ਰਾਮਕਲੀ ਕੀ ਵਾਰ – ਅਰਥ ਭਾਵ ਉਚਾਰਨ ਸੇਧਾਂ ਸਹਿਤ (ਭਾਗ 3)

ਰਾਮਕਲੀ ਕੀ ਵਾਰ ( ਪੰਨਾ ੯੬੬ )

ਅਰਥ ਭਾਵ ਉਚਾਰਨ ਸੇਧਾਂ ਸਹਿਤ ( ਭਾਗ ੩ ) ਪਉੜੀ ੫-੬ 

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥

ਉਚਾਰਨ ਸੇਧ : ਫੇਰੁਆਣਿ =ਪਾਠ ਇਕੱਠਾ ਉਚਾਰਨਾ ਅਤੇ ‘ ਰੁ ‘ ਨੂੰ ਔਂਕੜ ਵੀ ਉਚਾਰਨ ਦਾ ਭਾਗ ਹੈ। ਖਾਂਡੂਰ : ਉਚਾਰਨ ਅਸ਼ੁਧ ਹੈ। 
ਫੇਰ ਵਸਾਇਆ ਫੇਰੁਆਣ , ਸਤਿਗੁਰ ਖਾਡੂਰ॥
ਪਦ ਅਰਥ : ਫੇਰਿ =( ਕਿਰਿਆ ਵਿਸ਼ੇਸ਼ਣ ) ਮੁੜ , ਫਿਰ। ਵਸਾਇਆ = ਆਬਾਦ ਕੀਤਾ। ਫੇਰੁਆਣਿ = ਬਾਬਾ ਫੇਰੂ ਜੀ ਦੇ ਸਪੁੱਤਰ (ਗੁਰੂ ਅੰਗਦ ਸਾਹਿਬ ) ਨੇ।
ਅਰਥ : ਫਿਰ , ਬਾਬਾ ਫੇਰੂ ਜੀ ਦੇ ਸਪੁੱਤਰ , ਸਤਿਗੁਰੂ (ਸ੍ਰੀ ਅੰਗਦ ਦੇਵ ਜੀ) ਨੇ ਖਡੂਰ (ਨਗਰ ) ਨੂੰ ਸਿੱਖੀ ਦਾ ਪਰਚਾਰ ਕੇਂਦਰ ਬਣਾ ਕੇ ਆਬਾਦ ਕੀਤਾ।

ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ॥

ਉਚਾਰਨ ਸੇਧ : ਜਤੁ , ਸਤੁ ਤੇ ਅਧਕ ਦਾ ਪ੍ਰਯੋਗ ਨਹੀਂ ਕਰਨਾ ।
ਜਪ ਤਪ ਸੰਜਮ ਨਾਲ ਤੁਧ , ਹੋਰ ਮੁਚ ਗਰੂਰ॥
ਪਦ ਅਰਥ : ਜਪੁ ਤਪੁ = ਵਾਹਿਗੁਰੂ ਜੀ ਦੀ ਯਾਦ। ਸੰਜਮੁ = ਇੰਦ੍ਰਿਆਂ ਦਾ ਵਿਕਾਰਾਂ ਵਲੋਂ ਰੋਕ। ਨਾਲਿ ਤੁਧੁ = ਤੇਰੇ ਪਾਸ । ਮੁਚੁ = ਬਹੁਤ । ਗਰੂਰੁ = ਹੰਕਾਰ।
ਅਰਥ : (ਗੁਰੂ ਅੰਗਦ ਸਾਹਿਬ ਜੀ) ! ਤੇਰੇ ਪਾਸ ਵਾਹਿਗੁਰੂ ਜੀ ਦੀ ਯਾਦ, ਸੰਜਮ ਦੈਵੀ ਗੁਣਾਂ ਰੂਪੀ ਸੰਪਤੀ ਹੈ। ਹੋਰ ਸਾਰਾ ਜਗਤ ਬਹੁਤ ਹੰਕਾਰ ਹੀ (ਪੱਲੇ) ਬੰਨ੍ਹੀ ਫਿਰਦਾ ਹੈ।

ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ॥

ਉਚਾਰਨ ਸੇਧ : ਬਿੰਦੀ ਸਹਿਤ: ਮਾਣਸਾਂ, ਜਿਉਂ।  
ਲਬ ਵਿਣਾਹੇ ਮਾਣਸਾਂ , ਜਿਉਂ ਪਾਣੀ ਬੂਰ॥
ਪਦ ਅਰਥ : ਲਬੁ = ਲੋਭ , ਲਾਲਚ । ਵਿਣਾਹੇ = ਵਿਨਾਸ਼ ਕਰਦਾ ਹੈ। ਮਾਣਸਾ = ਮਾਣਸਾਂ (ਬਹੁਵਚਨ, ਸਬੰਧ ਕਾਰਕ) ਮਨੁੱਖਾਂ ਦਾ। ਬੂਰੁ = ਪਾਣੀ ਦਾ ਜਾਲਾ।
ਅਰਥ : ਲੋਭ ਲਾਲਚ ਮਨੁੱਖਾਂ ਦਾ ਇਉਂ ਵਿਨਾਸ਼ ਕਰਦਾ ਹੈ, ਜਿਵੇਂ ਪਾਣੀ ਨੂੰ (ਉੱਤੇ ਆਇਆ ) ਜਾਲਾ ਵਿਗਾੜਦਾ ਹੈ।

ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ॥

ਉਚਾਰਨ ਸੇਧ : ਦਰਗਹ= (ਖੜੀ ਤੜੀ) ਦਰਗ੍ਹਾ ਵਾਂਗ। ਦਰਗਹਿ : ਅਸ਼ੁਧ ਹੈ।
ਵਰ੍ਹਿਐ ਦਰਗਹ ਗੁਰੂ ਕੀ , ਕੁਦਰਤੀ ਨੂਰ॥
ਪਦ ਅਰਥ : ਦਰਗਹ = ਦਰਗਾਹ ,ਦਰਬਾਰ । ਕੁਦਰਤੀ ਨੂਰ = ਰਬੀ ਨੂਰ।
ਅਰਥ : ਗੁਰੂ ਜੀ ਦੀ ਦਰਗਾਹ (ਦਰਬਾਰ) ਵਿਚ (ਬਾਣੀ, ਵੀਚਾਰ, ਪ੍ਰਭੂ ਚਿੰਤਨ ਦੇ ਰੂਪ ਵਿਚ) ਰੱਬੀ ਨੂਰ ਵਰਸਦਾ ਹੈ ( ਜਿਸ ਦੇ ਫਲ-ਸਰੂਪ ਇਥੇ ਹਰ ਕੋਈ ਨੂਰੋ ਨੂਰ ਹੋ ਰਿਹਾ ਹੈ )।

ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ॥

ਉਚਾਰਨ ਸੇਧ : ਅਧਕ ਸਹਿਤ : ਲੱਭਈ | ਜਿਤੁ = ਜਿਤ : ਪੋਲਾ ਉਚਾਰੋ , ‘ ਜਿੱਤ ’ ਨਹੀਂ। ਸੁ = ਸੋ ( ਹੋੜੇ ਦੀ ਲਘੂ ਧੁਨੀ ) | ਓਹੁ = ਉਹੋ ( ਹੋੜੇ ਦੀ ਲਘੂ ਧੁਨੀ )
ਜਿਤ ਸੁ ਹਾਥ ਨ ਲਭਈ , ਤੂੰ ਓਹੁ ਠਰੂਰ॥
ਪਦ ਅਰਥ : ਜਿਤੁ =(ਪੜਨਾਉਂ) ਜਿਸ ਵਿਚਲੀ। ਸੁ = ਕਾਵਿ ਪ੍ਰਬੰਧ ਅਧੀਨ ਲਈ ਹੈ। ਹਾਥ =( ਇਸਤਰੀ ਲਿੰਗ ਨਾਂਵ) ਡੂੰਘਾਈ । ਠਰੂਰੁ = ਠਰਿਆ ਹੋਇਆ ਸਾਗਰ।
ਅਰਥ : ਹੇ ਸਤਿਗੁਰੂ ! ਤੂੰ (ਹਿਰਦੇ ਵਿਚ ਆਤਮਿਕ ਠੰਡ ਵਰਤਾਉਣ ਵਾਲਾ) ਉਹ ਸਾਗਰ ਹੈਂ , ਜਿਸ ਵਿਚਲੀ ਥਾਹ ਨਹੀਂ ਲੱਭੀ ਜਾ ਸਕਦੀ।

ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ॥

ਉਚਾਰਨ ਸੇਧ : ਨਉ ਨਿਧਿ =ਨੌਂ-ਨਿਧ |
ਨਉ ਨਿਧ ; ਨਾਮ ਨਿਧਾਨ ਹੈ , ਤੁਧ ਵਿਚ ਭਰਪੂਰ॥
ਪਦ ਅਰਥ : ਨਉ ਨਿਧਿ = ਨੌਂ ਖ਼ਜ਼ਾਨੇ। ਨਿਧਾਨੁ = ਖ਼ਜ਼ਾਨਾ | ਭਰਪੂਰੁ = ਭਰਿਆ ਹੋਇਆ।
ਅਰਥ : ਹੇ ਸਤਿਗੁਰੂ ਜੀ ! ਸੰਸਾਰ ਦੇ ਨੌਂ ਮਾਇਕੀ ਖ਼ਜ਼ਾਨਿਆਂ ਤੋਂ ਸਿਰਮੌਰ ਸਦੀਵਕਾਲ ਭਰਪੂਰ ਨਾਮ-ਖ਼ਜ਼ਾਨਾ (ਪ੍ਰਭੂ-ਚਿੰਤਨ) ਤੇਰੇ ਵਿਚ ਮੌਜੂਦ ਹੈ।

ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ॥

ਉਚਾਰਨ ਸੇਧ : ਨਿੰਦਾ ਤੇਰੀ ਜੋ ਕਰੇ, ਸੋ ਵੰਞੈ ਚੂਰ॥
ਪਦ ਅਰਥ : ਵੰਞੈ = ਹੋ ਜਾਂਦਾ ਹੈ। ਚੂਰੁ = ਚੂਰਾ ਚੂਰਾ।
ਅਰਥ : ਹੇ ਸਤਿਗੁਰੂ ਜੀ ! ਜੋ ਮਨੁੱਖ ਤੇਰੀ ਨਿੰਦਿਆ ਕਰਦਾ ਹੈ ਉਹ (ਟੋਟੇ ਟੋਟੇ) ਚਿਕਨਾ ਚੂਰ ਹੋ ਜਾਂਦਾ ਹੈ ਭਾਵ ਆਤਮਕ ਮੌਤ ਮਰ ਜਾਂਦਾ ਹੈ ।

ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ॥ ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥੫॥

ਉਚਾਰਨ ਸੇਧ : ਫੇਰੁਆਣਿ = ਪਾਠ ਇਕੱਠਾ ਉਚਾਰਨਾ ਅਤੇ ‘ ਰੁ ‘ ਨੂੰ ਔਂਕੜ ਵੀ ਉਚਾਰਣ ਦਾ ਭਾਗ ਹੈ। ਖਾਂਡੂਰ : ਉਚਾਰਨ ਅਸ਼ੁਧ ਹੈ। 
ਨੇੜੈ ਦਿਸੈ ਮਾਤ-ਲੋਕ , ਤੁਧ ਸੁਝੈ ਦੂਰ॥ ਫੇਰਿ ; ਵਸਾਇਆ ਫੇਰੁਆਣ, ਸਤਿਗੁਰ ਖਾਡੂਰ॥੫॥
ਪਦ ਅਰਥ : ਮਾਤ ਲੋਕ = ਦੁਨਿਆਵੀ ਲੋਕਾਂ ਨੂੰ। ਦੂਰੁ = ਆਤਮ ਮੰਡਲ।
ਅਰਥ : ਦੁਨਿਆਵੀ ਲੋਕਾਂ ਨੂੰ ਕੇਵਲ ਸੰਸਾਰ ਦੇ ਪਦਾਰਥ ਹੀ ਦਿਸਦੇ ਹਨ ਪਰ ਤੂੰ ਦੂਰ ਦ੍ਰਿਸ਼ਟੀ ਵਾਲਾ ਹੈਂ । ਫਿਰ (ਬਾਬਾ) ਫੇਰੂ ਜੀ ਦੇ ਸਪੁੱਤਰ ਸਤਿਗੁਰੂ (ਗੁਰੂ ਅੰਗਦ ਸਾਹਿਬ) ਨੇ ਖਾਡੂਰ ਨਗਰ ਸਿੱਖੀ ਪਰਚਾਰ ਕੇਂਦਰ ਬਣਾ ਕੇ ਆਬਾਦ ਕੀਤਾ।੫।

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥

ਉਚਾਰਨ ਸੇਧ : ਅਧਕ ਸਹਿਤ : ਟਿੱਕਾ । ਪਿਯੂ = ਪਿਊ ।
ਸੋ ਟਿੱਕਾ ; ਸੋ ਬੈਹਣਾ ; ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣ ॥
ਪਦ ਅਰਥ : ਟਿਕਾ = ਨਾਮ ਨੀਸ਼ਾਨ, ਗੁਰਗੱਦੀ ਦੀ ਜੁਮੇਵਾਰੀ। ਬੈਹਣਾ =  ਬੈਠਣ ਲਈ ਰੱਬੀ-ਸੱਤਾ ਸੰਪੰਨ ਤਖਤ। ਪਿਯੂ = ਪਿਤਾ ਗੁਰੂ (ਗੁਰੂ ਅੰਗਦ ਸਾਹਿਬ ਜੀ) । ਦਾਦੇ ਜੇਵਿਹਾ = ਦਾਦਾ ਗੁਰੂ (ਗੁਰੂ ਨਾਨਕ ਸਾਹਿਬ ਵਰਗਾ । ਪੋਤਾ = ਪੋਤਰਾ (ਗੁਰੂ ਅਮਰਦਾਸ ਜੀ) । ਪਰਵਾਣੁ = ਮਾਨਨੀਕ।
ਅਰਥ : ਗੁਰੂ ਵੰਸ਼ ਦਾ ਨਾਦੀ ਪੋਤਰਾ, ਗੁਰੂ (ਅਮਰਦਾਸ ਜੀ) ਆਪਣੇ ਪਿਤਾ-ਗੁਰੂ (ਅੰਗਦ ਸਾਹਿਬ) ਅਤੇ ਦਾਦਾ ਗੁਰੂ (ਨਾਨਕ ਸਾਹਿਬ) ਵਰਗਾ ਪਰਵਾਣ ਹੈ। ਗੁਰੂ ਅਮਰਦਾਸ ਜੀ ਦੇ ਮੱਥੇ ‘ਤੇ ਓਹ ਹੀ (ਪਹਿਲੇ ਸਤਿਗੁਰਾਂ ਵਾਲਾ ਟਿੱਕਾ) ਨਾਮ -ਨੀਸ਼ਾਨ ਹੈ, ਬੈਠਣ ਲਈ ਓਹੀ ਤਖਤ ਹੈ, ਉਹੀ ਬਖ਼ਸ਼ਸ਼ਾਂ ਵੰਡਣ ਵਾਲਾ ਗੁਰੂ ਦਰਬਾਰ ਹੈ।

ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥

ਉਚਾਰਨ ਸੇਧ : ਵਿਸ਼ੇਸ਼ ਧੁਨੀ = ਬਾਸ਼ਕ ( ਸ਼ ਪੈਰ ਬਿੰਦੀ )।
ਜਿਨ ਬਾਸ਼ਕ ਨੇਤ੍ਰੈ ਘਤਿਆ, ਕਰ ਨੇਹੀ ਤਾਣੁ ॥ ਜਿਨ ਸਮੁੰਦ ਵਿਰੋਲਿਆ, ਕਰ ਮੇਰ ਮਧਾਣ ॥
ਪਦ ਅਰਥ : ਜਿਨਿ = ਜਿਸ ਗੁਰੂ ਅਮਰਦਾਸ ਨੇ। ਬਾਸਕੁ = ਬਾਸ਼ਕ, ਸੱਪਾਂ ਦਾ ਰਾਜਾ ਨਾਗ । ਘਤਿਆ = ਪਾਇਆ। ਤਾਣੁ = ਪੁਲਿੰਗ, ਆਤਮਿਕ ਬੱਲ। ਮੇਰੁ = ਸੁਮੇਰ ਪਰਬਤ। ਮਧਾਣੁ = ਮਧਾਣਾ।
ਅਰਥ : ਜਿਸ ਸਤਿਗੁਰੂ ਅਮਰਦਾਸ ਨੇ ਗੁਰ ਸ਼ਬਦ ਨੂੰ ਮਧਾਣਾ ਪਾ ਕੇ, ਆਤਮ ਬਲ ਨੂੰ ਨੇਹਣੀ ਬਣਾ ਕੇ , ਮਨ ਨਾਗ ਨੂੰ ਨੇਤ੍ਰੇ ਵਜੋਂ ਪਾਇਆ ਅਤੇ ਸਰੀਰ ਸਮੁੰਦਰ ਨੂੰ ਰਿੜਕਿਆ।
( ਸਮੁੰਦਰ ਰਿੜਕਣ ਵਾਲੀ ਗੱਲ ਮਿਥਿਹਾਸਿਕ ਹੈ। ਇਥੇ ਰਬਾਬੀਆਂ ਨੇ ਇਕ ਅਲੰਕਾਰ ਵਜੋਂ ਵਰਤੋਂ ਕੀਤੀ ਹੈ। ਉਹ ਕਹਿੰਦੇ ਹਨ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ, ਇਸੇ ਤਰਾਂ ਰਬਾਬੀਆਂ ਨੇ ਇਸ ਨੂੰ ਅਲੰਕਾਰਕ ਵਜੋਂ ਵਰਤ ਕੇ ਰਿੜਕਿਆ ਭਾਵ ਵੀਚਾਰਿਆ ਅਰਥ ਲਏ ਹਨ। )

ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ॥

ਉਚਾਰਨ ਸੇਧ : ਚਉਦਹ = ਚਉਦ੍ਹਾਂ / ਚੌਦ੍ਹਾਂ  ਵਾਂਗ ਉਚਾਰਣ । ਚਾਨਾਣੁ = ਚਾਨਾਣ , ਨ ਨੂੰ ਕੰਨਾ ਉਚਾਰਨ ਦਾ ਭਾਗ ਹੈ।
ਚਉਦ੍ਹਾਂ ਰਤਨ ਨਿਕਾਲਿਅਨ , ਕੀਤੋਨ ਚਾਨਾਣ॥
ਪਦ ਅਰਥ : ਚਉਦਹ = 14 ਗਿਣਤੀ । ਨਿਕਾਲਿਅਨੁ = ਉਸ ਨੇ ਕੱਢੇ। ਕੀਤੋਨੁ = ਉਸ ਨੇ ਕੀਤਾ। ਚਾਨਾਣ = ਗਿਆਨ ਦਾ ਚਾਨਣਾ।
ਅਰਥ: (ਸਤਿਗੁਰੂ ਅਮਰਦਾਸ ਨੇ) ਸਰੀਰ ਸਮੁੰਦਰ ਵਿਚੋਂ ਨਾਮ ਅੰਮ੍ਰਿਤ ਅਤੇ ਦੈਵੀ ਗੁਣਾਂ ਰੂਪ ਚੌਦਾਂ ਰਤਨ ਕੱਢੇ ਅਤੇ ਸਾਰੇ ਸੰਸਾਰ ਵਿਚ ਗੁਰਮਤਿ ਜੀਵਨ ਦਾ ਚਾਨਣ ਕੀਤਾ।

ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ॥

ਉਚਾਰਨ ਸੇਧ : ਜਤੁ ਤੇ ਅਧਕ ਦਾ ਪ੍ਰਯੋਗ ਨਹੀਂ ਕਰਨਾ ।
ਘੋੜਾ ਕੀਤੋ ਸਹਜ ਦਾ, ਜਤ ਕੀਓ ਪਲਾਣ॥
ਪਦ ਅਰਥ : ਜਤ =ਸੁੱਚਾ ਆਚਰਣ । ਪਲਾਣੁ = ਘੋੜੇ ਦੀ ਕਾਠੀ ।
ਅਰਥ : ( ਗੁਰੂ ਅਮਰਦਾਸ ਜੀ ਨੇ ) ਵਿਕਾਰਾਂ ਉੱਤੇ ਧਾਈ ਕਰਨ ਲਈ ਆਤਮ ਗਿਆਨ ਨੂੰ ਘੋੜਾ ਬਣਾਇਆ, ਸੁੱਚੇ ਆਚਰਣ ਨੂੰ ਪਲਾਣਾ ਭਾਵ ਘੋੜੇ ਦੀ ਕਾਠੀ ਬਣਾਇਆ।

ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ॥

ਉਚਾਰਨ ਸੇਧ : ਚੜਾਇਓ : ਭਾਰ ਸਹਿਤ ਉਚਾਰਣ । ‘ ਸਤ , ਜਸ ‘ ਤੇ ਅਧਕ ਦਾ ਪ੍ਰਯੋਗ ਨਹੀਂ ਕਰਨਾ । 
ਧਣਖ ਚੜਾਇਓ ! ਸਤ ਦਾ , ਜਸ ਹੰਦਾ ਬਾਣੁ॥
ਪਦ ਅਰਥ : ਧਣਖੁ ਚੜਾਇਓ ਸਤ ਦਾ = ਸਤਵਾਦੀ ਜੀਵਨ ਰੂਪ ਕਮਾਣ ਦਾ। ਜਸ ਹੰਦਾ = ਸਿਫਤਿ-ਸਾਲਾਹ ਦਾ। ਹੰਦਾ = ਦਾ ਅਸਲੀ ਲਫ਼ਜ਼ (ਸੰਦਾ) ਹੈ।
ਅਰਥ : ਵਿਕਾਰਾਂ ਨਾਲ ਜੁੱਧ ਕਰਨ ਲਈ ਸਤਵਾਦੀ ਜੀਵਨ ਦਾ ਧਨੁੱਖ ਅਤੇ ਪ੍ਰਭੂ ਦੀ ਸਿਫਤ ਸਾਲਾਹ ਦਾ ਤੀਰ ਬਣਾ ਕੇ ਚਿਲਾ ਚੜ੍ਹਾਇਆ।

ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ॥

ਉਚਾਰਣ ਸੇਧ : ਟਿੱਪੀ ਸਹਿਤ :- ਧੂੰ । ਚੜ੍ਹਿਆ (ਪੈਰ ਵਿਚ ਅੱਧੇ ਹ ਦੀ ਧੁਨੀ ) । ਰੈ-ਭਾਣ ( ਸਮਾਸੀ ਸ਼ਬਦ ਹੈ )।
ਕਲ ਵਿਚ ਧੂੰ ਅੰਧਾਰ ਸਾ, ਚੜ੍ਹਿਆ ਰੈ ਭਾਣੁ॥
ਪਦ ਅਰਥ : ਕਲਿ = ਕਲੇਸ਼ ਭਰੇ ਸੰਸਾਰ ਵਿਚ। ਧੂ ਅੰਧਾਰ = ਧੂੰ, ਘੁੱਪ ਹਨ੍ਹੇਰਾ । ਸਾ = ਸੀ (ਪੜਨਾਉਂ) । ਰੈ = ਕਿਰਨਾਂ । ਭਾਣ =ਸੂਰਜ  । ਰੈ-ਭਾਣ = ਗਿਆਨ ਪ੍ਰਕਾਸ਼ਕ ਗੁਰੂ , ਭਾਵ ਸੂਰਜ ਦੀਆਂ ਕਿਰਨਾਂ ਵਾਂਗ ।
ਅਰਥ : ਕਲੇਸ਼ ਭਰੇ ਸੰਸਾਰ ਵਿਚ (ਅਗਿਆਨਤਾ) ਦਾ ਘੁੱਪ ਹੰਨ੍ਹੇਰਾ ਸੀ , ਗੁਰੂ ਅਮਰਦਾਸ ਗਿਆਨ ਦਾ ਸੂਰਜ ਵਾਂਗ ਬਣ ਕੇ ਉਦੈ ਹੋਇਆ।

ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ॥

ਉਚਾਰਨ ਸੇਧ : ਬਿੰਦੀ ਸਹਿਤ :- ਸਤਹੁਂ ( ਸਤ੍ਹੋਂ ) ਸਤਹੁਂ ਤੇ ਅਧਕ ਦਾ ਪ੍ਰਯੋਗ ਨਹੀਂ ਕਰਨਾ ।।
ਸਤਹੁਂ ਖੇਤੁ ਜਮਾਇਓ , ਸਤਹੁਂ ਛਾਵਾਣੁ॥
ਪਦ ਅਰਥ : ਸਤਹੁ = ਸੁਚੇ ਆਚਰਣ ਤੋਂ । ਛਾਵਾਣ = ਛਾਇਆਵਾਨ, ਰਖਵਾਲਾ।
ਅਰਥ : ਉਚੇ ਆਚਰਣ ਤੋਂ ਹੀ ਖੇਤ ਪੈਦਾ ਕੀਤਾ (ਅਤੇ) ਸਤ ਤੋਂ ਹੀ ਛਾਇਆਵਾਨ ਤਾਣਿਆ।

ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ॥

ਉਚਾਰਨ ਸੇਧ : ਅਧਕ ਸਹਿਤ :- ਨਿੱਤ
ਨਿੱਤ ; ਰਸੋਈ ਤੇਰੀਐ , ਘਿਉ ਮੈਦਾ ਖਾਣ॥
ਪਦ ਅਰਥ : ਰਸੋਈ ਤੇਰੀਐ = ਤੇਰੀ ਰਸੋਈ ਲੰਗਰ ਵਿਚ । ਖਾਣੁ = ਖੰਡ।
ਅਰਥ : ਗੁਰੂ ਅਮਰਦਾਸ ਜੀ ! ਤੇਰੀ ਰਸੋਈ ਲੰਗਰ ਵਿਚ ਨਿਤਾਪ੍ਰਤਿ ਘਿਉ, ਮੈਦਾ, ਖੰਡ (ਭਾਵ ਕੜਾਹ ਪ੍ਰਸਾਦਿ ) ਵਰਤਦਾ ਹੈ।

ਚਾਰੇ ਕੁੰਡਾ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ॥

ਉਚਾਰਨ ਸੇਧ : ਬਿੰਦੀ ਸਹਿਤ : ਕੁੰਡਾਂ । ਵਿਸ਼ੇਸ਼ ਧੁਨੀ = ਸ਼ਬਦ ( ਸ਼ ਪੈਰ ਬਿੰਦੀ )।
ਚਾਰੇ ਕੁੰਡਾਂ ਸੁਝੀਓਸ , ਮਨ ਮਹਿ ਸ਼ਬਦ ਪਰਵਾਣੁ॥
ਪਦ ਅਰਥ : ਚਾਰੇ ਕੁੰਡਾ = ਚਾਰੇ ਕੁੰਟਾਂ (ਪੂਰਬ, ਪੱਛਮ, ਉੱਤਰ , ਦੱਖਣ) ਸਮੁੱਚੇ ਸੰਸਾਰ ਭਵਨ ਦੀ। ਸੁਝੀਓਸੁ = ਉਸ ਨੂੰ ਸੋਝੀ ਹੋ ਗਈ। ਮਹਿ = ਵਿਚ। ਪਰਵਾਣੁ = ਦ੍ਰਿੜ੍ਹ ਕਰ ਲਿਆ।
ਅਰਥ : ਜਿਸ ਜੀਵ ਨੇ ਮਨ ਵਿਚ ਗੁਰ ਸ਼ਬਦ ਨੂੰ ਦ੍ਰਿੜ੍ਹ ਕਰ ਲਿਆ, ਉਸ ਨੂੰ ਚਹੁੰਆ ਕੁੰਡਾਂ, ਭਾਵ ਸਮੁੱਚੇ ਸੰਸਾਰ ਭਵਨ ਦੀ ਸੋਝੀ ਹੋ ਗਈ ।

ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ॥

ਉਚਾਰਨ ਸੇਧ : ਆਵਾ ਗਉਣ ਨਿਵਾਰਿਓ , ਕਰ ਨਦਰਿ ਨੀਸਾਣ॥
ਪਦ ਅਰਥ : ਆਵਾ ਗਉਣ = ਜਨਮ ਮਰਨ। ਨਿਵਾਰਿਓ = ਮੁਕਾਅ ਦਿਤਾ। ਨਦਰਿ = ਮਿਹਰ ਦੀ ਨਜ਼ਰ ਕਰਕੇ। ਨੀਸਾਣ = ਨਿਸ਼ਾਣ, ਪਰਵਾਨਾ।
ਅਰਥ : ਗੁਰੂ ਅਮਰਦਾਸ ਜੀ ਨੇ ਮਿਹਰ ਦੀ ਨਦਰਿ ਦੁਆਰਾ ਉਸ ਜੀਵ ਦੇ ਮੱਥੇ ‘ਤੇ ਨਾਮ ਨੀਸ਼ਾਨ ਲਾ ਕੇ ਉਸ ਦਾ ਵਿਕਾਰਾਂ ਅਧੀਨ ਆਤਮਕ ਜਨਮ ਮਰਨ ਦਾ ਗੇੜਾ ਮੁਕਾਅ ਦਿੱਤਾ , ਭਾਵ ਸਹਿਜ ਅਵਸਥਾ ਵਿੱਚ ਲੈ ਆਂਦਾ ।

ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ॥

ਉਚਾਰਨ ਸੇਧ : ਬਿੰਦੀ ਰਹਿਤ :- ਅਉਤਰਿਆ।
ਅਉਤਰਿਆ ਅਉਤਾਰ ਲੈ ਸੋ ਪੁਰਖ ਸੁਜਾਣ॥

ਪਦ ਅਰਥ : ਅਉਤਰਿਆ = ਉਤਰਿਆ, ਜੰਮਿਆ, ਪ੍ਰਕਾਸ਼ਮਾਨ ਹੋਇਆ। ਸੋ ਪੁਰਖੁ ਸੁਜਾਣੁ = ਉਹ ਸੁਜਾਨ ਪੁਰਖ ।
ਅਰਥ : ਉਹ ਸੁਜਾਨ ਪੁਰਖ (ਆਪ ਗੁਰੂ ਨਾਨਕ ਕਲਾ ਵਰਤਾਅ ਕੇ ਗੁਰੂ ਅਮਰਦਾਸ ਦੇ ਰੂਪ ਵਿਚ ) ਪ੍ਰਗਟ ਹੋ ਕੇ (ਮਾਤ ਲੋਕ) ਵਿਚ ਪ੍ਰਕਾਸ਼ਮਾਨ ਹੋਇਆ।

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥

ਉਚਾਰਨ ਸੇਧ : ਅਧਕ ਸਹਿਤ : ਝੱਖੜ।
ਝੱਖੜ ਵਾਉ ਨ ਡੋਲਈ , ਪਰਬਤ ਮੇਰਾਣ॥
ਪਦ ਅਰਥ : ਝਖੜਿ = ( ਸੰਪ੍ਰਦਾਨ ਕਾਰਕ) ਝੱਖੜ ਨਾਲ। ਵਾਉ = ਹਨੇਰੀ। ਮੇਰਾਣੁ = ਮੇਰੂ ਪਰਬਤ , ਸੁਮੇਰ।
ਅਰਥ : ( ਗੁਰੂ ਅਮਰਦਾਸ ਜੀ ) ਸੁਮੇਰ ਪਰਬਤ ਵਾਂਗ ਅਚੱਲ ਹੈ। ਸੰਸਾਰ ਵਿਖੇ ਝੁਲ ਰਹੀ ਤ੍ਰਿਸ਼ਣਾ ਦੀ ਹਨੇਰੀ ਅਤੇ ਕਲ-ਕਲੇਸ਼ ਦੇ ਝੱਖੜ ਨਾਲ ਡੋਲਦਾ ਨਹੀਂ।

ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ॥

ਉਚਾਰਨ ਸੇਧ : ਬਿੰਦੀ ਸਹਿਤ :-  ਹੂਂ । ਜੀਅ : ਅੰਤ ‘ ਅ ’ ਮੁਕਤਾ ਹੈ , ਉਚਾਰਣ ‘ ਆ ’ ਨਹੀਂ ਹੋਣਾ ਚਾਹੀਦਾ। 
ਜਾਣੈ ਬਿਰਥਾ ਜੀਅ ਕੀ , ਜਾਣੀ ਹੂਂ ਜਾਣ॥
ਪਦ ਅਰਥ : ਬਿਰਥਾ = ਪੀੜਾ, ਦਰਦ। ਜੀਅ ਕੀ = ਦਿਲ ਦੀ । ਜਾਣੀ ਹੂ ਜਾਣੁ = ਧੁਰ ਅੰਦਰ ਦੀਆਂ ਜਾਣਨ ਵਾਲਾ।
ਅਰਥ: ( ਗੁਰੂ ਅਮਰਦਾਸ ) ਜੀਵ ਦੇ ਦਿਲ ਦੀ ਪੀੜ ਜਾਣਦਾ ਹੈ ਅਤੇ ਜਾਣੀ ਜਾਣ ( ਅੰਤਰਜਾਮੀ ) ਪੁਰਖ ਹੈ।

ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਨੁ॥

ਉਚਾਰਨ ਸੇਧ : ਬਿੰਦੀ ਸਹਿਤ :- ਸਾਲਾਹੀਂ । ਅਧਕ ਸਹਿਤ :- ਸੱਚੇ । ਵਿਸ਼ੇਸ਼ ਧੁਨੀ = ਪਾਤਸ਼ਾਹ ( ਸ਼ ਪੈਰ ਬਿੰਦੀ )। 
ਕਿਆ ਸਾਲਾਹੀਂ ? ਸੱਚੇ ਪਾਤਿਸਾਹ ! ਜਾਂ ਤੂ ਸੁਘੜ ਸੁਜਾਨ॥
ਪਦ ਅਰਥ : ਸਾਲਾਹੀ = ਮੈਂ ਸਿਫਤ ਕਰਾਂ । ਸੁਘੜ = ਸੁੱਚਜੀ ਘਾੜਤ ਵਾਲਾ। ਸੁਜਾਨੁ = ਭਲੀ ਪ੍ਰਕਾਰ ਜਾਣਨ ਵਾਲਾ।
ਅਰਥ : ਹੇ ਸਚੇ ਪਾਤਿਸ਼ਾਹ ! (ਮੈਂ ਤੇਰੀ) ਕੀ ਸਿਫਤਿ ਸਾਲਾਹ ਕਰਾਂ ? ਜਦੋਂ ਤੂੰ ਆਪ ਹੀ ਅੰਤਰਜਾਮੀ ਹੈਂ , ਤੇਰੇ ਪਾਸੋਂ ਕੀ ਮੰਗਾਂ ।

ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ॥

ਉਚਾਰਨ ਸੇਧ : ਜਿ = ਜੇ ( ਲਾਮ ਦੀ ਅੱਧੀ ਧੁਨੀ ਉਚਾਰਨੀ ) । ਅਧਕ ਸਹਿਤ :- ਸੱਤੇ ।
ਦਾਨ ਜਿ ਸਤਿਗੁਰ ਭਾਵਸੀ , ਸੋ ਸੱਤੇ ਦਾਣ॥
ਪਦ ਅਰਥ : ਜਿ = ਜਿਹੜਾ । ਦਾਣੁ = ਬਖਸ਼ੀਸ਼।
ਅਰਥ : ਹੇ ਸਤਿਗੁਰੂ ! ਜਿਹੜਾ ਦਾਨ ਤੈਨੂੰ ਚੰਗਾ ਲਗੇਗਾ ਸੱਤੇ ਨੂੰ ਉਹੀ ਦਾਨ ਪਰਵਾਣ ਹੈ ।

ਨਾਨਕ ਹੰਦਾ ਛਤ੍ਰ ਸਿਰਿ ਉਮਤਿ ਹੈਰਾਣੁ॥

ਉਚਾਰਨ ਸੇਧ : ਅਧਕ ਸਹਿਤ : ਉੱਮਤਿ ( ਉਮ-ਮਤ )। ਹੰਦਾ ਦਾ ਅਸਲੀ ਲਫ਼ਜ਼ (ਸੰਦਾ) ਹੈ ਪਰ ਉਚਾਰਨ ਹੰਦਾ ਹੀ ਕਰਨਾ ਹੈ ।
ਨਾਨਕ ਹੰਦਾ ਛਤ੍ਰ ਸਿਰ , ਉੱਮਤ ਹੈਰਾਣ॥

ਪਦ ਅਰਥ : ਹੰਦਾ =ਸੰਦਾ , ਦਾ । ਨਾਨਕ ਹੰਦਾ = ਨਾਨਕ ਦਾ । ਸਿਰਿ = ਸਿਰ ਉੱਤੇ (ਆਪਾਦਾਨ)। ਉਮਤਿ = ਉੱਮਤਿ , ਸਿਖ-ਸੰਗਤਿ । ਹੈਰਾਣ = ਵਿਸਮਾਦ ।
ਅਰਥ: ( ਗੁਰੂ ਅਮਰਦਾਸ ਜੀ ਦੇ ) ਸੀਸ ਉੱਤੇ ਗੁਰੂ ਨਾਨਕ ਜੀ ਵਾਲਾ ( ਗੁਰਿਆਈ ਦਾ ) ਛਤਰ ਝੁਲ ਰਿਹਾ ਹੈ। ਸਾਰੀ ਸੰਗਤ ( ਆਪ ਜਸ ਵੇਖ ਕੇ ) ਅਸਚਰਜ ਹੋ ਰਹੀ ਹੈ ।

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥ ਪਿਯੂ ਦਾਦੇ ਜੇਵਿਹਾ ਪ੍ਰੋਤਾ ਪਰਵਾਣੁ॥੬॥

ਉਚਾਰਨ ਸੇਧ : ਅਧਕ ਸਹਿਤ : ਟਿੱਕਾ । ਪਿਯੂ = ਪਿਊ
ਸੋ ਟਿੱਕਾ ; ਸੋ ਬੈਹਣਾ ; ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣ ॥
ਪਦ ਅਰਥ : ਟਿਕਾ = ਨਾਮ ਨਿਸ਼ਾਨ । ਬੈਹਣਾ = ਬੈਠਣ ਲਈ ਤਖਤ । ਦੀਬਾਣੁ = ਗੁਰੂ ਦਰਬਾਰ । ਪਿਯੂ = ਪਿਤਾ ਗੁਰੂ ( ਗੁਰੂ ਅੰਗਦ ਸਾਹਿਬ )। ਦਾਦੇ ਜੇਵਿਹਾ = ਦਾਦਾ ਗੁਰੂ ( ਗੁਰੂ ਨਾਨਕ ਸਾਹਿਬ ਵਰਗਾ )। ਪ੍ਰੋਤਾ =ਪੋਤਰਾ ( ਗੁਰੂ ਅਮਰਦਾਸ ਜੀ ) । ਪਰਵਾਣੁ = ਮਾਨਨੀਕ ।
ਅਰਥ : ਗੁਰੂ ਵੰਸ਼ ਦਾ ਨਾਦੀ ਪੋਤਰਾ, ਗੁਰੂ (ਅਮਰਦਾਸ ਜੀ) ਆਪਣੇ ਪਿਤਾ-ਗੁਰੂ (ਅੰਗਦ ਸਾਹਿਬ) ਅਤੇ ਦਾਦਾ ਗੁਰੂ (ਨਾਨਕ ਸਾਹਿਬ) ਵਰਗਾ ਪਰਵਾਣ ਹੈ। ਗੁਰੂ ਅਮਰਦਾਸ ਜੀ ਦੇ ਮੱਥੇ ‘ਤੇ ਓਹ ਹੀ ( ਪਹਿਲੇ ਸਤਿਗੁਰਾਂ ਵਾਲਾ ਟਿੱਕਾ ) ਨਾਮ-ਨੀਸ਼ਾਨ ਹੈ , ਬੈਠਣ ਲਈ ਓਹੀ ਤਖਤ ਹੈ , ਉਹੀ ( ਬਖ਼ਸ਼ਸ਼ਾਂ ਵੰਡਣ ਵਾਲਾ ) ਗੁਰੂ ਦਰਬਾਰ ਹੈ।

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ’
Khalsasingh.hs@gmail.com

ਸੁਣੋ ਪਾਠ ਪਉੜੀ ੫-੬ [audio:http://www.singhsabhacanada.com/wp-content/uploads/2014/07/ramkali-ki-vaar-satte-balwand-paudi-5-6.mp3]