ਸੰਕੇਤਕ ਜਾਣਕਾਰੀ – ਗੁਰਬਾਣੀ ਵਿਆਕਰਣ (ਭਾਗ ੦੧)

ਵਿਆਕਰਣ ਦਾ ਮੁੱਢ ਲੋਕ ਭਾਸ਼ਾ ਤੋਂ ਬਣਦਾ ਹੈ। ਪਹਿਲਾਂ ਬੋਲੀ ਹੋਂਦ ਵਿੱਚ ਆਉਂਦੀ ਹੈ ਅਤੇ ਫਿਰ ਇਸ ਨੂੰ ਨੇਮ-ਬੱਧ ਕੀਤਾ ਜਾਂਦਾ ਹੈ। ਕਿਸੇ ਵੀ ਭਾਸ਼ਾ ਦੇ ਉਨ੍ਹਾਂ ਨਿਯਮਾਂ ਨੂੰ ਜਿਨ੍ਹਾਂ ਦੁਆਰਾ ਉਸ ਭਾਸ਼ਾ ਦੇ ਲਿਖਣ ਤੇ ਬੋਲਣ ਦਾ ਸਹੀ ਗਿਆਨ ਪ੍ਰਾਪਤ ਹੋਵੇ ਨੂੰ ‘ ਵਿਆਕਰਣ ‘ ਕਿਹਾ ਜਾਂਦਾ ਹੈ। ਕਈ ਵੀਰ ਇਹ ਆਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਆਕਰਣਕ ਨੇਮਾਂ ਦੇ ਬੰਧਨਾਂ ਤੋਂ ਮੁਕਤ ਹੈ ਕਿਉਂਕਿ ਇਹ ਧੁਰ ਤੋਂ ਆਈ ਬਾਣੀ ਹੈ। ਅਜਿਹੇ ਵੀਰਾਂ ਦੇ ਵੀਚਾਰ ਗੁਰਮਤਿ ਕਸਵੱਟੀ ਤੇ ਪੂਰੇ ਨਹੀਂ ਉਤਰਦੇ। ਕਿਉਂਕਿ ਇਹ ਨਿਯਮ ਸਤਿਗੁਰੂ ਜੀ ਨੇ ਆਪ ਗੁਰਬਾਣੀ ਦੀ ਰੂਪਾਵਲੀ ਅਤੇ ਅਰਥਾਵਲੀ ਨੂੰ ਸਮਝਣ ਵਿਚ ਸਾਨੂੰ ਕੋਈ ਔਕੜ ਨਾ ਆਏ ਕਾਰਨ ਕਲਮ-ਬੱਧ ਕੀਤੇ ਹਨ। ਆਮ ਜਨਤਾ ਵਿਆਕਰਣ ਨੂੰ ਇੱਕ ਰੁੱਖਾ ਜਿਹਾ ਵਿਸ਼ਾ ਸਮਝਦੀ ਹੈ। ਜੇਕਰ ‘ ਗੁਰਬਾਣੀ ਵਿਆਕਰਣ ‘ ਸਿੱਖ ਧਰਮ ਦੇ ਪੁਰਾਣੇ ਆਗੂਆਂ ਨੇ ਖਾਲਸਾ ਕਾਲਜਾਂ ਅਤੇ ਹੋਰ ਧਾਰਮਿਕ ਅਦਾਰਿਆਂ ਵਿੱਚ ਸਿਲੇਬਸ ਦੇ ਤੋਰ ਤੇ ਨੀਯਤ ਕੀਤਾ ਹੁੰਦਾ ਤਾਂ ਅੱਜ ਇਸ ਬਾਰੇ ਏਨੀਆਂ ਉਲਝਣਾਂ ਨਾ ਪੈਦਾ ਹੁੰਦੀਆਂ। ਆਮ ਦੇਖਣ ਵਿੱਚ ਆਉਂਦਾ ਹੈ ਕਿ ਰੂੜੀਵਾਦੀ, ਲੋਕ ਗੁਰਬਾਣੀ ਲਿਖਣ-ਨਿਯਮਾਵਲੀ (ਵਿਆਕਰਣ) ਦੀ ਹੋਂਦ ਬਾਰੇ ਕਿੰਤੂ ਕਰਦੇ ਹਨ, ਪਰ ਇਹ ਉਹਨਾਂ ਦਾ ਅਨਜਾਣਪੁਣਾ ਹੀ ਹੈ, ਕਿਉਂਕਿ ਇਸ ਨੂੰ ਸਿੱਧ ਕਰਨ ਲਈ ਅਨੇਕਾਂ ਹੀ ਪ੍ਰਮਾਣ ਹਨ।

ਗਿ. ਹਜ਼ਾਰਾ ਸਿੰਘ ਵੱਲੋਂ ਜੈਤਸਰੀ ਕੀ ਵਾਰ ਦੇ ਟੀਕੇ ਦੀ ਭੂਮਿਕਾ ਦੇ ਅੰਤ ਵਿਚ ਹੇਠ ਲਿਖੀ ਸੂਚਨਾ ਅੰਕਿਤ ਕੀਤੀ ਮਿਲਦੀ ਹੈ :
” ਕਈ ਗਿਆਨੀ ਆਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਯਾਕਰਣ ਨਹੀਂ ਤੁਰਦਾ ਅਰ ਇਹ ਗੱਲ ਪਰਮੇਸਰ ਦੇ ਅਨੁਭਵੀ ਪਵਿੱਤ੍ਰ ਪੁਸਤਕ ਵਿਚ ਇਕ ਤਰ੍ਹਾਂ ਠੀਕ ਬੀ ਹੈ, ਪ੍ਰੰਤੂ ਇਹ ਗੱਲ ਪੱਕੀ ਹੈ ਕਿ ਵਿਆਕਰਨ ਅਰਥ ਕਰਨੇ ਵਿਚ ਬਹੁਤ ਕੰਮ ਦੇਂਦਾ ਹੈ ਅਰ ਮਨ-ਘੜਤ ਅਰਥਾਂ ਤੇ ਅਨੇਕ ਤਰਾਂ ਦੀਆਂ ਖਿੱਚਾਂ ਨੂੰ ਜੋ ਲੋਕੀ ਆਪੋ ਆਪਣੇ ਮਤਲਬ ਲਈ ਮਾਰਦੇ ਹਨ, ਰੋਕ ਪਾ ਦਿੰਦਾ ਹੈ ਅਰ ਅਰਥ ਅਨਰਥ ਨਹੀਂ ਹੋਣ ਦਿੰਦਾ। ਭਾਂਵੇ ਪੰਜਾਬੀ ਬੋਲੀ ਯਾ ਸੰਸਕ੍ਰਿਤ ਦੇ ਵਯਾਕਰਨ ਦੇ ਸੂਤ੍ਰ ਹਰ ਥਾਂ ਨਹੀਂ ਵਰਤੇ ਜਾ ਸਕਦੇ, ਪਰ ਜੇ ਗੁਣੀ ਜਨ ਮਿਹਨਤ ਕਰਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਖਰਾ ਵਿਆਕਰਣ ਬਣ ਸਕਦਾ ਹੈ, ਕਿਉਂਕਿ ਮਹਾਰਾਜ ਦੀ ਬਾਣੀ ਅਕਾਸ਼ ਦੇ ਤਾਰਿਆਂ ਵਾਂਗੂੰ ਠੀਕ ਅਰ ਦ੍ਰਿੜ੍ਹ ਨਿਯਮਾਂ ਵਿਚ ਚਲਦੀ ਹੈ, ਭਾਵੇਂ ਇਕ ਅਣਜਾਣ ਪੁਰਖ ਨੂੰ ਅਕਾਸ਼ ਦੇ ਤਾਰੇ ਖਿਲਰੀ ਹੋਈ ਰੇਤ ਤੋਂ ਵਧੀਕ ਕੁਝ ਨਹੀਂ ਭਾਸਦੇ। ” (ਪੰ. ਹਜਾਰਾ ਸਿੰਘ)

ਭਾਈ ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ :
” ਮਾਤ੍ਰਾ ਬਿਨਾ ਅਰਥ ਸਪੱਸ਼ਟ ਨਹੀਂ ਹੋਂਦਾ, ਜਿਵੇਂ ‘ ਜਪੁ ‘ ਵਿਚ ਆਇਆ ‘ ਇਕ ‘ ਸ਼ਬਦ ਇਕ ਗਿਣਤੀ (ਯਕ) ਦਾ ਬੋਧਕ ਹੈ। ‘ ਇਕਿ ‘ ਬਹੁਵਚਨੀ ਰੂਪ ਹੈ ਅਤੇ ਅਨੇਕ ਅਰਥ ਰੱਖਦਾ ਹੈ ਅਤੇ ‘ ਇਕੁ ‘ ਦਾ ਅਰਥ ਹੈ = ਅਦੁਤੀਯ (ਲਾਸਾਨੀ) ਐਸੇ ਹੀ ‘ ਆਪਿ , ਆਪੁ ‘ ਆਦਿ  ਹੋਰ ਅਨੇਕ ਸ਼ਬਦ ਸਮਝ ਲੈਣੇ ਚਾਹੀਏ । ਬਾਣੀ ਵਿਚ ਮਾਤ੍ਰਾ ਨਿਰਾਰਥਕ ਨਹੀਂ। ”

ਆਓ ਕੁਝ ਪ੍ਰੀਭਾਸ਼ਾਵਾਂ ਨੂੰ ਸੰਕੇਤਕ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੋ ਗੁਰਬਾਣੀ ਵਿਆਕਰਣ ਦੇ ਵੱਖ-ਵੱਖ ਨਿਯਮਾਂ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ :

ਵਿਆਕਰਣ -: ਲਿਖਤ ਦੇ ਪਛੋਕੜ ਵਿਚ ਕੰਮ ਕਰਦੇ ਵਿਆਪਕ ਨਿਯਮਾਂ ਦੀ ਵਿਆਖਿਆ ਕਰਨ ਵਾਲੇ ਵਿਦਿਆ-ਵਿਗਿਆਨ ਨੂੰ ਵਿਆਕਰਣ ਸੰਗਿਆ (ਨਾਂਮ) ਦਿੱਤਾ ਜਾਂਦਾ ਹੈ।

ਲਿੱਪੀ -: ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਵਰਤੀ ਜਾਣ ਵਾਲੀ ਧੁਨੀਆਤਮਿਕ-ਚਿੰਨ੍ਹਾਵਲੀ ਦਾ ਵਿਉਂਤ-ਬਧ ਢੰਗ ਨਾਲ ਉਲੀਕਿਆ ਰੂਪ ਨੂੰ ਲਿੱਪੀ ਆਖਿਆ ਜਾਂਦਾ ਹੈ।

ਪੈਂਤੀ ਅੱਖਰੀ -: ਮੂਲ ਪੈਂਤੀ ਅੱਖਰਾਂ ਵਾਲੀ ਗੁਰਮੁਖੀ ਲਿੱਪੀ।

ਵਰਣ-ਮਾਲਾ -: ਗੁਰਮੁਖੀ ਲਿੱਪੀ ਦੇ ਸਾਰੇ ਅਖੱਰਾਂ ਦੀ , ਪੰਜ ਵਰਗ ਅਤੇ ਸੱਤ ਟੋਲੀਆਂ ਸਮੇਤ ਨੂੰ ਵਰਣ-ਮਾਲਾ ਆਖਿਆ ਜਾਂਦਾ ਹੈ।

ਸ੍ਵਰ-ਧੁਨੀ -: ਐਸੀ ਧੁਨੀ ਜਿਸ ਦੇ ਉਚਾਰਣ ਵਿਚ ਕੰਠ ਅਤੇ ਮੂੰਹ ਵਿਚਲੇ ਕੋਈ ਦੋ ਅੰਗ ਆਪਸ ਵਿਚ ਨਾ ਮਿਲਣ ਉਸ ਨੂੰ ਸ੍ਵਰ ਧੁਨੀ ਕਹੀਦਾ ਹੈ।

ਵਿਅੰਜਨ ਧੁਨੀ -: ਐਸੀ ਧੁਨੀ ਜਿਸ ਵਿਚ ਕੰਠ ਅਤੇ ਮੂੰਹ ਵਿਚਲੇ ਕੋਈ ਦੋ ਅੰਗ ਮਿਲਣ ‘ਤੇ ਫਿਰ ਭੀ ਕੋਈ ਰੁਕਾਵਟ ਨਾ ਪਵੇ ਉਸ ਨੂੰ ਵਿਅਜੰਨ ਧੁਨੀ ਆਖਦੇ ਹਨ।

ਨਾਸਕੀ -: ਜਿਸ ਧੁਨੀ ਦੇ ਉਚਾਰਣ ਵਿਚ ਆਵਾਜ਼ ਦਾ ਕੁਝ ਅੰਸ਼ ਨੱਕ ਥਾਈਂ ਆਵੇ। ਅੱਜ ਅਸੀਂ ਜਿਸ ਨੂੰ ਬਿੰਦੀ ਭੀ ਆਖਦੇ ਹਾਂ।

ਬਲ-ਧੁਨੀ -: ਸ਼ਬਦ ਦੇ ਕਿਸੇ ਭੀ ਅਖੱਰ ਦੀ ਧੁਨੀ ‘ਤੇ ਵਿਸ਼ੇਸ਼ ਦਬਾਅ ਦੇ ਕੇ ਕੀਤਾ ਉਚਾਰਣ ਜਿਸ ਨੂੰ ਅੱਜ ਅਸੀਂ ‘ਅਧੱਕ’ ਨਾਂ ਦਿੰਦੇ ਹ।

ਪ੍ਰਾਣਤਾ -: ਕਿਸੇ ਧੁਨੀ ਵਿਚ ਆਇਆ ਭਾਰਾ-ਪਨ ਨੂੰ ਪ੍ਰਾਣਤਾ ਆਖਿਆ ਜਾਂਦਾ ਹੈ।

ਸ੍ਵਰ ਅਖੱਰ -: ਪੈਂਤੀ ਅਖੱਰਾਂ ਵਿਚ ‘ ੳ, ਅ, ੲ ‘ ਨੂੰ ਸ੍ਵਰ ਅਖੱਰ ਆਖਿਆ ਜਾਂਦਾ ਹੈ ਅੰਗ੍ਰੇਜੀ ਵਿਚ ਇਹਨਾਂ ਨੂੰ ‘ vowel carriers ‘ ਵੀ ਆਖਦੇ ਹਨ।

ਵਿਅੰਜਨ ਅਖੱਰ -: ‘ ਸ ਤੋਂ ੜ ‘ ਤੱਕ ਦੇ ਅਖੱਰਾਂ ਨੂੰ ਵਿਅਜੰਨ ਆਖਦੇ ਹਨ।

ਸ੍ਵਰ -: ‘ ੳ, ਅ, ੲ ‘ ਨਾਲ ਢੁਕਵੀਆਂ ਲਗਾਂ-ਮਾਤ੍ਰਾਂ ਜੋੜ ਕੇ ਬਣਾਏ ਗਏ ਚਿੰਨ੍ਹ।  ਓ  ਉ  ਊ  ਅ  ਆ  ਐ  ਔ  ਇ  ਈ  ਏ । ਨੋਟ : ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ   ੳ, ਅ ਅਤੇ ੲ ਦੀਆਂ ਵੱਖ ਵੱਖ ਲਗਾਂ ਹਨ ਜੋ ਇਹ ਆਪੋ ਵਿੱਚ ਸਾਂਝੀਆਂ ਨਹੀਂ ਕਰਦੇ।

ਮਾਤ੍ਰਾ -: ਕਿਸੇ ਸ੍ਵਰ ਦੇ ਉਚਾਰਣ ਵਿਚ ਜਿੰਨਾ ਸਮਾਂ ਲਗੇ ਉਸ ਨੂੰ ਮਾਤ੍ਰਾ ਆਖਿਆ ਜਾਂਦਾ ਹੈ। ਗੁਰਮੁਖੀ ਵਿੱਚ ਕੁਲ ੧੦ ਮਾਤ੍ਰਾਵਾਂ ਹਨ : ਮੁਕਤਾ , ਕੰਨਾ , ਸਿਹਾਰੀ , ਬਿਹਾਰੀ, ਔਂਕੜ, ਦੁਲੈਕੜ, ਲਾਂਮ, ਦੁਲਾਵਾਂ, ਹੋੜਾ, ਕਨੌੜਾ ।

ਸ਼ਬਦ/ਲਫਜ਼ -: ਅੱਖਰਾਂ ਅਤੇ ਮਾਤ੍ਰਾਵਾਂ ਦੇ ਸੁਮੇਲ ਤੋਂ ਸ਼ਬਦ ਬਣਦੇ ਹਨ। ਗੁਰਬਾਣੀ ਵਿਚ ਤਿੰਨ ਪ੍ਰਕਾਰ ਦੇ ਸ਼ਬਦ ਹਨ ‘ ਮੂਲਕ, ਤਤਸਮ ਅਤੇ ਤਦਭਵ ‘।

1. ਮੂਲਕ : ਕਿਸੇ ਭਾਸ਼ਾ ਦੇ ਮੂਲ ਸ਼ਬਦਾਂ ਨੂੰ ਮੂਲਕ ਸ਼ਬਦ ਆਖਿਆ ਜਾਂਦਾ ਹੈ।

2. ਤਤਸਮ : ਜਿੰਨ੍ਹਾਂ ਸ਼ਬਦ ਦਾ ਮੂਲ ਭਾਸ਼ਾ ਵਾਲਾ ਮੁੱਢਲਾ ਸਰੂਪ ਉਹਨਾ ਦੇ ਕਿਸੇ ਹੋਰ ਭਾਸ਼ਾ ਵਿਚ ਅਪਣਾਏ ਜਾਣ ਮਗਰੋਂ ਵੀ ਓਵੇਂ ਹੀ ਕਾਇਮ ਰਹੇ ਉਸ ਨੂੰ ਤਤਸਮ ਰੂਪ ਆਖੀਦਾ ਹੈ, ਜਿਵੇਂ :
ਪ੍ਰਸਾਦ, ਕ੍ਰਿਪਾ, ਪ੍ਰਾਣ, ਘ੍ਰਿਤ, ਘ੍ਰਿਣਾ, ਕਰ, ਨਰ, ਮਨ, ਕਰੁਣਾ ਆਦਿ ਸ਼ਬਦ ਸੰਸਕ੍ਰਿਤ ਦੇ ਤਤਸਮ ਸ਼ਬਦ ਹਨ।
ਸਵਦ, ਕੁਨ, ਗੋਸ, ਦਰਵੇਸ, ਯਕ, ਅਰਜ, ਗੁਫਤਮ, ਹਕਾ, ਕਬੀਰ, ਕਰੀਮ, ਪਨਹ, ਖੈਰ, ਅਲਹ, ਆਦਿ ਸ਼ਬਦ ਫਾਰਸੀ ਦੇ ਤਤਸਮ ਹਨ। ਉਪਰੋਕਤ ਸ਼ਬਦਾਂ ਦਾ ਉਚਾਰਣ ਉਸ ਤਰ੍ਹਾਂ ਹੀ ਕਰਨਾ ਹੈ ਜਿਵੇਂ ਫਾਰਸੀ ਭਾਸ਼ਾ ਦੀ ਸਾਹਿਤਕਾਰੀ ਅਨੁਸਾਰ ਕੀਤਾ ਜਾਂਦਾ ਹੈ। ਜੇਕਰ ਉਸ ਤਰ੍ਹਾਂ ਨਹੀਂ ਕਰਦੇ ਤਾਂ ਉਚਾਰਣ ਅਸ਼ੁਧ ਹੋਵੇਗਾ।

3. ਤਦਭਵ : ਜਿੰਨ੍ਹਾਂ ਸ਼ਬਦਾਂ ਦਾ ਕਿਸੇ ਹੋਰ ਭਾਸ਼ਾ ਵਿਚ ਅਪਣਾਇਆ ਸਰੂਪ ਉਹਨਾਂ ਦੀ ਮੂਲ ਭਾਸ਼ਾ ਵਾਲੇ ਮੁੱਢਲੇ ਸਰੂਪ ਤੋਂ ਕਿਸੇ ਤਰ੍ਹਾਂ ਵਿਭਿੰਨ ਹੋਵੇ ਉਸ ਨੂੰ ਤਦਭਵ ਆਖਿਆ ਜਾਂਦਾ ਹੈ -:
ਸੰਤੋਖ, ਮਨੁੱਖ, ਕਾਂਖੀ, ਦੋਖ, ਕੰਨ, ਹੱਥ, ਕਾਰਜ, ਸਤ, ਭਰਾ, ਭੈਣ, ਸਿਖ, ਆਦਿ ਸ਼ਬਦ ਸੰਸਕ੍ਰਿਤ ਦੇ ਤਦਭਵ ਹਨ।
ਸਜਾਇ, ਦੋਜਕ, ਪਰਵਦਗਾਰ, ਵਖਤ, ਪੈਕਾਮਰ, ਫਰੇਸਤਾ, ਆਦਿ ਸ਼ਬਦ ਫ਼ਾਰਸੀ ਦੇ ਤਦਭਵ ਰੂਪ ਹਨ।

ਮੁਕਤਾ -: ਸ਼ਬਦ ਵਿਚਲੇ ਜਿਸ ਅੱਖਰ ਨੂੰ ਕੋਈ ਮਾਤ੍ਰਾ ਨਾ ਲੱਗੀ ਹੋਵੇ ਉਸ ਨੂੰ ਮੁਕਤਾ ਆਖਿਆ ਜਾਂਦਾ ਹੈ , ਜਿਵੇ : ‘ ਗੁਰਮੁਖੀ ‘ ਸ਼ਬਦ ਵਿੱਚ ‘ ਰ ‘ ਨੂੰ ਕੋਈ ਮਾਤ੍ਰਾ ਨਹੀਂ ਸੋ ਇਸ ਨੂੰ ਮੁਕਤਾ ਗਿਣਿਆ ਜਾਵੇਗਾ।

ਹ੍ਰਸ੍ਵ-ਸ੍ਵਰ -: ਐਸਾ ਸ੍ਵਰ ਜਿਸ ਦਾ ਉਚਾਰਣ ਇਕ ਮਾਤ੍ਰਾ ਜਿੰਨਾ ਹੋਵੇ ‘ ਮੁਕਤਾ, ਔਂਕੜ, ਸਿਹਾਰੀ ‘ ਨੂੰ ਹ੍ਰਸ੍ਵ-ਸ੍ਵਰ ਆਖਿਆ ਜਾਂਦਾ ਹੈ।

ਦੀਰਘ-ਸ੍ਵਰ -: ਐਸਾ ਸ੍ਵਰ ਜਿਸ ਦੇ ਉਚਾਰਣ ਵਿਚ ਇਕ ਮਾਤ੍ਰਾ ਤੋਂ ਦੂਣਾ ਸਮਾਂ ਲਗੇ। ‘ ਬਿਹਾਰੀ, ਲਾਂਮ, ਦੁਲਾਵਾਂ, ਹੋੜਾ, ਕਨੌੜਾ ‘ ਆਦਿ ਨੂੰ ਦੀਰਘ ਸ੍ਵਰ ਆਖਿਆ ਜਾਂਦਾ ਹੈ।

ਪਿੰਗਲ -: ਐਸੀ ਵਿਦਿਆ, ਜਿਸ ਤੋਂ ਛੰਦਾ-ਬੰਦੀ ਦੇ ਨੇਮਾਂ ਅਤੇ ਕਿਸਮਾਂ ਦੀ ਗਿਆਤ ਹੋਵੇ।

ਲਗਾਖਰ -: ਲਗਾਂ ਦੇ ਅਖੀਰ ਵਿਚ ਲੱਗਣ ਅਤੇ ਬੋਲੇ ਜਾਣ ਵਾਲੇ ਚਿੰਨ੍ਹ, ਗੁਰਮੁਖੀ ਵਿੱਚ ਇਹ ਤਿਨ ਹਨ : ਬਿੰਦੀ, ਟਿੱਪੀ, ਅੱਧਕ ।

ਅਗੇਤਰ -: ਕਿਸੇ ਮੂਲ ਸ਼ਬਦ ਤੋਂ ਹੋਰ ਕੋਈ ਸ਼ਬਦ ਬਣਾਉਣ ਲਈ ਉਸ ਦੇ ਅੱਗੇ ਜੋੜਿਆ ਜਾਣ ਵਾਲਾ ਭਾਵਾਂਸ਼।

ਪਿਛੇਤਰ -: ਕਿਸੇ ਮੂਲ ਸ਼ਬਦ ਤੋਂ ਹੋਰ ਕੋਈ ਸ਼ਬਦ ਬਣਾਉਣ ਲਈ ਉਸ ਦੇ ਪਿੱਛੇ ਜੋੜਿਆ ਜਾਣ ਵਾਲਾ ਭਾਵਾਸ਼।

ਨਾਂਵ -: ਕਿਸੇ ਵਿਅਕਤੀ, ਵਸਤੂ, ਅਸਥਾਨ, ਗੁਣ, ਸੰਕਲਪ ਦਾ ਗਿਆਨ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਨਾਂਵ ਕਹੀਦਾ ਹੈ।

ਪੜਨਾਂਵ -: ਕਿਸੇ ਨਾਂਵ ਦੀ ਥਾਂ ‘ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਪੜਨਾਂਵ ਆਖੀਦਾ ਹੈ, ਜਿਵੇਂ : ਮੈਂ, ਹਮਰਾ, ਹਮਰੋ ਆਦਿ।

ਵਿਸ਼ੇਸ਼ਣ -: ਕਿਸੇ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦਰਸਾਉਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ।

ਕਿਰਿਆ -: ਕਿਸੇ ਘਟਨਾ ਦੇ ਵਾਪਰਨ ਦੀ, ਵਾਪਰਨ ਦੇ ਸਮੇਂ ਸਹਿਤ ਜਾਣਕਾਰੀ ਦੇਣ ਵਾਲੇ ਸ਼ਬਦ ਨੂੰ ਕਿਰਿਆ ਕਹੀਦਾ ਹੈ।

ਕਿਰਿਆ ਵਿਸ਼ੇਸ਼ਣ -: ਕਿਸੇ ਕਿਰਿਆ ਜਾਂ ਵਿਸ਼ੇਸ਼ਣ ਦੀ ਕਿਰਿਆ ਦਰਸਾਉਣ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਆਖੀਦਾ ਹੈ।

ਸੰਬੰਧਕ -: ਵਾਕ ਦੇ ਵੱਖ-ਵੱਖ ਵਿਆਕਰਣਿਕ ਅੰਗਾ ਦਾ ਪਰਸਪਰ ਸੰਬੰਧ ਜੋੜਣ ਵਾਲਾ ਸ਼ਬਦ।

ਯੋਜਕ -: ਦੋ ਸ਼ਬਦਾਂ, ਵਾਕਾਂ ਦਾ ਪਰਸਪਰ ਸੰਬੰਧ ਜੋੜਨ ਵਾਲਾ ਸ਼ਬਦ, ਜਿਵੇਂ : ਅਤੈ, ਤੈ, ਅਉ, ਅਰੁ, ਅਵਰੁ, ਕੈ, ਜੇਕਰਿ, ਜਉ, ਜੇ ਆਦਿ ਯੋਜਕ ਹਨ।

ਵਿਸਮਿਕ -: ਕਿਸੇ ਖ਼ੁਸ਼ੀ, ਗ਼ਮੀ, ਪ੍ਰਸੰਸਾ ਆਦਿ ਦੇ ਤੀਬਰ ਜਜ਼ਬੇ ਦੇ ਪ੍ਰਗਟਾਅ ਲਈ ਆਪ -ਮੁਹਾਰੇ ਮੂੰਹ ‘ਚੋਂ ਨਿਕਲਿਆ ਸ਼ਬਦ, ਜਿਵੇਂ : ਵਾਹ ਵਾਹ, ਐ ਜੀ, ਰੇ, ਹਾਇ ਆਦਿ।

ਚਲਦਾ …..

ਭੁੱਲ ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ‘
Khalsasingh.hs@gmail.com