ਰਾਮਕਲੀ ਕੀ ਵਾਰ – ਅਰਥ ਭਾਵ ਉਚਾਰਨ ਸੇਧਾਂ ਸਹਿਤ (ਭਾਗ 4)

ਰਾਮਕਲੀ ਕੀ ਵਾਰ ( ਪੰਨਾ ੯੬੬ )

ਅਰਥ ਭਾਵ ਉਚਾਰਨ ਸੇਧਾਂ ਸਹਿਤ ( ਭਾਗ ੪ ) ਪਉੜੀ ੭-੮ 

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ਉਚਾਰਨ ਸੇਧ : ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾਰਿਆ॥
ਪਦ ਅਰਥ : ਜਿਨਿ = (ਇਕਵਚਨ ਪੜਨਾਂਵ, ਕਰਤਾਕਾਰਕ ਸੰਬੰਧਕੀ ਰੂਪ) ਪ੍ਰਾਰਬਹਮ ਨੇ ,ਜਿਸ ਨੇ। ਸਿਰਿਆ = ਪੈਦਾ ਕੀਤਾ, ਰਚਿਆ। ਸਵਾਰਿਆ = ਸ਼ਿੰਗਾਰਿਆ।
ਅਰਥ : ਸ੍ਰੀ ਗੁਰੂ ਰਾਮਦਾਸ ਜੀ ਧੰਨ ਹੈਂ ਧੰਨ ਹੈਂ , ਜਿਸ ਵਾਹਿਗੁਰੂ ਨੇ ( ਗੁਰੂ ਰਾਮਦਾਸ ਜੀ ਨੂੰ ) ਸਿਰਜਿਆ, ਉਸ ਵਾਹਿਗੁਰੂ ਨੇ ਹੀ ਸਵਾਰਿਆ ਹੈ।

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥

ਉਚਾਰਨ ਸੇਧ : ਪੂਰੀ ਹੋਈ ਕਰਾਮਾਤ , ਆਪ ਸਿਰਜਣਹਾਰੈ ਧਾਰਿਆ॥
ਪਦ ਅਰਥ : ਕਰਾਮਾਤਿ = ਕ੍ਰਿਸ਼ਮਾ। ਸਿਰਜਣਹਾਰੈ = (ਕਰਤਾ ਕਾਰਕ) ਕਰਤਾਰ ਨੇ।
ਅਰਥ : ਸਿਰਜਨਹਾਰ ਕਰਤਾਰ ਨੇ ਖੁਦ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਕ ਸਿੱਖ-ਸੇਵਕ ਤੋਂ ਗੁਰ ਗੱਦੀ ਉੱਤੇ ਸਥਾਪਿਤ ਕੀਤਾ। ਇਸ ਤਰਾਂ ਸੰਸਾਰ ਉੱਤੇ ਇਕ ਵਿਆਪਕ ਕਰਾਮਾਤ ਵਾਪਰੀ।

ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥

ਉਚਾਰਨ ਸੇਧ : ਬਿੰਦੀ ਸਹਿਤ : ਸਿੱਖੀਂ , ਸੰਗਤੀਂ । ਅਧਕ ਸਹਿਤ : ਸਿੱਖੀਂ । ਵਿਸ਼ੇਸ਼ ਧੁਨੀ :- ਨਮਸ਼ਕਾਰਿਆ ( ਸ਼ ਪੈਰ ਬਿੰਦੀ )।
ਸਿਖੀ ਅਤੈ ਸੰਗਤੀ , ਪਾਰਬ੍ਰਹਮ ਕਰ ਨਮਸ਼ਕਾਰਿਆ॥
ਪਦ ਅਰਥ : ਸਿਖੀ = (ਬਹੁਵਚਣ ਨਾਂਵ ਕਰਤਾ ਕਾਰਕ ਸਬੰਧਕੀ ਰੂਪ) ਸਿੱਖਾ ਨੇ । ਸੰਗਤੀ = ਸੰਗਤੀਂ , ਸੰਗਤਾ ਨੇ । ਕਰਿ = ਜਾਣ ਕੇ।
ਅਰਥ : ( ਆਪ ਜੀ ਦੇ ਵਿਚ ਰੱਬੀ ਗੁਣ ਹੋਣ ਸਦਕਾ ) ਸਿੱਖਾਂ ਅਤੇ ਸੰਗਤਾਂ ਨੇ ( ਗੁਰੂ ਰਾਮਦਾਸ ਜੀ ਨੂੰ ) ਗੁਰੂ ਪਰਮੇਸ਼ਰ ਜਾਣ ਕੇ ਸਤਿਕਾਰਿਆ ਹੈ।

ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥

ਉਚਾਰਨ ਸੇਧ : ਅਧਕ ਸਹਿਤ : ਅਟੱਲ ।
ਅਟੱਲ ; ਅਥਾਹ ; ਅਤੋਲ ਤੂ , ਤੇਰਾ ਅੰਤ ਨ ਪਾਰਾਵਾਰਿਆ॥
ਅਟਲੁ = ਕਾਇਮ-ਦਾਇਮ। ਅਥਾਹੁ = ਅਥਾਹ , ਗੰਭੀਰ। ਅਤੋਲੁ = ਨਾ ਤੋਲੇ ਜਾ ਸਕਣ ਵਾਲਾ।
ਅਰਥ : ਗੁਰੂ ਰਾਮਦਾਸ ਜੀ ! ਤੂੰ ਅਟੱਲ, ਅਥਾਹ ਅਤੇ ਅਤੋਲ , ਗੌਰਵਸ਼ੀਲ ਹੈਂ , ਤੇਰਾ ਅੰਤ (ਹਦ-ਬੰਨਾ) ਨਹੀਂ ਪਾਇਆ ਜਾ ਸਕਦਾ , ਭਾਵ ਤੂੰ ਬੇਅੰਤ ਹੈ।

ਜਿਨ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ॥ 

ਉਚਾਰਨ ਸੇਧ : ਜਿਨ੍ਹੀ ਤੂੰ ਸੇਵਿਆ ਭਾਉ ਕਰ , ਸੇ ਤੁਧ ਪਾਰ ਉਤਾਰਿਆ॥
ਪਦ ਅਰਥ : ਜਿਨ੍ਹੀ = ਜਿਨ੍ਹਾਂ (ਸਿੱਖਾਂ ਸੇਵਕਾਂ ਨੇ)। ਸੇਵਿਆ = ਹੁਕਮ ਮੰਨਿਆ ਹੈ। ਭਾਉ = ਪ੍ਰੇਮ । ਸੇ =(ਬਹੁਵਚਨ ਪੜਨਾਂਵ) ਉਹ ।
ਅਰਥ : ( ਜਿਨ੍ਹਾਂ ਸਿੱਖਾਂ ਸੇਵਕਾਂ ਨੇ ) ਆਪ ਜੀ ਨੂੰ ਸ਼ਰਧਾ ਭਾਵਨੀ ਸਹਿਤ ਸੇਵਿਆ ਹੈ ( ਭਾਵ ਹੁਕਮ, ਉਪਦੇਸ਼ ਨੂੰ ਕਮਾਇਆ ਹੈ ) ਉਹ ਆਪ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤੇ ਹਨ।

ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ॥

ਉਚਾਰਨ ਸੇਧ : ਲਬ ( ਅਧਕ ਨਹੀਂ ਵਰਤਣਾ ) । ਅਧਕ ਸਹਿਤ :- ਕੱਢੇ । ਸਪਰਵਾਰਿਆ = ਸ-ਪਰਵਾਰਿਆ । 
ਲਬ ਲੋਭ ਕਾਮ ਕ੍ਰੋਧ ਮੋਹ , ਮਾਰ ਕੱਢੇ ਤੁਧ ਸਪਰਵਾਰਿਆ॥
ਪਦ ਅਰਥ : ਲਬੁ ਲੋਭੁ = ਲੋਭ ਲਾਲਚ । ਸਪਰਵਾਰਿਆ = ਪਰਿਵਾਰ ਸਮੇਤ।
ਅਰਥ : ਸਿੱਖਾਂ ਸੇਵਕਾਂ ਅੰਦਰੋਂ ਲੋਭ ਲਾਲਚ, ਕਾਮ , ਕ੍ਰੋਧ ਅਤੇ ਮੋਹ ਵਰਗੇ ਸਾਰੇ ਵਿਕਾਰ, ਇਹਨਾਂ ਦੇ ਪਰਿਵਾਰ ਸਮੇਤ ਆਪ ਜੀ ਨੇ ਮਾਰ ਕੱਢੇ ਹਨ।

ਧੰਨ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ॥

ਉਚਾਰਨ ਸੇਧ : ਸੁ = ਸੋ ( ਹੋੜੇ ਦੀ ਅੱਧੀ ਧੁਨੀ ਉਚਾਰਨੀ ) । ਅਧਕ ਸਹਿਤ :- ਸੱਚ । ਵਿਸ਼ੇਸ਼ ਧੁਨੀ : ਪੈਸ਼ਕਾਰਿਆ ( ਸ਼ ਪੈਰ ਬਿੰਦੀ ) ।
ਧੰਨ ਸੁ ਤੇਰਾ ਥਾਨ ਹੈ , ਸੱਚ ਤੇਰਾ ਪੈਸ਼ਕਾਰਿਆ॥
ਪਦ ਅਰਥ : ਪੈਸਕਾਰਿਆ = ਪੈਸ਼ਕਾਰਿਆ, ਹਜ਼ੂਰੀ ਵਿਚ ਹੁਕਮੀ ਕਾਰ ਕਰਨ ਵਾਲਾ ਸੇਵਕ ।
ਅਰਥ : ਤੇਰਾ ਅਸਥਾਨ (ਆਤਮ ਦਾਨ ਵੰਡਣ ਵਾਲਾ ਗੁਰੂ ਦਰ ) ਧੰਨ ਹੈ ਅਤੇ ਏਥੇ ਤੇਰਾ ਸੇਵਕ ਦਲ ਸਦਾ ਕਾਇਮ ਰਹਿੰਦਾ ਹੈ।

ਨਾਨਕੁ ਤੂ ਲਹਣਾ ਤੂ ਹੈ ਗੁਰ ਅਮਰੁ ਤੂ ਵੀਚਾਰਿਆ॥ ਗੁਰੁ ਡਿਠਾ ਤਾਂ ਮਨੁ ਸਾਧਾਰਿਆ॥੭॥

ਉਚਾਰਨ ਸੇਧ : ਬਿੰਦੀ ਸਹਿਤ:- ਹੈਂ । ਵਿਸਰਾਮ ਧਿਆਨ ਵਿਚ ਰੱਖੋ ਜੀ । ‘ ਲਹਣਾ ’ ਦਾ ਉਚਾਰਣ ‘ ਲਹਿਣਾ ’ ਵਾਂਗ ਕਰਨਾ ਵੀ ਠੀਕ ਨਹੀਂ ਲਗਦਾ । ਸਾਧਾਰਿਆ = ਸਾ-ਧਾਰਿਆ ।
ਨਾਨਕੁ ਤੂ , ਲਹਣਾ ਤੂ ਹੈਂ , ਗੁਰ ਅਮਰ ਤੂ ਵੀਚਾਰਿਆ॥ ਗੁਰੁ ਡਿਠਾ ਤਾਂ ਮਨ ਸਾਧਾਰਿਆ॥੭॥
ਪਦ ਅਰਥ : ਸਾਧਾਰਿਆ = ਟਿਕਾਣੇ ਆਇਆ , ਸਹਿਜ ਵਿੱਚ ਆ ਗਿਆ ।
ਅਰਥ : ( ਗੁਰੂ ਰਾਮਦਾਸ ਜੀ ! ) ਤੂੰ ਗੁਰੂ ਨਾਨਕ ਸਰੂਪ ਹੈਂ, ਗੁਰੂ ਅੰਗਦ ਸਰੂਪ ਵੀ ਤੂੰ ਹੀ ਹੈਂ , ਤੈਨੂੰ ਹੀ ਸੰਗਤਿ ਨੇ ਗੁਰੂ ਅਮਰ ਸਰੂਪ ਜਾਣਿਆ ਹੈ । ਜਦੋਂ ਕਿਸੇ ਨੇ ਗੁਰੂ ਦੀਦਾਰ ਪਰਸਿਆ, ਤਦੋਂ ਉਸਦਾ ਮਨ ਹਰਾ ਭਰਾ ਹੋ ਗਿਆ ਭਾਵ ਸਹਿਜ ਵਿੱਚ ਆ ਗਿਆ ।

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥

ਉਚਾਰਨ ਸੇਧ : ਬਿੰਦੀ ਸਹਿਤ :- ਚਹੁਂ ਜੁਗੀਂ।
ਚਾਰੇ ਜਾਗੇ ਚਹੁਂ ਜੁਗੀਂ , ਪੰਚਾਇਣ ਆਪੇ ਹੋਆ॥
ਪਦ ਅਰਥ : ਚਹੁ ਜੁਗੀ = ਚਾਰ ਸਮਿਆਂ, ਜਾਮਿਆਂ ਵਿਚ। ਪੰਚਾਇਣੁ = ਪ੍ਰਮੇਸ਼ਰ ( ਪੰਚ ਅਯਨ, ਪੰਜਾਂ ਦਾ ਘਰ, ਪੰਜ ਤੱਤਾਂ ਦਾ ਸੋਮਾ ) ।
ਅਰਥ : ( ਚਾਰੇ ਪਹਿਲੇ ਗੁਰੂ ) ਚੌਹਾਂ ਜਾਮਿਆਂ (ਸਮਿਆਂ) ਵਿਚ ਪ੍ਰਗਟ ਹੋਏ (ਅਤੇ ) ਪਰਮੇਸ਼ਰ ਆਪ ਹੀ ( ਪੰਚਮ ਸਰੂਪ ਭਾਵ ਗੁਰੂ ਅਰਜਨ ਦੇ ਜੀ ਦੇ ਰੂਪ ਵਿਚ ਪ੍ਰਗਟ ) ਹੋਇਆ ਹੈ ।

ਆਪੀਨ੍ਹੈ ਆਪੁ ਸਾਜਿਓਨੁ ਆਪੇ ਹੀ ਥਮ੍ਹਿ ਖਲੋਆ ॥ 

ਉਚਾਰਨ ਸੇਧ : ਭਾਰ ਸਹਿਤ: ਥਮ੍ਹ ।
ਆਪੀਨ੍ਹੈ ਆਪ ਸਾਜਿਓਨ , ਆਪੇ ਹੀ ਥਮ੍ਹ ਖਲੋਆ ॥ 
ਪਦ ਅਰਥ : ਆਪੀਨੈ = ਆਪ ਹੀ ਨੇ। ਸਾਜਿਓਨੁ = ਰਚਿਆ ਹੈ ਉਸ ਨੇ।  ਥਮ੍ਹਿ ਖਲੋਆ = ਸਹਾਰਾ ਦੇ ਰਿਹਾ ਹੈ।
ਅਰਥ : ਉਸ (ਪ੍ਰਭੂ) ਨੇ ਆਪ ਹੀ ਆਪਣਾ ਆਪ ਸਾਜਿਆ ਹੈ । ਆਪੇ ਹੀ ( ਆਪਣੀ ਸਿਰਜੀ ਰਚਨਾ ਨੂੰ ) ਸਹਾਰਾ ਦੇ ਰਿਹਾ ਹੈ।

ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ॥

ਉਚਾਰਨ ਸੇਧ : ਆਪੇ ਪਟੀ , ਕਲਮ ਆਪ , ਆਪ ਲਿਖਣਹਾਰਾ ਹੋਆ॥
ਪਦ ਅਰਥ :
ਅਰਥ : ਆਪ ਹੀ ਪਟੀ (ਲਿਖਣ ਵਾਲਾ) ਹੈ, ਆਪ ਹੀ ਕਲਮ ਹੈ ਅਤੇ ਆਪ ਹੀ ਲਿਖਣ ਪੂਰਨੇ ਪਾਉਣ ਵਾਲਾ ਹੈ,  ਭਾਵ ਸਭ ਕੁਝ ਆਪ ਹੀ ਆਪ ਹੈ।

ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ॥

ਉਚਾਰਨ ਸੇਧ : ਅਧਕ ਸਹਿਤ :- ੳੱਮਤਿ ( ਉਮ-ਮਤ ) । ਬਿੰਦੀ ਸਹਿਤ :- ਨਵਾਂ । 
ਸਭ ੳੱਮਤਿ ਆਵਣ ਜਾਵਣੀ , ਆਪੇ ਹੀ ਨਵਾਂ ਨਿਰੋਆ॥
ਪਦ ਅਰਥ : ਸਭ ਉਮਤਿ = ( ਇਸਤਰੀ ਲਿੰਗ ) ਸਾਰੀ ਲੋਕਾਈ । ਆਵਣ ਜਾਵਣੀ = ਜੰਮਣ ਮਰਨ ਵਾਲੀ ।
ਅਰਥ : ਸਾਰੀ ਲੋਕਾਈ ਜੰਮਣ ਮਰਣ ਦੇ ਗੇੜ ਵਿਚ ਹੈ , ਕੇਵਲ ਪਰਮੇਸ਼ਰ ਆਪ ਹੀ ਨਵਾਂ ਨਰੋਆ ਹੈ ।

ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥

ਉਚਾਰਨ ਸੇਧ : ਤਖਤ ਬੈਠਾ ਅਰਜਨ ਗੁਰੂ , ਸਤਿਗੁਰ ਕਾ ਖਿਵੈ ਚੰਦੋਆ॥
ਪਦ ਅਰਥ : ਤਖਤਿ = ਗੁਰਿਆਈ ਦੇ ਤਖਤ ਉੱਤੇ । ਖਿਵੈ = ਚਮਕਦਾ।
ਅਰਥ : ( ਗੁਰਿਆਈ ਦੇ ) ਤਖ਼ਤ ਉੱਤੇ ਸ੍ਰੀ ਗੁਰੂ ਅਰਜਨ ਜੀ ਬਿਰਾਜਮਾਨ ਹੈ , ( ਰੱਬੀ ਨੂਰ ਨਾਲ ) ਸਤਿਗੁਰੂ ਜੀ ਦਾ ਚੰਦੋਆ ਚਮਕ ਰਿਹਾ ਹੈ ।

ਉਗਵਣਹੁ ਤੈ ਆਥਵਣਹ ਚਹੁ ਚਕੀ ਕੀਅਨੁ ਲੋਆ॥

ਉਚਾਰਨ ਸੇਧ : ਬਿੰਦੀ ਸਹਿਤ :- ਉਗਵਣਹੁਂ , ਆਥਵਣਹੁਂ , ਚਹੁਂ , ਚਕੀਂ ।
ਉਗਵਣਹੁਂ ਤੈ ਆਥਵਣਹੁਂ , ਚਹੁਂ ਚਕੀਂ ਕੀਅਨੁ ਲੋਆ॥
ਪਦ ਅਰਥ : ਉਗਵਣਹੁ ਤੈ ਆਥਵਣਹੁ = ਸੂਰਜ ਚੜ੍ਹਣ ਤੋਂ ਲਹਿੰਦੇ ਤਕ । ਚਹੁ ਚਕੀ = ਚੌਹਾਂ ਕੁੰਟਾਂ ਵਿਚ । ਕੀਅਨੁ ਲੋਆ = ਉਸ ਨੇ ਪ੍ਰਕਾਸ਼ਮਾਨ ਕੀਤੇ ਹਨ ।
ਅਰਥ : ਸੂਰਜ ਦੇ ਉਦੇ ਹੋਣ ਤੋਂ ਡੁਬਣ ਤੱਕ ( ਭਾਵ ਪੂਰਬ ਤੋਂ ਪੱਛਮ ਤੱਕ ਗੁਰੂ ਅਰਜਨ ਜੀ ਨੇ ) ਭਾਵ ਸਦਾ ਹੀ ਜੀਵਾਂ ਦੇ ਹਿਰਦੇ ਗਿਆਨ ਰੂਪ ਚਾਨਣ ਨਾਲ ਪ੍ਰਕਾਸ਼ਮਾਣ ਕੀਤੇ ਹਨ ।

ਜਿਨ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੁੋਆ॥

ਉਚਾਰਨ ਸੇਧ : ਬਿੰਦੀ ਸਹਿਤ: ਜਿਨ੍ਹੀਂ , ਮਨਮੁਖਾਂ । ਮੁੋਆ = ਉਚਾਰਣ ‘ ਮੋਆ ’ ( ਦੋ ਮਾਤ੍ਰੀਕ) ।
ਜਿਨ੍ਹੀਂ ਗੁਰੂ ਨ ਸੇਵਿਓ , ਮਨਮੁਖਾਂ ਪਇਆ ਮੋਆ॥
ਪਦ ਅਰਥ : ਜਿਨ੍ਹੀ = ਜਿਨ੍ਹਾਂ ਨੇ । ਨ ਸੇਵਿਓ = ਨ ਸੇਵਿਆ , ਹੁਕਮ ਨ ਮੰਨਿਆ।
ਅਰਥ : ਜਿੰਨ੍ਹਾਂ ਮਨਮੁਖਾਂ ( ਮਨ ਦੇ ਮੁਰੀਦਾਂ ) ਨੇ ਗੁਰੂ ਨੂੰ ਨਹੀਂ ਸੇਵਿਆ ਹੁਕਮ ਨਾ ਮੰਨਿਆਂ, ਉਹਨਾਂ ਨੂੰ ਆਤਮਕ ਜਨਮ-ਮਰਨ ਦਾ ਗੇੜਾ ਪੈ ਗਿਆ ।

ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ॥

ਉਚਾਰਨ ਸੇਧ : ਚਉਣੀ = ‘ ਚੌਣੀ ‘ ਵਾਂਗ । ਆਦਕ ਸਹਿਤ :-ਸੱਚੇ , ਸੱਚਾ ।
ਦੂਣੀ ਚਉਣੀ ਕਰਾਮਾਤ , ਸੱਚੇ ਕਾ ਸੱਚਾ ਢੋਆ॥
ਪਦ ਅਰਥ :
ਅਰਥ : (ਗੁਰੂ ਅਰਜਨ ਦੇਵ ਜੀ ਦੀ ) ਆਤਮ ਸਤਾ ਦਾ ਕ੍ਰਿਸ਼ਮਾ (ਕਰਾਮਾਤ ) ਦੂਣੀ ਚੌਣੀ ਵਧ ਰਹੀ ਹੈ, (ਆਪ ਜੀ ਨੂੰ ) ਸੱਚੇ ਪਰਮੇਸ਼ਰ ਦਾ ਸੱਚਾ ਆਸਰਾ ਮਿਲਿਆ ਹੈ ।

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥ {ਪੰਨਾ 968}

ਉਚਾਰਨ ਸੇਧ : ਬਿੰਦੀ ਰਹਿਤ :- ਚਹੁ ਜੁਗੀ ( ਸਮਾਸੀ ਸ਼ਬਦ ਹੈ ) ।
ਚਾਰੇ ਜਾਗੇ ਚਹੁ ਜੁਗੀ , ਪੰਚਾਇਣੁ ਆਪੇ ਹੋਆ ॥੮॥੧॥
ਪਦ ਅਰਥ :
ਅਰਥ : ਚਾਰੇ ਗੁਰੂ ਚੌਹਾਂ ਜਾਮਿਆਂ ਵਿਚ ਪ੍ਰਗਟ ਹੋਏ ਹਨ । ਆਤਮ ਜਾਗ੍ਰਤ ਵਿਚ ਜਾਗੇ ਅਤੇ ਪੰਜਵਾਂ ਰੂਪ ਗੁਰੂ ਅਰਜਨ ਜੀ ਵੀ ਕਲਾ ਵਰਤਾਅ ਕੇ ਆਪ ਪ੍ਰਭ ਪ੍ਰਗਟ ਹੋਇਆ ਹੈ ।

ਬੇਨਤੀ : ਇਸ ਬਾਣੀ ਦਾ ਸਟੀਕ ਕਰਨ ਦਾ ਪ੍ਰਯੋਜਨ ਗੁਰਸਿੱਖ ਵੀਰਾਂ ਨੂੰ ਸਰਲ ਅਰਥ , ਉਚਾਰਣ ਸੇਧ ਬਾਰੇ ਜਾਣਕਾਰੀ ਦੇਣਾ ਹੈ । ਪਾਠ ਕਰਦਿਆਂ ਕੋਈ ਕਠਨਾਈ ਮਹਿਸੂਸ ਨਾਂ ਹੋਵੇ । ਅਰਥ ਕਰਦੇ ਸਮੇਂ ਲਗ ਮਾਤ੍ਰੀ ਨਿਯਮਾਂਵਲੀ ਦਾ ਪੂਰਾ ਖਿਆਲ ਰੱਖ ਕੇ ਅਰਥ ਕੀਤੇ ਹਨ । ਗੁਰਮਤਿ ਵਿਦਵਾਨੀ ਵੀਚਾਰ ਨਾਲ ਕੋਈ ਗੁਰਸਿੱਖ ਵੀਚਾਰ ਦੇਵੇ ਤਾਂ ਉਸ ਉੱਪਰ ਧੀਰਜ ਨਾਲ ਵੀਚਾਰ ਕੀਤੀ ਜਾ ਸਕਦੀ ਹੈ ।

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ’
Khalsasingh.hs@gmail.com

ਸੁਣੋ ਪਾਠ ਪਉੜੀ ੫-੬ [audio:http://www.singhsabhacanada.com/wp-content/uploads/2014/07/ramkali-ki-vaar-satte-balwand-paudi-7-8.mp3]

  • Dr Harjinder Singh Dilgeer

    ਗੁਰੂ ਅਰਜਨ ਦੇਵਜੀ ਦੀ ) ਆਤਮ ਸਤਾ ਦਾ ਕ੍ਰਿਸ਼ਮਾ (ਕਰਾਮਾਤ ) ਦੂਣੀ ਚੌਣੀ ਵਧ ਰਹੀ ਹੈ,

    Please no DEV ਦੇਵ