ਯਹ ਮਾਲਾ ਅਪਨੀ ਲੀਜੈ

ਰਾਗੁ ਸੋਰਠਿ ॥ {ਪੰਨਾ:-656}
ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥
ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥1॥
ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥
ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥2॥
ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥
ਊਪਰ ਕਉ ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥਂੀਧਾ ॥3॥
ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥
ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥4॥11॥

ਭਗਤ ਕਬੀਰ ਜੀ ਦੀ ਬਾਣੀ ਖੁਬ ਪਹੇਲੀਆਂ ਭਰੀ ਤੇ ਕਟਾਕਸ਼ ਭਰੇ ਅਮਦਾਜ਼ ਵਿੱਚ ਹੈ ਜਿਸ ਨੂੰ ਸਮਝਣ ਵਾਸਤੇ ਸਾਨੂੰ ਪੁਰਾਤਨ ਬੋਲੀ ਦੇ ਕਈ ਮੁਹਾਵਰਿਆਂ ਨੂੰ ਸਮਝਣਾ ਪਵੇਗਾ। ਅੱਜੇ ਥੋੜੇ ਜਿਹੇ ਸਮੇਂ ਦੀਆਂ ਹੀ ਗੱਲਾਂ ਹਨ ਕਿ ਜੇ ਕਿਸੇ ਕਿਰਤੀ ਜਿਮੀਦਾਰਾਂ ਦਾ ਲੜਕਾ ਹਰ ਰੋਜ਼ ਗੁਰਦੁਆਰੇ ਜਾਣ ਲੱਗ ਪਵੇ ਤਾਂ ਮਾਂ-ਬਾਪ ਸਹਿਜੇ ਹੀ ਆਖ ਦਿੰਦੇ ਸਨ ਕਿ ਹੁਣ ਤੂੰ ਕੰਮ ਕਾਜ਼ ਛੱਡ ਕੇ ਢੋਲਕੀਆਂ ਵਜਾਉਣ ਜੋਗਾ ਹੀ ਰਿਹ ਗਿਆ ਹੈਂ, ਹਾਲਾਂ ਕਿ ਉਹ ਢੋਲਕੀ ਵਜਾਉਂਦਾ ਵੀ ਨਹੀਂ ਹੋਵੇਗਾ। ਭਗਤ ਕਬੀਰ ਜੀ ਆਪ ਅਤੇ ਗੁਰੂ ਗ੍ਰੰਥ ਜੀ ਵਿਚਲੀ ਸਾਰੀ ਬਾਣੀ ਦੇ ਕਈ ਸ਼ਬਦਾਂ ਅਮਦਰ ਮਾਲਾ ਫੇਰਨ ਵਾਲਿਆਂ ਦੇ ਖਿਲਾਫ਼ ਉਪਦੇਸ਼ ਸਾਨੂੰ ਮਿਲ ਜਾਂਦਾ ਹੈ ਜਿਵੇਂ :-

{476:-ਗਲੀ ਜਿਨ੍‍ਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥}
{1364:-ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥1॥}
{1368:-ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥75॥}
{5/388:-ਹਰਿ ਹਰਿ ਅਕਰ ਦੁਇ ਇਹ ਮਾਲਾ ॥ ਜਪਤ ਜਪਤ ਭਏ ਦੀਨ ਦਇਆਲਾ ॥1॥
{1/470:-ਮਃ 1 ॥ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥
ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥
ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥
ਕਹੁ ਨਾਨਕ ਨਿਹਚਉ ਧਿਆਵੈ ॥ਵਿਣੁ ਸਤਿਗੁਰ ਵਾਟ ਨ ਪਾਵੈ ॥2॥
{1/225:-ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ ਲਾਲ ਨਿਹਾਲੀ ਫੁਲ ਗੁਲਾਲਾ ॥ ਬਿਨੁ ਜਗਦੀਸ ਕਹਾ ਸੁਖੁ ਭਾਲਾ ॥2॥
{ਕਬੀਰ/479:-ਕੰਠੇ ਮਾਲਾ ਜਿਹਵਾ ਰਾਮੁ ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥3॥
ਕਹਤ ਕਬੀਰ ਰਾਮ ਗੁਨ ਗਾਵਉ ॥ ਹਿੰਦੂ ਤੁਰਕ ਦੋਊ ਸਮਝਾਵਉ ॥4॥4॥13॥
{1/832:-ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅਮਤਰਿ ਕ੍ਰੋਧੁ ਪੜਹਿ ਨਾਟ ਸਾਲਾ ॥
ਨਾਮੁ ਵਿਸਾਰਿ ਮਾਇਆ ਮਦੁ ਪੀਆ ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥4॥
{ਕਬੀਰ/1158:-ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥1॥
{1/7:-ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
ਨਾਨਕ ਨਦਰੀ ਪਾਈਐ ਕੂੜੀ ਕੂੜੈ ਠਸਿ ॥32॥

ਅਤੇ ਫਿਰ ਭਗਤ ਜੀ ਆਪ ਹੀ ਇਥੇ ਸ਼ਬਦ ਵਿੱਚ ਮਾਲਾ ਦਾ ਜ਼ਿਕਰ ਕਰਦੇ ਆਖਦੇ ਹਨ ਕਿ ਹੇ ਰੱਬ ਜੀ ਭੁੱਖਿਆਂ ਭਗਤੀ ਨਹੀਂ ਕੀਤੀ ਜਾਂਦੀ, ਹੇ ਰੱਬ ਜੀ ! ਜੇ ਮੇਰੀ ਭੁੱਖ ਦੂਰ ਨਹੀਂ ਕਰਨੀ ਤਾਂ ਆਹ ਫੜ੍ਹ ਆਪਣੀ ਮਾਲਾ । ਕੀ ਭਗਤ ਜੀ ਮਾਲਾ ਫੇਰਦੇ ਸਨ, ਗੱਲ ਸਮਝ ਵਿੱਚ ਨਹੀਂ ਆਉਂਦੀ। {656:-ਭੂਖੇ, ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥} ਫਿਰ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੇ ਸਿਧਾਂਤ ਨੂੰ ਅੱਖਾਂ ਦੇ ਸਾਹਮਣੇ ਰੱਖਕੇ ਇਸ ਤਰ੍ਹਾਂ ਦੇ ਸ਼ਬਦਾਂ ਦੇ ਅਰਥ ਕਰਨ ਦੀ ਜਰੂਰਤ ਪਵੇਗੀ। ਗੁਰੂ ਜੀ ਦਾ ਉਪਦੇਸ਼ ਮਨੁੱਖ ਨੂੰ ਉਸ ਦੇ ਕਰਮ ਖੇਤਰ ਵਿੱਚ ਪਾਉਂਦਾ ਹੈ ਨਾਂ ਕਿ ਹੱਥ ਉਪਰ ਹੱਥ ਰੱਖ ਨਿਰੀਆਂ ਮਾਲਾ ਫੜ ਅਰਦਾਸਾਂ ਕਰ ਮੰਗਣ ਵਾਸਤੇ ਲਾਉਂਦਾ ਹੈ ਅਤੇ ਜਿਹੜੀ ਬੰਦਗੀ ਮੰਗਾਂ ਨਾਲ (ਚਾਹਤਾਂ ਨਾਲ) ਜੁੜੀ ਹੋਈ ਹੈ ਉਸ ਨੂੰ ਵੀ ਗੁਰੂ ਜੀ ਨੇ ਸਹੀ ਨਹੀਂ ਆਖਿਆ। {ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥} ਗੁਰੂ ਜੀ ਮਨੁੱਖ ਨੂੰ ਉਸ ਰੱਬ ਜੀ ਦੇ ਨਿਯਮਾਂ ਦਾ ਗਿਆਨ ਹਾਸਲ ਕਰਕੇ ਉਸ ਉਪਰ ਆਪਣੇ ਜੀਵਨ ਨੂੰ ਗੁਜਾਰਦਿਆਂ ਸੱਚ ਹੱਕ ਦੀ ਕਮਾਈ ਕਰਨ ਵਾਸਤੇ ਪ੍ਰੇਰਦੇ ਹਨ। ਉਦਮ ਕਰੇਦਿਆਂ ਜੀਉ ਦਾ ਉਪਦੇਸ਼ ਦਿੰਦੇ ਹਨ, ਨਾਂ ਕਿ ਗਰਜ਼ਾਂ ਨਾਲ ਜੁੜੀ ਹੋਈ ਹੱਥ ਵਿੱਚ ਮਾਲਾ ਫੜ੍ਹਕੇ ਕੋਈ ਬੰਦਗੀ ਕਰਨ ਲਈ ਆਖਦੇ ਹਨ। ਤਾਂ ਫਿਰ ਇਸ ਸ਼ਬਦ ਵਿੱਚ ਵੀ ਭਗਤ ਕਬੀਰ ਜੀ ਵਹਿਲੜ ਬੈਠੇ ਮਨੁੱਖ ਅਤੇ ਕਿਰਤੀ ਇਨਸਾਨ ਦੇ ਜੀਵਨ ਦਾ ਨਕਸ਼ਾ ਸਾਡੇ ਸਾਹਮਣੇ ਬਿਆਨ ਕਰਦੇ ਹਨ ਕਿ ਕਈ ਮਨੁੱਖ ਸੱਚ ਹੱਕ ਦੀ ਕਿਰਤ ਤਾਂ ਨਹੀਂ ਕਰਦੇ ਪਰ ਉਸ ਰੱਬ ਜੀ ਅਗੇ ਨਿਰੀਆਂ ਆਪਣੀਆਂ ਮੰਗਾਂ ਦੀ ਲਿਸਟ ਜਰੂਰ ਰੱਖਦੇ ਹਨ ਜਿਸ ਨੂੰ ਗੁਰੂ ਜੀ ਨੇ ਆਖਿਆ ਹੈ ਕਿ ‘ਸੇਵਾ ਥੋੜੀ ਮਾਗਨ ਬਹੁਤਾ’ ਮੰਗ ਪੂਰੀ ਨਾ ਹੋਵੇ ਤਾਂ ਰੋਸ ਪ੍ਰਗਟ ਹੋ ਜਾਂਦਾ ਹੈ ਇਸੇ ਹੀ ਤਰ੍ਹਾਂ ਇਸ ਸ਼ਬਦ ਵਿੱਚ ਵੀ ਬਿਆਨ ਕਰਦੇ ਹਨ। ਅਤੇ ਗੁਰੂ ਜੀ ਗੁਰਬਾਣੀ ਰਾਹੀਂ ਸਾਨੂੰ ਮੰਗਣਾ ਵੀ ਸਿਖਾਲਦੇ ਹਨ ਕਿ ਅਸਲ ਵਿੱਚ ਅਸੀਂ ਕੀ ਮੰਗਣਾ ਹੈ :-

{5/1097:-ਸੋ ਮੰਗਾ ਦਾਨੁ ਗੁੋਸਾਈਆ ਜਿਤੁ ਭੁਖ ਲਹਿ ਜਾਵੈ ॥ ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥
5/1081:-ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥2॥ ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥3॥ ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥4॥ ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥5॥ ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥6॥
{1/474:-ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥20॥ 

ਜਿਥੇ ਗੁਰੂ ਜੀ ਦੀ ਬਾਣੀ ਸਾਨੂੰ ਆਪਣੇ ਹੱਥੀਂ ਆਪਣਾ ਕਾਰਜ਼ ਆਪ ਸਵਾਰਨ ਵਾਸਤੇ ਆਖਦੀ ਹੋਵੇ ਉਥੇ ਹੱਥ ਉਪਰ ਹੱਥ ਰੱਖ ਮਾਲਾ ਫੜ੍ਹ ਨਿਰ੍ਹੀਆਂ ਗਰਜ਼ਾਂ ਭਰੀਆਂ ਮੰਗਾਂ ਮੰਗਣ ਵਿੱਚ ਨਹੀਂ ਲਾ ਸਕਦੀ।

{ ਭਾਈ ਗੁਰਦਾਸ ਜੀ:-ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ॥ }
{ 1/351:-ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥3॥ }

ਆਉ ਹੁਣ ਸ਼ਬਦ ਦੀ ਲਾਈਨ-ਦਰ-ਲਾਈਨ ਨੂੰ ਸਮਝਣ ਦਾ ਯਤਨ ਕਰੀਏ, ਹੋ ਸਕਦਾ ਹੈ ਕਿ ਆਪ ਜੀ ਮੇਰੀ ਇਸ ਵੀਚਾਰ ਨਾ ਸਹਿਮਤ ਨਾ ਵੀ ਹੋਵੋਂਗੇ ਪਰ ਇਕ ਵਾਰੀ ਇਨ੍ਹਾਂ ਕੀਤੇ ਹੋਏ ਅਰਥਾਂ ਵੱਲ ਧਿਆਨ ਮਾਰਨ ਦੀ ਕੋਸ਼ਿਸ਼ ਕਰਨ ਦਾ ਯਤਨ ਜਰੂਰ ਕਰਨਾ।

ਰਾਗੁ ਸੋਰਠਿ ॥ ਭੂਖੇ ਭਗਤਿ ਨ ਕੀਜੈ ॥

ਉਚਾਰਨ ਸੇਧ :-ਭੂਖੇ , ਭਗਤ ਨਾਂ ਕੀਜੈ ॥
ਪਦ ਅਰਥ :- ਰਾਗੁ ਸੋਰਠਿ = ਸੋਰਠ ਰਾਗ ਹੈ । ਭੂਖੇ = ਭੁੱਖਿਆਂ, ਮਨ ਦੀਆਂ ਚਾਹਤਾਂ । ਭਗਤਿ = ਭਗਤੀ (ਬੰਦਗੀ, ਗੁਣਾਂ ਨੂੰ ਗ੍ਰਹਿਣ ਕਰਣਾ) ਂੋਟੲ:-ਅੱਖਰ ਭਗਤਿ, ਭਗਤ, ਭਗਤੁ ਗੁਰਬਾਣੀ ਦੀ ਲਿਖਤ ਵਿੱਚ ਤਿੱਨ ਤਰੀਕੇ ਨਾਲ ਲਿਖਿਆ ਮਿਲਦਾ ਹੈ, ਅੱਖਰ ਭਗਤ ਅਤੇ ਭਗਤੁ ਦਾ ਉਚਾਰਨ ‘ਭਗਤ, ਹੀ ਹੈ ਅਤੇ ਅਰਥ ਬਹੁ ਵਚਨ ਅਤੇ ਇੱਕ ਵਚਨ ਸੇਵਕ ‘ ਮਨੁੱਖ ’ ਦਾ ਹੀ ਸਪੱਸ਼ਟ ਨਿਕਲਦਾ ਹੈ ਪਰ ਜਿਥੇ ਅੱਖਰ (ਭਗਤਿ) ਹੈ ਉਸਦਾ ਉਚਾਰਨ ਭਗਤੀ ਹੈ ਅਤੇ ਅਰਥ ਭਗਤੀ ਰਾਹੀਂ, ਭਗਤੀ ਦੁਆਰਾ ਜਾਂ ਭਗਤੀ ਕੀਤਿਆਂ ਹੀ ਬਣਦਾ ਹੈ ਕਿਸੇ ਭਗਤ ਦੀ ਗੱਲ ਨਹੀਂ ਹੋ ਰਹੀ ਇਸ ਤਰ੍ਹਾਂ ਦਾ ਭਗਤਿ ਅਕਰ ਗੁਰੂ ਗ੍ਰੰਥ ਜੀ ਵਿੱਚ ਤਕਰੀਬਨ ‘ 660 ’ ਵਾਰੀ ਆਉਂਦਾ ਹੈ ਸਭਨੀਂ ਥਾਈਂ ਅਰਥ ਭਗਤੀ ਦਾ ਹੀ ਹੈ। ਨ ਕੀਜੈ = ਨਹੀਂ ਕੀਤੀ ਜਾ ਸਕਦੀ।
ਅਰਥ :- ਭਗਤ ਕਬੀਰ ਜੀ ਆਖਦੇ ਹਨ ਕਿ ਜਿਸ ਮਨੁੱਖ ਦਾ ਜੀਵਨ ਕੇਵਲ ਲੋੜਾਂ (ਮੰਗਾਂ) ਨਾਲ ਹੀ ਜੁੜਿਆ ਹੋਇਆ ਹੈ ਉਹ ਰੱਬ ਜੀ ਦੀ ਬੰਦਗੀ ਵੀ ਲੋੜਾਂ ਦੀ ਪੂਰਤੀ ਵਾਸਤੇ ਹੀ ਕਰਦਾ ਹੈ । ਤੇ ਐਸਾ ਮਨੁੱਖ ਆਖਦਾ ਹੈ ਕਿ ਹੇ ਰੱਬ ਜੀ ਭੁੱਖਿਆਂ ਤੋਂ ਭਗਤੀ ਨਹੀਂ ਕੀਤੀ ਜਾ ਸਕਦੀ। ਮਨੁੱਖ ਦੀਆਂ ਮੰਗਾਂ ਕਦੇ ਵੀ ਖਤਮ ਨਹੀਂ ਹੁੰਦੀਆਂ। { 1/1:-ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ }

ਯਹ ਮਾਲਾ ਅਪਨੀ ਲੀਜੈ ॥

ਉਚਾਰਨ ਸੇਧ :- ਯਹ ਮਾਲਾ, ਅਪਨੀ ਲੀਜੈ ॥
ਪਦ ਅਰਥ :- ਯਹ ਮਾਲਾ = ਇਹ ਮਾਲਾ । ਅਪਨੀ = ਹੇ ਪ੍ਰਭੂ ਜੀ ਆਪਣੀ । ਲੀਜੈ = ਵਾਪਸ ਲੈ ਲੈ।
ਅਰਥ :- ਲੋੜਾਂ ਨਾਲ ਜੁੜੀ ਹੋਈ ਬੰਦਗੀ ਜੇ ਕੋਈ ਲੋੜ ਪੂਰੀ ਨਾ ਹੋਵੇ ਤਾਂ ਉਲਾਮੇ ਵਿੱਚ ਬਦਲ ਜਾਂਦੀ ਹੈ ਅਤੇ ਐਸੀ ਬੰਦਗੀ ਕਰਨ ਵਾਲਾ ਆਪਣਾ ਬੰਦਗੀ ਲਈ ਵਰਤਨ ਵਾਲਾ ਸਮਾਨ ਵੀ ਵਗ੍ਹਾ ਮਾਰਦਾ ਹੈ। ਐਸਾ ਮਨੁੱਖ ਰੱਬ ਜੀ ਨੂੰ ਆਖਦਾ ਹੈ ਕਿ ਜੇ ਮੇਰੀ ਮਨ ਦੀ ਭੁੱਖ ਪੂਰੀ ਨਹੀਂ ਕੀਤੀ ਤਾਂ ਆਹ ਫੜ੍ਹ ਆਪਣੀ ਮਾਲਾ ਮੈਂ ਨਹੀਂ ਕੋਈ ਬੰਦਗੀ ਕਰਨੀ। ਭਾਵ ਹੈ ਕਿ ਲਾਲਚੀ ਮਨੁੱਖ ਸੱਚ ਦੇ ਮਾਰਗ ਉਪਰ ਕਦੇ ਵੀ ਨਹੀਂ ਚੱਲ ਸਕਦਾ, ਲਾਲਚ ਕਾਰਨ ਸੱਚ ਨੂੰ ਵੇਚ ਵੀ ਸਕਦਾ ਹੈ।

ਹਉ ਮਾਂਗਉ ਸੰਤਨ ਰੇਨਾ ॥

ਉਚਾਰਨ ਸੇਧ :- ਹਉਂ ਮਾਗਉਂ, ਸੰਤਨ ਰੇਨਾ ॥
ਪਦ ਅਰਥ :- ਹਉ = ਮੈਂ । ਮਾਗਉ = ਮੰਗਦਾ ਹਾਂ । ਸੰਤਨ = ਗਿਆਨਵਾਨਾਂ ਦੀ । ਰੇਨਾ = ਚਰਨ ਧੂੜ, ਸਿਖਿਆ ।
ਅਰਥ :- ਭਗਤ ਜੀ ਹੁਣ ਗਿਆਨਵਾਨ ਮਨੁੱਖ ਦੀ ਸੋਚ ਬਾਰੇ ਦਰਸਾਉਂਦੇ ਆਪਣਾ ਸਿਧਾਂਤ ਸਾਡੇ ਸਾਹਮਣੇ ਰੱਖਦੇ ਹਨ ਕਿ ਜਿਹੜਾ ਮਨੁੱਖ ਰੱਬ ਜੀ ਬੰਦਗੀ (ਭਾਵ ਨਿਰੋਲ ਸੱਚ ਦਾ ਗਿਆਨ) ਆਪਣੀਆਂ ਗਰਜ਼ਾਂ ਦੀ ਪੂਰਤੀ ਵਾਸਤੇ ਨਹੀਂ, ਬੱਲਕਿ ਆਪਣੇ ਜੀਵਨ ਨੂੰ ਉਚ ਦਰਜ਼ੇ ਦਾ ਗਿਆਨਵਾਨ ਬਣਾਉਣ ਵਾਸਤੇ ਲੈਣਾ ਚਾਉਂਦਾ ਹੈ ਉਹ ਸਦਾ ਹੀ ਗਿਆਨਵਾਨ ਮਨੁੱਖਾਂ ਪਾਸੋਂ ਸਿਖਿਆ ਲੈਂਦਾ ਹੈ। ਉਹ ਸਦਾ ਹੀ ਗੁਰੂ ਦੀ ਸਿਖਿਆ ਦੀ ਮੰਗ ਕਰਦਾ ਹੈ। ਭਾਵ ਐਸਾ ਮਨੁੱਖ ਸਦਾ ਹੀ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰਦਾ ਹੈ

ਮੈ ਨਾਹੀ ਕਿਸੀ ਕਾ ਦੇਨਾ ॥1॥

ਉਚਾਰਨ ਸੇਧ :- ਮੈਂ ਨਾਹੀਂ , ਕਿਸੀ ਕਾ ਦੇਨਾ ॥1॥
ਪਦ ਅਰਥ :- ਮੈਂ = ਗਿਆਨਵਾਨ ਮਨੁੱਖ । ਨਾਹੀ = ਨਹੀਂ । ਕਿਸੀ ਕਾ = ਕਿਸੇ ਦਾ ਵੀ ਕੁੱਝ । ਦੇਨਾ = ਦੇਣਦਾਰ ।1।
ਅਰਥ :- ਆਖਦੇ ਹਨ ਕਿ ਨਿਰੋਲ ਸੱਚ ਦਾ ਗਿਆਨ ਹਾਸਲ ਕਰਨ ਵਾਲਾ ਮਨੁੱਖ ਹਮੇਸ਼ਾਂ ਹੀ ਗਿਆਨ ਅਧੀਨ ਜੀਵਨ ਦੇ ਕਾਰਜ਼ ਕਰਦਾ ਹੈ ਉਹ ਕਦੇ ਵੀ ਕਿਸੇ ਦਾ ਮੁਥਾਜ਼ੀ ਨਹੀਂ ਹੁੰਦਾ। ਭਾਵ ਹੈ ਕਿ ਗਰਜ਼ਾਂ ਵਿੱਚ ਫਸਿਆ ਮਨੁੱਖ ਹੀ ਹਰ ਵਸੂਲੀ ਦਾ ਦੇਣਦਾਰ ਬਣ ਜਾਂਦਾ ਹੈ। ਜਿਹੜਾ ਮਨੁੱਖ ਹੈ ਹੀ ਨਿਰੋਲ ਸੱਚ ਦੇ ਜੀਵਨ ਵਾਲਾ ਅਤੇ ਸੱਚ ਹੱਕ ਦੀ ਕਮਾਈ ਕਰਨ ਵਾਲਾ ਉਹ ਕਦੇ ਵੀ ਕਿਸੇ ਦਾ ਦੇਣਦਾਰ ਨਹੀਂ ਹੁੰਦਾ। ਸੱਚ ਦੇ ਜੀਵਨ ਵਾਲਾ ਮਨੁੱਖ ਮਰ ਤਾਂ ਭਾਵੇਂ ਜਾਵੇਗਾ ਪਰ ਕਿਸੇ ਦਾ ਮੁਥਾਜ਼ੀ ਨਹੀਂ ਬਣਦਾ।1।

ਮਾਧੋ ਕੈਸੀ ਬਨੈ ਤੁਮ ਸੰਗੇ ॥

ਉਚਾਰਨ ਸੇਧ :- ਮਾਧੋ ! ਕੈਸੀ ਬਨੈ ਤੁਮ ਸੰਗੇ ॥
ਪਦ ਅਰਥ :- ਮਾਧੋ = ਮਾਇਆ ਦਾ ਪਤੀ ਰੱਬ ਜੀ, ਅਟੱਲ ਨਿਯਮ । ਕੈਸੀ = ਕਿਸ ਤਰ੍ਹਾਂ । ਬਨੈ = ਬਣ ਆਵੇ । ਤੁਮ ਸੰਗੇ = ਤੇਰੇ ਨਾਲ ।
ਅਰਥ :- ਭਗਤ ਜੀ ਰਹਾਉ ਵਾਲੇ ਬੰਦ ਅਮਦਰ ਆਖਦੇ ਹਨ ਕਿ ਹੇ ਰੱਬ ਜੀ ਜੇ ਮਨੁੱਖ ਨਿਰ੍ਹਾ ਲੋੜਾਂ ਦੀ ਪੂਰਤੀ ਵਾਸਤੇ ਹੀ ਬੰਦਗੀ ਕਰਦਾ ਹੈ, ਜੇ ਲੋੜਾਂ ਪੂਰੀਆਂ ਨਾ ਹੋਣ ਤਾਂ ਸਭ ਕੁੱਝ ਛੱਡ ਬੈਠਦਾ ਹੈ ਤਾਂ ਫਿਰ ਮਨੁੱਖ ਦਾ ਜੋੜ ਤੇਰੇ ਨਾਲ ਕਿਸ ਤਰ੍ਹਾਂ ਬਣੇ।? ਭਾਵ ਹੈ ਕਿ ਨਿਰੋਲ ਸੱਚ ਦਾ ਗਿਆਨ ਲੈਣ ਵਾਸਤੇ ਮਾਨਸਿਕ ਗਰਜ਼ਾਂ ਨੂੰ ਤਿਆਗਨਾ ਹੀ ਪੈਂਦਾ ਹੈ ਨਹੀਂ ਤਾਂ ਗਿਆਨ ਹਾਸਲ ਨਹੀਂ ਕਰ ਸਕੀਦਾ।

ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥

ਉਚਾਰਨ ਸੇਧ :- ਆਪ ਨਾ ਦੇਹ , ਤਾਂ ਲੇਵਉਂ ਮੰਗੇ ॥ ਰਹਾਉ॥
ਪਦ ਅਰਥ :- ਆਪਿ = ਖੁਦ ਆਪ ਰੱਬ ਜੀ । ਨ ਦੇਹੁ = ਨਹੀਂ ਦਿੰਦਾ । ਤ = ਤਾਂ ਫਿਰ । ਲੇਹਉ = ਲੈਣਾ ਪੈਂਦਾ ਹੈ । ਮੰਗੇ = ਮੰਗਣਾ, ਹਾਸਲ ਕਰਨਾ । ਰਹਾਉ = ਰੁਕੋ, ਵੀਚਾਰੋ ।
ਅਰਥ :- ਅੱਖਰ ਥੋੜੇ ਹਨ ਪਰ ਸਿਖਿਆ ਬੜੀ ਹੀ ਗੂੜੀ ਹੈ, ਅੱਖਰਾਂ ਦੇ ਅਰਥ ਤਾਂ ਇਸ ਤਰ੍ਹਾਂ ਹੀ ਹਨ ਕਿ ਜੇ ਰੱਬ ਜੀ ਆਪ ਨਾ ਦੇਵੇ ਤਾਂ ਮੰਗ ਲੈਣਾ ਚਾਹੀਦਾ ਹੈ। ਗੁਰੂ ਪਿਆਰ ਵਾਲਿਉ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘1430’ ਪੰਨਿਆਂ ਨੂੰ ਵਾਰ-ਵਾਰ ਪੜ੍ਹਕੇ ਦੇਖ ਲਵੋ ਸਾਰੀ ਗੁਰਬਾਣੀ ਰੱਬ ਜੀ ਦਾ ਸਰੂਪ ਸਾਡੇ ਸਾਹਮਣੇ ਮਨੁੱਖਾਂ ਵਰਗਾ ਬਿਆਨ ਨਹੀਂ ਕਰਦੀ ਤਾਂ ਫਿਰ ਮੰਗਣਾ ਕਿਸ ਪਾਸੋਂ ਹੈ ਅਤੇ ਦੇਣ ਤੋਂ ਭੁੱਲਦਾ ਕੌਉਣ ਹੈ ? ਆਪ ਹੀ ਗੁਰਬਾਣੀ ਆਖਦੀ ਹੈ {1/61:-ਭੁਲਣ ਅਮਦਰਿ ਸਭੁ ਕੋ ਅਬੁਲੁ ਗੁਰੂ ਕਰਤਾਰੁ ॥} ਮੰਗਣਾ ਤਾਂ ਹੀ ਪੈਂਦਾ ਹੈ ਜੇ ਕੋਈ ਦੇਣ ਤੋਂ ਭੁੱਲ ਜਾਵੇ ਅਤੇ ਮੰਗਣਾ ਕਿਸ ਪਾਸੋਂ ਹੈ? ਇਹ ਸਵਾਲ ਸਾਨੂੰ ਲੱਗਦੇ ਤਾਂ ਬਹੁਤ ਹੀ ਓਪਰੇ ਅਤੇ ਕਉੜੇ ਹਨ ਪਰ ਜੇ ਕਿਸੇ ਮਨੁੱਖ ਨੇ ਉਸ ਸੱਚੇ ਰੱਬ ਵਰਗਾ ਜੀਵਨ ਬਣਾਉਣਾ ਹੈ ਉਸ ਨਿਰੋਲ ਸੱਚ ਨੂੰ ਹਾਸਲ ਕਰਨਾ ਹੈ ਤਾਂ ਇਕ ਦਿਨ ਇਸ ਤਰ੍ਹਾਂ ਦੇ ਸਵਾਲਾਂ ਨੂੰ ਪਰਖਣਾ ਹੀ ਪਊਗਾ। ਅਸੀਂ ਅਗਿਆਨਤਾ ਅਧੀਨ ਦੁਨਿਆਵੀ ਪਦਾਰਥਾਂ ਦੀਆਂ ਮੰਗਾਂ ਮੰਗਣ ਵਿੱਚ ਹੀ ਲੱਗੇ ਹੋਏ ਸਾਰਾ ਜੀਵਨ ਲੰਘਾ ਜਾਂਦੇ ਹਾਂ ਪਰ ਗੁਰੂ ਜੀ ਆਖਦੇ ਹਨ ਕਿ ਮੰਗਣ ਯੋਗ ਜੋ ਹੈ ਉਹੋ ਹੀ ਮੰਗਣਾ ਚਾਹੀਦਾ ਹੈ। {5/1081:-ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥4॥} ਤਾਂ ਫਿਰ ਸਾਨੂੰ ਪੰਗਤੀ ਦੇ ਭਾਵ ਅਰਥ ਕਰਨੇ ਪੈਣਗੇ। ਆਖਦੇ ਹਨ ਕਿ ਉਸ ਸਦੀਵੀਂ ਰੱਬ ਜੀ ਨੇ ਅਟੱਲ ਨਿਯਮਾਂ ਅਧੀਨ ਇਸ ਸੰਸਾਰ ਵਿੱਚ ਇਕੋ ਵਾਰੀ ਹੀ ਸਾਰਾ ਕੁੱਝ ਪਾ ਦਿੱਤਾ ਹੈ ਜਿਸ ਨੂੰ ਗੁਰਬਾਣੀ ਆਖਦੀ ਹੈ {1/7:-ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥} ਉਸ ਨੇ ਸਾਨੂੰ ਵਾਰ-ਵਾਰ ਨਹੀਂ ਦੇਣਾ, ਹਾਂ ਮਨੁੱਖ ਨੇ ਆਪਣੀ ਮਹਿਨਤ ਨਾਲ, ਆਪਣੀ ਹਿਮਤ ਨਾਲ, ਆਪਣੀ ਵਿਦਿਆ ਰਾਹੀਂ, ਹਾਸਲ ਕੀਤੇ ਗਿਆਨ ਦੁਆਰਾ ਇਸ ਵਿੱਚੋਂ ਖੁਦ ਆਪ ਹਾਸਲ ਕਰਨਾ ਹੈ, ਖੁਦ ਆਪ ਲੈਣਾ ਹੈ ਨਾਂ ਕਿ ਰੱਬ ਜੀ ਨੇ ਆ ਕੇ ਸਾਡੀ ਝੋਲੀ ਵਿੱਚ ਕੁੱਝ ਪਾਉਣਾ ਹੈ। ਰਹਾਉ। {1/474:-ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥20॥ ਫਿਰ ਕਿਸ ਪਾਸੋਂ ਮੰਗੀਏ ਅਤੇ ਕੌਉਣ ਸਾਨੂੰ ਦੇਵੇ ? ਕਿਉਂ ਕਿ :- { 5/186:-ਅਗਮ ਰੂਪ ਕਾ ਮਨ ਮਹਿ ਥਾਨਾ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥1॥ }

ਦੁਇ ਸੇਰ ਮਾਂਗਉ ਚੂਨਾ ॥

ਉਚਾਰਨ ਸੇਧ :- ਦੋਏ ਸੇਰ ਮਾਂਗਉਂ ਚੂਨਾ ॥
ਪਦ ਅਰਥ :- ਦੋਇ = ਦੋ। ਸੇਰ = ਕਿਲੋ ਨਾਲੋਂ ਘੱਟ ਵਜ਼ਨ ਹੁੰਦਾ ਹੈ। ਮਾਂਗਉ = ਮੰਗਦਾ ਹਾਂ। ਚੂਨਾ = ਆਟਾ ॥
ਅਰਥ :- ਭਾਗਾਂ ਵਾਲਿਉ ਜਿਸ ਰੱਬ ਜੀ ਨੂੰ ਗੁਰੂ ਗ੍ਰੰਥ ਜੀ ਦੀ ਬਾਣੀ ਨੇ ਬਿਆਨ ਕੀਤਾ ਹੈ, ਉਸ ਰੱਬ ਜੀ ਦੀ ਕਿਤੇ ਉਪਰ ਅਕਾਸ਼ ਵਿੱਚ ਦਾਣੇ ਪੀਠਣ ਵਾਲੀ ਚੱਕੀ ਨਹੀਂ ਲਾਈ ਹੋਈ ਜਿਸ ਪਾਸੋਂ ਦੋ ਸੇਰ ਆਟਾ ਮੰਗਿਆਂ ਤੇ ਸਾਨੂੰ ਮਿਲ ਜਾਣਾ ਹੈ। ਭਾਵ ਅਰਥ ਹਨ ਕਿ ਆਮ ਮਨੁੱਖ ਜੋ ਨਿਰ੍ਹਾ ਬੰਦਗੀ ਦਾ (ਸੱਚ ਨੂੰ ਹਾਸਲ ਕਰਨ ਦਾ) ਢੌਂਗ ਹੀ ਕਰਦੇ ਹਨ ਉਹ ਹਮੇਸ਼ਾਂ ਆਪਣੀਆਂ ਲੋੜਾਂ (ਗਰਜ਼ਾਂ) ਨਾਲ ਹੀ ਜੁੜੇ ਹੁੰਦੇ ਹਨ। ਸਦਾ ਹੀ ਕੁੱਝ-ਨ-ਕੁੱਝ ਮੰਗਦੇ ਹੀ ਰਹਿੰਦੇ ਹਨ। ਭਾਵ ਹੈ ਕਿ ਆਮ ਮਨੁੱਖ ਜੀਵਨ ਨਿਰਬਾਹ ਕਰਨ ਵਾਲੀਆਂ ਵਸਤੂਆਂ ਦੀ ਮੰਗ ਵਿੱਚ ਹੀ ਉਲਝੇ ਹੋਏ ਜੀਵਨ ਬਿਤਾਅ ਜਾਂਦੇ ਹਨ। ਪਰ ਗੁਰੂ ਜੀ ਸਾਨੂੰ ਹਰ ਮਨੁੱਖ ਨੂੰ ਕਿਰਤੀ ਇਨਸਾਨ ਬਣਨ ਦਾ ਉਪਦੇਸ਼ ਦਿੰਦੇ ਹਨ।
{ ਭਾਈ ਗੁਰਦਾਸ ਜੀ:-ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ॥}
{1/351:-ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥3॥}

ਪਾਉ ਘੀਉ ਸੰਗਿ ਲੂਨਾ ॥

ਉਚਾਰਨ ਸੇਧ :- ਪਾਉ ਘੀਉ , ਸੰਗ ਲੂਨਾ ॥
ਪਦ ਅਰਥ :- ਪਾਉ ਘੀਉ = ਪਾ ਪੱਕਾ ਘਿਉ । ਸੰਗਿ = ਅਤੇ ਨਾਲ । ਲੂਨਾ = ਲੂਣ।
ਅਰਥ :- ਧਰਮ ਪ੍ਰਤੀ ਅੱਖਾਂ ਤੇ ਬੰਨ੍ਹੀ ਅੱਨ੍ਹੀ ਸ਼ਰਧਾ ਵਾਲੀ ਪੱਟੀ ਨੂੰ ਖੋਲਕੇ ਜੇ ਵੀਚਾਰ ਕੀਤੀ ਜਾਵੇ ਤਾਂ ਜਿਹੜੇ ਮਨੁੱਖ, ਜਿਹੜੇ ਪ੍ਰੀਵਾਰ, ਜਿਹੜੀਆਂ ਕੌਮਾਂ, ਜਿਹੜੇ ਦੇਸ਼ਾਂ ਦੇ ਲੋਕ ਮਹਿਨਤ ਕਰਨੀ ਛੱਡਕੇ ਹੱਥ ਵਿੱਚ ਮਾਲਾ ਫੜ੍ਹ ਥਾਲ ਵਿੱਚ ਦੀਵੇ ਬਾਲ ਅੱਖਾਂ ਮੀਟ ਮੂਰਤੀਆਂ ਅਗੇ ਆਰਤੀਆਂ ਕਰਦੇ ਹੋਏ ਕਿਸੇ-ਨਾ-ਕਿਸੇ ਮੰਨ ਲਏ ਗਏ ਰੱਬ ਜੀ ਪਾਸੋ ਮੰਗਣਾ ਸ਼ੁਰੂ ਕਰ ਦਿੰਦੇ ਹਨ ਉਹ ਲੋਕ ਹੋਲੀ-ਹੋਲੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇ ਇਸ ਤਰ੍ਹਾਂ ਰੱਬ ਜੀ ਪਾਸੋਂ ਮੰਗਿਆਂ ਹੀ ਮਿਲਦਾ ਹੈ ਤਾਂ ਦੁਨੀਆਂ ਦੀ ਅਬਾਦੀ ਇਸ ਵੇਲੇ ਤਕਰੀਬਨ ‘7.5’ ਅਰਬ ਹੈ ਏਨ੍ਹੇ ਲੋਕਾਂ ਵਾਸਤੇ ਪਾਈਆ-ਪਾਈਆ ਘਿਉ ਦੇਣ ਵਾਸਤੇ ਰੱਬ ਜੀ ਨੂੰ ਬਹੁਤ ਸਾਰੀਆਂ ਗਾਈਆਂ-ਮੱਝਾਂ ਰੱਖਣੀਆਂ ਪੈਣਗੀਆਂ, ਤਾਂ ਫਿਰ ਉਨ੍ਹਾਂ ਰੱਖੀਆਂ ਗਾਈਆਂ-ਮੱਝਾਂ ਦੀ ਸਾਰ ਸੰਭਾਲ ਕੌਣ ਕਰਦਾ ਹੋਵੇਗਾ, ਉਨ੍ਹਾਂ ਨੂੰ ਪੱਠੇ ਅਤੇ ਪਾਣੀ ਕੌਣ ਪਲਾਉਂਦਾ ਹੋਵੇਗਾ। ਮੁਆਫ ਕਰਨਾ ਜੀ ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਅਤੇ ਨਾ ਹੀ ਕਦੇ ਹੋਇਆ ਹੋਵੇਗਾ। ਪਰ ਭਾਰਤ ਦੇਸ਼ ਦੀ ਸ਼ੰਸ਼ਕ੍ਰਿਤੀ ਨੇ ਸਾਨੂੰ ਲੰਮੇ ਸਮੇਂ ਤੋਂ ਦਰਸਾਇਆ ਸਮਝਾਇਆ ਹੀ ਇਸ ਤਰ੍ਹਾਂ ਹੈ ਅਤੇ ਹੁਣ ਸਾਡੇ ਧਰਮ ਦੇ ਮੋਹਰੀਦਾਰ ਕਈ ਪਾਠੀ, ਕਈ ਕੀਰਤਨੀਏ, ਕਈ ਭਾਈ, ਕਈ ਕਥਾਕਾਰ ਅਤੇ ਆਪਣੇ ਹੀ ਬਣਾਏ ਸਾਰੇ ਸਾਧਾਂ ਨੇ, ਸੰਤਾਂ ਨੇ ਅਤੇ ਬ੍ਰਹਮਗਿਆਨੀਆਂ ਨੇ ਵੀ ਰੱਬ ਅਗੇ ਅਰਦਾਸਾਂ ਕਰਨ ਹੀ ਲਾਇਆ ਹੋਇਆ ਹੈ ਜਿਸ ਦਾ ਕਾਰਣ ਸਾਨੂੰ ਭਾਵੇਂ ਕੁੱਝ ਨ ਮਿਲੇ ਪਰ ਅਰਦਾਸ ਕਰਨ ਵਾਲੇ ਸਾਧ ਨੂੰ, ਭਾਈ ਨੂੰ ‘2-4 ਸਉ’ ਰੁਪਇਆ ਜਰੂਰ ਮਿਲ ਜਾਂਦਾ ਹੈ ਉਸ ਨੂੰ ਪਾਈਆ ਘਿਉ ਜਰੂਰ ਹਾਸਲ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਦੀ ਸੋਚ ਭਗਤ ਕਬੀਰ ਜੀ ਦੇ ਸਮੇਂ ਵੀ ਪ੍ਰਚਲਤ ਸੀ ਕਿ ਖਾਣ ਪੀਣ ਦੇ ਸਮਾਨ ਦੀਆਂ ਮੰਗਾਂ ਵਿੱਚ ਹੀ ਆਮ ਮਨੁੱਖ ਉਲਝ ਕਿ ਰਿਹ ਜਾਂਦਾ ਹੈ, ਇਸ ਤਰ੍ਹਾਂ ਦੀਆਂ ਮੰਗਾਂ ਨੂੰ ਮੁੱਖ ਰੱਖਕੇ ਹੀ ਬੰਦਗੀ ਕੀਤੀ ਜਾਂਦੀ ਸੀ (ਹੈ), ਅਰਦਾਸਾਂ ਕੀਤੀਆਂ ਜਾਂਦੀਆਂ ਹਨ ਅਤੇ ਅੱਜ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਕਿ ਹੇ ਰੱਬ ਜੀ ਮੈਂ ਤੇਰੀ ਬੰਦਗੀ ਕਰਦਾ ਹਾਂ ਤੂੰ ਮੈਨੂੰ ਲੋੜੀਦੀਆਂ ਵਸਤੂਆਂ ਦਿੰਦਾ ਰਹੀਂ।

ਅਧ ਸੇਰੁ ਮਾਂਗਉ ਦਾਲੇ ॥

ਉਚਾਰਨ ਸੇਧ :- ਅੱਧ ਸੇਰ ਮਾਂਗਉਂ ਦਾਲੇ ॥
ਪਦ ਅਰਥ :- ਅਧ ਸੇਰੁ = ਅੱਧਾ ਕਿਲੋ । ਮਾਂਗਉ = ਮੰਗਦਾ ਹਾਂ । ਦਾਲੇ = ਦਾਲ । 
ਅਰਥ :- ਜੇ ਅਸੀਂ ਇਨ੍ਹਾਂ ਲਿਖੇ ਹੋਏ ਅੱਖਰਾਂ ਦੇ ਅਰਥਾਂ ਨੂੰ ਹੀ ਨਿਰੋਲ ਸੱਚੇ ਰੱਬ ਜੀ ਨਾਲ ਮਿਲਾਪ ਦਾ ਸਾਧਨ, ਜਰੀਆ ਮੰਨਦੇ ਹਾਂ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਅਸੀਂ ਕਦੇ ਵੀ ਉਸ ਰੱਬ ਜੀ ਨਾਲ ਮਿਲਾਪ ਨਹੀਂ ਕਰ ਸਕਦੇ। ਸਾਰੀ ਗੁਰਬਾਣੀ ਹੀ ਉਸ ਅਟੱਲ ਰੱਬ ਜੀ ਦਾ ਵਾਸਾ ਸਾਡੇ ਅਮਦਰ ਦਰਸਾਉਂਦੀ ਹੈ ਜਿਵੇਂ:-{ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥19॥} { ਅਗਮ ਰੂਪ ਕਾ ਮਨ ਮਹਿ ਥਾਨਾ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥1॥} ਜੇ ਅਸੀਂ ਮੰਨਦੇ ਹਾਂ ਕਿ ਭਗਤ ਕਬੀਰ ਜੀ ਇਹ ਸਾਰਾ ਕੁੱਝ ਉਸ ਰੱਬ ਜੀ ਪਾਸੋਂ ਮੰਗ ਰਹੇ ਸਨ ਅਤੇ ਰੱਬ ਜੀ ਇਸ ਤਰ੍ਹਾਂ ਮੰਗਣ ਨਾਲ ਸਾਰਾ ਕੁੱਝ ਦੇਈ ਜਾ ਰਹੇ ਸਨ ਤਾਂ ਦੁਨੀਆਂ ਦੇ ਹਰ ਮਨੁੱਖ ਨੂੰ ਅੱਧਾ-ਅੱਧਾ ਸੇਰ ਦਾਲ ਚਾਹੀਦੀ ਹੈ, ਫਿਰ ਸਾਨੂੰ ਸੋਚਣ ਵਾਸਤੇ ਮਜ਼ਬੂਰ ਹੋਣਾ ਪਵੇਗਾ ਕਿ ਕਿਥੇ ਹਨ ਉਹ ਦਾਲਾਂ ਦੇ ਬਾਗ, ਜਿਥੋਂ ਰੱਬ ਜੀ ਤਕਰੀਬਨ ‘7.5’ ਅਰਬ ਲੋਕਾਂ ਨੂੰ ਤੋਲ-ਤੋਲ ਕੇ ਦਾਲਾਂ ਦਿੰਦੇ ਹੋਣਗੇ, ਫਿਰ ਤਾਂ ਅਸੀਂ ਟੱਬਰ ਦੇ ਸਾਰੇ ਮੈਂਬਰ ਸਵੇਰ ਨੂੰ ਦਸ ਮਿੰਟ ਬੈਠਕੇ ਰੱਬ ਜੀ ਦੀ ਆਰਤੀ ਕਰਿਆ ਕਰੀਏ ਅਤੇ ਉਸ ਪਾਸੋਂ ਅੱਧਾ-ਅੱਧਾ ਸੇਰ ਦਾਲ ਮੰਗ ਲਿਆ ਕਰੀਏ ਤੇ ਰੋਟੀ ਪਾਣੀ ਚਲਦਾ ਰਹੇਗਾ, ਕੋਈ ਮਹਿਨਤ ਮਸ਼ਕਤ ਕਰਨ ਦੀ ਜਰੂਰਤ ਨਹੀਂ ਹੈ, ਕਈ ਵੱਡੇ ਪ੍ਰੀਵਾਰਾਂ ਨੇ ਤਾਂ ਬਿਜ਼ਨਸ ਹੀ ਬਣਾ ਲੈਣਾ ਹੈ ਕਿਉਂ ਕਿ ਪ੍ਰੀਵਾਰ ਦੇ ਸਾਰੇ ਜੀਅ ਰਲਕੇ ਬੈਠੇ ਤੇ ਅੱਧਾ-ਅੱਧਾ ਸੇਰ ਦਾਲ ਮੰਗੀ ਤੇ ਇੱਕ-ਦੋ ਕੁਇੰਟਲ ਇਕੱਠੀ ਕੀਤੀ ਤੇ ਅਗੇ ਵੇਚ ਦਿੱਤੀ, ਅਸੀਂ ਤਾਂ ਤੇਰ੍ਹਾਂ-ਤੇਰ੍ਹਾਂ ਵਾਲਾ ਸਿਧਾਂਤ ਵੀ ਰਿਸ਼ਵਤ ਵਿੱਚ ਛੇਤੀ ਹੀ ਬਦਲ ਦੇਣਾ ਹੈ ਕਿਨੀ ਹਾਸੋਹੀਣੀ ਬਾਤ ਬਣ ਜਾਣੀ ਹੈ। ਚਲੋਂ ! ਜੇ ਮੰਨ ਲਈਏ ਕਿ ਬੰਦਗੀ ਕਰਨ ਵਾਲਿਆਂ ਨੂੰ ਹੀ ਮੰਗਿਆਂ ਤੇ ਰੱਬ ਜੀ ਦਿੰਦੇ ਹਨ ਤਾਂ ਉਨ੍ਹਾਂ ਵੱਲ ਹੀ ਧਿਆਨ ਮਾਰ ਲੈਂਦੇ ਹਾਂ। ਸਿੱਖ ਧਰਮ ਵਿੱਚ ਹੇੜਾਂ ਦੀਆਂ ਹੇੜਾਂ ਢੋਲਕੀਆਂ, ਚਿਮਟਿਆਂ ਅਤੇ ਛੇਣਿਆਂ ਵਾਲਿਆਂ ਦੀਆਂ ਡਾਰਾਂ ਬੰਨ੍ਹ ਫਿਰਦੀਆਂ ਹਨ ਕੰਮ-ਸੁ-ਕੰਮ ਉਨ੍ਹਾਂ ਨੂੰ ਤਾਂ ਰੱਬ ਜੀ ਮੰਗਣ ਤੇ ਦਿੰਦੇ ਹੀ ਹੋਣਗੇ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਹਰ ਪਿੰਡ, ਹਰ ਮਹੱਲੇ, ਹਰ ਗਲੀ ਵਿੱਚ ਇਨ੍ਹਾਂ ਦੀਆਂ ਕਾਰਾਂ, ਜੀਪਾਂ, ਟਰੱਕ ਅਤੇ ਇਹ ਸਾਰੇ ਬਾਹਰਲੇ ਦੇਸ਼ਾਂ ਵਿੱਚ ਵੀ ਮੰਗਣ ਵਾਸਤੇ ਘੁੱਮ ਰਹੇ ਹਨ। ਕੀ ਇਨ੍ਹਾਂ ਸਾਰਿਆਂ ਨੂੰ ਰੱਬ ਜੀ ਸਿੱਧੇ ਤੌਰਤੇ ਨਹੀਂ ਦੇ ਰਹੇ ? ਸੋ ਕਬੀਰ ਜੀ ਆਖਦੇ ਹਨ ਕਿ ਅਸਲ ਵਿੱਚ ਮਨੁੱਖ ਦੀ ਸੋਚ ਨਿਜੀ ਵਰਤੋਂ ਦੀ ਲੋੜ ਦੀਆਂ ਵਸਤੂਆਂ ਤੇ ਹੀ ਰੁਕ ਕੇ ਰਿਹ ਗਈ ਹੈ। ਜਿਸ ਕਰਕੇ ਰੱਬ ਜੀ ਦਾ ‘ਕਰਤਾ’ ਵਾਲਾ ਗੁਣ ਮਨੁੱਖ ਨੇ ਹਾਸਲ ਹੀ ਨਹੀਂ ਕੀਤਾ। ਸਾਨੂੰ ਖੁਦ ਕੁੱਝ-ਨ-ਕੁੱਝ ਕਰਨ ਦੇ ਕਰਤਾ ਬਣਨਾ ਚਾਹੀਦਾ ਸੀ ਜੋ ਨਹੀਂ ਬਣੇ। ਸਾਡੀ ਹਾਲਤ ਅੱਜ ਸਾਡੇ ਸਾਹਮਣੇ ਹੈ ਹਰ ਰੋਜ਼ ਅੱਖਾਂ ਬੰਦ ਕਰਕੇ ਹੱਥ ਬੰਨ੍ਹ ਤੋਤਾ ਟੱਰਨ ਅਤੇ ਨਿਰ੍ਹੀਆਂ ਅਰਦਾਸਾਂ ਕਰਨ ਯੋਗੇ ਹੀ ਰਿਹ ਗਏ ਹਾਂ ਹਾਸਲ ਕੁੱਝ ਵੀ ਨਹੀਂ ਹੋ ਰਿਹਾ। ਪਰਖ ਆਪੋ ਆਪਣੀ ਹੈ।

ਮੋ ਕਉ ਦੋਨਉ ਵਖਤ ਜਿਵਾਲੇ ॥2॥

ਉਚਾਰਨ ਸੇਧ :- ਮੋ ਕਉ , ਦੋਨੋਂ ਵਖਤ ਜਿਵਾਲੇ ॥2॥
ਪਦ ਅਰਥ :- ਮੋ ਕਉ = ਮੈਨੂੰ । ਦੋਨਉ ਵਖਤ = ਸਵੇਰ ਤੋਂ ਸ਼ਾਮ ਤੱਕ ਦੇ ਗੁਜ਼ਾਰੇ ਵਾਸਤੇ ਕਾਫ਼ੀ ਹੈ । ਜਿਵਾਲੈ = ਜੀਵਨ ਬਖਸ਼ ਸਕਦਾ ਹੈ।2।
ਅਰਥ :- ਹੁਣ ਅੱਖਰਾਂ ਦੇ ਅਰਥਾਂ ਰਾਹੀਂ ਭਗਤ ਜੀ ਆਖਦੇ ਹਨ ਕਿ ਉਪਰਲੀਆਂ ਲਾਈਨਾਂ ਵਿੱਚ ਮੰਗੀਆਂ ਵਸਤੂਆਂ ਮੈਨੂੰ ਸਾਰਾ ਦਿਨ ਜੀਵਤ ਰੱਖ ਸਕਦੀਆਂ ਹਨ। ਜੇ ਬੰਦਗੀ ਕਰਨ ਵਾਲੇ ਮਨੁੱਖ ਨੂੰ ਇਹੋ ਵਸਤੂਆਂ ਮਿਲਦੀਆਂ ਸਮਝ ਵੀ ਲੈਂਦੇ ਹਾਂ ਤਾਂ ਉਸ ਦਾ ਬਾਕੀ ਦਾ ਟੱਬਰ ਕਿਥੋਂ ਖਾਣ ਜਾਵੇਗਾ, ਕੀ ਮਨੁੱਖ ਦੀ ਪ੍ਰੀਵਾਰਕ ਜ਼ੁਮੇਵਾਰੀ ਨਹੀਂ ਹੈ? ਹਾਂ ਭਗਤ ਜੀ ਉਸ ਵੇਲੇ ਦੇ ਲੋਕਾਂ ਦੀ ਸੋਚ ਬਾਰੇ ਦਰਸਾ ਰਹੇ ਹਨ ਕਿ ਆਮ ਮਨੁੱਖ ਦੀ ਸੋਚ ਕੇਵਲ ਜੀਵਨ ਬਸਰ ਕਰਨ ਵਾਲੀਆਂ ਲੋੜਾਂ ਤੱਕ ਹੀ ਸੀਮਤ ਹੋ ਕਿ ਰਿਹ ਗਈ ਸੀ, ਅਤੇ ਹੈ। ਪਰ ਕ੍ਰਾਤੀਕਾਰੀ ਤੇ ਗਿਆਨਵਾਨ ਮਨੁੱਖ ਤਾਂ ਜਿਥੇ ਸੱਚ ਹੱਕ ਦੀ ਕਮਾਈ ਕਰਦਾ ਆਪਣਾ ਜੀਵਨ ਸੁਧਾਰਦਾ ਹੈ ਉਥੇ ਉਸ ਤੋਂ ਵੱਧ ਸਮਾਜ਼ ਸਧਾਰ ਦੇ ਕੰਮ ਵੀ ਕਰਦਾ ਹੈ। ਇਤਹਾਸ ਦੇ ਪੰਨਿਆਂ ਨੂੰ ਚੰਗੀ ਤਰ੍ਹਾਂ ਪੜ੍ਹਿਆਂ ਪਤਾ ਲੱਗਦਾ ਹੈ ਕਿ ਜਾਗੇ ਹੋਏ ਗਿਆਨਵਾਨ ਕ੍ਰਾਤੀਕਾਰੀ ਮਨੁੱਖਾਂ ਨੇ ਤਾਂ ਇਸ ਤਰ੍ਹਾਂ ਦੀਆਂ ਮੰਗਾਂ ਤੋਂ ਉਚੇ ਉਠਕੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਤੋਂ ਬਿਨਾਂ ਸਮਾਜ਼ ਸਧਾਰ ਦਾ ਕੰਮ ਲਗਾਤਾਰ ਸਾਰੀ ਉਮਰ ਹੀ ਕੀਤਾ, ਭਾਵੇਂ ਉਨ੍ਹਾਂ ਦੀਆਂ ਜਾਨਾਂ ਵੀ ਲੇਖੇ ਲੱਗ ਗਈਆਂ, ਉਨ੍ਹਾਂ ਹੱਥ ਬੰਨ੍ਹ ਦੀਵੇ ਬਾਲ ਨਿਰ੍ਹੀਆਂ ਆਰਤੀਆਂ ਨਹੀਂ ਕੀਤੀਆਂ, ਲਗਾਤਾਰ ਹੱਥੀਂ ਕਿਰਤ ਕਰ ਆਪਣਾ ਤੇ ਸਮਾਜ਼ ਦਾ ਸਾਧਾਰ ਕਰਦੇ ਹੀ ਰਹੇ।2।

ਖਾਟ ਮਾਂਗਉ ਚਉਪਾਈ ॥

ਉਚਾਰਨ ਸੇਧ :- ਖਾਟ ਮਾਂਗਉਂ ਚਉਪਾਈ ॥
ਪਦ ਅਰਥ :- ਖਾਟ = ਮੰਜੀ । ਮਾਂਗਉ = ਮੰਗਣਾ । ਚਉਪਾਈ = ਚਹੁੰ ਪਾਵਿਆਂ ਵਾਲੀ ।
ਅਰਥ :- ਭਗਤ ਜੀ ਆਖਦੇ ਹਨ ਕਿ ਮਨੁੱਖ ਦੀ ਸੋਚ ਕੁੱਲੀ, ਜੁੱਲੀ, ਗੁੱਲੀ ਤੱਕ ਹੀ ਰੁਕ ਗਈ ਹੈ ਇਹੋ ਵਸਤੂਆਂ ਹੀ ਮੰਗ ਰਹੇ ਹਨ। ਭਾਗਾਂ ਵਾਲਿਉ ਜੇ ਅਸੀਂ ਇਸ ਗੱਲ ਨੂੰ ਸਹੀ ਮੰਨਦੇ ਹਾਂ ਕਿ ਇਸ ਤਰ੍ਹਾਂ ਰੱਬ ਜੀ ਪਾਸੋਂ ਮੰਗਿਆਂ ਸਾਨੂੰ ਮਿਲਦਾ ਹੈ ਤਾਂ ਸਾਨੂੰ ਆਪਣੇ ਪਿਛੋਕੜ ਵੱਲ ਇਕ ਵਾਰੀ ਜਰੂਰ ਝਾਤ ਮਾਰਨੀ ਪਵੇਗੀ। ਗੁਰੂਆਂ ਦੇ ਸਮੇਂ ਤੋਂ ਚਲਦੇ-ਚਲਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਵਿੱਚ ਵੱਡਾ ਘੇਰਾ ਪੈਣ ਤੇ ਅੰਦਰੋਂ ਖਾਣ-ਪੀਣ ਵਾਲੀਆਂ ਵਸਤੂਆਂ ਦਾ ਖਤਮ ਹੋਣਾ ਅਸੀਂ ਆਮ ਹੀ ਰਾਗੀਆਂ ਢਾਢੀਆਂ ਪਾਸੋਂ ਸੁਣਦੇ ਆ ਰਹੇ ਹਾਂ। ਕੀ ਗੁਰੂ ਜੀ ਇਨ੍ਹਾਂ ਵਸਤੂਆਂ ਦੀ ਮੰਗ ਨਹੀਂ ਸਨ ਕਰ ਸਕਦੇ? ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਲੱਗਭਗ ਛੇ ਮਹੀਨੇ ਦੇ ਘੇਰੇ ਦੌਰਾਨ ਸਾਰਾ ਕੁੱਝ ਅੰਦਰੋਂ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਤਕਰੀਬਨ ’70-80’ ਸਾਲ ਦਾ ਸਮਾਂ ਜੰਗਲਾਂ ਵਿੱਚ ਖੁੱਲੇ ਅਕਾਸ਼ ਦੇ ਹੇਠਾਂ ਰੜੇ-ਮਿਦਾਨ ਹੀ ਗੁਜਾਰਦੇ ਰਹੇ। ਕੀ ਉਹ ਅਰਦਾਸ ਕਰਨੀ ਨਹੀਂ ਸਨ ਜਾਣਦੇ? ਜਾਂ ਉਨ੍ਹਾਂ ਨੂੰ ਇਹ ਵਸਤੂਆਂ ਮੰਗਣੀਆਂ ਨਹੀਂ ਸੀ ਆਉਂਦੀਆਂ? ਜਾਂ ਉਨ੍ਹਾਂ ਵਿੱਚੋਂ ਕੋਈ ਵੀ ਰੱਬ ਜੀ ਦੀ ਬੰਦਗੀ ਨਹੀਂ ਸੀ ਕਰਦਾ? ਇਸ ਤਰ੍ਹਾਂ ਦੇ ਕਈ ਸਵਾਲੀਆ ਚਿੰਨ ਸਹਿਜੇ ਹੀ ਲੱਗ ਜਾਂਦੇ ਹਨ? ਇਸ ਤਰ੍ਹਾਂ ਨਿਰ੍ਹੀਆਂ ਆਰਤੀਆਂ, ਨਿਰੀਆਂ ਮਾਲਾ ਘੁਮਾਂ-ਘੁਮਾਂ ਕੇ ਮੰਗਿਆਂ ਕਦੇ ਵੀ ਕੁੱਝ ਨਹੀਂ ਮਿਲਦਾ। ਹਾਂ ਇਸ ਸੰਸਾਰ ਵਿੱਚ ਸਾਰਾ ਕੁੱਝ ਰੱਬ ਜੀ ਨੇ ਪਹਿਲਾਂ ਹੀ ਪਾ ਦਿੱਤਾ ਹੈ ਜਿਸ ਕਿਸੇ ਮਨੁੱਖ ਨੇ ਖੋਜ ਲਿਆ ਉਸ ਨੇ ਹਾਸਲ ਕਰ ਲਿਆ। ਇਸੇ ਕਰਕੇ ਹੀ ਗੁਰੂ ਜੀ ਆਖਦੇ ਹਨ ਕਿ:- {5/422:-ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥}

ਸਿਰਹਾਨਾ ਅਵਰ ਤੁਲਾਈ ॥

ਉਚਾਰਨ ਸੇਧ :- ਸਿਰਹਾਨਾ ਅਵਰ ਤੁਲਾਈ ॥
ਪਦ ਅਰਥ :- ਸਿਰਹਾਨਾ = ਸਰਾਨਾ । ਅਵਰ = ਅਤੇ । ਤੁਲਾਈ = ਵਛਾਈ।
ਅਰਥ :- ਮਨੁੱਖ ਦੀ ਮੰਗ ਬਾਰੇ ਦਰਸਾ ਰਹੇ ਹਨ ਕਿ ਅਗਿਆਨਤਾ ਅਧੀਨ ਮਾਲਾ ਫੜ੍ਹੀ ਆਰਤੀਆਂ ਕਰਦਾ ਮਨੁੱਖ ਇਹ ਵਸਤੂਆਂ ਦੀ ਮੰਗ ਤੇ ਹੀ ਅਟਕ ਗਏ ਹਨ।

ਊਪਰ ਕਉ ਮਾਂਗਉ ਖੀਂਧਾ ॥

ਉਚਾਰਨ ਸੇਧ :- ਊਪਰ ਕਉ ਮਾਂਗਉਂ ਖੀਂਧਾ
ਪਦ ਅਰਥ :- ਊਪਰ ਕਉ = ਸਰਦੀਆਂ ਵਿੱਚ ਸਉਣ ਵਾਸਤੇ । ਮਾਂਗਉ = ਮੰਗਣਾ । ਖੀਂਧਾ = ਰਜ਼ਾਈ।
ਅਰਥ :- ਹੁਣ ਆਖਦੇ ਹਨ ਕਿ ਆਮ ਮਨੁੱਖ ਜੀਵਨ ਨਿਰਬਾਹ ਦੀਆਂ ਜਰੂਰੀ ਵਸਤੂਆਂ ਦੀ ਮੰਗ ਵੀ ਹੱਥ ਉਪਰ ਹੱਥ ਰੱਖ ਉਸ ਰੱਬ ਜੀ ਪਾਸੋਂ ਹੀ ਮੰਗ ਰਹੇ ਹਨ। ਆਮ ਲੋਕ ਤਾਂ ਸਰਦੀਆਂ ਵਿੱਚ ਸੌਉਣ ਲਈ ਰਜ਼ਾਈ ਦੀ ਮੰਗ ਵਿੱਚ ਹੀ ਹਨ। ਜੇ ਇਹ ਸਾਰਾ ਕੁੱਝ ਸਹੀ ਹੈ ਤਾਂ ਫਿਰ ਗੁਰੂ ਜੀ ਇਸ ਤਰ੍ਹਾਂ ਦੇ ਫੁਰਮਾਨ ਕਿਸ ਵਾਸਤੇ ਕਰ ਰਹੇ ਹਨ :- ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥20॥

ਤੇਰੀ ਭਗਤਿ ਕਰੈ ਜਨੁ ਥਂੀਧਾ ॥3॥

ਉਚਾਰਨ ਸੇਧ :-ਤੇਰੀ ਭਗਤੀ ਕਰੈ ਜਨ ਥੀਂਧਾ ॥3॥
ਪਦ ਅਰਥ :- ਤੇਰੀ = ਹੇ ਰੱਬ ਜੀ ਤੁਹਾਡੀ । ਭਗਤਿ = ਭਗਤੀ, ਬੰਦਗੀ । ਕਰੈ = ਕਰਦਾ ਰਹੇਗਾ । ਜਨੁ = ਤੇਰਾ ਸੇਵਕ । ਥੀਂਧਾ = ਰੀਝ ਕੇ ।3।
ਅਰਥ :- ਉਪਰਲੇ ਬੰਦ ਵਿੱਚਲੀਆਂ ਮੰਗੀਆਂ ਮੰਗਾਂ ਮਿਲਣ ਤੇ ਹੀ ਗਰਜ਼ੀ ਮਨੁੱਖ ਆਖਦਾ ਹੈ ਕਿ ਹੇ ਰੱਬ ਜੀ ਮੈਨੂੰ ਇਹ ਸਾਰਾ ਕੁੱਝ ਦੇ ਦਿਉ ਤਾਂ ਫਿਰ ਮੈਂ ਤੇਰੀ ਬੰਦਗੀ ਰੀਜ਼ ਕੇ ਕਰਦਾ ਰਹਾਂਗਾ। ਜੇ ਵਸਤੂਆਂ ਨਾ ਮਿਲੀਆਂ ਾਂਹੇ ਰੱਬ ਜੀ ਆਹ ਚੁੱਕ ਆਪਣੀ ਮਾਲਾ ਮੇਰਾ ਤੇਰੇ ਨਾਲ ਕੋਈ ਲੈਣ-ਦੇਣ ਨਹੀਂ ਹੈ। ਇਹ ਹੈ ਉਸ ਹੱਥ ਉਪਰ ਹੱਥ ਰੱਖ ਕੇ ਕੰਮ ਕਾਜ਼ ਕੀਤੇ ਤੋਂ ਬਿਨ੍ਹਾਂ ਵਹਿਲੜ ਆਪਣੇ ਆਪ ਨੂੰ ਭਗਤ ਸਮਝੀ ਬੈਠੇ ਮਨੁੱਖ ਦੀ ਕਹਾਣੀ।3। ਪਰ ਜਾਗਿਆ ਹੋਇਆ ਗਿਆਨਵਾਨ ਕ੍ਰਾਂਤੀਕਾਰੀ ਮਨੁੱਖ ਖੁਦ ਸੱਚ ਹੱਕ ਦੀ ਆਪ ਕਮਾਈ ਕਰਨ ਵਾਲੇ ਮਨੁੱਖ ਦੀ ਸੋਚ ਬਾਰੇ ਅਗੇ ਭਗਤ ਜੀ ਫੁਰਮਾ ਰਹੇ ਹਨ।

ਮੈ ਨਾਹੀ ਕੀਤਾ ਲਬੋ ॥

ਉਚਾਰਨ ਸੇਧ :- ਮੈਂ ਨਾਹੀਂ ਕੀਤਾ ਲਭੋ ॥
ਪਦ ਅਰਥ :- ਮੈ ਨਾਹੀ = ਮੈਂ ਨਹੀਂ । ਲਭੋ = ਲਾਲਚ।
ਅਰਥ :- ਹੁਣ ਉਸ ਰੱਬ ਜੀ ਦੇ ਅਟੱਲ ਨਿਯਮਾਂ ਨੂੰ ਸਮਝਣ ਵਾਲੇ ਭਗਤ ਕਬੀਰ ਜੀ ਆਪਣਾ ਸਿਧਾਂਤ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਮੈਂ ਉਪਰ ਗਰਜ਼ੀ ਮਨੁੱਖਾਂ ਵਾਂਗੂੰ ਕਿਸੇ ਲਾਲਚ ਵੱਸ ਰੱਬ ਜੀ ਦੀ ਬੰਦਗੀ ਨਹੀਂ ਕਰਦਾ, ਮੈਂ ਕੋਈ ਲਾਲਚ ਨਹੀਂ ਕਰਦਾ। ਭਾਵ ਮੈਂ ਤਾਂ ਆਪਣਾ ਕਾਰਜ਼ ਖੁਦ ਆਪ ਸਵਾਰਦਾ ਹਾਂ। ਆਪਣੇ ਰੁਜ਼ਗਾਰ ਵਾਸਤੇ ਖੁਦ ਆਪ ਕੰਮ ਕਰਦਾ ਹਾਂ ਨਾਂ ਕੇ ਹੱਥ ਉਪਰ ਹੱਥ ਰੱਖ ਨਿਰ੍ਹੀਆਂ ਮਾਲਾ ਫੇਰਕੇ ਰੱਬ ਪਾਸੋਂ ਮੰਗਦਾ ਹਾਂ। ਮੇਰੀ ਮਾਲਾ ਤਾਂ ਇਸ ਤਰ੍ਹਾਂ ਦੀ ਹੈ :-
{ 482:-ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ ਤੁਮ੍‍ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥1॥}
{ 1364:-ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥1॥ }

ਇਕੁ ਨਾਉ ਤੇਰਾ ਮੈ ਫਬੋ ॥

ਉਚਾਰਨ ਸੇਧ:-ਇਕ ਨਾਉਂ ਤੇਰਾ ਮੈਂ ਫਬੋ ॥
ਪਦ ਅਰਥ :- ਇਕੁ = ਕੇਵਕ ਇਕੋ ਹੀ । ਨਾਉ = ਨਾਮ, ਨਿਯਮਾਂ ਦਾ ਗਿਆਨ । ਮੈ = ਮੈਨੂੰ । ਫਬੋ = ਫਬਦਾ ਹੈ, ਚੰਗਾ ਲੱਗਦਾ ਹੈ ।
ਅਰਥ :- ਭਗਤ ਜੀ ਆਖਦੇ ਹਨ ਕਿ ਮੈਂ ਅੱਖਾਂ ਮੀਟ ਮਾਲਾ ਫੜ੍ਹਕੇ ਸਮਾਧੀਆਂ ਲਾ ਕੇ ਦੁਨਿਆਵੀ ਪਦਾਰਥਾਂ ਦੀ ਮੰਗ ਵਾਸਤੇ ਕੋਈ ਭਗਤੀ ਨਹੀਂ ਕਰਦਾ। ਮੈਨੂੰ ਤਾਂ ਉਸ ਅਟੱਲ ਪ੍ਰਭੂ ਜੀ ਦੇ ਅਟੱਲ ਵਰਤ ਰਹੇ ਨਿਯਮਾਂ ਦੇ ਗਿਆਨ ਨੂੰ ਹਾਸਲ ਕਰਕੇ ਉਨ੍ਹਾਂ ਅਨੁਸਾਰ ਆਪਣਾ ਜੀਵਨ ਬਣਾਉਣਾ ਅਤੇ ਸੱਚ ਹੱਕ ਦੀ ਕਮਾਈ ਕਰਕੇ ਆਪਣਾ ਜੀਵਨ ਗੁਜਾਰਨਾ ਹੀ ਸ਼ੋਭਦਾ ਹੈ।

ਕਹਿ ਕਬੀਰ ਮਨੁ ਮਾਨਿਆ ॥

ਉਚਾਰਨ ਸੇਧ :- ਕਹੇ ਕਬੀਰ ਮਨ ਮਾਨਿਆ ॥
ਪਦ ਅਰਥ :- ਕਹਿ = ਆਖਣਾ । ਕਬੀਰ = ਭਗਤ ਕਬੀਰ ਜੀ । ਮਨੁ = ਮਨ, ਸੋਚ । ਮਾਨਿਆ = ਮੰਨ ਜਾਣਾ, ਜਾਗਰਤ ਹੋਣਾ।
ਅਰਥ :- ਕਬੀਰ ਜੀ ਸ਼ਬਦ ਦੀਆਂ ਆਖਰੀ ਲਾਈਨਾਂ ਅਮਦਰ ਆਖਦੇ ਹਨ ਕਿ ਮੈਨੂੰ ਤਾਂ ਕੇਵਲ ਇਕ ਪ੍ਰਭੂ ਜੀ ਦਾ ਨਾਮ ਹੀ ਚੰਗਾ ਲੱਗਦਾ ਹੈ ਭਾਵ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰਕੇ ਉਸ ਅਟੱਲ ਪ੍ਰਭੂ ਜੀ ਦੇ ਨਿਯਮਾਂ ਨੂੰ ਸਮਝਕੇ ਉਸ ਅਨੁਸਾਰ ਜੀਵਨ ਬਣਾਉਣ ਨਾਲ ਹੀ ਮਨ ਦੀ ਤਸੱਲੀ ਹੁੰਦੀ ਹੈ ਨਾ ਕਿ ਨਿਰ੍ਹਾ ਹੱਥ ਉਪਰ ਹੱਥ ਰੱਖ ਮਾਲਾ ਫੇਰਨ ਅਤੇ ਮੰਗਾਂ ਮੰਗਣ ਨਾਲ ਜੀਵਨ ਕੋਈ ਗਿਆਨਵਾਨ ਬਣ ਸਕਦਾ ਹੈ।

ਮਨੁ ਮਾਨਿਆ ਤਉ ਹਰਿ ਜਾਨਿਆ ॥4॥11॥

ਉਚਾਰਨ ਸੇਧ :- ਮਨ ਮਾਨਿਆ, ਤਉ ਹਰ ਜਾਨਿਆਂ ॥4॥11॥
ਪਦ ਅਰਥ :- ਮਨੁ = ਸੋਚ, ਵੀਚਾਰ । ਮਾਨਿਆ = ਮੰਨ ਗਿਆ, ਪਤੀਜ਼ ਗਿਆ, ਨਿਰੋਲ ਸੱਚ ਦਾ ਪਤਾ ਲੱਗ ਗਿਆ । ਤਉ = ਤਾਂ ਹੀ । ਹਰਿ = ਰੱਬ ਜੀ ਨੂੰ, ਨਿਰੋਲ ਅਟੱਲ ਦੇ ਨਿਯਮਾਂ ਨੂੰ । ਜਾਨਿਆ = ਸਮਝਿਆ, ਪਤਾ ਲੱਗਾ। 4।11।
ਅਰਥ :- ਭਗਤ ਜੀ ਸ਼ਬਦ ਦੀ ਆਖਰੀ ਲਾਈਨ ਵਿੱਚ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਨੇ ਗੁਰ ਗਿਆਨ ਰਾਹੀਂ ਉਸ ਰੱਬ ਜੀ ਦੇ ਅਟੱਲ ਨਿਯਮਾਂ ਨੂੰ, ਨਿਰੋਲ ਸੱਚ ਨੂੰ ਜਾਣਿਆਂ, ਸਮਝਿਆ, ਉਸ ਨੂੰ ਅਸਲ ਸੱਚ ਦਾ ਪਤਾ ਲੱਗਾ, ਉਸ ਦਾ ਮਨ ਹੀ ਮੰਨਿਆਂ ਭਾਵ ਉਸ ਦਾ ਜੀਵਨ ਹੀ ਗਿਆਨਵਾਨਾਂ ਵਾਲਾ ਬਣਿਆਂ ਨਾ ਕਿ ਕਿਸੇ ਤਰ੍ਹਾਂ ਦੀਆਂ ਗਰਜ਼ਾ ਨਾਲ ਜੁੜੀ ਹੋਈ ਬੰਦਗੀ ਕੀਤਿਆਂ ਕੋਈ ਪ੍ਰਾਪਤੀ ਹੁੰਦੀ ਹੈ। ਸੋ ਇਸ ਸ਼ਬਦ ਰਾਹੀਂ ਕਿਸੇ ਵੀ ਤਰ੍ਹਾਂ ਦੀ ਆਰਤੀ ਕਰਨ ਵਾਸਤੇ ਸਿਖਿਆ ਨਹੀਂ ਹੈ ਜਿਹੜੀ ਕਿ ਅਸੀਂ ਮੰਨੀ ਬੈਠੇ ਹਾਂ ਅਤੇ ਨਿਤਾ ਪ੍ਰਤੀ ਕਰੀ ਜਾ ਰਹੇ ਹਾਂ ਅਤੇ ਨਾ ਹੀ ਹੱਥ ਉਪਰ ਹੱਥ ਰੱਖ ਕਿਸੇ ਤਰ੍ਹਾਂ ਮੰਗਣ ਨਾਲ ਕਿਸੇ ਵਸਤੂ ਦੀ ਪ੍ਰਾਪਤੀ ਹੋ ਸਕਦੀ ਹੈ।4।11।

ਗੁਰੂ ਗ੍ਰੰਥ ਸਾਹਿਬ ਦੇ ਖਾਲਸੇ ਦਾ ਸੇਵਾਦਾਰ
ਕੁਲਵੰਤ ਸਿੰਘ ਭੰਡਾਲ ਯੂ ਕੇ