ਮੁਢਲੀ ਜਾਣਕਾਰੀ – ਗੁਰਬਾਣੀ ਪਿੰਗਲ (ਭਾਗ 01)

0
11

A A A

ਗੁਰਬਾਣੀ ਕਾਵਿ ਰੂਪ ਹੈ ਇਸ ਕਰਕੇ ਇਸ ਵਿਚ ‘ ਕਾਵਿਕ ਨਿਯਮਾਂ ‘ ਦੀ ਬਹੁਤ ਭਰਮਾਰ ਹੈ। ਜਿਵੇਂ ਕਿਸੇ ਲਿਖਤ ਦੀ ਜਾਂ ਬੋਲੀ ਦੀ ਸ਼ੁਧਤਾਈ ਪਰਖਣ ਲਈ ਵਿਆਕਰਣਿਕ ਨਿਯਮਾਂ ਦਾ ਆਸਰਾ ਲਿਆ ਜਾਂਦਾ ਹੈ ਜਾਂ ਲੈਣਾ ਪੈਂਦਾ ਹੈ ਇਸ ਤਰ੍ਹਾਂ ਹੀ ਛੰਦ ਰਚਨਾ ਨੂੰ ਸ਼ੁਧ ਕਰਨ ਲਈ ਪਿੰਗਲ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰਬਾਣੀ ਪਿੰਗਲ ਕਾਵਿਕ ਨੇਮਾਂ ਬਾਰੇ ਬਹੁਤ ਘਟ ਵਿਦਵਾਨਾ ਵੱਲੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਗੁਰਸਿੱਖ ਵੀਰਾਂ ਦੇ ਹੁਕਮ ‘ਤੇ ਪਿੰਗਲ ਬਾਰੇ ਸੰਖੇਪ ਜਿਹੀ ਜਾਣਕਾਰੀ ਸਾਂਝੀ ਕਰਨ ਦਾ ਨਿਮਾਣਾ ਯਤਨ ਕੀਤਾ ਹੈ।

ਸੰਸਕ੍ਰਿਤ ਦਾ ਇਕ ਪ੍ਰਸਿੱਧ ਵਿਦਵਾਨ ‘ ਪਿੰਗਲ ਮੁਨੀ ‘ ਹੋਇਆ ਹੈ। ਸੰਸਕ੍ਰਿਤ ਦੇ ਛੰਦਾਂ ਦੇ ਨਿਯਮ ਸਭ ਤੋਂ ਪਹਿਲਾ ਇਸ ਵਿਦਵਾਨ ਨੇ ਰਚੇ ਸਨ। ਜੋ ਨੇਮ ਉਸ ਨੇ ਰਚੇ ਸਨ ਉਹਨਾ ਦਾ ਨਾਮ ‘ ਪਿੰਗਲ ‘ ਪ੍ਰਸਿਧ ਹੋ ਗਿਆ ਉਸ ਤੋਂ ਬਾਦ ਹਿੰਦੀ ਦੇ ਵਿਦਵਾਨ ਸਜੱਣਾ ਨੇ ਇਸ ਸ਼ਾਸ਼ਤਰ {ਕਾਵਿਕ ਨਿਯਮ} ਦਾ ਉਲਥਾ ਹਿੰਦੀ ਵਿਚ ਕੀਤਾ। ਉਸ ਉਲੱਥੇ ਦਾ ਨਾਂ ਭੀ ‘ ਪਿੰਗਲ ‘ ਹੀ ਰਿਹਾ। ਸਮਾਂ ਬੀਤਣ ਤੋਂ ਬਾਦ ਪੰਜਾਬੀ ਵਿਦਵਾਨਾਂ ਨੇ ਇਸੇ ਹਿੰਦੀ ਦੇ ਪਿੰਗਲ ਅਨੁਸਾਰ ਪੰਜਾਬੀ ਛੰਦਾ-ਬੰਦੀ ਦੇ ਨੇਮ ਰਚੇ ਸਨ। ਪੰਜਾਬੀ ਵਿਚ ਭੀ ਇਸ ਦਾ ਨਾਂ ‘ ਪਿੰਗਲ ‘ ਹੀ ਰਿਹਾ। ਛੰਦ-ਰਚਨਾ ਦੇ ਨੇਮਾਂ ਨੂੰ ‘ ਪਿੰਗਲ ‘ ਆਖਿਆ ਜਾਂਦਾ ਹੈ।

ਛੰਦ :-
ਛੰਦ ਉਸ ਰਚਨਾ ਨੂੰ ਆਖਿਆ ਜਾਂਦਾ ਹੈ ਜਿਹੜੀ ਅੱਖਰ ਅਤੇ ਮਾਤਰਾ ਦੇ ਗਣ ਆਦਿਕ ਨੇਮਾਂ ਦੇ ਅਨੁਸਾਰ ਹੋਵੇ ਭਾਵ ਜਿਸ ਦੀਆਂ ਤੁਕਾਂ ਅੱਖਰਾਂ , ਮਾਤਰਾਂ ਅਤੇ ਗਣ ਦੀ ਗਿਣਤੀ ਖਾਸ ਤੋਲ ਅਨੁਸਾਰ ਰੱਖੀ ਗਈ ਹੋਵੇ।

ਵਰਣ :-
ਵਰਣ ਅੱਖਰਾਂ ਨੂੰ ਆਖਿਆ ਜਾਂਦਾ ਹੈ। ਪੰਜਾਬੀ ਅੱਖਰਾਂ ਨਾਲ ਦਸ ਲਗਾਂ ਲਾਈਆਂ ਜਾਂਦੀਆਂ ਹਨ ਜਿਹੜੀਆਂ ਅੱਖਰਾਂ ਨਾਲ ਜੁੜ ਕੇ ਆਪਣੀ ਆਵਾਜ਼ ਪ੍ਰਗਟ ਕਰਦੀਆਂ ਹਨ।

ਮਾਤਰਾ :-
ਜਿਸ ਅੱਖਰ ਦੇ ਉਚਾਰਣ ਵਿਚ ਜਿੰਨਾ ਸਮਾਂ ਲਗਦਾ ਹੈ, ਉਸ ਨੂੰ ਮਾਤਰਾ ਆਖੀਦਾ ਹੈ।

ਮੁਕਤਾ :-
ਸ਼ਬਦ ਵਿਚਲੇ ਜਿਸ ਅੱਖਰ ਨੂੰ ਕੋਈ ਮਾਤ੍ਰਾ ਨਾ ਲੱਗੀ ਹੋਵੇ ਉਸ ਨੂੰ ਮੁਕਤਾ ਆਖਿਆ ਜਾਂਦਾ ਹੈ , ਜਿਵੇ : ‘ ਗੁਰਮੁਖੀ ‘ ਸ਼ਬਦ ਵਿੱਚ ‘ ਰ ‘ ਨੂੰ ਕੋਈ ਮਾਤ੍ਰਾ ਨਹੀਂ ਸੋ ਇਸ ਨੂੰ ਮੁਕਤਾ ਗਿਣਿਆ ਜਾਵੇਗਾ।

ਪਿੰਗਲ ਵਿਚ ‘ ਮੁਕਤਾ, ਔਂਕੜ, ਸਿਹਾਰੀ ‘ ਨੂੰ ਲਘੂ ਅੱਖਰ ਆਖਿਆ ਜਾਂਦਾ ਹੈ ਕਿਉਂਕਿ ਉਚਾਰਣ ਵਿਚ ਜਿਆਦਾ ਸਮਾਂ ਨਹੀਂ ਲਗਦਾ। ‘ ਲਾਂਮ, ਦੋਲਾਵਾਂ, ਹੋੜਾ, ਕਨੌੜਾ, ਟਿੱਪੀ, ਅੱਧਕ ‘ ਨੂੰ ਦੀਰਘ ( ਗੁਰੂ ) ਅੱਖਰ ਆਖਿਆ ਜਾਂਦਾ ਹੈ ।

ਗੁਰਬਾਣੀ ਪਿੰਗਲ ਵਿਚ ‘ ਸਿਹਾਰੀ , ਔਂਕੜ, ਪੈਰੀਂ ਅੱਖਰ, ਬਿੰਦੀ ‘ ਆਦਿ ਦੀ ਮਾਤਰਾ ਨਹੀਂ ਗਿਣੀ ਜਾਂਦੀ, ਪਰ ਬਾਕੀ ਮਾਤਰਾਂ ( ਲਾਂਮ, ਦੋਲਾਵਾਂ, ਹੋੜਾ, ਕਨੌੜਾ, ਟਿੱਪੀ ) ਗਿਣੀਆਂ ਜਾਂਦੀਆਂ ਹਨ।

ਪਿੰਗਲ ਵਿਚ ਲਘੂ ਮਾਤਰਾ ਲਈ  “। ”  ਉਪਰੋਕਤ ਚਿੰਨ੍ਹ ਨਿਸ਼ਾਨ ਲਾਇਆ ਜਾਂਦਾ ਹੈ ਜਿਸ ਤੋ ਭਾਵ ਗਿਣਤੀ ਇੱਕ ( 01 ) ਹੈ ਅਤੇ ਦੀਰਘ ਮਾਤਰਾਂ ਭਾਵ ਦੋ ਮਾਤਰੀਆ ਸ਼ਬਦ ਲਈ ” s ” ਉਪਰੋਕਤ ਚਿੰਨ੍ਹ ਵਰਤਿਆ ਜਾਂਦਾ ਹੈ ਜਿਸ ਤੋਂ ਭਾਵ ਗਿਣਤੀ ਦੋ ( 02 ) ਹੈ । ਮਾਤਰਾ ਦੀ ਗਿਣਤੀ ਇਸ ਪ੍ਰਕਾਰ ਕੀਤੀ ਜਾਂਦੀ ਹੈ ਜਿਵੇਂ :-

‘ ਡਰ ‘ ਇਹ ਲਫਜ਼ ਵਿਚ ‘ ਡ ‘ ਮੁਕਤਾ ਹੈ ਜਿਸ ਨੂੰ  ‘ ਲਘੂ ਅੱਖਰ ‘ ਆਖਿਆ ਜਾਵੇਗਾ ਜਿਵੇਂ ਉਪਰ ਦਸਿਆ ਹੈ ਅਤੇ ‘ ਰ ‘ ਨੂੰ ਭੀ ਲਘੂ । ਪਿੰਗਲ ਮੁਤਾਬਕ ਇਸ ਨੂੰ ਪ੍ਰਗਟ ਕਰਨ ਇਸ ਤਰ੍ਹਾਂ ਲਿਖਿਆ ਜਾਵੇਗਾ :-

ਡਰ = । + । = 1 + 1 = 2 , ਦੋ ਮਾਤਰੀਆ ਸ਼ਬਦ।

ਡ = । = 1  ( ਮੁਕਤਾ , ਲਘੂ ਅੱਖਰ )
ਰ = । = 1  ( ਮੁਕਤਾ , ਲਘੂ ਅੱਖਰ )

ਲਫਜ਼ ‘ ਸਾਗ ‘ ਨੂੰ ਪ੍ਰਗਟ ਕਰਨ ਲਈ ਇਸ ਤਰ੍ਹਾਂ ਲਿਖਿਆ ਜਾਵੇਗਾ :-

ਸਾਗ = s + । = 2 + 1 = 3 , ਤਿੰਨ ਮਾਤਰੀਆ ਸ਼ਬਦ।

ਸਾ = s = 2  ( ਦੀਰਘ ਅੱਖਰ ) { ਸ = 1 , ਾ = 1  ਕੰਨਾ ਦੀਰਘ ( ਗੁਰੂ ) ਮਾਤਰਾ ਹੈ ਜੋ ਗਿਣਤੀ ਵਿੱਚ ਆਵੇਗੀ }
ਗ = । = 1  (ਲਘੂ ਅੱਖਰ )

ਇਸ ਤਰ੍ਹਾਂ ਹੀ ਲਫਜ਼ ‘ ਮੁਨਿੰਦ੍ਰ ‘ ਨੂੰ ਪ੍ਰਗਟ ਕਰਨ ਲਈ ਇਸ ਤਰ੍ਹਾਂ ਲਿਖਿਆ ਜਾਵੇਗਾ :-

ਮੁਨਿੰਦ੍ਰ = । + s + । = 1 + 2 + 1 = 4

ਮੁ = । = 1 ( ਮ = 1 ,  ੁ = 0 , ਔਂਕੜ ਲਘੂ ਮਾਤਰਾ ਹੈ ਜੋ ਗਿਣਤੀ ਵਿੱਚ ਨਹੀਂ ਆਵੇਗੀ )
ਨਿੰ = s = 2 { ਿ = 0 ( ਸਿਹਾਰੀ ਲਘੂ ਮਾਤਰਾ ਹੈ ਜੋ ਗਿਣਤੀ ਵਿੱਚ ਨਹੀਂ ਆਵੇਗੀ ) , ਨ = 1 ,  ੰ  = 1 ( ਟਿੱਪੀ ਦੀਰਘ ਮਾਤਰਾ ਹੈ ਜੋ ਗਿਣਤੀ ਵਿੱਚ ਆਵੇਗੀ ) }
ਦ੍ਰ = । = 1 ( ਦ = 1 ,  ੍ਰ = 0 ( ਪੈਰੀਂ ਅੱਖਰ ਗਿਣਤੀ ਵਿੱਚ ਨਹੀਂ ਆਵੇਗਾ )

ਚਰਨ ( ਪਾਲ ) :-
ਛੰਦ ਦੀ ਪੂਰੀ ਤੁਕ ਨੂੰ ‘ ਚਰਨ ‘  ਆਖਿਆ ਜਾਂਦਾ ਹੈ। ਕਰੀਬਨ-ਕਰੀਬਨ ਬਹੁਤੇ ਛੰਦਾ ਵਿਚ ਚਾਰ ਤੁਕਾਂ {ਚਰਨ} ਹੁੰਦੇ ਹਨ ਪਰ ਕਈਆਂ ਵਿਚ ਵੱਧ-ਘਟ ਵੀ ਹੁੰਦੀਆਂ ਹਨ।

ਤੁਕਾਂਗ :-
ਬਿਸਰਾਮ ਚਿੰਨ੍ਹ ਲੱਗਣ ਨਾਲ ਤੁਕ ਦੇ ਜੋ ਦੋ ਹਿੱਸੇ ਹੁੰਦੇ ਹਨ, ਉਹਨਾਂ ਨੂੰ ਤੁਕਾਂਗ ਆਖਿਆ ਜਾਂਦਾ ਹੈ। ਤੁਕ+ਅੰਗ = ਤੁਕ ਦਾ ਅੰਗ।

ਤੁਕਾਂਤ :-
ਛੰਦ ਦੀ ਤੁਕ ਦੇ ਅਖੀਰ ‘ਤੇ ਅੰਤ ਵਿਚ ਜੋ ਸ਼ਬਦ ਹੁੰਦਾ ਹੈ ਉਸ ਨੂੰ ਤੁਕਾਂਤ ਆਖਦੇ ਹਨ।

ਗਣ :-
ਅੱਖਰ ਜਾਂ ਮਾਤਰਾ ਦੇ ਉਹ ਇਕੱਠ ਜਿਨ੍ਹਾਂ ਅਨੁਸਾਰ ਛੰਦ ਦੀ ਚਾਲ ਬਣਦੀ ਹੈ ‘ ਗਣ ‘ ਆਖੇ ਜਾਂਦੇ ਹਨ।

ਚਲਦਾ……

ਸੁਝਾਵਾਂ ਦੀ ਉਡੀਕ ‘ਚ….

ਭੁੱਲ ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com