ਪਾਠੰਤਰ ਵੀਚਾਰ – ਭਾਗ ੦੨

0
10

A A A

4. ਦਰਸ ਰੀਤਾ / ਦਰ ਸਰੀਤਾ

ਵੀਚਾਰ ਅਧੀਨ ਪੰਗਤੀ : ਕਵਨ ਵਡਾਈ ਕਹਿ ਸਕਉ, ਬੇਅੰਤ ਗੁਨੀਤਾ ਕਰਿ ਕਿਰਪਾ ਮੁਹਿ ਨਾਮੁ ਦੇਹੁ, ਨਾਨਕ ਦਰਸ ਰੀਤਾ ॥  (ਪੰਨਾ 809 )

ਕਈ ਵਿਦਵਾਨ ਇਸ ਪੰਕਤੀ ਦੇ ਪਿਛਲੇ ਅਧੇ ਹਿਸੇ ਦਾ ਪਾਠ ‘ ਨਾਨਕ ਦਰ ਸਰੀਤਾ ‘ ਵਾਂਗ ਪਦਛੇਦ ਕਰਕੇ ਕਰਦੇ ਹਨ। ਜਦ ਕੇ ਸ਼ਬਦਾਰਥ ਅਤੇ ਮਹਾਨ ਕੋਸ਼ ਵਿਚ ਪਾਠ ਦਾ ਪਦਛੇਦ  ‘ ਦਰਸ ਰੀਤਾ ‘ ਵਾਂਗ ਕੀਤਾ ਹੈ ਅਤੇ ਅਰਥ ‘ ਦਰਸ਼ਨ ਤੋਂ ਖਾਲੀ ‘ ਕੀਤੇ ਹਨ ਜੋ ਕਿ ਦਰੁਸੱਤ ਹਨ। ਪ੍ਰੋ. ਸਾਹਿਬ ਸਿੰਘ ਜੀ (ਦਿਲ ਤੋਂ ਮੇਰੇ ਲਈ ਸਾਹਿਬ ਸਿੰਘ ਜੀ ਬੜੇ ਸਤਿਕਾਰ ਦੇ ਯੋਗ ਹਨ)  ਗੁਰੂ ਗ੍ਰੰਥ ਦਰਪਨ ਵਿਚ ਇਸ ਪ੍ਰਕਾਰ ਅਰਥ ਕੀਤੇ ਹਨ :
ਨਾਨਕ ਦਰ ਸਰੀਤਾ  = ਮੈਂ ਤੇਰੇ ਦਰ ਦਾ ਗੁਲਾਮ ਹਾਂ ।
ਉਪਰੋਕਤ ਅਰਥ ਅਤੇ ਪਾਠੰਤਰ ਗੁਰਬਾਣੀ ਵਿਆਕਰਨ ਦੇ ਲਗਮਾਤਰੀ ਨੇਮਾਂ ਅਧੀਨ ਸਹੀ ਨਹੀ ਹਨ । ਕਿਉਂਕਿ ‘ ਸਰੀਤਾ ‘ ਪਦ ਸੰਸਕ੍ਰਿਤ ਦਾ ਹੈ ਜਿਸ ਦੇ ਅਰਥ ਹਨ = ਆਪ ਖੋਹ ਕੇ ਲਿਆਂਦੀ ਹੋਈ, ਗੋਲੀ ( ਦਾਸੀ , ਸੇਵਕਾ ) ‘ ਅਤੇ ਨੇਮਾਂ ਅਧੀਨ  ‘ ਸਰੀਤਾ ‘ ਇਸਤ੍ਰੀ ਵਾਚਕ ਸ਼ਬਦ ਹੈ, ਜੇ ਪੁਲਿੰਗ ਹੁੰਦਾ ਤਾਂ ਭੀ ਉਪਰੋਕਤ ਅਰਥਾਂ ਦੀ ਕਿਆਸ ਲਾਈ ਜਾ ਸਕਦੀ ਸੀ। ਬਾਕੀ ਸ਼ਬਦ ਪ੍ਰਕਰਨ ਦੇਖੀਏ ਤਾਂ ਸਾਰੇ ਸ਼ਬਦ ਦੀ ਕਿਸੇ ਹੋਰ ਪੰਕਤੀ ਵਿਚ ਗੋਲਾ ਜਾਂ ਸੇਵਕ ਹੋਣ ਦਾ ਕੋਈ ਸੰਕੇਤ ਨਹੀ ਹੈ। ਇਸ ਕਰਕੇ ਹੀ ਮਹਾਨ ਕੋਸ਼, ਸ਼ਬਦਾਰਥ, ਗਿ. ਹਰਬੰਸ ਸਿੰਘ ਨੇ ਸ਼ੁਧ ਪਾਠ ” ਦਰਸ ਰੀਤਾ ” ਹੀ ਮੰਨਿਆਂ ਹੈ , ਅਤੇ ਅਰਥ ਇਸ ਪ੍ਕਾਰ ਕੀਤੇ ਹਨ : ਕਿਰਪਾ ਕਰਕੇ  ਮੈਂਨੂੰ ਆਪਣਾ ਨਾਮ (ਯਾਦ) ਬਖਸ਼ ਦਿਓ ਕਿਉਂਕਿ ਨਾਨਕ ਦਰਸ਼ਨ ਤੋਂ ਖ਼ਾਲੀ ਹੈ।

5. ਬਾਲਤਣਿ

ਗੁਰਬਾਣੀ ਵਿਚ ‘ ਬਾਲਤਣਿ ’ ਲਫਜ਼ ਕੇਵਲ ਦੋ ਵਾਰ ਹੀ ਆਇਆ ਹੈ ਇਸ ਦੇ ਉਚਾਰਣ ਸੰਬੰਧੀ ਵਖ਼ਰੇਵਾਂ ਹੈ, ਪਹਿਲਾਂ ਪੰਗਤੀਆਂ ਦੇ ਦਰਸ਼ਨ ਕਰੀਏ :

੧) ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ (ਪੰਨਾ 138 )

੨) ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰੁ ਧਨ ਕੁਮਲਾਣੀ ॥ (ਪੰਨਾ 763 )

ਗੁਰਬਾਣੀ ਪਾਠ ਦਰਪਣ {ਪ੍ਰਕਾਸ਼ਕ ਗਿ. ਗੁਰਬਚਨ ਸਿੰਘ} ਵਿਚ ਇਸ ਸ਼ਬਦ ਦੇ ਉਚਾਰਣ ਸੰਬੰਧੀ ਇਹ ਸੂਚਨਾ ਦਿੱਤੀ ਹੈ ਕਿ ਉਪਰੋਕਤ ਪੰਗਤੀਆਂ ‘ਚੋਂ ਪਹਿਲੀ ਪੰਗਤੀ ਵਿਚ ਆਇਆ ‘ਬਾਲਤਣਿ’ ਦਾ ਉਚਾਰਣ ‘ਬਾਲਤੱਣਿ ’ ਅਤੇ ਦੂਜੀ ਪੰਗਤੀ ਵਿਚ ਅਧੱਕ ਰਹਿਤ ਉਚਾਰਣ ਦੀ ਸੂਚਨਾ ਦਿਤੀ ਹੈ। ਗਿ. ਹਰਬੰਸ ਸਿੰਘ ਜੀ ਨੇ ਉਪਰੋਕਤ ਸ਼ਬਦਾਂ ਨੂੰ ਅਧੱਕ ਰਹਿਤ ਉਚਾਰਣ ਦਸਿਆ ਹੈ। ਪਰ ਗੁਰਬਾਣੀ ਲਿਖਣਢੰਗ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਉਚਾਰਣ ਵਾਲੀ ਸਮੱਸਿਆ ਆਪਨੇ ਆਪ ਹੱਲ ਹੋ ਜਾਂਦੀ ਹੈ, ਗੁਰਬਾਣੀ ਵਿਚ ਏਸੇ ਸ਼੍ਰੇਣੀ ਦੇ ਸ਼ਬਦ ‘ ਭੋਲਤਣਿ, ਪੀਰਤਨ, ਸੂਰਤਣ, ਜੋਗਤਨ, ਕਉੜਤਣਿ ’ ਆਦਿਕ ਸ਼ਬਦ ਆਉਂਦੇ ਹਨ, ਇਹਨਾਂ ਸਮੂਹ ਸ਼ਬਦਾਂ ਦਾ ਉਚਾਰਣ ਵਿਸ਼ੇਸ਼ਣ ਰੂਪ ਵਿਚ ‘ ਬਾਲੱਤਣਿ, ਭੋਲੱਤਣਿ, ਪੀਰੱਤਨ, ਸੂਰੱਤਣ, ਜੋਗੱਤਨ, ਕਉੜੱਤਣਿ ’ ਅਧੱਕ ਸਹਿਤ ਕਰਣਾ ਚਾਹੀਦਾ ਜਿਸ ਨਾਲ ਕਾਵਿਕ ਸੁਮੇਲ ਭੀ ਬਣ ਜਾਂਦਾ ਹੈ, ਭਾਵ ਇਸ ਸ਼੍ਰੇਣੀ ਦੇ ਸ਼ਬਦ ਜਿਹਨਾਂ ਦੇ ਪਿਛੇਤਰ ‘ ਤਣਿ ’ ਲੱਗੇ ਉਹਨਾਂ ਦਾ ਉਹਨਾਂ ਸ਼ਬਦਾਂ ਦਾ ਉਚਾਰਣ ਅਧੱਕ ਸਹਿਤ ਕਰਨਾ ਚਾਹੀਦਾ ਹੈ।

ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ (ਪੰਨਾ 138 )
ਬਾਲਤਣਿ = {ਨਾਂਵ ਵਿਸ਼ੇਸ਼ਣ,ਅਧਿਕਰਨ ਕਾਰਕ} ਬਾਲਕਪਨ ਵਿਚ { ਪੰਜਾਬੀ ਵਿਚ ਬਾਲਪਨ ਦਾ ਦੂਜਾ ਰੂਪ } ਉਚਾਰਣ = ਬਾਲੱਤਣਿ ।

ਨਾਨਕ, ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥ (ਪੰਨਾ 763 )
ਬਾਲਤਣਿ = {ਨਾਂਵ ਵਿਸ਼ੇਸ਼ਣ ਅਧਿਕਰਣ ਕਾਰਕ} ਬਾਲ ਉਮਰ ਵਿਚ । ਉਚਾਰਣ = ਬਾਲਤੱਣਿ ।

ਇਸ ਤੋਂ ਅਲਾਵਾ ਗੁਰਬਾਣੀ ਵਿਚ ਇਹ ਸ਼ਬਦ ਭੀ ਆਉਂਦੇ ਹਨ ਜਿਹਨਾਂ ਦੇ ਪਿੱਛੇ ‘ ਪਨ ’ ਲਗਦਾ ਹੈ ਜਿਵੇਂ ‘ ਬਡਪਨਾ, ਡਾਹਪਣਿ, ਆਦਿ ਸ਼ਬਦਾਂ ਨੂੰ ਅਧੱਕ ਰਹਿਤ ‘ ਬਡਪਨਾ, ਡਾਹਪਣਿ ’ ਉਚਾਰਣਾ ਚਾਹੀਦਾ ਹੈ।

ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥ (ਪੰਨਾ 933 )
ਡਾਹਪਣਿ = {ਨਾਂਵ ਇਸਤਰੀ ਲਿੰਗ ਭਾਵਵਾਚਕ, ਵਿਸ਼ੇਸ਼ਣ, ਅਧਿਕਰਣ ਕਾਰਕ} ਦਾਹਪਣ ਤੋਂ ਡਾਹਪਣਿ, ਤ੍ਰਿਸ਼ਣਾ ਦੀ ਅੱਗ ਵਿਚ । ਉਚਾਰਣ = ਡਾਹਪਣਿ 

ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥ (ਪੰਨਾ 745 )
ਬਡਪਨਾ = {ਨਾਂਵ ਭਾਵ ਵਾਚਕ ਇਸਤਰੀ ਲਿੰਗ} ਵਡਿਆਈ । ਉਚਾਰਣ = ਬਡਪਨਾ ।

6. ਖਤੇਕਰ

ਵੀਚਾਰ ਅਧੀਨ ਪੰਗਤੀ : ਖਤਿਅਹੁ ਜੰਮੇ ਖਤੇ ਕਰਨਿ ਤ ਖਤੀਆ ਵਿਚਿ ਪਾਹਿ ॥ (ਪੰਨਾ 149 )

ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਪਾਵਨ ਪੰਕਤੀ ਇਸੇ ਤਰਾਂ ਹੀ ਪ੍ਰਿੰਟ ਹੈ, ਪ੍ਰੋ ਸਾਹਿਬ ਸਿੰਘ ਅਤੇ ਗਿ. ਹਰਬੰਸ ਸਿੰਘ ਨੇ ਓਪਰੋਕਤ ਪਾਠ ਦਰੁਸਤ ਮੰਨਿਆਂ ਹੈ , ਪ੍ਰੋ. ਸਾਹਿਬ ਸਿੰਘ ਜੀ ਇਸ ਸੰਬੰਧੀ ਨੋਟ ਦਿੰਦੇ ਹਨ : ( ਕਰਨਿ :- ਪਦ ਛੇਦ ‘ਕਰ ਨਿਤ ‘ ਗਲਤ ਹੈ, ਲਫਜ਼ ‘ਕਰਨਿ ‘ ਕਿਰਿਆ ਹੈ ਵਰਤਮਾਨ , ਅੰਨਪੁਰਖ ਬਹੁਵਚਨ ) । ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ‘ਕਰਨਿ ‘ ਵਰਤਮਾਨ ਕਾਲ ਦੀ ਅਨ ਪੁਰਖੀ ਬਹੁਵਚਨੀ ਕਿਰਿਆ ਹੈ ਪਰ ਸ਼ਾਇਦ ਪ੍ਰੋ. ਸਾਹਿਬ ਸਿੰਘ ਜੀ ਨੇ ਲਫ਼ਜ਼ ‘ਖਤੇ ਕਰ ‘ ਨੂੰ ਧਿਆਨ ਨਾਲ ਵਿਆਕਰਣ ਅਨੁਸਾਰ ਨਹੀਂ ਦੇਖਿਆ ;
ਲਫ਼ਜ਼ ‘ਖਤੇਕਰ ‘ ਫਾਰਸੀ ਦੇ ‘ਖਤਾਕਾਰ ‘ ਦਾ ਪੰਜਾਬੀ ਰੂਪਾਂਤਰ ਹੈ ਅਤੇ ਵਿਆਕਰਣ ਅਨੁਸਾਰ ਇਹ ਪਦ ਸਮਾਸੀ ਹੈ ਦੋ ਪਦਾਂ ਨੂੰ ਜੋੜ ਕੇ ਸਮਾਸ ਬਣਾਇਆ ਹੈ :
ਖਤੇਕਰ –  (ਸਮਾਸ)   ਪਾਪ ਕਰਨ ਵਾਲੇ
ਗਲਵਡ –  ( ਸਮਾਸ)  ਗਲ ਵਡਣ ਵਾਲੇ
ਦੇਹਧਰ –  (ਸਮਾਸ)    ਦੇਹ ਧਾਰਨ ਵਾਲੇ
ਕੀੜੇਮਾਰ-  (ਸਮਾਸ)    ਕੀੜੇ ਮਾਰਨ ਵਾਲੀ
ਸੋ ਇਹਨਾਂ ਪ੍ਰਮਾਣਾ ਤੋਂ ਵਿਦਤ ਹੁੰਦਾ ਹੈ ਕਿ ‘ਖਤੇਕਰ ‘ ਇਕ ਜੁੜਤ ਰੂਪ ਵਿਚ ਸਯੁੰਕਤ ਸਮਾਸੀ ਸ਼ਬਦ ਹੈ, ਪ੍ਰੋ. ਸਾਹਿਬ ਸਿੰਘ ਜੀ ਮੁਤਾਬਕ ਜੇ ਪਾਠ ਪਦ-ਛੇਦ ਕਰੀਏ ਤਾ ਇਕ ਸਵਾਲ ਬਣ ਜਾਂਦਾ ਹੈ ਕਿ ਉਹਨਾ ਨੇ ‘ਕਰਨਿ ‘ ਕਿਰਿਆ ਤਾਂ ਬਣਾ ਦਿਤੀ ਪਰ ਓਸ ਤੋਂ ਅਗਲੇ ‘ ਤ ‘ ਅੱਖਰ ਨੂੰ ਕਿਸ ਖਾਤੇ ਵਿਚ ਪਾਇਆ ਇਸ ਬਾਰੇ ਉਹਨਾਂ ਸਪਸ਼ੱਟ ਨਹੀਂ ਕੀਤਾ ?

ਸੋ ਪੰਕਤੀ ਦਾ ਪਦ-ਛੇਦ ਰੂਪ ਅਤੇ ਅਰਥ ਇਸ ਪ੍ਰਕਾਰ ਹਨ :
ਖਤਿਅਹੁ ਜੰਮੇ ਖਤੇਕਰ, ਨਿਤ ਖਤਿਆ ਵਿਚਿ ਪਾਹਿ ॥
ਖਤਿਅਹੁ = ਨਾਂਵ ਅਪਾਦਾਨ ਕਾਰਕ ਬਹੁਵਚਨ, ਪਾਪਾਂ ਤੋਂ , ਪਾਪ ਕਮਾਉਣ ਕਾਰਨ । ਉਚਾਰਣ = ਖਤਿਅਹੁਂ , ਖਤਿਅਹੋਂ ਵਾਂਗ ।
ਖਤੇਕਰ = ਨਾਂਵ ਤੋ ਵਿਸ਼ੇਸ਼ਣ (ਸਮਾਸ) ਪਾਪ ਕਰਨ ਵਾਲੇ , ਪਾਪੀ ਜੀਵ ।
ਅਰਥ :- ਪਾਪੀ ਜੀਵ ਪਾਪ ਕਮਾਉਣ ਕਾਰਨ ਬਾਰ ਬਾਰ (ਵਿਕਾਰੀ ਜੂਨੀਆਂ ) ਵਿਚ ਆਏ , ਹੁਣ ਨਿਤ ਪਾਪਾਂ ਵਿਚ ਹੀ ਪਰਵਿਰਤ ਹੁੰਦੇ ਹਨ।

ਪਾਠਕ ਸਜੱਣ ਸੁਝਾਉ ਭੇਜ ਸਕਦੇ ਹਨ ।

ਭੁੱਲ-ਚੁਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com