ਦੀਵਾਲੀ+ਦੀਵਾਲੀ+ਦੀਵਾਲੀ

ਵਾਰ ਨੰ:19 ਪਉੜੀ ਨੰ: 6
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ॥
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥6॥

ਇਹ ਸ਼ਬਦ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਵਾਰ ਨੰ: ਉਨੀਵੀਂ ਦੀ ਪਉੜੀ ਨੰ: ਛੇਵੀਂ ਹੈ। ਇਸ ਪਉੜੀ ਵਿੱਚ ਭਾਈ ਜੀ ਨੇ ਦਵਾਲੀ ਦਾ ਜ਼ਿਕਰ ਕੀਤਾ ਸਾਨੂੰ ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਸਾਨੂੰ ਇਸ ਕਰਕੇ ਲੱਗਣ ਲੱਗ ਪਿਆ ਹੈ ਕਿਉਂ ਕਿ ਜਦ ਅਸੀਂ ਆਪਣੇ ਸਿੱਖ ਵਿਰਸੇ ਦਾ ਨਿਰਣਾ ਕਰਕੇ ਦੇਖਦੇ ਹਾਂ ਤਾਂ ਅਸੀਂ ਕੋਈ 95-96% ਗੁਰੂ ਦੀ ਦੀ ਅਕਾਲੀ ਬਾਣੀ ਤੋਂ ਨ-ਵਾਕਿਫ਼ ਹਾਂ। ਦੁਨੀਆਂ ਭਰ ਦੀਆਂ ਜਿਨ੍ਹੀਆਂ ਵੀ ਭਾਸ਼ਾਵਾਂ ਹਨ ਉਨ੍ਹਾਂ ਨੂੰ ਕਿਸੇ-ਨ-ਕਿਸੇ ਵਿਧੀ ਵਿਧਾਨ ਵਿੱਚ ਲਿਖਿਆ ਸਾਨੂੰ ਮਿਲਦਾ ਹੈ ਅਤੇ ਜਿਨਾਂ ਚਿਰ ਸਾਨੂੰ ਕਿਸੇ ਵੀ ਭਾਸ਼ਾ ਦਾ ਸਹੀ ਪਤਾ ਨਹੀਂ ਹੁੰਦਾ ਉਤਨਾਂ ਚਿਰ ਅਸੀਂ ਉਸ ਭਾਸ਼ਾ ਨੂੰ ਸਹੀ ਸਮਝ ਵੀ ਨਹੀਂ ਸਕਦੇ, ਇਸੇ ਹੀ ਤਰ੍ਹਾਂ ਗੁਰੂਆਂ ਅਤੇ ਭਗਤਾਂ ਦੀ ਅਕਾਲੀ ਬਾਣੀ ਵੀ ਖਾਸ਼ ਛੰਦਾ ਬੰਦੀ ਵਿੱਚ ਹੀ ਲਿਖੀ ਗਈ ਹੈ ਜਿਸ ਨੂੰ ਸਮਝ ਤੋਂ ਬਗੈਰ ਅਸੀਂ ਇਸ ਉਤਮ ਦਰਜ਼ੇ ਦੇ ਗਿਆਨ ਨੂੰ ਸਮਝ ਨਹੀਂ ਸਕਾਂਗੇ, ਜਿਸ ਕਰਕੇ ਹੀ ਅਸੀਂ ਭਲੇਖਾ ਖਾ ਜਾਂਦੇ ਹਾਂ। ਅਸੀਂ ਜਦ ਧਰਮ ਵਿੱਚ ਹੋ ਰਹੇ ਧਰਮ ਕਰਮਾਂ ਨੂੰ ਮੁੱਖ ਰੱਖਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਨਿਗ੍ਹਾ ਮਾਰਦੇ ਹਾਂ ਤਾਂ ਅਸੀਂ ਸਹਿਜੇ ਹੀ ਨਿਰਣਾ ਕਰ ਲੈਂਦੇ ਹਾਂ ਕਿ ਬਹੁ ਸਾਰੇ ਕਰਮ ਜੋ ਅਸੀਂ ਕਰਦੇ ਹਾਂ ਇਹ ਸਾਰੇ ਮਾਂ-ਬਾਪ, ਆਹਲੇ-ਦੁਆਲੇ ਦੇ ਹੋ ਰਹੇ ਵਰਤਾਰੇ ਤੋਂ ਹੀ ਅਸੀਂ ਸਿੱਖੇ ਹੁੰਦੇ ਹਨ ਅਤੇ ਬਿਨ੍ਹਾਂ ਕੁੱਝ ਸੋਚੇ ਸਮਝੇ ਸਾਰੀ ਉਮਰ ਹੀ ਉਹ ਕੰਮ ਕਰਦੇ ਰਹਿੰਦੇ ਹਾਂ। ਉਨ੍ਹਾਂ ਦੇ ਕਰਨ ਨਾਲ ਭਾਵੇਂ ਸਾਨੂੰ ਕੋਈ ਵੀ ਲਾਭ ਨਹੀਂ ਹੁੰਦਾ। ਇਸੇ ਤਰ੍ਹਾਂ ਦਿਨ ਤਿਉਹਾਰਾਂ ਨੂੰ ਅਸੀਂ ਧਰਮ ਨਾਲ ਜੋੜ ਲਿਆ ਹੈ ਅਤੇ ਬੜ੍ਹੀ ਹੀ ਧੂੰਮ-ਧਾਮ ਨਾਲ ਮਨਾਇਆ ਵੀ ਜਾਂਦਾ ਹੈ। ਜਿਨ੍ਹਾਂ ਵਿੱਚੋਂ ਇਕ ਦੀਵਾਲੀ ਜਾਂ ਦੀਪਾਵਲੀ ਵੀ ਹੈ। ਇਸ ਵਿੱਚ ਕੋਈ ਵੀ ਦੋ ਰਾਵਾਂ ਨਹੀਂ ਹਨ ਕਿ ਇਹ ਦੀਵਾਲੀ ਗੁਰੂ ਨਾਨਕ ਜੀ ਦੇ ਸਮੇਂ ਤੋਂ ਵੀ ਬਹੁ ਪਹਿਲਾਂ ਦੀ ਮਨਾਈ ਜਾਂਦੀ ਆ ਰਹੀ ਹੈ ਕਿਉਂ ਹਿੰਦੂ ਧਰਮ ਵਿੱਚ ਇਸ ਦੀ ਮਾਨਤਾ ਵੀ ਕਈ ਵੱਖ ਵੱਖ ਤਰੀਕਿਆਂ ਨਾਲ ਦਰਸਾਈ ਜਾਂਦੀ ਹੈ ਹਾਂ! ਉਨ੍ਹਾਂ ਨੂੰ ਇਸ ਦੀਵਾਲੀ ਨੂੰ ਮਨਾਉਣਾ ਮੁਬਾਰਖ ਹੈ ਪਰ ਸਿੱਖ ਧਰਮ ਨਾਲ ਇਸ ਦਾ ਕੋਈ ਵੀ ਮੇਲ ਜੋਲ ਨਹੀਂ ਹੈ। ਇਸ ਵਿੱਚ ਕੋਈ ਵੀ ਸ਼ੰਕਾ ਨਹੀਂ ਹੈ ਕਿ ਸਤਿਗੁਰੂ ਜੀ ਨੇ ਨਿਮਾਹੀਂ ਛਿਮਾਹੀਂ ਦੀਵਾਲੀ ਤੇ ਵਿਸਾਖੀ ਦੇ ਨੇੜੇ ਤੇੜੇ ਦੋ ਵਾਰੀ ਸੰਗਤਾਂ ਨੂੰ ਇਕੱਠੇ ਕਰਕੇ ਸਾਝੇ ਤੌਰਤੇ ਤੇ ਉਪਦੇਸ਼ ਕਰਦੇ ਰਹਿੰਦੇ ਸਨ। ਉਹ ਵੀ ਉਸ ਵੇਲੇ ਲੋਕਾਂ ਪਾਸ ਕੋਈ ਹੋਰ ਇਕੱਠੇ ਹੋਣ ਦਾ ਸਾਧਨ ਨਹੀਂ ਸੀ ਹੁੰਦਾ, ਗੁਰੂਆਂ ਤੋਂ ਬਾਅਦ ਸਿੱਖ ਧਰਮ ਉਤੇ ਬਹੁ ਸਾਰੇ ਤਸੀਹਿਆਂ ਦਾ ਦਉਰ ਚੱਲ ਪਿਆ, ਮਿਸਲਾਂ ਦੇ ਸਮੇਂ ਇਸ ਤਰ੍ਹਾਂ ਦੇ ਇਕੱਠ ਹੋਣੇ ਬਰਕਰਾਰ ਨਾ ਰਿਹ ਸਕੇ ਅਤੇ ਬਾਅਦ ਵਿੱਚ ਮਹਾਂਰਾਜ਼ਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਦੇ ਇਕੱਠਾਂ ਦੀ ਪ੍ਰਥਾ ਨਾ ਚਲਾਈ, ਹੋਲੀ ਹੋਲੀ ਇਸ ਤਰ੍ਹਾਂ ਦੇ ਗੁਰਮਤੇ ਹੋਣੇ ਖਤਮ ਹੀ ਹੋ ਗਏ ਅਤੇ ਇਹ ਤਿਉਹਾਰ ਕੇਵਲ ਮੇਲੇ ਬਣਕੇ ਹੀ ਰਿਹ ਗਏ। ਪਰ ਇਸ ਨੂੰ ਸਿੱਖ ਧਰਮ ਦਾ ਤਿਉਹਾਰ ਮੰਨ ਲੈਣਾ ਕਿਤਾਹੀਂ ਸਹੀ ਨਹੀਂ ਹੈ। ਕੋਈ ਵੀ ਮਨੁੱਖ ਜ਼ਰਾ-ਕੁ ਅੱਖਾਂ ਤੋਂ ਧਰਮ ਪ੍ਰਤੀ ਅੱਨ੍ਹੀ ਸ਼ਰਧਾ ਵਾਲੀ ਐਨਕ ਲਾਹ ਕੇ ਦੇਖਣ ਦਾ ਯਤਨ ਕਰੇ ਤਾਂ ਬਹੁਤ ਹੀ ਛੇਤੀ ਇਸ ਤਰ੍ਹਾਂ ਦੇ ਅਨੇਕਾਂ ਤਿਉਹਾਰਾਂ ਦਾ ਜਿਸ ਨਾਲ ਸਾਡਾ ਕੋਈ ਵੀ ਸਬੰਧ ਨਹੀਂ ਹੈ ਉਸਦਾ ਪਤਾ ਲੱਗ ਸਕਦਾ ਹੈ। ਸ਼ੈਤਾਨ ਬੁੱਧੀ ਵਾਲੇ ਮਨੁੱਖਾਂ ਨੇ ਇਸ ਤਰ੍ਹਾਂ ਦੇ ਅਨੇਕਾਂ ਹੀ ਦਿਨ ਦਿਹਾੜੇ ਸਾਡੇ ਸਾਹਮਣੇ ਪ੍ਰਚਲਤ ਕਰ ਦਿੱਤੇ ਹਨ। ਜਿਨੀਂ ਵੱਡੀ ਲੁੱਟ ਇਨ੍ਹਾਂ ਦਿਨਾਂ ਤਿਉਹਾਰਾਂ ਤੇ ਹੁੰਦੀ ਹੈ ਉਤਨੀ ਹੋਰ ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦੀ। ਜੇ ਅਸੀਂ ਕੇਵਲ ਦੀਵਾਲੀ ਦੇ ਤਿਉਹਾਰ ਦਾ ਹੀ ਨਰੀਖਣ ਕਰ ਲਈਏ, ਤਾਂ ਜੇ ਕਰ ਇਕ ਸਾਲ ਦੀਵਾਲੀ ਨਾ ਮਨਾਈ ਜਾਵੇ ਤਾਂ ਇਸ ਤਿਉਹਾਰ ਤੇ ਖਰਚੇ ਜਾਣ ਵਾਲੇ ਪੈਸਿਆਂ ਨਾਲ ਭਾਰਤ ਦੇਸ਼ ਦਾ 40% ਬੱਚਾ ਜੋ ਰੋਟੀ ਤੋਂ ਭੁੱਖਾ ਸੌਂ ਰਿਹਾ ਹੈ ਉਹ ਰੱਜ ਕੇ ਰੋਟੀ ਖਾ ਸਕਦਾ ਹੈ। ਆਉ ਆਪਾਂ ਸਿੱਖ ਧਰਮ ਦੇ ਅਸਥਾਨਾਂ ਤੇ ਅਤੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਵੱਲ ਹੀ ਪੰਛੀ ਝਾਤ ਮਾਰ ਲਈਏ। ਜਿਨ੍ਹਾਂ ਧਰਮ ਅਸਥਾਨਾਂ, ਡੇਰਿਆਂ, ਕੁਟੀਆਂ, ਗੁਰਦੁਆਰਿਆਂ ਤੋਂ ਸੱਚ ਹੱਕ ਦੀ ਅਵਾਜ਼ ਬਲੰਦ ਹੋਣੀ ਸੀ, ਨਿਰੋਲ ਸੱਚ ਦਾ ਗਿਆਨ ਪ੍ਰਾਪਤ ਹੋਣਾ ਸੀ, ਇਨ੍ਹਾਂ ਧਰਮ ਦੇ ਮੰਨ ਲਏ ਗਏ ਥਾਵਾਂ ਤੇ ਇਕੱਤਰ ਹੋਏ ਪੈਸੇ ਨਾਲ ਗਰੀਬ ਗੁਰਬੇ ਦਾ ਭਲਾ ਹੋਣਾ ਸੀ, ਸਮਾਜ਼ ਭਲਾਈ ਦੇ ਕਾਰਜ਼ ਹੋਣੇ ਚਾਹੀਦੇ ਹਨ, ਉਚਾ ਸੁਚਾ ਜੀਵਨ ਬਣਾਉਣ ਵਾਸਤੇ ਗਿਆਨ ਹਾਸਲ ਹੋਣਾ ਸੀ ਉਥੇ ਇਨ੍ਹਾਂ ਅਸਥਾਨਾਂ ਤੇ ਸੰਗਤਾ ਦਾ ਇਕੱਤਰ ਹੋਇਆ ਧੰਨ ਇਸ ਤਰ੍ਹਾਂ ਦੇ ਕਈ ਦਿਨਾਂ ਤਿਉਹਾਰਾਂ ਤੇ ਪਾਣੀ ਵਾਂਗੂੰ ਰੋੜ੍ਹਿਆ ਜਾਂਦਾ ਹੈ। ਜਿਨ੍ਹਾਂ ਸਾਡੇ ਮੋਹਰੀਆਂ ਨੇ ਸਾਡੀ ਯੋਗ ਅਗਵਾਈ ਕਰਨੀ ਸੀ ਉਹ ਆਪ ਹੀ ਸਾਰੇ ਇਸ ਸਨਾਤਨੀ ਧਰਮ ਦੇ ਕਰਮਕਾਂਡਾਂ ਵਾਲੀ ਦੱਲ-ਦੱਲ ਵਿੱਚ ਫਸ ਗਏ ਹਨ। ਇਸੇ ਹੀ ਤਰ੍ਹਾਂ ਬੜ੍ਹੇ ਲੰਮੇ ਸਮੇਂ ਤੋਂ ਇਸ ਦੀਵਾਲੀ ਦੇ ਤਿਉਹਾਰ ਨੂੰ ਵੀ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਵਿੱਚ ਮਨਾਉਣਾ ਸ਼ੁਰੂ ਕਰ ਲਿਆ ਹੈ, ਕਿਸੇ ਵੀ ਪੱਕੇ ਸਬੂਤਾਂ ਤੋਂ ਬਿਨ੍ਹਾਂ ਹੀ ਇਸ ਤਿਉਹਾਰ ਨੂੰ ਸਿੱਖਾਂ ਦੇ ਛੇਵੇਂ ਗੁਰੂ ਜੀ ਨਾਲ ਜੋੜਕੇ ਪ੍ਰਚਾਰਿਆ ਗਿਆ ਹੈ ਜਿਹੜਾ ਕਿ ਰਾਈ ਮਾਤਰ ਵੀ ਸੱਚ ਨਹੀਂ ਹੈ। ਸਿਖ ਤਵਾਰੀਖ ਡਾ: ਹਰਜਿੰਦਰ ਸਿੰਘ ਦਲਗੀਰ ਆਪਣੀਆਂ ਕਿਤਾਬਾਂ ਵਿੱਚ ਪੁਰਾਤਨ ਭੱਟ ਵਹੀਆਂ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ ਕਿ ਛੇਵੇਂ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਹੋ ਕਿ 28 ਦਸੰਬਰ ਨੂੰ ਪਹਿਲੀ ਵਾਰੀ ਅੰਮ੍ਰਿਤਸਰ ਆਏ ਸਨ ਅਤੇ ਉਨ੍ਹਾਂ ਦੇ ਆਉਣ ਤੇ ਸਿਖਾਂ ਨੇ ਖਾਸ਼ ਖੁਸ਼ੀ ਮਨਾਈ ਸੀ ਅਤੇ ਦੀਵੇ ਜਗਾਏ ਸਨ। ਕਿਸੇ ਵੀ ਤਰੀਕੇ ਨਾਲ ਅਕਤੂਬਰ ਜਾਂ ਨਵੰਬਰ ਵਿੱਚ ਗੁਰੂ ਜੀ ਅੰਮ੍ਰਿਤਸਰ ਨਹੀਂ ਆਏ ਸਨ ਅਤੇ ਦਵਾਲੀ ਹਮੇਸ਼ਾਂ ਹੀ ਅਕਤੂਬਰ ਜਾਂ ਨਵੰਬਰ ਵਿੱਚ ਹੀ ਮਨਾਈਂ ਜਾਂਦੀ ਹੈ। ਲੰਮਾਂ ਸਮਾਂ ਪਹਿਲਾਂ ਤਾਂ ਸੋਚਿਆ ਜਾ ਸਕਦਾ ਸੀ ਕਿ ਲੋਕਾਂ ਵਿੱਚ ਅਨਪੜਤਾ ਸੀ ਪਰ ਅੱਜ ਤਾਂ ਅਸੀਂ ਸਾਰੇ ਹੀ ਪੜ੍ਹੇ ਲਿਖੇ ਹੋਏ ਹਾਂ ਇਸ ਸਚਾਈ ਦਾ ਨਿਰਣਾ ਕਰ ਸਕਦੇ ਹਾਂ ਪਰ ਸਾਡੇ ਧਰਮ ਅਸਥਾਨਾਂ ਤੇ ਬੈਠਾ ਪੁਜ਼ਾਰੀ ਇਹ ਕਦੇ ਵੀ ਨਹੀਂ ਹੋਣ ਦੇਵੇਗਾ ਕਿਉਂ ਕਿ ਇਨ੍ਹਾਂ ਦਿਨਾਂ ਤੇ ਕਈ ਕਈ ਅਖੰਡ ਪਾਠ ਰੱਖੇ ਜਾਂਦੇ ਹਨ, ਕਈ ਤਰ੍ਹਾਂ ਦੀ ਹੋਰ ਖੁਸ਼ੀ ਮਨਾਈ ਜਾਂਦੀ ਹੈ, ਦੁਕਾਨਾਂ ਤੇ ਕਈ ਤਰ੍ਹਾਂ ਦੀ ਮਠਿਆਈ ਵੇਚੀ ਜਾਂਦੀ ਹੈ, ਦੀਵੇ, ਤੇਲ ਅਤੇ ਮੋਮਬੱਤੀਆਂ ਦਾ ਕਿਨ੍ਹਾਂ ਵੱਡਾ ਵਪਾਰ ਹੁੰਦਾ ਹੈ, ਨਵੇਂ ਕਪੜੇ ਦੀ ਲੈਣ-ਦੇਣ ਸ਼ੁਰੂ ਹੋ ਜਾਂਦੀ ਹੈ, ਗਰੀਟਿੰਗ ਕਾਰਡ ਵੰਡੇ ਜਾਂਦੇ ਹਨ ਅਤੇ ਸਭ ਤੋਂ ਵੱਧ ਇਸ ਦਿਨ ਪਟਾਕਿਆਂ ਦਾ ਜਿਨ੍ਹਾਂ ਵੱਡਾ ਵਪਾਰ ਹੁੰਦਾ ਹੈ ਉਸ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਔਉਖਾ ਹੈ। ਸੋ ਇਹ ਦਿਨ ਕੋਈ ਖਾਸ਼ ਧਰਮ ਦਾ ਨਹੀਂ ਹੈ ਕੇਵਲ ਵਪਾਰੀ ਲੋਕਾਂ ਦਾ ਹੀ ਹੈ, ਪੁਜ਼ਾਰੀ, ਦੁਕਾਨਦਾਰ, ਡਰਾਈਵਰ ਇਹ ਸਾਰੇ ਕਿਸੇ ਵੀ ਤਰੀਕੇ ਨਾਲ ਇਸ ਦਿਨ ਨੂੰ ਗਲਤ ਨਹੀਂ ਆਖ ਸਕਦੇ। ਜੇ ਕਰ ਗੁਰਦੁਆਰੇ ਵਿੱਚ ਕੋਈ ਉਚੀ ਬੋਲ ਵੀ ਲਵੇ ਤਾਂ ਉਥੇ ਦੇ ਪ੍ਰਚਾਰਕ ਜਾਂ ਸੇਵਾਦਾਰ ਝੱਟ ਦੇਣੀ ਉਸ ਨੂੰ ਚੁੱਪ ਕਰਵਾ ਦਿੰਦੇ ਹਨ ਪਰ ਦੀਵਾਲੀ ਵਾਲੇ ਦਿਨ ਪਟਾਕਿਆਂ ਦੀ ਅਵਾਜ਼ ਐਨੀ ਹੁੰਦੀ ਹੈ ਕਿ ਇਸ ਨੂੰ ਕੋਈ ਵੀ ਬੰਦ ਕਰਵਾਉਣ ਵਾਲਾ ਨਹੀਂ ਹੈ। ਇਤਨੇ ਪਟਾਕੇ ਉਸ ਦਿਨ ਅੰ੍ਰਿਮਤਸਰ ਦਰਬਾਰ ਸਾਹਿਬ ਵਿੱਚ ਚੱਲਦੇ ਹਨ ਕਿ ਚਾਰ ਚੁਫੇਰੇ ਧੂਆਂ ਹੀ ਧੂਆਂ ਹੋ ਜਾਂਦਾ ਹੈ, ਸਰੋਵਰ ਦਾ ਸਾਰਾ ਪਾਣੀ ਪਟਾਕਿਆਂ ਦੀ ਸਵਾਹ ਨਾਲ ਭਰ ਜਾਂਦਾ ਹੈ ਉਸ ਨੂੰ ਪਵਿਤੱਰ ਜੱਲ ਆਖਿਆ ਜਾਣਾ ਕਿਸੇ ਤਰੀਕੇ ਵਾਜ਼ਬ ਨਹੀਂ ਕਿਹਾ ਜਾ ਸਕਦਾ। ਸਭ ਤੋਂ ਵੱਧ ਕਸੂਰਵਾਰ ਸਾਡੇ ਆਪਣੇ ਹੀ ਸਮਝੇ ਜਾਂਦੇ ਭਾਈ, ਕੀਰਤਨੀਏ, ਕਥਾਕਾਰ ਹਨ ਜੋ ਭਾਈ ਗੁਰਦਾਸ ਜੀ ਦੀ ਵਾਰ ਦੀ ਇਕ ਪਉੜੀ ਦਾ ਕੀਰਤਨ ਕਰ ਕਰਕੇ ਅਤੇ ਵਾਰ ਵਾਰ ਪਉੜੀ ਦੀ ਇਸ ਲਾਈਨ ਨੂੰ ਅੰਤਰਾ ਬਣਾ ਕੇ ਗਾਉਂਦੇ ਹਨ {ਦੀਵਾਲੀ ਦੀ ਰਾਤ ਦੀਵੇ ਬਾਲੀਅਨ} ਜੋ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਹੈ ਇਹ ਘੱਟ ਪੜੇ ਜਾਂ ਬਿਲਕੁਲ ਅਨਪੜ ਸਾਧ ਲਾਣੇ ਨੇ ਇਸ ਪਉੜੀ ਨੂੰ ਵਾਰ ਵਾਰ ਇਸੇ ਤਰ੍ਹਾਂ ਹੀ ਗਾਇਆ ਹੈ ਜਿਸ ਕਰਕੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਸ ਤਰ੍ਹਾਂ ਗੁਰਬਾਣੀ ਨੂੰ ਤਰਤੀਬ ਦੇਣ ਵਾਲੇ ਮਹਾਨ ਘਾੜੇ ਭਾਈ ਗੁਰਦਾਸ ਜੀ ਸਾਨੂੰ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦਾ ਫਤਵਾ ਸੁਣਾ ਗਏ ਹੋਣ ਪਰ ਅਫਸੋਸ ਅਸੀਂ ਇਸ ਪਉੜੀ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ। ਜਿਸ ਤਰ੍ਹਾਂ ਗੁਰਬਾਣੀ ਦੀ ਵੀਚਾਰ ਕਰਨ ਵਾਸਤੇ ਸ਼ਬਦ ਵਿੱਚ ਰਹਾਉ ਦੀ ਪੰਗਤੀ ਹੁੰਦੀ ਹੈ ਪਰ ਜੇ ਪਉੜੀ ਨੂੰ ਸਮਝਣਾ ਹੋਵੇ ਤਾਂ ਉਸ ਵਿੱਚ ਰਹਾਉ ਨਾ ਹੋਣ ਕਰਕੇ ਉਸ ਨੂੰ ਸਮਝਣਾ ਥੋੜਾ ਔਖਾ ਹੋ ਜਾਂਦਾ ਹੈ ਆਮ ਕਰਕੇ ਪਉੜੀ ਵਿੱਚ ਆਖਰੀ ਲਾਈਨ ਹੀ ਉਸ ਦਾ ਅੰਤਰਾ ਹੁੰਦੀ ਹੈ ਇਸ ਪਉੜੀ ਵਿੱਚ ਵੀ ਭਾਈ ਜੀ ਦੀਵਾਲੀ ਦੀ ਇਕ ਉਧਾਰਨ ਵਰਤ ਕੇ ਸਾਨੂੰ ਕੁੱਝ ਸਮਝਾਉਣਾ ਚਾਹੁੰਦੇ ਹਨ। ਇਸ ਪਉੜੀ ਵਿੱਚ ਛੇ ਪੰਗਤੀਆਂ ਹਨ ਪਹਿਲੀਆਂ ਪੰਜ ਪੰਗਤੀਆਂ ਵਿੱਚ ਥੋੜ ਸਮੇਂ ਦੀ ਛਿਨ ਭੰਗਰ ਖੁਸ਼ੀ ਦਾ ਜਿਕਰ ਕੀਤਾ ਗਿਆ ਹੈ ਅਤੇ ਆਖਰੀ ਲਾਈਨ ਵਿੱਚ ਭਾਈ ਜੀ ਨੇ ਸਦੀਵੀਂ ਸੁੱਖ ਕਿਸ ਤਰ੍ਹਾਂ ਹਾਸਲ ਹੋ ਸਕਦਾ ਹੈ ਉਸਦਾ ਜ਼ਿਕਰ ਕੀਤਾ ਹੈ ਆਉ ਆਪਾਂ ਭਾਈ ਜੀ ਦੀ ਇਸ ਪਉੜੀ ਨੂੰ ਲਾਈਨ-ਦਰ-ਲਾਈਨ ਸਮਝਣ ਦਾ ਯਤਨ ਕਰੀਏ।

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥
ਅਰਥ :- ਭਾਈ ਗੁਰਦਾਸ ਜੀ ਇਕ ਉਧਾਰਨ ਵਰਤਦੇ ਹੋਏ ਆਖਦੇ ਹਨ ਕਿ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ ਅਤੇ ਥੋੜੇ ਚਿਰ੍ਹਾਂ ਬਾਅਦ ਉਹ ਦੀਵੇ ਬੁਝ ਜਾਂਦੇ ਹਨ ਉਨ੍ਹਾਂ ਦਾ ਤੇਲ ਮੁੱਕ ਜਾਂਦਾ ਹੈ ਜਾਂ ਮੀਂਹ ਹਨ੍ਹੇਰੀ ਕਾਰਣ ਬੁਝ ਜਾਂਦੇ ਹਨ। ਭਾਵ ਉਹ ਦੀਵੇ ਸਦਾ ਵਾਸਤੇ ਰੌਸ਼ਨੀ ਨਹੀਂ ਕਰ ਸਕਦੇ, ਸਦੀਵੀਂ ਖੁਸ਼ੀ ਨਹੀਂ ਦੇ ਸਕਦੇ। ਇਹ ਖੁਸ਼ੀ ਕੇਵਲ ਥੋੜ ਸਮੇਂ ਦੀ ਹੁੰਦੀ ਹੈ

ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਅਰਥ :- ਆਖਦੇ ਹਨ ਕਿ ਜਿਸ ਤਰ੍ਹਾਂ ਹਨ੍ਹੇਰੀ ਰਾਤ ਨੂੰ ਅਕਾਸ਼ ਵਿੱਚ ਤਾਰੇ ਟਿੱਮ ਟਮਾਉਂਦੇ ਹਨ ਅਤੇ ਬੜ੍ਹੇ ਹੀ ਸੁੰਦਰ ਲੱਗਦੇ ਹਨ ਪਰ ਜਿਉਂ ਹੀ ਦਿਨ ਚੜ੍ਹਦਾ ਹੈ ਤਾਂ ਇਹ ਤਾਰੇ ਅਲੋਪ ਹੋ ਜਾਂਦੇ ਹਨ ਫਿਰ ਇਨ੍ਹਾਂ ਦੀ ਖੁਸ਼ੀ ਵਾਲਾ ਅਨੰਦ ਖਤਮ ਹੋ ਜਾਂਦਾ ਹੈ।

ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਅਰਥ :- ਇਸੇ ਹੀ ਤਰ੍ਹਾਂ ਭਾਈ ਜੀ ਇਕ ਹੋਰ ਉਧਾਰਨ ਦਿੰਦੇ ਹਨ ਕਿ ਜਿਸ ਤਰ੍ਹਾਂ ਫੁੱਲਾਂ ਦੇ ਬਗ਼ੀਚੇ ਵਿੱਚ ਫੁੱਲਾਂ ਦੀ ਮਹਿਕ ਦਾ ਬੜਾ ਹੀ ਅਨੰਦ ਹੁੰਦਾ ਹੈ ਪਰ ਜਦ ਕਦੇ ਇਨ੍ਹਾਂ ਫੁੱਲਾਂ ਨੂੰ ਤੋੜ ਲਿਆ ਜਾਵੇ ਤਾਂ ਇਨ੍ਹਾਂ ਦੀ ਸੁਗੰਧੀ ਬਹੁਤਾ ਚਿਰ ਨਹੀਂ ਰਹਿੰਦੀ ਇਹ ਸਾਰੇ ਫੁੱਲ ਮੁਰਝਾ ਜਾਂਦੇ ਹਨ।

ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ॥
ਅਰਥ :- ਭਾਈ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਕਿਸੇ ਖਾਸ਼ ਮੌਕਿਆਂ ਤੇ ਤੀਰਥ ਅਸਥਾਨਾਂ ਉਪਰ ਬੜ੍ਹੀ ਹੀ ਰੌਣਕ ਹੁੰਦੀ ਹੈ ਜਾਤਰੀ ਉਥੇ ਜਾਂਦੇ ਹਨ ਅਤੇ ਬੜਾ ਅਨੰਦ ਮਾਣਦੇ ਹਨ ਪਰ ਉਹ ਮੇਲਾ ਮੁੱਕਣ ਤੇ ਤੀਰਥ ਅਸਥਾਨਾਂ ਤੇ ਕੋਈ ਵੀ ਨਹੀਂ ਹੁੰਦਾ। ਇਹ ਵੀ ਥੋੜ ਸਮੇਂ ਦੀ ਖੁਸ਼ੀ ਹੀ ਹੁੰਦੀ ਹੈ। ਤੀਰਥਾਂ ਤੇ ਮੇਲੇ ਦਾ ਖਤਮ ਹੋਣ ਤੇ ਉਥੇ ਸੁੰਨ ਛਾ ਜਾਂਦੀ ਹੈ, ਚਾਰ ਚੁਫੇਰੇ ਕੂੜੇ ਦੇ ਢੇਰ ਹੀ ਨਜ਼ਰ ਆਉਣ ਲੱਗ ਪੈਂਦੇ ਹਨ।

ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਅਰਥ :- ਹਰੀ ਚੰਦ ਇਕ ਰਾਜ਼ਾ ਹੋਇਆ ਜਿਸ ਦਾ ਜ਼ਿਕਰ ਮਹਾਂਭਾਰਤ ਵਿੱਚ ਸਾਨੂੰ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ ਹਰੀ ਚੰਦ ਜਾਂ ਹਰੀਸ਼ਚੰਦ੍ਰ ਰਾਜ਼ਾ ਸੂਰਜ਼ ਦੀ ਵੰਸ਼ ਦਾ ਅਠਾਈਵਾਂ ਰਾਜ਼ਾ ਸੀ ਜੋ ਬਹੁਤ ਹੀ ਦਾਨੀ ਤੇ ਇਮਾਨਦਾਰ ਹੋਣ ਕਰਕੇ ਆਪਣੀ ਪਰਜਾ ਵਿੱਚ ਮਾਨ-ਸਨਮਾਨ ਪਾਉਂਦਾ ਸੀ। ਇਸ ਹਰੀ ਚੰਦ ਦੇ ਬਾਰੇ ਵਿੱਚ ਮਾਰਕੰਡੇ ਪੁਰਾਣ ਵਿੱਚ ਲਿਖਿਆ ਹੈ ਕਿ ਇਕ ਦਿਨ ਹਰੀਚੰਦ ਰਾਜ਼ਾ ਸ਼ਿਕਾਰ ਖੇਡਣ ਜ਼ੰਗਲ ਵਿੱਚ ਗਿਆ ਤਾਂ ਵਿਸ਼ਵਾਮਿਤ੍ਰ ਦੇ ਦਰਬਾਰ ਵਿੱਚੋਂ ਇਸਤ੍ਰੀਆਂ ਦੇ ਰੋਣ ਕੁਰਲਾਉਣ ਦੀ ਅਵਾਜ਼ ਸੁਣ ਕੇ ਰਾਜ਼ਾ ਉਨ੍ਹਾਂ ਦੀ ਮੱਦਦ ਵਾਸਤੇ ਜਿਉਂ ਹੀ ਉਥੇ ਗਿਆ ਤਾਂ ਇਸਤ੍ਰੀਆਂ ਉਥੋਂ ਅਲੋਪ ਸਨ ਪਰ ਵਿਸ਼ਵਾਮਿਤ੍ਰ ਹਰੀਚੰਦ ਦੇ ਆਉਣ ਤੇ ਇਸਤ੍ਰੀਆਂ ਦਾ ਉਥੋਂ ਚਲੇ ਜਾਣ ਕਰਕੇ ਬੜੇ ਗੁਸੇ ਵਿੱਚ ਆਇਆ ਅਤੇ ਬ੍ਰਾਹਮਣ ਹੋਣ ਕਰਕੇ ਹਰੀਚੰਦ ਨੂੰ ਉਸ ਦੀ ਕੀਤੀ ਦਾ ਸ਼ਰਾਫ਼ ਦੇਣ ਤੋਂ ਪਹਿਲਾਂ ਕੁੱਝ ਲੈਣ ਦੀ ਮੰਗ ਕੀਤੀ, ਤਾਂ ਰਾਜ਼ਾ ਕਹਿਣ ਲੱਗਾ ਕਿ ਹੇ ਬ੍ਰਾਹਮਣ ਜੋ ਤੈਨੂੰ ਚਾਹੀਦਾ ਹੈ ਉਹ ਤੂੰ ਮੰਗ ਲੈ ਮੈਂ ਤੈਨੂੰ ਦੇਣ ਵਾਸਤੇ ਤਿਆਰ ਹਾਂ। ਵਿਸ਼ਵਾਮਿਤ੍ਰ ਨੇ ਉਸ ਪਾਸੋਂ ਉਸ ਦਾ ਸਾਰਾ ਰਾਜ਼ ਭਾਗ ਅਤੇ ਸਾਰੀ ਧੰਨ ਦੋਲਤ ਮੰਗ ਲਈ, ਹਰੀਚੰਦ ਨੇ ਵਾਅਦਾ ਕੀਤਾ ਹੋਣ ਕਰਕੇ ਸਾਰਾ ਕੁੱਝ ਉਸ ਨੂੰ ਦੇ ਦਿੱਤਾ, ਵਿਸ਼ਵਾਮਿਤ੍ਰ ਨੇ ਹਰੀਚੰਦ ਪਾਸ ਉਸ ਦੀ ਪਤਨੀ ਅਤੇ ਉਸ ਦਾ ਇਕ ਪੁਤਰ ਰਹਿਣ ਦਿੱਤਾ ਜਿਸ ਨੂੰ ਲੈ ਕੇ ਹਰੀਚੰਦ ਜ਼ੰਗਲ ਵੱਲ ਨੂੰ ਚੱਲੇ ਗਿਆ। ਅਗੇ ਚੱਲਕੇ ਜਦ ਦੇਖਿਆ ਤਾਂ ਉਹੋ ਰਿਸ਼ੀ (ਵਿਸ਼ਵਾਮਿਤ੍ਰ) ਉਸ ਹਰੀਚੰਦ ਰਾਜ਼ੇ ਨੂੰ ਹੋਰ ਦੁੱਖ ਦੇਣ ਵਾਸਤੇ ਪਹਿਲਾਂ ਹੀ ਅਗੇ ਜ਼ੰਗਲ ਵਿੱਚ ਖੜ੍ਹਾ ਸੀ ਉਸ ਨੇ ਹਰੀਚੰਦ ਪਾਸੋਂ ਹੋਰ ਦਾਨ ਮੰਗਿਆ ਕਿ ਤੂੰ ਆਪਣੀ ਹਰੀ ਚੰਦਉਰੀ ਰਾਜ਼ਧਾਨੀ ਜੇ ਵਾਪਸ ਲੈਣਾ ਲਾਉਂਦਾ ਹੈ ਤਾਂ ਜੋ ਮੈਂ ਮੰਗਾਂਗਾ ਜੇ ਤੂੰ ਮੈਨੂੰ ਉਹ ਦਾਨ ਦੇ, ਤਾਂ ਹਰੀਚੰਦ ਨੇ ਹਾਂ ਕਰ ਦਿੱਤੀ, ਤਾਂ ਰਿਸ਼ੀ ਨੇ ਉਸ ਪਾਸੋਂ ਉਸ ਨੂੰ ਖੁਦ, ਉਸ ਦੀ ਪਤਨੀ ਤੇ ਪੁਤਰ ਨੂੰ ਦਾਨ ਵਿੱਚ ਮੰਗ ਲਿਆ। ਹਰੀਚੰਦ ਨੇ ਆਪਣੇ ਆਪ ਅਤੇ ਆਪਣੀ ਪਤਨੀ ਤੇ ਪੁਤਰ ਨੂੰ ਦਾਨ ਵਿੱਚ ਰਿਸ਼ੀ ਨੂੰ ਦੇ ਦਿੱਤਾ। ਰਿਸ਼ੀ ਨੇ ਹਰੀਚੰਦ ਨੂੰ ਇਕ ਮੁਰਦੇ ਸਾੜਨ ਵਾਲੇ ਚੰਡਾਲ ਪਾਸ ਵੇਚ ਦਿੱਤਾ ਅਤੇ ਹਰੀਚੰਦ ਉਥੇ ਰਹਿ ਕੇ ਲਗਾਤਾਰ ਇਹੋ ਕੰਮ ਕਰੀ ਜਾਂਦਾ ਹੈ ਅਤੇ ਕੁੱਝ ਸਮੇਂ ਬਾਅਦ ਰਿਸ਼ੀ ਵਿਸ਼ਵਾਮਿਤ੍ਰ ਦੇ ਸ਼ਰਾਫ਼ ਨਾਲ ਹਰੀਚੰਦ ਦੇ ਪੁਤਰ ਦੀ ਮੌਤ ਹੋ ਜਾਂਦੀ ਹੈ ਅਤੇ ਹਰੀਚੰਦ ਦੀ ਪਤਨੀ ਆਪਣੇ ਪੁਤਰ ਦੀ ਲਾਸ਼ ਨੂੰ ਲੈ ਕਿ ਉਸੇ ਹੀ ਮੁਰਦਾਘਾਟ ਵਿੱਚ ਸਾੜਨ ਵਾਸਤੇ ਚੱਲੇ ਜਾਂਦੀ ਹੈ ਜਿਥੇ ਹਰੀਚੰਦ ਨੌਕਰੀ ਕਰਦਾ ਹੁੰਦਾ ਹੈ। ਪਰ ਹਰੀਚੰਦ ਆਪਣੀ ਹੀ ਪਤਨੀ ਪਾਸੋਂ ਆਪਣੇ ਪੁੱਤਰ ਦੀ ਲਾਸ਼ ਨੂੰ ਸਾੜਨ ਵਾਸਤੇ ਪੈਸਿਆਂ ਦੀ ਮੰਗ ਕਰਦਾ ਹੈ ਪਰ ਉਸਦੀ ਪਤਨੀ ਪਾਸ ਪੈਸੇ ਨਾ ਹੋਣ ਕਾਰਣ ਉਸ ਨੇ ਬੜ੍ਹੇ ਹੀ ਤਰਲੇ ਕੀਤੇ ਪਰ ਹਰੀਚੰਦ ਨੇ ਆਖਿਆ ਕਿ ਮੈਂ ਵੀ ਮਜ਼ਬੂਰ ਹਾਂ, ਮੈਂ ਵੀ ਨੌਕਰੀ ਕਰਦਾ ਹਾਂ ਇਤਨੇ ਚਿਰ ਨੂੰ ਸਾਰੇ ਦੇਵਤੇ ਆ ਪਹੁੰਚੇ ਅਤੇ ਨਾਲ ਹੀ ਧਰਮਰਾਜ਼ ਤੇ ਵਿਸ਼ਵਾਮਿਤ੍ਰ ਵੀ ਆ ਗਏ। ਇੰਦ੍ਰ ਦੇਵਤੇ ਨੇ ਹਰੀਚੰਦ ਨੂੰ ਆਖਿਆ ਕਿ ਆਪ ਜੀ ਦੀ ਭਗਤੀ ‘ਪਰੀਖਿਆ’ ਤੋਂ ਅਸੀਂ ਬੜ੍ਹੇ ਹੀ ਖੁਸ਼ ਹੋਏ ਹਾਂ ਅਤੇ ਅਸੀਂ ਤੈਨੂੰ ਤੇਰੀ ਸਵਰਗਾਂ ਵਰਗੀ ਹਰੀਚੰਦਉਰੀ ਨਗਰੀ ਵਾਲਾ ਰਾਜ਼ ਵਾਪਸ ਦਿੰਦੇ ਹਾਂ। ਹਰੀਚੰਦ ਰਾਜ਼ੇ ਨੂੰ ਉਸ ਦੀ ਸਾਰੀ ਪਰਜ਼ਾ ਬੜ੍ਹੀ ਹੀ ਪਿਆਰ ਕਰਦੀ ਸੀ ਤਾਂ ਹਰੀਚੰਦ ਨੇ ਆਖਿਆ ਕਿ ਮੈਂ ਆਪਣੀ ਪਰਜ਼ਾ ਨੂੰ ਵੀ ਨਾਲ ਹੀ ਲੈ ਕੇ ਜਾਣਾ ਚਾਹੁੰਦਾ ਹਾਂ। ਕਲਪਤ ਹੈ ਕਿ ਹਰੀਚੰਦ ਨੂੰ ਉਪਰ ਅਕਾਸ਼ ਵਿੱਚ ਸਵਰਗਾਂ ਵਿੱਚ ਭੇਜ ਦਿੱਤਾ ਗਿਆ ਪਰ ਜਦ ਹਰੀਚੰਦ ਜੀ ਨੇ ਦੇਖਿਆ ਤਾਂ ਉਹ ਅਸਲ ਸਵਰਗ ਨਗਰੀ ਨਹੀਂ ਸੀ ਇਹ ਸਾਰਾ ਉਸ ਨਾਲ ਧੋਖਾ ਹੀ ਹੋਇਆ ਸੀ। ਜਿਸ ਨੂੰ ਖਿਆਲੀ ਪਲਾਅ ਵੀ ਆਖਿਆ ਜਾਂਦਾ ਹੈ। ਭਾਵ ਅਰਥ ਹਨ ਕਿ ਮਨੁੱਖ ਅਗੇ ਸਵਰਗਾਂ ਦੇ ਲਾਲਚ ਵਿੱਚ ਆਪਣਾ ਸਾਰਾ ਕੁੱਝ ਗਵਾ ਲੈਂਦਾ ਹੈ ਪਰ ਅਗੇ ਸਵਰਗਾਂ ਦਾ ਸੁੱਖ ਥੋੜਾ ਚਿਰ ਖਿਆਲਾਂ ਦਾ ਹੀ ਸੁੱਖ ਹੈ ਉਸ ਦੇ ਬਦਲੇ ਆਪਣਾ ਸਾਰਾ ਕੁੱਝ ਗਵਾ ਕੇ ਮਨੁੱਖ ਸਾਰੀ ਉਮਰ ਦੁੱਖੀ ਹੀ ਹੁੰਦਾ ਹੈ।

ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥6॥
ਅਰਥ :- ਹੁਣ ਭਾਈ ਗੁਰਦਾਸ ਜੀ ਪਉੜੀ ਦੀ ਆਖਰੀ ਲਾਈਨ ਵਿੱਚ ਆਖਦੇ ਹਨ ਕਿ ਅਸਲ ਅਤੇ ਸਦੀਵੀਂ ਖੁੱਸ਼ੀ ਹਾਸਲ ਕਰਨ ਵਾਸਤੇ ਮਨੁੱਖ ਨੂੰ ਗੁਰੂ ਦੇ ਸ਼ਬਦ ਨੂੰ ‘ਸਿਖਿਆ ਨੂੰ, ਗਿਆਨ ਨੂੰ’ ਹਮੇਸ਼ਾਂ ਹੀ ਸਾਂਭ ਕੇ ਰੱਖਣਾ ਚਾਹੀਦਾ ਹੈ ਭਾਵ ਹੈ ਕਿ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰਕੇ ਉਸ ਅਨੁਸਾਰ ਆਪਣਾ ਜੀਵਨ ਬਣਾਉਂਣਾ ਚਾਹੀਦਾ ਹੈ, ਗਿਆਨ ਹੀ ਮਨੁੱਖ ਨੂੰ ਹਮੇਸ਼ਾ ਸਹੀ ਜੀਵਨ ਜੀਊਣ ਦੀ ਸੋਝੀ ਬਖਸ਼ ਸਕਦਾ ਹੈ, ਇਹੋ ਹੀ ਹਮੇਸ਼ਾਂ ਖੁਸ਼ੀ ਖੇੜ੍ਹਾ ਅਤੇ ਚੜ੍ਹਦੀ ਕਲਾ ਬਖਸ਼ਣ ਵਾਲਾ।6।

ਗੁਰੂ ਗ੍ਰੰਥ ਸਾਹਿਬ ਜੀ ਦੇ ਖਾਲਸੇ ਦਾ ਸੇਵਾਦਾਰ
ਕੁਲਵੰਤ ਸਿੰਘ ਭੰਡਾਲ ਯੂ.ਕੇ