ਰਾਮਕਲੀ ਕੀ ਵਾਰ – ਅਰਥ ਭਾਵ ਉਚਾਰਣ ਸੇਧਾਂ ਸਹਿਤ (ਭਾਗ 2)

0
18

A A A

ਰਾਮਕਲੀ ਕੀ ਵਾਰ ( ਪੰਨਾ ੯੬੬ )

ਅਰਥ ਭਾਵ ਉਚਾਰਨ ਸੇਧਾਂ ਸਹਿਤ ( ਭਾਗ ੨ ) ਪਉੜੀ ੩-੪ 

ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ॥

ਉਚਾਰਨ ਸੇਧ : ਬਿੰਦੀ ਸਹਿਤ :- ਜਿਵਾਹੇਂ | ਵਿਸ਼ੇਸ਼ ਧੁਨੀ :- ਸ਼ਾਲੀ ( ਸ਼ ਪੈਰ ਬਿੰਦੀ )
ਜਿਨ ਕੀਤੀ ਸੋ ਮੰਨਣਾ, ਕੋ ਸਾਲ ? ਜਿਵਾਹੇਂ ਸ਼ਾਲੀ॥
ਪਦ ਅਰਥ : ਜਿਨਿ ਕੀਤੀ = ਜਿਸ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦੇਣੀ ਕੀਤੀ। ਸੋ ਮੰਨਣਾ = ਉਹ ਮਨੰਣਯੋਗ ਹੈ। ਸਾਲ = ਸ਼੍ਰੇਸ਼ਟ। ਜਿਵਾਹੇ = ਜਿਵਾਹੇਂ, ਇਕ ਨਿਕੰਮਾ ਜਿਹਾ ਬੂਟਾ। ਸਾਲੀ = ਸ਼ਾਲੀ, ਚੌਲਾਂ ਦੀ ਮੁੰਜੀ ਵਿਚੋਂ।
ਅਰਥ: ਜਿਸ (ਗੁਰੂ ਅੰਗਦ) ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਸੇਵਾ ਕੀਤੀ ਉਹ ਮਨੰਣਯੋਗ ਹੋ ਗਏ , ਜਿਵਾਹਾਂ ਕਿ ਮੁੰਜੀ ਦੋਹਾਂ ਵਿਚੋਂ ਕੌਣ ਸ੍ਰਸ਼ੇਟ ਹੈ ? ਮੁੰਜੀ ਜੋ ਨੀਵੇਂ ਥਾਂ ਪੁੰਗਰਦੀ ਹੈ ਇਸ ਤਰਾਂ ਗੁਰੂ ਅੰਗਦ ਸਾਹਿਬ ਜੀ ਪੁਤਰਾਂ (ਸ੍ਰੀ ਚੰਦ, ਲਖਮੀ ਚੰਦ)  ਵਿਚੋਂ ਸ੍ਰੇਸ਼ਟ ਹਨ ਇਹ ਨਿਰਣਾਂ ਹੋ ਗਿਆ।

ਧਰਮਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ॥

ਉਚਾਰਨ ਸੇਧ : ਬਿੰਦੀ ਸਹਿਤ :- ਗੱਲਾਂ।
ਧਰਮਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ॥
ਪਦ ਅਰਥ : ਲੈ ਗਲਾ- ਜੀਵਾਂ ਦੇ ਕਮਾਏ ਕਰਮਾਂ ਦੀਆਂ, ਗੱਲੇਂ ਸੁਣ ਕੇ। ਦਲਾਲੀ- ਦਲੀਲ ਨਾਲ ਵਿਚੋਲਗੀ ਕਰਦਾ ਹੈ। ਧਰਮ – ਨਿਆਉਂ।
ਅਰਥ : ਜਿਵੇਂ ਧਰਮ ਰਾਜਾ ਦੇਵਤਾ ਹੈ ਜੋ ਦਲੀਲਾਂ ਅਨੁਸਾਰ ਗਲਾਂ ਸੁਣ ਕੇ ਨਿਆਂ ਇਨਸਾਫ ਦਾ ਕੰਮ ਕਰਦਾ ਹੈ । ( ਇਕ ਮਿਥਿਹਾਸਕ ਪ੍ਰਚਲਿਤ ਗੱਲ ਦਾ ਹਵਾਲਾ ਹੈ )

ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ॥

ਉਚਾਰਨ ਸੇਧ : ਅਧਕ ਸਹਿਤ :- ਸੱਚਾ
ਸਤਿਗੁਰ ਆਖੈ ; ਸੱਚਾ ਕਰੇ , ਸਾ ਬਾਤ ਹੋਵੈ ਦਰਹਾਲੀ॥
ਪਦ ਅਰਥ : ਦਰਹਾਲੀ = ਛੇਤੀ, ਤੁਰੰਤ ਹੀ |
ਅਰਥ : ਜੋ ਗੁਰੂ ਜੀ ਆਖਦੇ ਹਨ ! ਸਚ ਸਰੂਪ ਵਾਹਿਗੁਰੂ ਉਵੇਂ ਹੀ ਕਰਦਾ ਹੈ ਅਤੇ ਉਹ ਗੱਲ ਤੁਰੰਤ ਹੋ ਜਾਂਦੀ ਹੈ।

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ॥

ਉਚਾਰਨ ਸੇਧ : ਅਧਕ ਸਹਿਤ :- ਸੱਚ
ਗੁਰ ਅੰਗਦ ਦੀ ਦੋਹੀ ਫਿਰੀ , ਸੱਚ  , ਕਰਤੈ ਬੰਧਿ-ਬਹਾਲੀ॥
ਪਦ ਅਰਥ : ਦੋਹੀ = ਗੁਰ ਪ੍ਰਾਪਤੀ ਦੀ ਧੁੰਮ। ਫਿਰੀ = ਪਸਰ ਗਈ |
ਅਰਥ : ਗੁਰੂ ਅੰਗਦ ਜੀ  ਵਡਿਆਈ ਦੀ ਧੁੰਮ ਪੈ ਗਈ ਹੈ, ਇਹ ਗੁਰਤਾ ਸਦਾ ਥਿਰ ਹੈ , ਕਿਉਂ ਜੁ ਕਰਤਾ ਪੁਰਖ ਨੇ ਆਪ ਕਾਇਮ ਕੀਤੀ ਹੈ।

ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥

ਉਚਾਰਨ ਸੇਧ : ਬਿੰਦੀ ਸਹਿਤ :- ਕਾਇਆਂ |ਅਧਕ ਸਹਿਤ :- ਮੱਲ । ਬਿੰਦੀ ਰਹਿਤ :- ਸੈ ਡਾਲੀ ।
ਨਾਨਕ ਕਾਇਆਂ ਪਲਟ ਕਰ ਮੱਲ ਤਖਤ ਬੈਠਾ ਸੈ ਡਾਲੀ॥
ਪਦ ਅਰਥ : ਪਲਟੁ ਕਰਿ = ਬਦਲ ਕੇ। ਸੈ-ਡਾਲੀ = ਸੈਂਕੜੇ ਸਿੱਖ ਸੰਗਤਾਂ ਵਾਲਾ (ਸਮਾਸੀ)
ਅਰਥ : ਸੈਂਕੜੇ ਸਿੱਖ ਸੰਗਤਾਂ ਵਾਲਾ ਗੁਰੂ ਨਾਨਕ ਆਪਣੀ ਸਰੀਰਕ ਚੋਲੀ ਬਦਲ ਕੇ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿਚ ਗੁਰਿਆਈ ਦਾ ਤਖਤ ਮੱਲ ਬੈਠਾ ਹੈ ।

ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ॥

ਉਚਾਰਨ ਸੇਧ : ਅਧਕ ਸਹਿਤ :- ਉੱਮਤਿ ( ਉਮ-ਮਤ ) | ਅਧਕ ਰਹਿਤ :- ਮਸਕਲੈ ।
ਦਰ ਸੇਵੇ ਉੱਮਤ ਖੜੀ, ਮਸਕਲੈ ਹੋਏ ਜੰਗਾਲੀ॥

ਪਦ ਅਰਥ : ਦਰੁ = ਗੁਰ ਦਰਬਾਰ। ਸੇਵੇ = ਸੇਵਾ ਕਰਦੀ ਹੈ। ਉਮਤਿ = ਸਿੱਖ ਸੰਗਤ। ਮਸਕਲੈ = ਜੰਗਾਲ ਲਾਹੁਣ ਵਾਲੇ ਸੰਦ ਨਾਲ।
ਅਰਥ : ਸਾਰੀ ਸਿੱਖ ਸੰਗਤ ਖੜੀ (ਸ਼ਰਧਾ ਪ੍ਰੇਮ ਨਾਲ ਸਾਵਧਾਨ ਹੋ ਕੇ) ਗੁਰੂ ਦਰ ਮੱਲ ਕੇ ਸੇਵਾ ਕਰ ਰਹੀ ਹੈ ( ਪ੍ਰਮੇਸ਼ਰ ਦੀ ਸਿਫਤ-ਸਾਲਾਹ ਦੀ ਬਰਕਤਿ ਸਦਕਾ ਸਿਖ ਸੰਗਤਾ ਦੀ ਆਤਮਾ ਏਸ ਤਰਾਂ ਨਿਰਮਲ ਹੋਈ ਪਈ ਹੈ ) ਜਿਵੇਂ ਜੰਗਾਲ ਲਾਹੁਣ ਵਾਲੇ ਸੰਦ ਨਾਲ ਜੰਗਾਲੀ ਹੋਈ ਧਾਤ ਸਾਫ਼ ਹੁੰਦੀ ਹੈ ।

ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ॥

ਉਚਾਰਨ ਸੇਧ : ਬਿੰਦੀ ਸਹਿਤ :- ਨਾਇਂ ( ਨਾਏਂ ) ਵਿਸ਼ੇਸ਼ ਧੁਨੀ :- ਦਰਵੇਸ਼ ( ਸ਼ ਪੈਰ ਬਿੰਦੀ )
ਦਰ ਦਰਵੇਸ਼ ਖਸੰਮ ਦੈ , ਨਾਏਂ ਸੱਚੈ ਬਾਣੀ ਲਾਲੀ॥
ਪਦ ਅਰਥ : ਦਰਿ = ਗੁਰੂ ਅੰਗਦ ਸਾਹਿਬ ਜੀ ਦੇ ਦਰ ਉੱਤੇ । ਦਰਵੇਸੁ = ਯਾਦ ਰੂਪ ਨਾਮ ਦਾ ਸਵਾਲੀ । ਖਸੰਮ ਦੈ ( ਦਰਿ ) = ਮਾਲਕ ਗੁਰੂ ਅੰਗਦ ਦੇਵ ਜੀ ਦੇ ਦਰ ਉੱਤੇ । ਦੈ = ਦੇ। ਸਚੈ = ਸੱਚੇ ਨਾਉਂ ਦੁਆਰਾ।

ਅਰਥ : ( ਜੋ ਮਨੁੱਖ ) ਖ਼ਸਮ (ਗੁਰੂ ਅੰਗਦ ਜੀ ) ਦੇ ਦਰ ਉੱਤੇ ਦਰਵੇਸ਼ ਬਣਦਾ ਹੈ  , ਉਸ (ਦੇ ਮੁਖੜੇ) ਉੱਤੇ ਸੱਚੇ ਨਾਮ ਅਤੇ ਗੁਰਬਾਣੀ (ਦੀ ਵੀਚਾਰ) ਦੁਆਰਾ ਲਾਲੀ ਚੜ੍ਹ ਜਾਂਦੀ ਹੈ।

ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤ੍ਰਾਲੀ॥

ਉਚਾਰਨ ਸੇਧ : ਬਿੰਦੀ ਸਹਿਤ : ਛਾਉਂ । ਵਿਸ਼ੇਸ਼ ਧੁਨੀ :  ਜ਼ਨ ( ਜ਼ ਪੈਰ ਬਿੰਦੀ , ਜਨ ਅਤੇ ਜ਼ਨ ਦੇ ਅਰਥਾਂ ਵਿਚ ਬੜ੍ਹਾ ਅੰਤਰ ਹੈ , ਉਚਾਰਣ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ )
ਬਲਵੰਡ, ਖੀਵੀ ਨੇਕ ਜ਼ਨ, ਜਿਸ ਬਹੁਤੀ ਛਾਉਂ ਪਤ੍ਰਾਲੀ॥
ਪਦ ਅਰਥ : ਬਲਵੰਡ = ਰਬਾਬੀ ਦਾ ਨਾਂ ਹੈ ( ਇਸ ਪਦ ਦੇ ਅਰਥ ਸੰਬੋਧਨ ਰੂਪ ਵਿਚ ਨਹੀਂ ਹੋ ਸਕਦੇ )। ਖੀਵੀ = ਗੁਰੂ ਅੰਗਦ ਸਾਹਿਬ ਜੀ ਦੀ ਸੁਪਤਨੀ ਦਾ ਨਾਂ । ਨੇਕ ਜਨ = ਨੇਕ ਜ਼ਨ , ਚੰਗੀ ਇਸਤ੍ਰੀ। ਛਾਉ = ਛਾਂ । ਪਤ੍ਰਾਲੀ = ਪਤਰਾਂ ਵਾਲੀ, ਸੰਘਣੀ।
ਅਰਥ : ਬਲਵੰਡ ਆਖਦਾ ਹੈ ਕਿ ( ਗੁਰੂ ਅੰਗਦ ਸਾਹਿਬ ਜੀ ਦੀ ਪਤਨੀ ) ਮਾਤਾ ਖੀਵੀ ਚੰਗੀ ਇਸਤ੍ਰੀ ਹੈ ਜਿਸ ਦੀ ਛਾਂ ਬਹੁਤ ਪਤਰਾਂ ਵਾਲੀ ( ਸੰਘਣੀ ) ਛਾਂ ਹੈ ( ਭਾਵ ਸੰਗਤਾ ਨੂੰ ਇਸ ਛਾਂ ਦਾ ਬੜਾ ਸਹਾਰਾ ਹੈ । )

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥

ਉਚਾਰਨ ਸੇਧ : ਦਉਲਤਿ = ਦੌਲਤ |
ਲੰਗਰ ਦਉਲਤ ਵੰਡੀਐ , ਰਸ ਅੰਮ੍ਰਿਤ ਖੀਰ ਘਿਆਲੀ॥
ਪਦ ਅਰਥ : ਲੰਗਰਿ = (ਨਾਂਵ ਪੁਲਿੰਗ ਅਧਿਕਰਨ ਕਾਰਕ) ਲੰਗਰ ਵਿਚ । ਵੰਡੀਐ = ਵੰਡੀਦੀ ਹੈ । ਖੀਰਿ ਘਿਆਲੀ = ਘਿਉ ਵਾਲੀ ਖੀਰ ।
ਅਰਥ : ਗੁਰੂ ਕੇ ਲੰਗਰ ਵਿਚ (ਮਾਤਾ ਖੀਵੀ ਜੀ ਦੀ ਸਰਪ੍ਰਸਤੀ ਹੇਠ ਲੋੜਵੰਦਾਂ ਨੂੰ ) ਧਨ ਦੌਲਤ , ਭੁਖਿਆਂ ਨੂੰ ਘਿਉ ਵਾਲੀ ਖੀਰ ਅਤੇ ਆਤਮ ਤ੍ਰਿਪਤੀ ਲਈ ਨਾਮ-ਅੰਮ੍ਰਿਤ ਰਸ ਵੰਡੀਦਾ ਹੈ ।

ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ॥

ਉਚਾਰਨ ਸੇਧ : ਬਿੰਦੀ ਸਹਿਤ :- ਗੁਰਸਿੱਖਾਂ ।
ਗੁਰਸਿਖਾਂ ਕੇ ਮੁਖ ਉਜਲੇ , ਮਨਮੁਖ ਥੀਏ ਪਰਾਲੀ॥

ਪਦ ਅਰਥ : ਉਜਲੇ = ਨਿਰਮਲ। ਮਨਮੁਖ = ਮਨ ਦੇ ਮੁਰੀਦ। ਪਰਾਲੀ = ਪਰਾਲੀ ਵਾਂਗ ਪੀਲੇ, ਨਿਕੰਮੇ , ਕਾਲੇ ਮੂੰਹ ਵਾਲੇ।
ਅਰਥ : ਗੁਰੂ-ਦਰ ਦੇ ਦਰਵੇਸ਼ ਗੁਰਸਿੱਖਾਂ ਦੇ ਮੁਖੜੇ ਨੂਰੋ-ਨੂਰ ਹਨ, ਪਰ ( ਗੁਰੂ ਨਾਲੋਂ ਨਾਤਾ ਤੋੜ ਕੇ ) ਮਨ ਦੇ ਮੁਰੀਦ (ਮਨਮੁਖ) ਵਿਅਕਤੀ ਪਰਾਲੀ ਵਾਂਗ ਪੀਲੇ-ਭੂਕ (ਸ਼ਰਮਿੰਦੇ) ਹੋ ਗਏ ਹਨ ।

ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ॥

ਉਚਾਰਨ ਸੇਧ : ਬਿੰਦੀ ਸਹਿਤ :- ਮਰਦੀਂ।
ਪਏ ਕਬੂਲ ਖਸੰਮ ਨਾਲ , ਜਾਂ ਘਾਲ ਮਰਦੀਂ ਘਾਲੀ॥
ਪਦ ਅਰਥ : ਪਏ ਕਬੂਲੁ = ਪਰਵਾਨ ਹੋ ਗਏ। ਖਸੰਮ ਨਾਲਿ = ਮਾਲਕ ਗੁਰੂ ਨਾਨਕ ਜੀ ਨਾਲ। ਜਾਂ = ਜਦੋਂ । ਘਾਲ = ਸੇਵਾ। ਮਰਦੀ = ਮਰਦਾਂ ਵਾਲੀ।
ਅਰਥ: ਗੁਰੂ ਅੰਗਦ ਸਾਹਿਬ ਜੀ ਨੇ ਮਰਦਾਂ ਵਾਲੀ ਘਾਲ ਘਾਲੀ ; ਤਾਂ ਆਪਣੇ ਮਾਲਕ ( ਗੁਰੂ ਨਾਨਕ ਸਾਹਿਬ ) ਨਾਲ ਬਣ ਆਈ , ਭਾਵ ਉਹਨਾਂ ਦੀ ਨਦਰ ਵਿਚ ਪਰਵਾਣ ਹੋ ਗਏ।

ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥੩॥

ਉਚਾਰਨ ਸੇਧ : ਵਿਸ਼ੇਸ਼ ਧੁਨੀ :- ਸ਼ਹ
ਮਾਤਾ ਖੀਵੀ ਸਹੁ ਸੋਏ , ਜਿਨ ਗੋਏ ਉਠਾਲੀ॥੩॥
ਪਦ ਅਰਥ : ਸਹੁ = ਸ਼ਹ , ਪਤੀ। ਸੋਇ = ਉਹ ਹੈ, ਐਸਾ ਹੈ। ਜਿਨਿ = ਜਿਸ ਨੇ। ਗੋਇ = ਧਰਤੀ, ਸ਼੍ਰਿਸ਼ਟੀ। ਉਠਾਲੀ = ਉਠਾਈ।
ਅਰਥ : ਮਾਤਾ ਖੀਵੀ ਜੀ ਦਾ ਸੁਭਾਗਾ ਪਤੀ (ਗੁਰੂ ਅੰਗਦ ਸਾਹਿਬ ਜੀ) ਐਸਾ (ਪਰ-ਉਪਕਾਰੀ ) ਹੈ, ਜਿਸ ਨੇ ਸ਼੍ਰਿਸ਼ਟੀ ਦੇ ਉਧਾਰ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ॥੩॥

ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥

ਉਚਾਰਨ ਸੇਧ : ਬਿੰਦੀ ਸਹਿਤ :- ਹੋਰਿਂਓਂ ।
ਹੋਰਿਂਓਂ ਗੰਗ ਵਹਾਈਐ , ਦੁਨਿਆਈ ਆਖੈ ; ਕਿ ਕਿਓਨ ॥

ਪਦ ਅਰਥ : ਹੋਰਿਂਓ = ਹੋਰ ਪਾਸੇ ਵਲੋਂ। ਵਹਾਈਐ = ਵਹਾਈ ਹੈ। ਦੁਨਿਆਈ = ਲੋਕਾਈ। ਕਿ ਕਿਓਨੁ = ਉਸ ਨੇ ਕੀ ਕੀਤਾ ਹੈ।
ਅਰਥ : ਲੋਕਾਈ ਆਖਦੀ ਹੈ, ਉਸ (ਗੁਰੂ ਨਾਨਕ ਸਾਹਿਬ) ਨੇ ਇਹ ਕੀ ਕੀਤਾ ! (ਪੁੱਤਰਾਂ ਦੀ ਬਜਾਏ ਸੇਵਕ ਨੂੰ ਗੁਰਿਆਈ ਦੇ ਕੇ ਮਾਨੋ ) ਗੰਗਾ ਦੀ ਧਾਰਾ ਹੋਰ ਪਾਸੇ ਵਲੋਂ  ( ਉਲਟੀ ) ਵਹਾ ਦਿੱਤੀ ਹੈ।

ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ॥

ਉਚਾਰਨ ਸੇਧ : ਅਧਕ ਬਲਧੁਨੀ :- ਉਚਹੱਦੀ (ਸਮਾਸੀ ਸ਼ਬਦ), ਜੱਗਨਾਥਿ । ਵਿਸ਼ੇਸ਼ ਧੁਨੀ :  ਈਸ਼ਰ ( ਸ਼ ਪੈਰ ਬਿੰਦੀ )
ਨਾਨਕ ਈਸ਼ਰ ਜੱਗਨਾਥ , ਉਚਹੱਦੀ ਵੈਣ ਵਿਰਕਿਓਨ॥
ਪਦ ਅਰਥ : ਈਸਰਿ = (ਕਰਤਾ ਕਾਰਕ) ਮਾਲਕ ਨੇ। ਜਗ ਨਾਥਿ = ਜਗਤ ਦੇ ਸੁਆਮੀ ਨੇ। ਉਚਹਦੀ = ਉਚਹੱਦੀ , ਉੱਚੀ ਹੱਦ ਵਾਲਾ, ਸਰਬ ਸ਼੍ਰੇਸ਼ਟ। ਵੈਣੁ = ਬਚਨ। ਵਿਰਿਕਿਓਨੁ = ਵਿਰਕਿਆ ਹੈ ਉਸ ਨੇ, ਬੋਲਿਆ ਹੈ ਉਸ ਨੇ|
ਅਰਥ : ਉਸ ਜਗਤ ਦੇ ਮਾਲਕ ਗੁਰੂ ਨਾਨਕ ਸੁਆਮੀ ਜੀ ਨੇ ਉੱਚੀ ਹੱਦ ਵਾਲਾ ( ਸਰਬ-ਉਚ ਬਚਨ ) ਉਚਾਰਿਆ ਹੈ ( ਕਿ ਗੁਰੂ-ਗੱਦੀ ਦਾ ਵਾਰਿਸ ਸ਼ਰਧਾ-ਭਾਵਨਾ ਵਾਲਾ ਸਿਖ-ਸੇਵਕ ਹੀ ਹੋ ਸਕਦਾ ਹੈ। )

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਿਕਿਓਨੁ॥

ਉਚਾਰਨ ਸੇਧ : ਵਿਸ਼ੇਸ਼ ਧੁਨੀ :- ਸ਼ਬਦ , ਬਾਸ਼ਕ  ( ਸ਼ ਪੈਰ ਬਿੰਦੀ )
ਮਾਧਾਣਾ ਪਰਬਤ ਕਰ , ਨੇਤ੍ਰੇ ਬਾਸ਼ਕ , ਸ਼ਬਦ ਰਿੜਕਿਓਨੁ॥

ਪਦ ਅਰਥ : ਨੇਤ੍ਰਿ = ਨੇਤ੍ਰੇ ਵਜੋਂ। ਬਾਸਕੁ = ਮਨ ਰੂਪ ਨਾਗ। ਸਬਦਿ = ( ਨਾਂਵ ਅਧਿਕਰਨ ਕਾਰਕ ) ਸ਼ਬਦ ਵਿਚ। ਰਿੜਿਕਿਓਨੁ = ਉਸ ਨੇ ਰਿੜਕਿਆ ਹੈ।
ਅਰਥ : ਉਸ ( ਗੁਰੂ ਨਾਨਕ ਸਾਹਿਬ ਨੇ ) ਪਰਬਤ ਰੂਪ ਗੁਰ-ਸ਼ਬਦ ਦਾ ਮਧਾਣਾ ਬਣਾ ਅਤੇ ਮਨ-ਨਾਗ ਨੂੰ ਨੇਤ੍ਰੇ ਵਜੋਂ ਪਾ ਕੇ ਗੁਰ-ਸ਼ਬਦ (ਮਧਾਣੇ) ਦੁਆਰਾ ਸਰੀਰ-ਸਮੁੰਦਰ ਨੂੰ ਰਿੜਕਿਆ।

ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ॥

ਉਚਾਰਨ ਸੇਧ : ਚਉਦਹ = ਚਉਦ੍ਹਾਂ ( ਚੌਦ੍ਹਾਂ ਵਾਂਗ )
ਚਉਦ੍ਹਾਂ ਰਤਨ ਨਿਕਾਲਿਅਨ , ਕਰ ਆਵਾ ਗਉਣ ਚਿਲਕਿਓਨ॥
ਪਦ ਅਰਥ : ਆਵਾ ਗਉਣੁ = ਆਵਾ ਗਉਣੀ ਸੰਸਾਰ। ਚਿਲਕਿਓਨੁ = ਉਸ ਨੇ ਲਿਸ਼ਕਾਇਆ।
ਅਰਥ : ਉਸ (ਗੁਰੂ ਨਾਨਕ ਨੇ) ਸਰੀਰ ਸਮੁੰਦਰ ਵਿਚੋਂ (ਦੈਵੀ ਗੁਣਾਂ ਰੂਪੀ ਚੌਦ੍ਹਾਂ ਰਤਨ ਕੱਢੇ ਅਤੇ ਉਦਮ ਕਰਕੇ ਸੰਸਾਰ ਨੂੰ ਚਿਲਕਾ ਦਿਤਾ, ਸੋਹਣਾ ਬਣਾ ਦਿਤਾ।
( ਨੋਟ:  ਦੇਵਤਿਆਂ ਦਾ ਸਮੁੰਦਰ ਰਿੜਕਣ ਵਾਲੀ ਗਾਥਾ ਮਿਥਿਹਾਸਿਕ ਹੈ।  ਰਬਾਬੀਆਂ ਨੇ ਇਹ ਵਰਤਾ ਇਕ ਅਲੰਕਾਰ ਵਜੋਂ ਵਰਤੀ ਹੈ। )

ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ॥

ਉਚਾਰਨ ਸੇਧ : ਪਿਡ = ਪਿੜ
ਕੁਦਰਤ ਅਹਿ ਵੇਖਾਲੀਅਨ , ਜਿਣ ਐਵਡ ਪਿੜ ਠਿਣਕਿਓਨ॥
ਪਦ ਅਰਥ : ਕੁਦਰਤਿ = ਲੀਲਾ। ਅਹਿ = ਐਸੀ। ਵੇਖਾਲੀਅਨੁ = ਉਸ ਨੇ ਵਿਖਾਲੀ ਹੈ। ਜਿਣਿ = ਜਿੱਤੀ ਹੈ। ਐਵਡ = ਏਡੀ ਵੱਡੀ। ਪਿਡ = ਪਿੜ ।  ਠਿਣਕਿਓਨੁ—ਠਣਕਾਇਆ ਉਸ ਨੇ, ਟੁਣਕਾਇਆ ਉਸ (ਗੁਰੂ ਨਾਨਕ) ਨੇ, ਜਿਵੇਂ ਨਵਾਂ ਭਾਂਡਾ ਲੈਣ ਲੱਗਿਆਂ ਟੁਣਕਾ ਕੇ ਵੇਖੀਦਾ ਹੈ, ਪਰਖਿਆ ਉਸ ਗੁਰੂ ਨਾਨਕ ਨੇ ।
ਅਰਥ : ਉਸ ( ਗੁਰੂ ਨਾਨਕ ਸਾਹਿਬ ਨੇ ) ਐਸੀ ਅਸਚਰਜ ਲੀਲ੍ਹਾ ਵਿਖਾਈ ਕਿ ਜਿਸ (ਭਾਈ ਲਹਣਾ ਜੀ ਨੇ ) ਸਿੱਖੀ ਪਰਖ ਦੀ ਏਡੀ ਵੱਡੀ ਪਿੜ ਬਾਜ਼ੀ ਜਿੱਤ ਲਈ , ਉਹ ਗੁਰ-ਗੱਦੀ ਉੱਤੇ ਇਸਥਿਤ ਕਰ ਦਿੱਤਾ।

ਲਹਣੇ ਧਰਿਓਨੁ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ॥

ਉਚਾਰਨ ਸੇਧ : ਲਹਣੇ ਧਰਿਓਨ ਛਤ੍ਰ ਸਿਰ , ਅਸਮਾਨ ਕਿਆੜਾ ਛਿਕਿਓਨ॥
ਪਦ ਅਰਥ : ਸਿਰਿ = (ਆਪਾਦਾਨ ਕਾਰਕ) ਸਿਰ ਉੱਤੇ। ਧਰਿਓਨੁ = ਉਸ ਨੇ ਧਰਿਆ। ਅਸਮਾਨਿ = ਆਕਾਸ਼ ਤਕ। ਕਿਆੜਾ = ਗਰਦਨ। ਛਿਕਿਓਨੁ = ਖਿੱਚਿਆ ਉਸ ਨੇ ।
ਅਰਥ: ਭਾਈ ਲਹਣਾ ਜੀ ਦੇ ਸਿਰ ਉੱਤੇ ਉਸ (ਗੁਰੂ ਨਾਨਕ ਸਾਹਿਬ) ਜੀ ਨੇ (ਗੁਰਿਆਈ ਦਾ) ਛਤਰ ਧਰਿਆ ਅਤੇ ਉਸ ਦਾ ਸਿਰ ਗੌਰਵ ਆਕਾਸ਼ ਤਕ ਅਪੜਾ ਦਿਤਾ।

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥

ਉਚਾਰਨ ਸੇਧ : ਬਿੰਦੀ ਸਹਿਤ :- ਮਾਹਿਂ ( ਮਾਹੇਂ , ਲਾਮ ਦੀ ਅੱਧੀ ਧੁਨੀ ਉਚਾਰਨੀ ਹੈ.. ਮਾਅ-ਹੇਂ  ) 
ਜੋਤ ਸਮਾਣੀ ਜੋਤ ਮਾਹਿਂ , ਆਪ ਆਪੈ ਸੇਤੀ ਮਿਕਿਓਨ॥
ਪਦ ਅਰਥ : ਸਮਾਣੀ = ਲੀਨ ਹੋ ਗਈ। ਮਾਹਿ = ਵਿਚ। ਆਪੁ = ਆਪਣਾ ਆਪਾ। ਸੇਤੀ = ਨਾਲ। ਮਿਕਿਓਨੁ = ਉਸ ਨੇ ਇਕ-ਮਿਕ ਕਰ ਦਿਤਾ।
ਅਰਥ : ੳਸ (ਗੁਰੂ ਨਾਨਕ ਜੀ ਨੇ ) ਗੁਰੂ-ਜੋਤਿ (ਭਾਈ ਲਹਣਾ ਜੀ ਦੀ) ਜੋਤਿ ਵਿਚ ਲੀਨ ਕਰ ਦਿੱਤੀ ਹੈ। ਅਤੇ ਇੰਝ ਆਪਣਾ ਨੂਰੀ ਆਪਾ (ਭਾਈ ਲਹਣਾ ਜੀ ਦੇ) ਆਪੇ ਨਾਲ ਇਕ-ਮਿਕ ਕਰ ਦਿਤਾ।

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥੪॥

ਉਚਾਰਨ ਸੇਧ : ਅਧਕ ਸਹਿਤ :- ਸਿਖਾ = ਸਿੱਖਾਂ , ਪੁਤ੍ਰਾਂ = ਪੁੱਤਰਾਂ , ਉੱਮਤ ( ਉਮ-ਮਤ ) | ਵੇਖਹੁ = ਵੇਖ੍ਹੋ | ਸੁਧੋਸੁ = ਸੋਧੋਸ ( ਸੁ = ਸੋ , ਹੋੜੇ ਦੀ ਅੱਧੀ ਧੁਨੀ ) 
ਸਿੱਖਾਂ ; ਪੁੱਤ੍ਰਾਂ ; ਘੋਖ ਕੈ , ਸਭ ਉਮਤਿ ਵੇਖਹੁ ! ਜਿ ਕਿਓਨ ॥ ਜਾਂ ਸੁਧੋਸ , ਤਾਂ ਲਹਣਾ ਟਿਕਿਓਨ॥੪॥
ਪਦ ਅਰਥ : ਘੋਖਿ ਕੈ = ਪਰਖ ਪਰਖ ਕੇ। ਉਮਤਿ = (ਇਸਤਰੀ ਲਿੰਗ ਨਾਂਵ) ਸਿੱਖ-ਸੰਗਤਿ। ਜਿ ਕਿਓਨੁ = ਜੋ ਉਸ ਨੇ ਕੀਤਾ। ਜਾਂ ਸੁਧੋਸੁ = ਜਦੋਂ ਉਸ ਭਾਈ ਲਹਣਾ ਜੀ ਨੂੰ ਸੋਧ ਲਿਆ। ਟਿਕਿਓਨੁ = ਟਿੱਕਿਆ ਉਸ ਨੇ , ਚੁਣਿਆ ਉਸ (ਗੁਰੂ ਨਾਨਕ) ਨੇ ।
ਅਰਥ : ਸਾਰੀ ਸਿੱਖ-ਸੰਗਤ ! ਵੇਖ੍ਹੋ ! ( ਜਿਹੜਾ ਅਚਰਜ ਕੌਤਕ ਉਸ ਗੁਰੂ ਨਾਨਕ ਨੇ ਕੀਤਾ ) ਸਿੱਖਾਂ, ਪੁੱਤਰਾਂ  ਨੂੰ ਪਰਖ ਕੇ, ਜਦੋਂ ਉਸ (ਗੁਰੂ ਨਾਨਕ) ਨੇ ਸੁਧਾਈ ਕੀਤੀ ਤਾਂ ਉਸ ਨੇ ਆਪਣੀ ਗਦੀ ਤੇ ਲਹਣਾ ਜੀ ਨੂੰ ਥਾਪਿਆ।੪।

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ‘ 
Khalsasingh.hs@gmail.com

ਸੁਣੋ ਪਾਠ ਪਉੜੀ ੩-੪ [audio:http://www.singhsabhacanada.com/wp-content/uploads/2014/07/ramkali-ki-vaar-satte-balwand-paudi-3-4.mp3]