ਜਪੁ ਬਾਣੀ – ਅਰਥ ਭਾਵ ਉਚਾਰਣ ਸੇਧਾਂ ਸਹਿਤ (ਭਾਗ 01)

0
20

A A A

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਉਚਾਰਣ ਸੇਧ :- ਇਸ ਦਾ ਸ਼ੁਧ ਉਚਾਰਣ ” ਇਕ ਓਅੰਕਾਰ “ ਹੈ।
ਪਦ ਅਰਥ :- ੴ = ਇਹ ਸਮਾਸੀ ਸ਼ਬਦ ਹੈ, ਓਅੰ ਅਤੇ ਅਕਾਰ ਦਾ ਸੰਧੀ ਰੂਪ ਹੈ, ਇਸਦੇ ਅਰਥ ਭਾਈ ਸਾਹਿਬ ਭਾਈ ਗੁਰਦਾਸ ਅਨੁਸਾਰ ਇਸ ਪ੍ਰਕਾਰ ਹਨ :-
” ਸਿਰਜਨਵਾਲਾ ਅਤੇ ਵਿਆਪਕ ਸੱਤਾ ਸੰਪੰਨ ਬ੍ਰਹਮ ਕੇਵਲ ਇਕ ਹੈ “।
੧ = ਚਿੰਨ੍ਹ ‘੧’ ਮੂਲ ਰੂਪ ਵਿਚ ਗਣਿਤ ਵਿਦਿਆ ਦਾ ਮੁੱਢਲਾ ਅੰਕ ਹੈ ਪਰ ਮੂਲ ਮੰਤ੍ਰ ਵਿਚ ਆਏ ਇਸ ਚਿੰਨ੍ਹ ਦੀ ਮਹਁਤਤਾ ਗਣਿਤ ਵਿਦਿਆ ਦੇ ਪੱਖ ਤੋਂ ਨਹੀਂ ਹੈ ਇਥੇ ਇਹ ਏਕੰਕਾਰ ਬ੍ਰਹਮ ਅਦੁੱਤੀ ਹੈ ਉਸ ਵਰਗਾ ਹੋਰ ਕੋਈ ਨਹੀਂ ਦਾ ਸੰਕੇਤ ਕਰਦਾ ਹੈ, ਸਨਾਤਨੀ ਵਿਚਾਰਧਾਰਾ ਵਾਲੇ ਵਿਦਵਾਨ ‘ ਓਅੰ ‘ ਸ਼ਬਦ ਦੇ ਤਿੰਨਾਂ ਅੱਖਰਾਂ (ਓ, ਅ,ਮ) ਨੂੰ ਬ੍ਰਹਮਾ ਬਿਸ਼ਨ ਮਹੇਸ਼ ਦਾ ਲਖਾਇਕ ਮੰਨਦੇ ਹਨ ਪਰ ਗੁਰਮਤਿ ਦੀ ਵਿਚਾਰਧਾਰਾ ਇਹ ਹੈ ਕਿ ਜਗਤ ਦਾ ਰਚਨਹਾਰ ,ਪਾਲਨਹਾਰ ਅਤੇ ਸੰਘਾਰ ਕਰਤਾ ਕੇਵਲ ਇਕ ਪਾਰਬ੍ਰਹਮ ਹੀ ਹੈ।

ਸਤਿ ਨਾਮੁ

ਉਚਾਰਣ ਸੇਧ :- ਸਤਿ ਨਾਮ ( ਇਸਦਾ ਉਚਾਰਣ ਅਲਗ ਅਲਗ ਕਰਨਾ ਹੈ , ਇਕੱਠਾ ਨਹੀਂ )
ਪਦ ਅਰਥ :- ਨਾਮੁ = ਨਾਂ , ਨਾਮ ( ਲਫ਼ਜ਼ ‘ ਨਾਮੁ ‘ ਇੱਕ ਵਚਨ ਪੁਲਿੰਗ ਨਾਂਵ ਹੈ ) ।  ਸਤਿ = ਹੋਂਦ ਵਾਲਾ (ਵਿਸ਼ੇਸ਼ਨ ਹੈ ) ‘ ਸਤਿ ‘ ਪਦ ਸੰਸਕ੍ਰਿਤ ਦੇ ‘ ਸਤਯ ‘ ਤੋਂ ਬਣਿਆਂ ਹੈ ।
ਅਰਥ :- ਸਦਾ ਅਟੱਲ ਰਹਿਣ ਵਾਲੇ ‘ ਇਕ ਓਅੰਕਾਰ ਬ੍ਰਹਮ ‘ ਦਾ ਨਾਮ ਵੀ ਸਦੀਵੀ ਹੋਂਦ ਵਾਲਾ ਹੈ।

ਕਰਤਾ ਪੁਰਖੁ

ਉਚਾਰਣ ਸੇਧ :- ਕਰਤਾ-ਪੁਰਖ
ਪਦ ਅਰਥ :- ਕਰਤਾ = ਕਰਨ ਵਾਲਾ , ਕਰਨਹਾਰ ( ਕਰਤਾ ਪਦ ‘ ਪੁਰਖੁ ‘ ਦਾ ਵਿਸ਼ੇਸ਼ਣ ਨਹੀਂ ਹੈ ਇਕ ਸੁਤੰਤਰ ਸ਼ਬਦ ਹੈ ) । ਪੁਰਖੁ = ਵਿਆਪਕ , ਰਮਿਆ ਹੋਇਆ , ਪਸਰਿਆ ਹੋਇਆ , ਸਮਾਇਆ ਹੋਇਆ ( ‘ ਪੁਰਖੁ ‘ ਨਾਂਵ ਹੈ ਅਤੇ ਸੰਸਕ੍ਰਿਤ ਦਾ ਸ਼ਬਦ ਹੈ ) ।
ਅਰਥ :-  ‘ ਇਕ ਓਅੰਕਾਰ ਬ੍ਰਹਮ ‘ ਸਾਰੀ ਰਚਨਾ ਦਾ ਕਰਨਹਾਰ ਹੈ ਅਤੇ ਆਪਣੀ ਰਚਨਾ ਵਿਚ ਵੀ ਵਿਆਪਕ ਹੈ ਭਾਵ ਕਣ-ਕਣ ਵਿੱਚ ਸਮਾਇਆ ਹੋਇਆ ਹੈ ।

ਨਿਰਭਉ

ਪਦ ਅਰਥ :- ਨਿਰਭਉ = ਨਿਰ+ਭਉ  ( ਨਿਰ = ਰਹਿਤ , ਬਿਨਾ ), ( ਭਉ = ਡਰ । ਭਉ ਪਦ ਨਾਂਵ ਹੈ ) , ਜੁੜਤਪਦ ‘ ਨਿਰਭਉ ‘ ਦੇ ਅਰਥ ਹਨ ‘ ਡਰ ਤੋਂ ਰਹਿਤ ‘ ।
ਅਰਥ :- ‘ ਇਕ ਓਅੰਕਾਰ ਬ੍ਰਹਮ ‘ ਡਰ ਤੋਂ ਰਹਿਤ ਹੈ ਕਿਉਂਕਿ ਉਸ ਜਿੱਡਾ ਕੋਈ ਹੋਰ ਹੈ ਈ ਨਹੀਂ ।

ਨਿਰਵੈਰੁ

ਪਦ ਅਰਥ :- ਨਿਰਵੈਰੁ = ਨਿਰ+ਵੈਰ ( ਨਿਰ = ਰਹਿਤ , ਬਿਨਾ ), ( ਵੈਰ = ਵੈਰ ਭਾਵਨਾ । ਵੈਰ ਪਦ ਨਾਂਵ ਹੈ ) , ਜੁੜਤਪਦ ‘ ਨਿਰਵੈਰ ‘ ਦੇ ਅਰਥ ਹਨ ‘ ਵੈਰ ਭਾਵਨਾ ਤੋਂ ਰਹਿਤ ‘ ।
ਅਰਥ :- ‘ ਇਕ ਓਅੰਕਾਰ ਬ੍ਰਹਮ ‘ ਵੈਰ ਭਾਵਨਾ ਤੋਂ ਰਹਿਤ ਹੈ ਕਿਉਂਕਿ ਉਸ ਤੋਂ ਵੱਖਰਾ ਕੋਈ ਨਹੀਂ ।

ਅਕਾਲ ਮੂਰਤਿ

ਉਚਾਰਣ ਸੇਧ :- ਅਕਾਲ-ਮੂਰਤ ( ਪਾਠ ਇੱਕਠਾ ਕਰਨਾ ਹੈ ) ।
ਪਦ ਅਰਥ :- ਅਕਾਲ = ਅ+ਕਾਲ ( ਕਾਲ ਦਾ ਵਿਪਰੀਤ ) , ਕਾਲ = ਸਮਾਂ , ਸਮੇਂ ਦੀ ਬੰਦਿਸ਼ , ਅਕਾਲ = ਸਮੇਂ ਦੀ ਬੰਦਿਸ਼ ਤੋਂ ਬਾਹਰ , ਜਿਸ ਤੇ ਸਮੇਂ ਦਾ ਕੋਈ ਅਸਰ ਨਹੀਂ । ਮੂਰਤਿ = ਹਸਤੀ, ਸਰੂਪ ( ਮੂਰਤਿ ਪਦ ਇਸਤਰੀਲਿੰਗ ਹੈ ਅਤੇ ਇਹ ਪਦ ਸੰਸਕ੍ਰਿਤ ਦਾ ਹੈ , ਇਸਦਾ ਵਿਸ਼ੇਸ਼ਣ ‘ ਅਕਾਲ ‘ ਹੈ )।
ਅਰਥ :-  ‘ ਇਕ ਓਅੰਕਾਰ ਬ੍ਰਹਮ ‘ ਦੀ ਅਦੁਤੀ ਹਸਤੀ ਜੋ ਸਮੇਂ ਵਿਚ ਸੀਮਤ ਨਹੀਂ , ਦੇਸ਼ ਕਾਲ ਤੋਂ ਸੁਤੰਤਰ ਹੈ ।

ਨੋਟ :-

ਅਕਾਲ = ‘ ਮੂਰਤਿ ‘ ਪਦ ਇਸਤਰੀਲਿੰਗ ਹੈ ਅਤੇ  ‘ ਅਕਾਲ ‘ ਇਸ ਦਾ ਵਿਸ਼ੇਸ਼ਣ ਹੈ, ਇਸ ਲਈ ਇਹ ਵੀ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ । ਜੇ ਸ਼ਬਦ ‘ ਅਕਾਲ ‘ ਇਕੱਲਾ ਹੀ ‘ ਪੁਰਖੁ ‘, ‘ ਨਿਰਭਉ ‘, ‘ ਨਿਰਵੈਰੁ ‘ ਵਾਂਗ ੴ ਦਾ ਗੁਣ-ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿੱਚ ਹੁੰਦਾ ; ਤਾਂ ਇਸ ਦੇ ਅੰਤ ਵਿਚ (  ੁ ) ਹੁੰਦਾ ।

ਮੂਰਤਿ = ਗੁਰਬਾਣੀ ਵਿਚ ‘ ਮੂਰਤ ‘ ਪਦ ਤਿੰਨ ਰੂਪਾਂ ਵਿਚ ਆਇਆ ਹੈ :-

੧. ਮੂਰਤੁ = ਇਹ ਪਦ ਗੁਰਬਾਣੀ ਵਿਚ ਕੇਵਲ (9) ਵਾਰ ਆਇਆ ਹੈ ਵਿਆਕਰਣ ਅਨੁਸਾਰ ਇਹ ਇਕਵਚਨ ਪੁਲਿੰਗ ਨਾਂਵ ਹੈ ਇਸਦਾ ਅਰਥ ਹੈ  ‘ ਸਮਾਂ ‘ ਅਤੇ ਲਫਜ ‘ ਮਹੂਰਤ ‘ ਦਾ ਸੰਖੇਪ ਰੂਪ ਹੈ :
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰ  ( ਪੰਨਾ44 )

੨. ਮੂਰਤ = ਇਹ ਪਦ ਗੁਰਬਾਣੀ ਵਿਚ (11) ਵਾਰ ਆਇਆ ਹੈ ਇਹ ਭੀ ‘ ਮਹੂਰਤ ‘ ਦਾ ਸੰਖੇਪ ਰੂਪ ਅਤੇ ਪੁਲਿੰਗ ਨਾਂਵ ਬਹੁਵਚਨ ਹੈ ਇਸਦਾ ਅਰਥ ਹੈ ‘ ਦੋ ਘੜੀਆਂ ਦਾ ਸਮਾ ‘ :
ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ  (ਪੰਨਾ 99 )

੩. ਮੂਰਤਿ = ਸੋ ਮੂਲਮੰਤ੍ਰ ਵਿਚਲਾ  ‘ ਮੂਰਤਿ ‘ ਪਦ ਗੁਰਬਾਣੀ ਵਿਚ (99) ਵਾਰ ਆਇਆ ਹੈ ਸੰਸਕ੍ਰਿਤ ਦਾ ਪਦ ਹੈ ਇਸਦਾ ਅਰਥ ਹੈ ਉਸ ਦੀ ਅਦੁਤੀ ਹਸਤੀ ਜੋ ਸਮੇ ਵਿਚ ਸੀਮਤ ਨਹੀਂ  ਦੇਸ਼ ਕਾਲ ਤੋਂ ਸੁਤੰਤਰ ਹੈ ਕਈ ਭੋਲੇ ਭਾਲੇ ਜਾਂ ਪੰਖਡੀਆਂ ਵਲੋਂ ਪ੍ਰੇਰੇ ਹੋਏ ਵੀਰ ਬਣਾਉਟੀ ਮੂਰਤਾਂ ਨੂੰ ਅਕਾਲ ਮੂਰਤਿ ਮੰਨ ਕੇ ਉਸ ਦੀ ਪੂਜਾ ਵਿਚ ਪਰਵਿਰਤ ਹੋ ਜਾਂਦੇ ਹਨ ਇਹ ਬਿਲਕੁਲ ਗੁਰਮਤਿ ਵੀਚਾਰਧਾਰਾ ਤੋਂ ਉਲਟ ਹੈ ਅਤੇ ਮਨਮਤਿ ਹੈ । ‘ ਅਕਾਲ ਮੂਰਤਿ ‘ ਦਾ ਭਾਵ ਸਤਿਗੁਰੂ ਦਾ ਆਚਰਨ ਦਾ ਰੂਪ ਮਨ ਵਿਚ ਵਸਾਏ  (vision of HIS personality)  -: ” ਮਾਨੁਖ ਕਾ ਕਰਿ ਰੂਪੁ ਨ ਜਾਨੁ ॥ ਮਿਲੀ ਨਿਮਾਨੇ ਮਾਨੁ ॥੨॥ ” ( ਪੰਨਾ 895)
ਜੇਕਰ ਰੱਬ ਜੀ ਦੀ ਮੂਰਤਿ ਦੇ ਦਰਸ਼ਨ ਕਰਣੇ ਹੋਣ ਤਾਂ ਦ੍ਰਿਸ਼ਟਮਾਨ ਵਿਸ਼ਵ ਸੰਸਾਰ ਸਭ ਹਰੀ ਦਾ ਹੀ ਰੂਪ ਹੈ : ” ਸਫਲ ਦਰਸਨੁ ਅਕਾਲਿ ਮੂਰਤਿ, ਪ੍ਰਭ ਹੈ ਭੀ ਹੋਵਨ ਹਾਰਾ ” ( ਪੰਨਾ 609 )

ਅਜੂਨੀ

ਪਦ ਅਰਥ :- ਜੂਨਾਂ ਵਿੱਚ ਨਾ ਆਉਣਾ ਵਾਲਾ , ਇਸ ਵਿਚ ‘ ਅ ‘ ਅਗੇਤਰ ਹੈ ‘ ਅ+ਜੂਨੀ ‘ ( ਜੂਨੀ ਦਾ ਵਿਪਰੀਤ )।
ਅਰਥ :-  ‘ ਇਕ ਓਅੰਕਾਰ ਬ੍ਰਹਮ ‘ ਭਾਵ ਰੱਬ ਜੀ ਜੂਨ ਜਨਮ ਤੋਂ ਰਹਿਤ ਹੈ । ਜਿਹੜੇ ਪੁਰਸ਼ ਭੁਲ ਕੇ ਕਰਤਾ ਪੁਰਖ ਨੂੰ ਜਨਮ ਤੇ ਜੂਨੀਆਂ ਵਿਚ ਆਉਣ ਵਾਲਾ ਦਸਦੇ ਹਨ ਉਹਨਾਂ ਦੀ ਰਸਨਾ ਹੀ ਕਿਉਂ ਨਾ ਸੜ ਜਾਏ !  ਵਾਹਿਗੁਰੂ ਜੀ ਇਸ ਕਰਕੇ ਆਪ ਅਜੂਨੀ ਹੈ ਕਿਉਂਕਿ ਉਹ ਆਪ ਕਰਤਾ ਪੁਰਖੁ ਹਨ ਅਤੇ ਉਸ ਨੂੰ ਜਨਮ ਦੇਣ ਵਾਲਾ ਕੋਈ ਮਾਤਾ ਪਿਤਾ ਨਹੀਂ ।

ਸੈਭੰ

ਉਚਾਰਣ ਸੇਧ :- ਇਸਦਾ ਉਚਾਰਣ ਇਕੱਠਾ ਹੈ , ਅਲਗ ਅਲਗ ਕਰਕੇ ਪੜ੍ਹਣਾ ਅਸ਼ੁਧ ਹੈ ।
ਪਦ ਅਰਥ :- ਸੁਤੇ ਪ੍ਰਕਾਸ਼ ,ਆਪਣੇ ਆਪ ਤੋਂ ਹੋਣ ਵਾਲਾ , ਇਹ ਸ਼ਬਦ ਸੰਸਕ੍ਰਿਤ ਦੇ ” ਸ੍ਵਯੰ+ਭੂ ” ਤੋਂ ਬਣਿਆਂ ਹੈ ।
ਅਰਥ :-  ‘ ਇਕ ਓਅੰਕਾਰ ਬ੍ਰਹਮ ‘ ਆਪਣੇ ਆਪ ਤੋਂ ਪੈਦਾ ਹੋਇਆ ਹੈ । ” ਅਕਾਲ ਮੂਰਤਿ ਪਰਤਖਿ ਸੋਇ ਨਾਉ ਅਜੂਨੀ ਸੈਭੰ ਭਾਇਆ ” ( ਭਾਈ ਗੁਰਦਾਸ ਜੀ )
{ ਭਾਈ ਵੀਰ ਸਿੰਘ ਜੀ ਦੁਆਰਾ ਕੀਤੇ ਅਰਥ ਢੁਕਦੇ ਨਹੀਂ }

ਗੁਰ ਪ੍ਰਸਾਦਿ

ਉਚਾਰਣ ਸੇਧ :- ਗੁਰ ਪ੍ਰਸਾਦ , ( ਪ੍ਰਸ਼ਾਦ = ਸ਼ ਪੈਰ ਬਿੰਦੀ ਲਾ ਕੇ ਪਾਠ ਕਰਨਾ ਅਸ਼ੁਧ ਹੈ )
ਪਦ ਅਰਥ :- ਗੁਰ = ਗੁਰੂ ਦੀ । ਪ੍ਰਸਾਦਿ = ਕਿਰਪਾ । ਇਹ ਸਮਾਸੀ ਸ਼ਬਦ ਹੈ ਪਦ ‘ ਗੁਰ ‘ ਨਾਂਵ ਹੈ ਅਤੇ ਵਿਚ ‘ ਦੀ ‘ ਸੰਬੰਧਕੀ ਆਉਣ ਕਾਰਣ ਇਸ ਦੀ ਔਂਕੜ ਹਟ ਗਈ ਹੈ ‘ ਪ੍ਰਸਾਦਿ ‘ ਇਸਤਰੀਲਿੰਗ ਹੈ ਜਿਸ ਦੇ ਅੰਤਲੇ ਅੱਖਰ ਨਾਲ ਸਿਹਾਰੀ ਲਗਣ ਕਾਰਕੇ ਕਰਣ ਕਾਰਕ ਦਾ ਵਾਚਕ ਬਣ ਗਈ ਹੈ ।
ਅਰਥ :- ਇਸ ਸੰਯੁਕਤ ਸ਼ਬਦ ਦੇ ਗੁਰਬਾਣੀ ਵਿਆਕਰਣ ਅਨੁਸਾਰ ਅਰਥ ” ਗੁਰੂ ਦੀ ਕਿਰਪਾ ਨਾਲ, ਰਾਹੀਂ /ਦੁਆਰਾ ” ਬਣਦੇ ਹਨ  । ਭਾਵ , ਰੱਬ ਜੀ ਦਾ ਗਿਆਨ ਅਤੇ ਉਸ ਦੀ ਪ੍ਰਾਪਤੀ ਗੁਰੂ ਦੇ ਪ੍ਰਸਾਦ ਦੁਆਰਾ ਹੀ ਸੰਭਵ ਹੈ ।

ਨੋਟ :- ਕਈ ਵਿਦਵਾਨ ‘ ਗੁਰ ਪ੍ਰਸਾਦਿ ‘ ਦੇ ਇਹ ਅਰਥ ਕਰਦੇ ਹਨ :
ਗੁਰ = ਪਰਮ ਗੁਰੂ (ਬ੍ਰਹਮ)
ਪ੍ਰਸਾਦਿ = (ਬ੍ਰਹਮ) ਕਿਰਪਾ ਸਰੂਪ ਹੈ
ਇਹ ਅਰਥ ਗੁਰਬਾਣੀ ਵਿਆਕਰਣ ਦੇ ਪੱਖੋਂ ਅਸ਼ੁਧ ਹਨ, ਇਹ ਅਰਥ ਤਾਂ ਹੀ ਬਣ ਸਕਦੇ ਸਨ ਜੇ ਦੋਹਾਂ ਸ਼ਬਦਾਂ ਦਾ ਸਰੂਪ ਇਹ ਹੁੰਦਾ -: ‘ ਗੁਰੁ ‘ ਅਤੇ ‘ ਪ੍ਰਸਾਦੁ ‘ , ਜੋ ਕਿ ਨਹੀਂ ਹੈ।

‘ ਗੁਰ ‘ ਗੁਰਮਤਿ ਸਿਧਾਂਤ ਅਤੇ ਗੁਰਮਤਿ ਮਾਰਗ ਦਾ ਮੂਲ ਆਧਾਰ ਹੈ । ‘ ਗੁਰੂ ‘ ਦਾ ਅਰਥ ਹੈ ‘ ਅੰਨ੍ਹੇਰੇ ਵਿਚ ਚਾਨਣ ਕਰਨ ਵਾਲਾ ‘ ਅਧਿਆਤਮ ਮਾਰਗ ਦੇ ਪਾਂਧੀ ਜਗਿਆਸੂ ਦੀ ਮੂਲ ਸਮੱਸਿਆ ਹੀ ਅਗਿਆਨਤਾ ਅੰਨ੍ਹੇਰਾ ਹੈ। ‘ ਗੁਰੂ ‘ ਤ੍ਰਿਭਵਣੀ ਸੰਸਾਰ ਤੋਂ ਤਮ ਅੰਧਾਰ ਵਿਚੋਂ ਛੁਟਕਾਰਾ ਦਿਵਾਉਣ ਵਾਲਾ ਗਿਆਨ ਦੀਪਕ ਹੈ । ਗੁਰੂ ਜੀਵ ਵਣਜਾਰਿਆਂ ਲਈ ਅਜੇਹਾ ਸ਼ਾਹ ਹੈ ਜੋ ਅਉਗਣਾਂ ਦੇ ਵੱਟੇ ਗੁਣ ਪ੍ਰਦਾਨ ਕਰਦਾ ਹੈ । ਬ੍ਰਹਮ ਅਤੇ ਗੁਰੂ ਤਾਣੇ ਪੇਟੇ ਵਾਂਗ ਓਤਿ ਪੋਤਿ ਹਨ । ਭਾਈ ਗੁਰਦਾਸ ਜੀ ਅਨੁਸਾਰ  ਸਤਿਗੁਰੂ ਦੇ ਹਿਰਦੇ ਵਿਚ ਸ਼ਬਦ ਸਮਾਇਆ ਹੁੰਦਾ ਹੈ ਅਤੇ ਵਿਚ ਸਤਿਗੁਰੂ ਭਾਵ ਸਤਿਗੁਰੂ ਅਤੇ ਸ਼ਬਦ ਪਰਸਪਰ ਓਤਿ ਪੋਤਿ ਹਨ ਅਤੇ ਸ਼ਬਦ ਹੀ ਸਤਿਗੁਰੂ ਦੀ ਮੂਰਤਿ ਹੈ ਇਹ ਸੂਖਮ ਭੇਤ ਸ਼ਬਦ ਵਿਚ ਸੁਰਤਿ ਜੋੜਿਆਂ ਹੀ ਸਮਝ ਪੈਂਦਾ ਹੈ :-

ਸਤਿਗੁਰ ਮੈ ਸਬਦੁ ਸਬਦੁ ਮੈ ਸਤਿਗੁਰ ਹੈ
ਨਿਰਗੁਨ ਗਿਆਨ ਧਿਆਨ ਸਮਝਾਵੈ ਜੀ        (ਕਬਿੱਤ ਭਾਈ ਗੁਰਦਾਸ)

ਇਕ ਓਅੰਕਾਰ ਤੋਂ ਗੁਰ ਪ੍ਰਸਾਦਿ ਤਕ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਜਪੁ ਬਾਣੀ ਦਾ ਸਾਂਝਾ ਮੰਗਲ ਹੈ, ਜਿਸ ਨੂੰ ਸਿਧਾਂਤਕ ਸ਼ਬਦਾਵਲੀ ਵਿਚ ‘ ਮੂਲ ਮੰਤ੍ਰ ਦੀ ਸੰਗਿਆ ਦਿੱਤੀ ਜਾਂਦੀ ਹੈ । ਇਸ ਮੂਲ ਮੰਤ੍ਰ ਦੇ ਸਤ ਸ਼ਬਦ ਜੋਟੇ ਹਨ, ਪਹਿਲੇ ਛੇ ਸ਼ਬਦ ਜੋਟਿਆਂ ਵਿਚ ਵਿਆਪਕ ਬ੍ਰਹਮ ਦਾ ਗੁਣਾਤਮਿਕ ਸ਼ਬਦੀ ਚਿੱਤਰ ਨਿਰੂਪਣ ਕੀਤਾ ਹੈ, ਸਤਵੇਂ ਵਿਚ ਬ੍ਰਹਮ ਅਤੇ ਉਸਦੀ ਪ੍ਰਾਪਤੀ ਦਾ ਸਾਧਨ ਦਸਿਆ ਹੈ।

ਕਈ ਵੀਰ ਮੂਲ ਮੰਤ੍ਰ ਦਾ ਅਕਾਰ ਇਕ ਓਅੰਕਾਰ ਤੋਂ ‘ ਨਾਨਕ ਹੋਸੀ ਭੀ ਸਚੁ ‘ ਤੱਕ ਮੰਨਦੇ ਹਨ, ਉਹਨਾਂ ਦੀ ਇਹ ਧਾਰਨਾ ਠੀਕ ਨਹੀਂ । ਆਰੰਭ ਵਿਚ ਆਇਆ ਮੂਲ ਮੰਤ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਜਪੁ ਬਾਣੀ ਦਾ ਮੰਗਲ ਹੈ ਇਹ ਮੂਲ ਮੰਤ੍ਰ ਗੁਰੂ ਗ੍ਰੰਥ ਸਾਹਿਬ ਵਿਚ ਹਰੇਕ ਰਾਗ ਨਾਲ ਸੰਬੰਧਤ ਬਾਣੀ ਦੇ ਆਰੰਭ ਵਿਚ ਅਤੇ ਰਾਗ ਮੁਕਤ ਬਾਣੀ ਦੇ ਆਰੰਭ ਵਿਚ ਵੀ ਆਉਂਦਾ ਹੈ। ਸਾਰੀ ਥਾਂ ਇਸ ਦਾ ਸਰੂਪ ‘ ਇਕ ਓਅੰਕਾਰ ਤੋਂ ਕੇ ‘ ਗੁਰ ਪ੍ਰਸਾਦਿ ‘ ਤਕ ਹੀ ਹੈ । ਸੰਖੇਪ ਰੂਪ ਵਿਚ ਵੱਖ ਵੱਖ ਥਾਈਂ ਇਹ ਮੂਲ ਮੰਤ੍ਰ ਲਗ ਪਗ 567 ਵਾਰ ਆਇਆ ਹੈ ਹਰ ਥਾਵੇਂ ‘ ਗੁਰ ਪ੍ਰਸਾਦਿ ‘ ਤਕ ਹੀ ਹੈ।

ਮੂਲ ਮੰਤ੍ਰ ਵਿਚ ਵਿਆਪਕ ਬ੍ਰਹਮ ਦੇ ਸ਼ਬਦੀ ਚਿਤਰ ਦੁਆਰਾ ਉਸ ਪਰਮ ਚੇਤਨਾ ਦਾ ਸਰੂਪ ਸੱਚ ਨਿਰੂਪਣ ਕੀਤਾ ਹੋਇਆ ਹੈ ਅਤੇ ਉਸ ਦੇ ਮੂਲ ਗੁਣ ਦਰਸਾ ਕੇ ਉਸ ਦੀ ਗਿਆਨ ਪ੍ਰਾਪਤੀ ਅਤੇ ਮਿਲਾਪ ਦੇ ਗੁਰੂ ਦੀ ਕਿਰਪਾ ਵਲ ਸੰਕੇਤ ਹੈ ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ‘
Khalsasingh.hs@gmail.com

ਪਾਠ ਸੁਣੋ [audio:http://www.singhsabhacanada.com/wp-content/uploads/2014/08/mool-mantra.mp3]