ਮੁਕਤਾ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 01)

0
14

A A A

ਮੁਕਤਾ

ਗੁਰਬਾਣੀ ਵਿੱਚ ਜਿਸ ਸ਼ਬਦ ਦੇ ਆਖਰੀ ਅੱਖਰ ਨੂੰ ਕੋਈ ਮਾਤ੍ਰਾ ਨਾ ਲੱਗੀ ਹੋਵੇ ਉਸ ਨੂੰ ਮੁਕਤਾ ਆਖਿਆ ਜਾਂਦਾ ਹੈ, ਜਿਵੇਂ : ਪੰਡਿਤ, ਮੂਰਖ, ਧਿਆਨ, ਦੇਹ ਆਦਿ ਮੁਕਤਾ ਅੱਖਰ ਦਾ ਅਪਨਾ ਕੋਈ ਚਿੰਨ੍ਹ ਨਿਸ਼ਚਿਤ ਨਹੀਂ ਹੈ, ਮੁਕਤਾ ਅੱਖਰ ਲਘੂ ਧੁਨੀ ਦਾ ਲਖਾਇਕ ਹੈ। ਪੰਜਾਬੀ ਵਰਣਮਾਲਾ ਵਿਚ ਅੱਖਰ 'ਓ ਅਤੇ ੲ' ਤੋਂ ਬਿਨਾਂ ਸਾਰੇ ਮੁਕਤਾ ਰੂਪ ਅੱਖਰ ਇੱਕ ਦੂਜੇ ਨਾਲ ਮਿਲਾ ਕੇ ਲਿਖੇ ਜਾ ਸਕਦੇ ਹਨ ਜਿਵੇਂ  'ਅਖਰ, ਮਲਕ' ਆਦਿ। ਇੱਕਲਾ ਅੱਖਰ ਲਗਾਂ-ਮਾਤਰਾਂ ਦੀ ਸਹਾਇਤਾ ਤੋਂ ਬਿਨਾ ਕਿਸੇ ਸਾਰਥਕ ਆਵਾਜ਼ ਨੂੰ ਨਹੀਂ ਪ੍ਰਗਟ ਕਰ ਸਕਦਾ ਪਰ  ਗੁਰਬਾਣੀ ਵਿਚ 'ਮੁਕਤੇ' ਅੱਖਰ ਦੀ ਆਪਣੀ ਵਿਸ਼ੇਸ਼ਤਾ ਹੈ। ਆਓ ਉਹਨਾਂ ਵਿਸ਼ੇਸ਼ਤਾਂਵਾ ਨੂੰ ਸਰਲ ਰੂਪ ਵਿਚ ਸਮਝਣ ਦਾ ਯਤਨ ਕਰੀਏ : 

੧. ਜਿਸ ਨਾਂਵ ਜਾਂ ਪੜਨਾਂਵ ਦਾ ਅੰਤਲਾ ਅੱਖਰ ਮੁਕਤਾ ਹੋਵੇ ਉਹ ਬਹੁ-ਵਚਨ ਦਾ ਲਖਾਇਕ (ਸੰਕੇਤਕ ) ਹੁੰਦਾ ਹੈ :
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥ (ਪੰਨਾ 16 ) ਨੇਹ = {ਨਾਂਵ ਪੁਲਿੰਗ ਬਹੁਵਚਨ} ਪਿਆਰ 
ਤਿਨ੍ ਨੇਹੁ ਲਗਾ ਰਬ ਸੇਤੀ ਦੇਖਨ੍ਹੇ ਵੀਚਾਰਿ ॥ (ਪੰਨਾ 473 ) ਤਿਨ = ਬਹੁਵਚਨ ਪੜਨਾਂਵ।
ਸੁਣਿਐ ਸਿਧ ਪੀਰ ਸੁਰਿ ਨਾਥ ॥ (ਪੰਨਾ ੨ )
ਸੁਣਿਐ ਸੇਖ ਪੀਰ ਪਾਤਿਸਾਹ ॥ (ਪੰਨਾ ੩ )
ਸਿਧ, ਪੀਰ, ਨਾਥ, ਸੇਖ, ਪਾਤਿਸਾਹ = ਪੁਲਿੰਗ ਨਾਂਵ ਬਹੁਵਚਨ।
ਉਪਰੋਕਤ ਲਫਜ਼ ਬਹੁਵਚਨ ਵਾਚੀ ਹਨ; ਇਹਨਾਂ ਨੂੰ ਇਕਵਚਨ ਬਨਾਉਣ ਸਮੇਂ ਅੰਤ ਔਂਕੜ ਪਾ ਦਿਤੀ ਜਾਂਦੀ ਹੈ, ਜਿਵੇਂ : ਪੀਰੁ , ਪਾਤਿਸਾਹੁ ਆਦਿ 

੨. ਇਸਤਰੀ ਲਿੰਗ ਨਾਂਵ ਜਾਂ ਪੜਨਾਂਵ ਸ਼ਬਦਾਂ ਦਾ ਜਿਆਦਾਤਰ ਅੰਤਲਾ ਅੱਖਰ ਮੁਕਤਾ ਹੁੰਦਾ ਹੈ :
ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥ (ਪੰਨਾ 260 ) ਸਿਆਨਪ = ਇਸਤਰੀ ਲਿੰਗ ਨਾਂਵ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (ਪੰਨਾ ੨ ) ਸਿਖ = {ਨਾਂਵ, ਇਸਤਰੀ-ਲਿੰਗ} ਸਿਖਿਆ ।
ਪਾਨੀ ਮੈਲਾ ਮਾਟੀ ਗੋਰੀ॥ ਇਸ ਮਾਟੀ ਕੀ ਪੁਤਰੀ ਜੋਰੀ॥ (ਪੰਨਾ 336 ) ਇਸ = ਇਸਤਰੀ ਲਿੰਗ ਪੜਨਾਂਵ।
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ (ਪੰਨਾ ੬ ) ਸਭ = {ਪੜਨਾਂਵ, ਇਸਤਰੀ-ਲਿੰਗ} ਸਾਰੀ ।
ਨੋਟ : ਗੁਰਬਾਣੀ ਵਿਚ ਕੁਝ ਇਸਤਰੀ-ਲਿੰਗ ਲਫਜ਼ ਸੰਸਕ੍ਰਿਤ ਤੋਂ ਆਏ ਹਨ, ਜੋ ਅੰਤ ਔਂਕੜ ਸਹਿਤ ਹਨ। ਉਹਨਾਂ ਦੇ ਅੰਤ ਆਇਆ ਔਂਕੜ ਮੂਲਕ ਤੌਰ 'ਤੇ ਹੁੰਦਾ ਹੈ, ਜੋ ਉਸ ਲਫਜ਼ ਦੀ ਮੂਲ ਭਾਸ਼ਾ ਵਿਚੋਂ ; ਲਫਜ਼ ਦੇ ਨਾਲ ਹੀ ਆਉਂਦਾ ਹੈ, ਜਿਵੇਂ : ਮਲੁ, ਰੇਣੁ, ਖਾਕੁ, ਸਾਸੁ, ਖੰਡੁ, ਭਸੁ, ਬਿਖੁ, ਵਸਤੁ ਆਦਿ।

੩. ਜਿਹੜੇ ਲ਼ਫਜ਼ ਸੰਬੋਧਨ ਵਾਚੀ ਹੁੰਦੇ ਹਨ ਉਹਨਾ ਦਾ ਭੀ ਅੰਤਲਾਂ ਅੱਖਰ ਮੁਕਤਾ ਹੁੰਦਾ ਹੈ :
ਏਹਿ ਭਿ ਦਾਤਿ ਤੇਰੀ ਦਾਤਾਰ ॥ (ਪੰਨਾ ੫ ) ਦਾਤਾਰ = {ਸੰਬੋਧਨ ਕਾਰਕ} ਹੇ ਅਕਾਲ ਪੁਰਖ !
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ (ਪੰਨਾ ੧੦ ) ਗੁਰਦੇਵ = {ਸੰਬੋਧਨ ਕਾਰਕ} ਹੇ ਗੁਰਦੇਵ !
ਮਨ ਏਕੁ ਨ ਚੇਤਸਿ ਮੂੜ ਮਨਾ ॥ (ਪੰਨਾ ੧੨ ) ਮਨ = {ਸੰਬੋਧਨ ਕਾਰਕ} ਹੇ ਮਨ !

੪. ਜੁੜਤ-ਲਫਜ਼ (ਸਮਾਸੀ-ਸ਼ਬਦ ) ਜਾਂ ਇਕੱਠ ਵਾਚਕ ਲਫਜ਼ ਭਾਵੇਂ ਇਕਵਚਨ ਜਾਂ ਬਹੁਵਚਨ ਹੋਵਨ ਉਹਨਾਂ ਦੇ ਪਹਿਲੇ ਭਾਗ ਦਾ ਅੰਤ ਵਾਲਾ ਅੱਖਰ ਸਦਾ ਮੁਕਤਾ ਹੀ ਹੁੰਦਾ ਹੈ, ਕਿਉਂਕਿ ਉਸ ਲਫਜ਼ ਦੇ ਪਹਿਲੇ ਭਾਗ ਵਿਚੋਂ 'ਦਾ, ਦੀ, ਦੇ, ਨੂੰ' ਆਦਿ ਦੇ ਸੰਬਧਕੀ ਅਰਥ ਨਿਕਲਦੇ ਹਨ, ਜਿਵੇਂ :
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ  (ਪੰਨਾ 27 ) ਮੋਖ-ਦੁਆਰੁ = {ਜੁੜਤ ਸ਼ਬਦ ਨਾਂਵ, ਇਕਵਚਨ} ਮੋਖ ਦਾ ਦੁਆਰ ( 'ਮੋਖ' ਜੁੜਤ ਸ਼ਬਦ ਦਾ ਪਹਿਲਾ ਭਾਗ ਹੈ ਅਤੇ ਇੱਕਵਚਨ ਪੁਲਿੰਗ ਹੋਣ ਦੇ ਬਾਵਜੂਦ ਵੀ ਉਪਰੋਕਤ ਨਿਯਮ ਅਧੀਨ ਇਸ ਦਾ ਅੰਤਲਾ ਅੱਖਰ ' ਖ ' ਮੁਕਤਾ ਹੈ, ਪਰ 'ਦੁਆਰੁ' ਜੁੜਤ ਸ਼ਬਦ ਦਾ ਦੂਜਾ ਭਾਗ ਅਤੇ ਇੱਕਵਚਨ ਪੁਲਿੰਗ ਹੋਣ ਕਰਕੇ ਇਸ ਦੇ ਅੰਤਲੇ ਅੱਖਰ ' ਰ ' ਨੂੰ ਔਂਕੜ ਹੈ )
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ (ਪੰਨਾ 10 ) ਰਾਮ-ਨਾਮੁ = {ਜੁੜਤ ਸ਼ਬਦ ਨਾਂਵ, ਇਕਵਚਨ} ਰਾਮ ਦਾ ਨਾਮ ।
ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥ (ਪੰਨਾ 745 ) ਪਾਟ-ਪਟੰਬਰ = ਜੁੜਤ ਸ਼ਬਦ ਨਾਂਵ, ਬਹੁਵਚਨ ( 'ਪਾਟ' ਜੁੜਤ ਸ਼ਬਦ ਦਾ ਪਹਿਲਾ ਭਾਗ ਹੈ ਇਸ ਕਰਕੇ ਉਪਰੋਕਤ ਨਿਯਮ ਅਧੀਨ ਇਸ ਦਾ ਅੰਤ ਵਾਲਾ ਅੱਖਰ ' ਟ ' ਮੁਕਤਾ ਹੈ, 'ਪਟੰਬਰ' ਜੁੜਤ ਸ਼ਬਦ ਦਾ ਦੂਜਾ ਭਾਗ ਹੈ ਪਰ ਬਹੁਵਚਨ ਹੋਣ ਕਰਕੇ ਇਸ ਦਾ ਅੰਤ ਵਾਲੇ ਅੱਖਰ ' ਰ ' ਵੀ ਮੁਕਤਾ ਹੈ )
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ ( ਪੰਨਾ 204 ) ਪੂਰਬ-ਕਰਮ = ਜੁੜਤ ਸ਼ਬਦ ਨਾਂਵ ( ਬਹੁਵਚਨ )
ਸੰਗ ਸਖਾ ਸਭ ਤਜਿ ਗਏ ਕੋਊ ਨ ਨਿਬਹਿਓ ਸਾਥ ॥ ( ਪੰਨਾ 1429 )
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ  ॥ ( ਪੰਨਾ 298 )
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ ( ਪੰਨਾ 938 )
ਸੰਗ ਸਖਾ , ਸੰਤ ਮੰਡਲ , ਸੰਤ ਸਭਾ = ਇਕੱਠ ਵਾਚਕ ਨਾਂਵ ।

੫. ਜਿਸ ਨਾਂਵ ਨਾਲ ਸੰਬੰਧਕੀ ਪਦ ਆਉਂਦੇ ਹੋਵਨ ਉਨਾਂ ਨਾਂਵਾਂ ਦਾ ਅੰਤਲਾ ਅੱਖਰ ਸਦਾ ਹੀ ਮੁਕਤਾ ਹੁੰਦਾ ਹੈ :
ਧਰਮ ਸੇਤੀ ਵਾਪਾਰੁ ਨ ਕੀਤੋ , ਕਰਮੁ ਨ ਕੀਤੋ ਮਿਤੁ ॥ (ਪੰਨਾ 75 ) ਧਰਮ ਦਾ ਔਂਕੜ ਲੱਥਣ ਦਾ ਕਾਰਣ ਅਗੇ ਆਇਆ ' ਸੇਤੀ ' ਸੰਬੰਧਕੀ ਪਦ ਹੈ ।
ਸਾਧ ਊਪਰਿ ਜਾਈਐ ਕੁਰਬਾਨੁ ॥ (ਪੰਨਾ 283 ) ਸਾਧ ਦਾ ਔਂਕੜ ਲੱਥਣ ਦਾ ਕਾਰਣ ਅਗੇ ਆਇਆ ' ਊਪਰਿ ' ਸੰਬੰਧਕੀ ਪਦ ਹੈ ।
ਬਾਲਕੁ ਮਰੈ ਬਾਲਕ ਕੀ ਲੀਲਾ  ॥ (ਪੰਨਾ 1027 ) ਬਾਲਕ ਦਾ ਔਂਕੜ ਲੱਥਣ ਦਾ ਕਾਰਣ ਅਗੇ ਆਇਆ ' ਕੀ ' ਸੰਬੰਧਕੀ ਪਦ ਹੈ ।

੬. ਫਾਰਸੀ ਅਤੇ ਸੰਸਕ੍ਰਿਤ ਭਾਸ਼ਾ ਦੇ ਸੰਗਿਆ-ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ ਅਤੇ ਇਕਵਚਨ ਦਾ ਸੂਚਕ ਹੁੰਦਾ ਹੈ :
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ (ਪੰਨਾ 488 ) ਪਨਹ = {ਨਾਂਵ , ਇਕਵਚਨ, ਤੱਤਸਮ, ਫਾਰਸੀ} ਆਸਰਾ । ਉਚਾਰਣ = ਪਨਾਹ ।
ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥ (ਪੰਨਾ 420 ) ਦਰਗਹ = {ਨਾਂਵ, ਇਕਵਚਨ, ਤੱਤਸਮ, ਫਾਰਸੀ} ਦਰਗਾਹ । ਉਚਾਰਣ = ਦਰਗਾਹ । 
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ  (ਪੰਨਾ 705 )
ਪਰਮੇਸੁਰਹ = {ਨਾਂਵ, ਇਕਵਚਨ, ਤੱਤਸਮ, ਸੰਸਕ੍ਰਿਤ} ਪਰਮੇਸਰ । ਉਚਾਰਣ = ਪਰਮੇਸੁਰ੍ਹਾ , ਅੰਤਕ 'ਹ' ਮੁਕਤੇ ਦਾ ਉਚਾਰਣ ਖੜੀ-ਤੜੀ ਧੁਨੀ ਵਿਚ।
ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥ (ਪੰਨਾ 706 )
ਕਲੇਸਹ = {ਨਾਂਵ, ਇਕਵਚਨ, ਤੱਤਸਮ, ਸੰਸਕ੍ਰਿਤ} । ਉਚਾਰਣ = ਕਲੇਸ੍ਹਾ , ਅੰਤਕ 'ਹ' ਮੁਕਤੇ ਦਾ ਉਚਾਰਣ ਖੜੀ-ਤੜੀ ਧੁਨੀ ਵਿਚ। 
ਇਸੇ ਤਰਾਂ :- ਸੰਤਹ, ਲੋਕਹ, ਰਸਹ, ਅੰਮ੍ਰਿਤਹ ਆਦਿ ।

੭. ਕਈ ਰੂਪਾਂ ਵਿੱਚ ਕਿਰਿਆ ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ :
ਭਗਤਿ ਭੰਡਾਰ ਗੁਰਬਾਣੀ ਲਾਲ ॥ ਗਾਵਤ ਸੁਨਤ ਕਮਾਵਤ ਨਿਹਾਲ ॥ (ਪੰਨਾ 376 )
ਗਾਵਤ, ਸੁਨਤ, ਕਮਾਵਤ = {ਕਿਰਿਆ ਵਰਤਮਾਨ ਕਾਲ, ਅਨ-ਪੁਰਖ, ਇਕਵਚਨ } ਗਾਉਂਦਾ ਹੈ, ਸੁਣਦਾ ਹੈ, ਕਮਾਉਂਦਾ ਹੈ, ਨਿਹਾਲ ਹੁੰਦਾ ਹੈ।
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ (ਪੰਨਾ 17 ) ਮਿਲਹ = ਕਿਰਿਆ ਵਾਚੀ ਸ਼ਬਦ। ਉਚਾਰਣ = ਮਿਲਹਿਂ , ਮਿਲ੍ਹੈਂ  ਵਾਂਗ
ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥ (ਪੰਨਾ 399 )
ਜਪਹ = ਕਿਰਿਆ ਵਾਚੀ ਸ਼ਬਦ । ਉਚਾਰਣ ਸੇਧ = ਜਪਹਿਂ , ਜਪ੍ਹੈਂ ਵਾਂਗ । ਮੁੰਚਹ = {ਕਿਰਿਆ ਵਾਚੀ ਸ਼ਬਦ} ਕਟੀਏ । ਉਚਾਰਣ = ਮੁੰਚਹਿਂ , ਮੁੰਚ੍ਹੈਂ  ਵਾਂਗ
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥ (ਪੰਨਾ ੧੭ ) ਕਰਹ = {ਕਿਰਿਆ ਹੁਕਮੀ ਭਵਿਖਤ ਕਾਲ, ਉਤਮ-ਪੁਰਖ, ਬਹੁਵਚਨ,} ਅਸੀਂ ਕਰੀਏ।
ਸੋ ਹਮ ਕਰਹ ਜੁ ਆਪਿ ਕਰਾਏ ॥੪॥ (ਪੰਨਾ ੪੯੪ ) ਕਰਹ = {ਕਿਰਿਆ ਵਰਤਮਾਨ ਕਾਲ, ਉਤਮ-ਪੁਰਖ, ਬਹੁਵਚਨ} ਅਸੀਂ ਕਰਦੇ ਹਾਂ ।
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥ (ਪੰਨਾ ੧੧੬੫ ) ਕਰਸਹ = {ਕਿਰਿਆ ਭਵਿਖਤ ਕਾਲ, ਉਤਮ-ਪੁਰਖ, ਬਹੁਵਚਨ} ਅਸੀਂ ਕਰਾਂਗੇ।
ਨੋਟ : ਉਪਰੋਕਤ ਪੰਗਤੀਆਂ ਵਿਚ ਕਿਰਿਆਵੀ ਲਫਜ਼ਾਂ ਦਾ ਉਚਾਰਣ 'ਦੁਲਾਵਾਂ' ਵੱਲ ਉਲ੍ਹਾਰ ਹੋ ਕੇ ਅੰਤ ਬਿੰਦੀ ਸਹਿਤ ਕਰਨਾ ਚਾਹੀਦਾ ਹੈ, ਜਿਵੇਂ ' ਕਰ੍ਹੈਂ , ਕਰਸ੍ਹੈਂ ' ਵਾਂਗ।

੮. ਕਈ ਨਾਵਾਂ ਦੇ ਕਾਰਕੀ ਅਰਥ ਕਰਨ ਲਈ ਉਨ੍ਹਾਂ ਦਾ ਅੰਤਲਾ ਅੱਖਰ ਮੁਕਤਾ ਰੱਖਿਆ ਜਾਂਦਾ ਹੈ :
ਦੁਇ ਦੁਇ ਲੋਚਨ ਪੇਖਾ ॥ (ਪੰਨਾ 655 ) ਲੋਚਨ = ਨਾਂਵ, ਕਰਮ ਕਾਰਕ ਸਧਾਰਨ ।
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ (ਪੰਨਾ 462 ) ਗੁਰ = ਨਾਂਵ, ਅਪਾਦਾਨ ਕਾਰਕ ।
ਬੰਧਨ ਕਾਟਿ ਮੁਕਤਿ ਜਨੁ ਭਇਆ ॥ (ਪੰਨਾ 289 ) ਬੰਧਨ = ਨਾਂਵ, ਸੰਪ੍ਰਦਾਨ ਕਾਰਕ ।
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥ (ਪੰਨਾ ੯੨੩ ) ਗੋਪਾਲ = {ਨਾਂਵ, ਇਕਵਚਨ, ਸੰਬੰਧਕਾਰਕ} ਅਕਾਲ ਪਰਖ । ਗੋਪਾਲ ਦੇ ਪੰਡਿਤ ( ਬਹੁ ਵਚਨ )।

੯. ਗੁਰਬਾਣੀ ਵਿਚ ਕੁੱਝ ਮੁਕਤਾ ਅੱਖਰ ਕਿਸੇ ਲਫਜ਼ ਦੇ ਅਗੇਤਰ ਜਾਂ ਪਛੇਤਰ ਆ ਕੇ ਵਿਰੋਧੀ ਅਤੇ ਵਿਸ਼ੇਸ਼ ਅਰਥ ਬਨਾਉਂਦੇ ਹਨ, ਜਿਵੇਂ :
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥ (ਪੰਨਾ ੧੮ )
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥ (ਪੰਨਾ ੧੩੬੯ )
ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ॥ (ਪੰਨਾ ੧੩੮੭)
ਅਜਾਤਿ, ਕੁਸੰਗ, ਕੁਗਿਆਨੀ = {ਵਿਰੋਧ-ਅਰਥਕ ਅਗੇਤਰ ਲਫਜ਼}
ਇਸ ਤਰ੍ਹਾਂ 'ਦੁਕਰਮ, ਨਿਸੰਕ, ਲਾਇਤਬਾਰੀ, ਮਖਟੂ, ਮਹੋਇ, ਵੇਕਾਰ, ਦੁਰਲਭ, ਦੁਰਮਤਿ, ਆਦਿ ਲਫਜ਼ ਵਿਰੋਧ ਅਰਥਕ ਅਗੇਤਰ ਹਨ, ਜੋ ਕਿਸੇ ਲਫਜ਼ ਦੇ ਅਗੇਤਰ ਆ ਕੇ ਵਿਰੋਧੀ ਭਾਵ ਪ੍ਰਗਟ ਕਰਦੇ ਹਨ।
ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ (ਪੰਨਾ ੯੧੬ )
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥ (ਪੰਨਾ ੯੫੧ )
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥ (ਪੰਨਾ ੧੫੪ )
ਉਲਾਹੀ, ਸਪੁਤ, ਸੁਕ੍ਰਿਤ = {ਵਿਸ਼ੇਸ਼-ਅਰਥਕ ਅਗੇਤਰ ਲਫਜ਼}
ਸੰਜੋਗ, ਸੁਵੈਦ, ਸਰਧਨ, ਨਿਸਖਣ, ਪ੍ਰਬਲ, ਬਿਭੂਖਨ, ਬਿਨਾਸ ਆਦਿ ਲਫਜ਼ ਵਿਸ਼ੇਸ਼ ਅਰਥਕ ਅਗੇਤਰ ਹਨ, ਜੋ ਮੂਲ-ਸ਼ਬਦ ਦੇ ਅਰਥ ਵਿਚ ਵਿਸ਼ੇਸ਼ਤਾ ਪੈਦਾ ਕਰਦੇ ਹਨ।

੧੦. ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ :
ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥ (ਪੰਨਾ ੨੧ )
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥ (ਪੰਨਾ ੧੩੯੫ )
ਜਹ, ਕਹ, ਤਹ= {ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ} ਜਿਥੇ, ਕਿਥੇ, ਉਥੇ ।
ਉਚਾਰਣ ਸੇਧ : ਉਕਤ ਲਫਜ਼ਾਂ ਦਾ ਉਚਾਰਣ ' ਜਿਹ ਜਾਂ ਜੈਂਹ ' ਵਾਂਗ ਕਰਨਾ ਅਸ਼ੁੱਧ ਹੈ । ਇਹ ਲਫਜ਼ ' ਜਹਾਂ, ਕਹਾਂ, ਤਹਾਂ ' ਦੇ ਸੰਖਿਪਤ ਰੂਪ ਹਨ, ਇਹਨਾਂ ਦਾ ਉਚਾਰਣ ' ਜ੍ਹਾਂ, ਕ੍ਹਾਂ, ਤ੍ਹਾਂ ' ਵਾਂਗ ਕਰਨਾ ਚਾਹੀਦਾ ਹੈ। ਅੰਤਕ 'ਹ' ਮੁਕਤੇ ਦਾ ਉਚਾਰਣ ਖੜੀ-ਤੜੀ ਧੁਨੀ ਵਿਚ।
ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥ (ਪੰਨਾ ੬੮੩ ) ਸਰਬਤ = {ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ} ਸਭਨੀਂ ਥਾਈਂ ।
ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥ (ਪੰਨਾ ੬੮੦ ) ਈਤ, ਊਤ, ਜਤ, ਕਤ, ਤਤ = {ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ}
ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥ (ਪੰਨਾ ੨੦੪ ) ਨਾਹਿਨ = {ਨਿਰਨਾ ਵਾਚੀ ਕਿਰਿਆ-ਵਿਸ਼ੇਸ਼ਣ} ਨਹੀਂ ।
ਅਬ ਤਬ ਜਬ ਕਬ ਤੁਹੀ ਤੁਹੀ ॥ (ਪੰਨਾ ੯੬੯ ) ਅਬ, ਤਬ, ਜਬ, ਕਬ = {ਸਮਾਂ ਵਾਚੀ ਕਿਰਿਆ-ਵਿਸ਼ੇਸ਼ਣ}

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ' ਘੜਸਾਣਾ '
Khalsasingh.hs@gmail.com