾਂਤ ਆਪਾਦਾਨ ਕਾਰਕ) ਸਿਰ ਉੱਤੇ। ਪੀਵਦੈ = ਪੀ ਰਹੇ।
ਅਰਥ : ਉਸ (ਗੁਰੂ ਨਾਨਕ ਦੇਵ ) ਨੇ (ਪਰਮਾਤਮਾ) ਦੀ ਸਿਫ਼ਤਿ-ਸਾਲਾਹ ਕਰ ਕੇ (ਲਗਾਤਾਰ) ਯਾਦ ਰੂਪ ਅੰਮ੍ਰਿਤ ਪੀ ਰਹੇ (ਭਾਈ) ਲਹਣਾ ਦੇ ਸਿਰ ਉੱਤੇ (ਗੁਰਿਆਈ ਦਾ) ਛਤਰ ਧਰਿਆ।

ਮਤਿ ਗੁਰ ਆਤਮ-ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ॥

ਉਚਾਰਨ ਸੇਧ : ਜੋਰਿ = ਜ਼ੋਰ ( ਜ਼ ਪੈਰ ਬਿੰਦੀ )
ਮਤ ; ਗੁਰ ਆਤਮ-ਦੇਵ ਦੀ , ਖੜਗ ਜ਼ੋਰ ਪਰਾਕੁਏ ਜੀਅ ਦੈ॥
ਪਦ ਅਰਥ : ਗੁਰ = ਗੁਰੂਆਂ ਗੁਰੂ। ਆਤਮਾ ਦੇਵ = ਪਰਮਾਤਮਾ ਦੀ। ਖੜਗਿ ਜੋਰਿ = ਗਿਆਨ ਖੜਗ ਦੇ ਜ਼ੋਰ ਨਾਲ। ਪਰਾਕੁਇ = ਬਲ ਨਾਲ।
ਅਰਥ : ਗਿਆਨ ਖੜਗ ਅਤੇ ਆਤਮ ਬਲ ਦੁਆਰਾ (ਲਹਿਣਾ ਜੀ ਨੂੰ) ਨਾਮ ਦਾ ਦਾਨ ਦੇ ਕੇ, ਜੋਤਿ ਸਰੂਪ ਵਾਹਿਗੁਰੂ ਦੀ ਮਤਿ ਦ੍ਰਿੜ ਕਰਾਈ ।

ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ॥੧॥

ਉਚਾਰਨ ਸੇਧ : ਬਿੰਦੀ ਸਹਿਤ :- ਥੀਂਵਦੈ, ਜੀਂਵਦੈ , ਵਿਸ਼ੇਸ਼ ਧੁਨੀ = ਸ਼ਹਿ ( ਸ਼ ਪੈਰ ਬਿੰਦੀ )
ਗੁਰ ; ਚੇਲੇ ਰਹਰਾਸ ਕੀਈ , ਨਾਨਕ ਸਲਾਮਤ ਥੀਂਵਦੈ ॥ ਸ਼ਹਿ ਟਿਕਾ ਦਿਤੋਸ ਜੀਂਵਦੈ॥੧॥
ਪਦ ਅਰਥ : ਗੁਰਿ = ਗੁਰੂ ਨੇ | ਚੇਲੇ = ਚੇਲੇ ਨੂੰ (ਸੰਪ੍ਰਦਾਨ ਕਾਰਕ) | ਰਹਰਾਸਿ = ਨਮਸਕਾਰ ( ਰਹਿਰਾਸਿ : ਉਚਾਰਨ ਠੀਕ ਨਹੀਂ ) | ਥੀਵਦੈ = ਹੁੰਦਿਆ। ਸਹਿ = ਮਾਲਕ ਨੇ । ਟਿਕਾ = ਗੁਰੂ ਟਿਕਾ ਭਾਵ ਥਾਪਨਾ ਕਰ ਦਿਤੀ। ਜੀਵਦੈ = ਜੀਊਂਦਿਆਂ ਹੀ।
ਅਰਥ : ਗੁਰੂ ਨਾਨਕ ਨੇ ਸਹੀ ਸਲਾਮਤ ਹੁੰਦਿਆਂ (ਜੀਊਂਦਿਆ) ਆਪਣੇ ਚੇਲੇ ( ਲਹਿਣਾ ਜੀ ) ਨੂੰ ਨਮਸ਼ਕਾਰ ਕੀਤੀ। ਮਾਲਕ ਗੁਰੂ ਨਾਨਕ ਨੇ ਆਪਣੇ ਜੀਊਂਦਿਆਂ ਹੀ ਭਾਈ ਲਹਿਣਾ ਜੀ ਵਿੱਚ ਨਾਨਕ ਜੋਤ ਟਿਕਾ ਦਿਤੀ , ਭਾਵ ਭਾਈ ਲਹਿਣਾ ਜੀ ਨੂੰ  ਗੁਰਿਆਈ ਦਿਤੀ ।੧।

ਲਹਣੇ ਦੀ ਫੇਰਾਇਐ ਨਾਨਕਾ ਦੋਹੀ ਖਟੀਐ॥

ਉਚਾਰਨ ਸੇਧ : ਅੱਧਕ ਸਹਿਤ:- ਖੱਟੀਐ।
ਲਹਣੇ ਦੀ ਫੇਰਾਇਐ , ਨਾਨਕਾ ਦੋਹੀ ਖੱਟੀਐ ॥
ਪਦ ਅਰਥ : ਲਹਿਣੇ ਦੀ = ਭਾਈ ਲਹਣਾ ਜੀ ਦੀ। ਫੇਰਾਈਐ = ਫੇਰਾਈ ਗਈ। ਦੋਈ = ਵਡਿਆਈ ਦੀ ਧੁੰਮ। ਖਟੀਐ = ਪ੍ਰਾਪਤ ਕੀਤੀ
ਅਰਥ : (ਗੁਰੂ) ਨਾਨਕ ਦੇਵ ਜੀ ਦੀ ਖਟੀ ਹੋਈ ਵਡਿਆਈ ਸਦਕਾ ਲਹਣਾ ਜੀ ਗੁਰੂ ਜੋਤਿ ਦੇ ਵਾਰਿਸ ਬਣਨ ਦੀ ਧੁੰਮ ਸਭ ਪਾਸੇ ਫੈਲ ਰਹੀ ਹੈ।

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।

ਉਚਾਰਨ ਸੇਧ : ਬਿੰਦੀ ਸਹਿਤ :- ਕਾਇਆਂ , ਬਲ ਧੁਨੀ (ਅੱਧਕ) ਸਹਿਤ :- ਪਲੱਟੀਐ।
ਜੋਤ ਓਹਾ ਜੁਗਤ ਸਾਏ , ਸਹਿ ਕਾਇਆਂ ਫੇਰ ਪਲੱਟੀਐ।
ਪਦ ਅਰਥ : ਜੁਗਤਿ = ਜੀਵਨ ਜੁਗਤੀ। ਸਾਇ = (ਇਸਤਰੀ ਲਿੰਗ ਪੜਨਾਂਵ) ਉਹ ਹੀ। ਸਹਿ = ਮਾਲਕ ਗੁਰੂ ਨਾਨਕ ਸਾਹਿਬ ਨੇ। ਕਾਇਆ = ਸਰੀਰ। ਪਲਟੀਐ = ਬਦਲ ਲਈ ਹੈ।
ਅਰਥ : ਗੁਰ-ਗੱਦੀ ਪ੍ਰਾਪਤ ਹੋਣ ਉਪਰੰਤ ਗੁਰੂ ਅੰਗਦ ਸਾਹਿਬ ਜੀ ਵਿਚ ਉਹੀ ਗੁਰੂ ਨਾਨਕ ਸਾਹਿਬ ਵਾਰੀ ਗੁਰ ਜੋਤਿ ਪ੍ਰਕਾਸ਼ਮਾਨ ਹੈ, ਜਗਿਆਸੂਆਂ ਨੂੰ ਜੀਵਨ ਜੁਗਤੀ ਦੇਣ ਦੀ ਪਰੰਪਰਾ ਵੀ ਉਹੋ ਹੀ ਹੈ। ਮਾਲਕ ਗੁਰੂ ਨਾਨਕ ਸਾਹਿਬ ਨੇ ਕੇਵਲ ਸਰੀਰ ਹੀ ਵਟਾਇਆ ਹੈ।

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ॥

ਉਚਾਰਨ ਸੇਧ : ਅਧੱਕ ਸਹਿਤ:- ਮੱਲ , ਹੱਟੀਐ। ਸੁ = ਸੋ ( ਹੋੜੇ ਦੀ ਅੱਧੀ ਧੁਨੀ ਉਚਾਰਨੀ ਹੈ )
ਝੁਲੈ ਸੁ ਛਤ ਨਿਰੰਜਨੀ , ਮੱਲ ਤਖਤ ਬੈਠਾ ਗੁਰ ਹੱਟੀਐ ॥
ਪਦ ਅਰਥ : ਨਿਰੰਜਨੀ = ਰਬੀ ਛੱਤਰ। ਮਲਿ ਤਖਤੁ = ਗੁਰੂ ਸਿੰਘਾਸਣ ਮੱਲ ਕੇ। ਗੁਰ ਹਟੀਐ = ਨਾਮ ਦੇ ਵਣਜ ਵਾਲੀ ਗੁਰੂ ਦੀ ਹੱਟੀ ਵਿਖੇ।
ਅਰਥ : ਗੁਰੂ ਨਾਨਕ ਸਾਹਿਬ ਜੀ ਦੀ ਨਾਮ ਵਣਜ ਵਾਲੀ) ਹੱਟੀ ਤੇ ਗੁਰੂ ਅੰਗਦ ਸਾਹਿਬ ਜੀ) ਗੁਰੂ ਸਿੰਘਾਸਣ ਮੱਲ ਕੇ ਬੈਠਾ ਹੋਇਆ ਹੈ। ਸਿਰ ਉਤੇ ਗੁਰਿਆਈ ਦਾ ਰੱਬੀ ਛਤਰ ਝੁਲ ਰਿਹਾ ਹੈ।

ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ॥

ਉਚਾਰਨ ਸੇਧ : ਬਿੰਦੀ ਸਹਿਤ :- ਕਰਹਿਂ ( ਕਰ੍ਹੈਂ ਵਾਂਗ ) | ਜਿ = ਜੇ ( ਲਾਮ ਦੀ ਅੱਧੀ ਧੁਨੀ ਉਚਾਰਨੀ ਹੈ )
ਕਰ੍ਹੈਂ ਜਿ ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚਟੀਐ॥
ਪਦ ਅਰਥ : ਕਰਹਿ = ਕਰਦੇ ਹਨ। ਜਿ = ਜੋ ਕੁਝ। ਸਿਲ =ਖੇਤ ਵਿਚ ਡਿੱਗੇ ਦਾਣੇ ,ਰਹਿੰਦ ਖੂੰਦ,ਸ਼ਿਲਾ। ਜੋਗੁ = ਮਿਲਾਪ। ਅਲੂਣੀ = ਲੂਣ ਤੋਂ ਬਿਨਾਂ। ਚਟੀਐ = ਚਟੀ ਜਾਣ ਸਦਕਾ।
ਅਰਥ : ਗੁਰੂ ਜੀ ਦਾ ਜੋ ਫੁਰਮਾਨ ਹੁੰਦਾ ਹੈ। ਸਾਰੇ ਸਿੱਖ ਉਸਦੀ ਪਾਲਨਾ ਕਰਦੇ ਹਨ। ਇੰਜ ਇਹ ਅਲੂਣੀ ਸਿਲਾ ਚਟੀ ਜਾਣ ਸਦਕਾ ਹੀ ਗੁਰਮਤਿ ਜੋਗ ਕਮਾਇਆ ਜਾ ਸਕਦਾ ਹੈ,ਭਾਵ ਗੁਰੂ ਹੁਕਮ ਮੰਨਣ ਦੀ ਕਰੜੀ ਘਾਲਨਾ ਕਰਨਾ ਹੀ ਗੁਰਮਤਿ ਜੋਗ ਹੈ।

ਲੰਗਰ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥

ਉਚਾਰਨ ਸੇਧ : ਅੱਧਕ ਸਹਿਤ:- ਖੱਟੀਐ।
ਲੰਗਰ ਚਲੈ ਗੁਰ-ਸਬਦ ਹਰ , ਤੋਟ ਨ ਆਵੀ ; ਖੱਟੀਐ ॥
ਪਦ ਅਰਥ : ਗੁਰ-ਸਬਦਿ = ਗੁਰੂ ਦੇ ਉਪਦੇਸ਼ ਦੁਆਰਾ। ਹਰਿ = ਪਰਮਾਤਮਾ ਦੇ ਨਾਮ ਦਾ। ਆਵੀ = ਨਹੀਂ ਆਉਂਦੀ। ਖਟੀਐ = ਖੱਟੀ।
ਅਰਥ : ( ਗੁਰੂ ਦੇ ਦਰਬਾਰ ਵਿਚ ਲਗਾਤਾਰ ) ਗੁਰ ਉਪਦੇਸ਼ ਰਾਹੀਂ ਹਰਿ-ਨਾਮ ਦਾ ਲੰਗਰ ਚਲਦਾ ਹੈ, ਇਸ ਵਿਚ ਤੋਟ ਕਦੇ ਨਹੀਂ ਆਉਂਦੀ, ਸਗੋਂ ਵਾਧਾ ਹੀ ਵਾਧਾ ਹੁੰਦਾ ਹੈ।

ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥

ਉਚਾਰਨ ਸੇਧ : ਬਿੰਦੀ ਸਹਿਤ:- ਖਹਂਦੀ | ਅਧੱਕ ਸਹਿਤ:- ਦਬੱਟੀਐ।
ਖਰਚੇ ਦਿਤ ਖਸੰਮ ਦੀ , ਆਪ ਖਹਂਦੀ ਖੈਰ ਦਬੱਟੀਐ॥

ਪਦ ਅਰਥ : ਖਰਚੇ = ਵਰਤਦਾ ਹੈ। ਦਿਤਿ = ਦਿਤੀ ਹੋਈ ਦਾਤਿ। ਖਸੰਮ ਦੀ = ਮਾਲਕ ਗੁਰੂ ਨਾਨਕ ਸਾਹਿਬ ਦੀ ਦਿਤੀ ਗੁਰਬਾਣੀ । ਖਹਦੀ = ਖਾਂਦੇ ਹਨ। ਖੈਰਿ = ਖ਼ਰੈਤ ਦਾਨ ਵਜੋਂ। ਦਬਟੀਐ = ਦਬਾ-ਦਬ ਵੰਡੀ ਹੈ।
ਅਰਥ : ਗੁਰੂ ਅੰਗਦ ਪਾਤਸ਼ਾਹ ਮਾਲਕ (ਗੁਰੂ ਨਾਨਕ ਸਾਹਿਬ ਜੀ) ਦੀ ਬਖਸ਼ੀ ਹੋਈ ਗੁਰਬਾਣੀ ਦੀ ਦਾਤ ( ਗੁਰਬਾਣੀ ਦਾ ਖਜ਼ਾਨਾ ) ਖਰਚ ਰਹੇ ਹਨ, ਆਪ ਖਾਂਦੇ ਹਨ ਅਤੇ ਹੋਰਨਾਂ ਨੂੰ ਦਾਨ ਦਬਾ-ਦਬ ਵੰਡੀ ਜਾ ਰਹੇ ਹਨ। ਭਾਵ ਵਾਹਿਗੁਰੂ ਜੀ ਦੀ ਸਿਫਤਿ-ਸਲਾਹ ਨਾਲ ਜੋੜ ਰਹੇ ਹਨ।

ਹੋਵੈ ਸਿਫਤਿ ਖਸੰਮ ਦੀ, ਨੂਰੁ ਅਰਸਹੁ ਕੁਰਸਹੁ ਝਟੀਐ॥

ਉਚਾਰਨ ਸੇਧ : ਬਿੰਦੀ ਸਹਿਤ:- ਅਰਸ਼ਹੁਂ , ਕੁਰਸਹੁਂ | ਵਿਸ਼ੇਸ਼ ਧੁਨੀ :- ਅਰਸ਼ਹੁਂ ( ਅਰਸ਼੍ਹੋਂ ਵਾਂਗ , ਸ਼ ਪੈਰ ਬਿੰਦੀ ਨਾਲ ) , ਕੁਰਸਹੁਂ ( ਕੁਰਸ੍ਹੋਂ , ਇਥੇ ਵਿਸ਼ੇਸ਼ ਧੁਨੀ ( ਸ ਪੈਰ ਬਿੰਦੀ ) ਦਾ ਪ੍ਰਯੋਗ ਨਹੀਂ ਕਰਨਾਂ ) ਕੇਵਲ ਬਿੰਦੀ ਦਾ ਨਾਸਕੀ ਉਚਾਰਣ  (ਕਰਸਹੁਂ) ਲਈ ਪ੍ਰਯੋਗ ਕਰਨਾ ਹੈ।
ਹੋਵੈ ਸਿਫਤ ਖਸੰਮ ਦੀ , ਨੂਰ ਅਰਸ਼੍ਹੋਂ ਕੁਰਸ੍ਹੋਂ ਝਟੀਐ॥
ਪਦ ਅਰਥ : ਖਸੰਮ = ਮਾਲਕ। ਨੂਰੁ = ਗਿਆਨ ਪ੍ਰਕਾਸ਼। ਅਰਸਹੁ = ਅਰਸ਼ਹੁਂ , ਗਗਨ ਮੰਡਲ ਭਾਵ ਅਕਾਸ਼ ਤੋਂ। ਕਰਸਹੁ = ਕਰਸਹੁਂ, ਚੰਦ ਸੂਰਜ ਦੀ ਟਿੱਕੀ ਤੋਂ। ਝਟੀਐ- ਝਟੀਐ , ਝਰਦਾ ਹੈ।
ਅਰਥ : (ਗੁਰ ਦਰਬਾਰ ਵਿਚ ਲਗਾਤਾਰ ਗੁਰਬਾਣੀ ਰਾਹੀਂ ) ਮਾਲਕ ਪ੍ਰਭੂ ਪਰਮਾਤਮਾ ਦੀ ਸਿਫਤਿ-ਸਾਲਾਹ ਹੁੰਦੀ ਹੈ, ਜਿਵੇਂ ਚੰਦ-ਸੂਰਜ ਦੀ ਟਿੱਕੀ ਤੋਂ ਜਗਤ ਵਿਚ ਪ੍ਰਕਾਸ਼ ਹੁੰਦਾ ਹੈ , ਏਵੇਂ ਸਫਤਿ ਸਾਲਾਹ ਸਦਕਾ ਰਬੀ ਮੰਡਲਾਂ ਤੋਂ ਗੁਰ-ਦਰਬਾਰ ਵਿਚ ਗਿਆਨ ਪ੍ਰਕਾਸ਼ ਬਰਸ ਰਿਹਾ ਹੈ।

ਤੁਧੁ-ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥

ਉਚਾਰਨ ਸੇਧ : ਅਧਕ ਸਹਿਤ :- ਸੱਚੇ | ਵਿਸ਼ੇਸ਼ ਧੁਨੀ :- ਪਾਤਿਸ਼ਾਹ , ਮਲ਼ ( ਸ਼ ਅਤੇ ਲ਼ ਪੈਰ ਬਿੰਦੀ ਨਾਲ )।
ਤੁਧੁ-ਡਿਠੇ ਸੱਚੇ ਪਾਤਿਸ਼ਾਹ !  ਮਲ਼ ਜਨਮ ਜਨਮ ਦੀ ਕਟੀਐ॥
ਪਦ ਅਰਥ : ਤੁਧੁ-ਡਿਠੇ = ਤੇਰੇ ਵਲੋਂ ਮਿਹਰ ਦੀ ਨਜ਼ਰ ਨਾਲ। ਸੱਚੇ ਪਾਤਿਸ਼ਾਹ = ਗੁਰੂ ਅੰਗਦ ਸਾਹਿਬ | ਮਲੁ = (ਇਸਤਰੀ ਲਿੰਗ ਨਾਂਵ, ਔਂਕੜ ਮੂਲਕ) ਮੈਲ। ਕਟੀਐ = ਕਟੀ ਜਾਂਦੀ ਹੈ।
ਅਰਥ : ਸੱਚੇ ਪਾਤਸ਼ਾਹ ! (ਗੁਰੂ ਅੰਗਦ ਸਾਹਿਬ) ਤੇਰੇ ਵਲੋਂ ਮਿਹਰ ਦੀ ਨਜ਼ਰ ਨਾਲ ਜਨਮ-ਜਨਮਾਂਤਰਾਂ ਦੀ ਪਾਪਾਂ ਦੀ ਮੈਲ ਕਟੀ ਜਾਂਦੀ ਹੈ।

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥

ਉਚਾਰਨ ਸੇਧ : ਬਿੰਦੀ ਸਹਿਤ :- ਕਿਉਂ, ਏਦੂਂ , ਬੋਲਹੁਂ ( ਬੋਲ੍ਹੋਂ )।
ਸਚ ਜਿ ਗੁਰ ਫੁਰਮਾਇਆ , ਕਿਉਂ ਏਦੂਂ ਬੋਲਹੁਂ ਹਟੀਐ॥
ਪਦ ਅਰਥ : ਗੁਰਿ = ਗੁਰੂ ਨਾਨਕ ਸਾਹਿਬ ਨੇ | ਜਿ = ਜਿਹੜਾ । ਏਦੂ ਬੋਲਹੁ = ਇਸ ਬੋਲ ਤੋਂ। ਹਟੀਐ- ਪਿੱਛੇ ਹੋਵੀਏ ,ਕੰਨੀ ਕਤਰਾਈਏ।
ਅਰਥ: ਗੁਰੂ ਨਾਨਕ ਸਾਹਿਬ ਨੇ ਸੱਚਾ ਫ਼ੁਰਮਾਨ ਕੀਤਾ ਹੈ (ਕਿ ਗੁਰ-ਗੱਦੀ ਦਾ ਵਾਰਸ ਸੇਵਾ-ਭਾਵਨਾ ਵਾਲਾ ਸਿਖ-ਸੇਵਕ ਭਾਈ ਲਹਣਾ ਹੀ ਹੈ ) ਗੁਰੂ ਦੇ ਇਸ ਫੁਰਮਾਨ ਤੋਂ ਕਿਵੇਂ ਪਿੱਛੇ ਹਟੀਏ (ਭਾਵ, ਕਿਵੇਂ ਆਸੇ-ਪਾਸੇ ਹੋਵੀਏ।)

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ ਮੁਰਟੀਐ॥

ਉਚਾਰਨ ਸੇਧ : ਬਿੰਦੀ ਸਹਿਤ :- ਪੁਤ੍ਰੀਂ, ਪੀਰਹੁਂ ( ਪੀਰ੍ਹੋਂ )। ਅਧਕ ਸਹਿਤ :- ਮੁਰੱਟੀਐ।
ਪੁਤ੍ਰੀਂ ਕੌਲ ਨ ਪਾਲਿਓ , ਕਰ ਪੀਰਹੁਂ ਕੰਨ੍ਹ ਮੁਰੱਟੀਐ॥

ਪਦ ਅਰਥ : ਪੁਤ੍ਰੀ = ਪੁੱਤ੍ਰੀਂ (ਬਹੁਵਚਨ ਨਾਂਵ ਕਰਤਾ ਕਾਰਕ) ਪੁੱਤਰਾਂ ਨੇ। ਕਉਲੁ = ਹੁਕਮ ,ਬਚਨ। ਨ ਪਾਲਿਓ = ਨਾ ਮੰਨਿਆ। ਕਰਿ ਪੀਰਹੁ = ਪੀਰ ( ਗੁਰੂ ਅੰਗਦ ਤੋਂ ) ਕੰਨ੍ਹ-ਕੰਧਾ ,ਪਾਸਾ। ਮੁਰਟੀਐ = ਮੁਰੱਟੀਐ, ਮਰੋੜ ਲਿਆ।
ਅਰਥ : (ਸ੍ਰੀ ਚੰਦ ਤੇ ਲਖਮੀ ਚੰਦ) ਪੁਤਰਾਂ ਨੇ (ਗੁਰੂ ਪਿਤਾ ਜੀ ਦਾ ) ਬਚਨ ਨਹੀਂ ਪਾਲਿਆ ( ਭਾਵ ਨਹੀਂ ਮੰਨਿਆ ) ਅਤੇ ਗੁਰੂ ਅੰਗਦ ਜੀ ਨੂੰ ਗੁਰੂ ਕਰਕੇ ਮੰਨਣ ਵਲੋਂ ਪਾਸਾ ਮੋੜ ਲਿਆ ਭਾਵ ਇਨਕਾਰੀ ਹੋ ਗਏ।

ਦਿਲਿ ਖੋਟੈ ਆਕੀ ਫਰਿਨਿ੍ ਬੰਨਿ੍ ਭਾਰੁ ਉਚਾਇਨਿ੍ ਛਟੀਐ॥

ਉਚਾਰਨ ਸੇਧ : ਅਧਕ ਸਹਿਤ :- ਛੱਟੀਐ।
ਦਿਲ ਖੋਟੈ ਆਕੀ ਫਰਿਨ੍ਹ , ਬੰਨ੍ਹ ਭਾਰ ਉਚਾਇਨ੍ਹ ਛੱਟੀਐ॥

ਪਦ ਅਰਥ : ਦਿਲਿ ਖੋਟੈ = ਦਿਲੋਂ ਖੋਟੇ ਹੋਣ ਕਾਰਨ। ਆਕੀ = ਬਾਗ਼ੀ। ਫਰਿਨਿ੍ = ਫਿਰਦੇ ਹਨ। ਬੰਨਿ੍ ਭਾਰੁ = ਗੁਰੂ ਬਚਨ ਨਾ ਮੰਨਣ ਦੀ ਗਲਤੀ ਦਾ ਭਾਰ ਬੰਨ ਕੇ। ਉਚਾਇਨਿ੍ = ਚੁੱਕਦੇ ਹਨ। ਛਟੀਐ = ਛੱਟ ਦਾ ।
ਅਰਥ : (ਪੁੱਤਰ) ਦਿਲੋਂ ਖੋਟੇ ਹੋਣ ਕਾਰਣ ( ਗੁਰੂ-ਹੁਕਮ ਮਨੰਣ ਤੋਂ ) ਬਾਗ਼ੀ ਹੋਏ ਫਿਰਦੇ ਹਨ, ਇਸ ਤਰ੍ਹਾਂ (ਗੁਰੂ ਅਵੱਗਿਆ) ਛੱਟ ਦਾ ਭਾਰ ਬੰਨ੍ਹਕੇ ਚੁੱਕੀ ਫਿਰਦੇ ਹਨ।

ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ॥

ਉਚਾਰਨ ਸੇਧ : ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥਟੀਐ॥
ਪਦ ਅਰਥ : ਜਿਨਿ = ਜਿਸ ਭਾਈ ਲਹਿਣਾ ਜੀ ਨੇ। ਆਖੀ = ਕਿਰਿਆ ਅੰਦਰਲੀ ਹੁਕਮ ਦੀ ਕਾਰ। ਥਟੀਐ = ਕਾਇਮ ਕੀਤੀ।
ਅਰਥ: ਜਿਸ ਭਾਈ ਲਹਿਣਾ ਜੀ ਨੇ ਅੰਦਰਲੀ ਹੁਭ ਅਧੀਨ , ਹੁਕਮ ਦੀ ਗੁਰੂ ਕੀ ਕਾਰ ਕਰਨ ਦੀ ਮੂੰਹੋਂ ਬੋਲ ਪ੍ਰਤੱਗਿਆ ਕੀਤੀ, ਉਹ ਹੀ ਹੁਕਮ ਦੀ ਕਾਰ ਕਰ ਰਿਹਾ ਹੈ। ਉਸ ਨੇ ਹੀ ਗੁਰੂ ਕੀ ਕਾਰ ਦੀ ਪ੍ਰਥਾ ਕਾਇਮ ਕੀਤੀ।

ਕਉਣੁ ਹਾਰੇ, ਕਿਨਿ ਉਵਟੀਐ॥੨॥

ਉਚਾਰਨ ਸੇਧ : ਅਧਕ ਸਹਿਤ :- ਉਵੱਟੀਐ। ਕਉਣੁ = ਕੌਣ
ਕਉਣ ਹਾਰੇ ? ਕਿਨ ਉਵੱਟੀਐ ? ॥੨॥
ਪਦ ਅਰਥ : ਕਿਨਿ- ਇਕਵਚਨ, ਕਿਸ ਨੇ ?। ਉਵਟੀਐ-  ਕਮਾਈ ਖਟੀ।
ਅਰਥ : ਕਉਣ (ਜੀਵਨ-ਬਾਜ਼ੀ ) ਹਾਰਦਾ ਹੈ ਅਤੇ ਕਿਸ ਨੇ ਕਮਾਈ ਖਟੀ ( ਜੀਵਨ ਬਾਜ਼ੀ ਜਿੱਤੀ ) ਭਾਵ ਗੁਰ ਅੱਗੇ ਹਾਰ ਚਲਣ ਵਾਲਾ ਹੀ ਜੀਵਨ-ਬਾਜ਼ੀ ਜਿੱਤਦਾ ਹੈ।੨।

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’                                  
Khalsasingh.hs@gmail.com

ਸੁਣੋ ਪਾਠ ਪਉੜੀ ੧-੨ [audio:http://www.singhsabhacanada.com/wp-content/uploads/2014/07/ramkali-ki-vaar-satte-balwand-paudi-1-2.mp3]