ਮਾਤਰਿਕ ਛੰਦ – ਗੁਰਬਾਣੀ ਪਿੰਗਲ (ਭਾਗ 03)

0
15

A A A

2. ਮਾਤਰਿਕ ਛੰਦ -:

ਮਾਤਰਿਕ ਛੰਦ ਦੇ ਤੋਲ ਦੀ ਗਿਣਤੀ ਮਾਤਰਾ ਅਨੁਸਾਰ ਕੀਤੀ ਜਾਂਦੀ ਹੈ, ਗਿਣਤੀ ਵਿਚ ‘ ਸਿਹਾਰੀ ਅਤੇ ਔਂਕੜ ‘ ਦੀ ਮਾਤਰਾ ਨਹੀਂ ਗਿਣੀ ਜਾਂਦੀ ਹੈ। ਬਾਕੀ ਲਗਾਂ ਦੀਆਂ ਮਾਤਰਾ ਗਿਣੀਆਂ ਜਾਂਦੀਆਂ ਹਨ। ‘ ਚੌਪਈ, ਦੋਹਿਰਾ, ਸੋਰਠਾ, ਕੁੰਡਲੀਆ, ਸੋਹਲਾ, ਬੈਂਤ, ਰੁਬਾਈ, ਅੜਿਲ, ਡਿਓਢ, ਛਪੈ, ਝੂਲਣਾ, ਦਵੱਯਾ, ਤਾਟੰਕ, ਰਸਾਵਲ, ਮਾਤਰਿਕ ਸਵੱਯਾ ਆਦਿ ਮਾਤਰਿਕ ਛੰਦ ਵਿਚ ਹੀ ਆਉਂਦੇ ਹਨ।

ਓ) ਚੌਪਈ :- ਚੌਪਈ ਇਕ ਮਾਤਰਿਕ ਛੰਦ ਹੈ ਜਿਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਹਰੇਕ ਤੁਕ ਵਿਚ 15 ਜਾਂ 16 ਮਾਤਰਾਂ ਇਸ ਤਰ੍ਹਾਂ ਲਗਾਈਆਂ ਹੁੰਦੀਆਂ ਹਨ ਕਿ ਪਹਿਲਾ ਬਿਸਰਾਮ 8 ਮਾਤਰਾ ਉਤੇ ਅਤੇ ਦੂਜਾ ਬਿਸਰਾਮ ਅਗਲੇਰੀਆਂ 7 ਜਾਂ 8 ਮਾਤਰਾਂ ਉਪਰ ਹੁੰਦਾ ਹੈ ਜਿਵੇਂ -:
ਸੁਣਿਐ, ਸਤੁ ਸੰਤੋਖੁ ਗਿਆਨੁ
ਸੁਣਿਐ, ਅਠਸਠਿ ਕਾ ਇਸਨਾਨੁ

ਸੁਣਿਐ, ਪੜਿ ਪੜਿ ਪਾਵਹਿ ਮਾਨੁ
ਸੁਣਿਐ, ਲਾਗੈ ਸਹਿਜ ਧਿਆਨੁ
ਨਾਨਕ, ਭਗਤਾ ਸਦਾ ਵਿਗਾਸੁ
ਸੁਣਿਐ, ਦੂਖ ਪਾਪ ਕਾ ਨਾਸੁ

ਨੋਟ : ਜਪੁ ਜੀ ਸਾਹਿਬ ਬਾਣੀ ਵਿਚ ‘ ਸੁਣਿਐ ‘ ਅਤੇ ‘ ਮੰਨੈ ‘ ਵਾਲੀਆਂ ਪਉੜੀਆਂ ਚੌਪਈ ਛੰਦ ਹਨ।

ਅ) ਸੋਰਠਾ :- ਸੋਰਠਾ ਵਰਣਿਕ ਛੰਦ ਹੈ ਜਿਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਹਰੇਕ ਤੁਕ ਵਿਚ 23 ਜਾਂ 24 ਅੱਖਰ ਹੁੰਦੇ ਹੈ ਇਸ ਵਿਚ ਪਹਿਲਾ ਬਿਸਰਾਮ 11 ਅੱਖਰਾਂ ਉਤੇ ਅਤੇ ਦੂਜਾ 12 ਅੱਖਰਾਂ ਉਤੇ ਭਾਵ ਤੁਕ ਦੇ ਅਖੀਰ ਹੁੰਦਾ ਹੈ ਜਿਵੇਂ -:

ਆਦਿ ਪੁਰਖ ਕਰਤਾਰ, ਕਰਣ ਕਾਰਣ ਸਭ ਆਪੇ ॥ {1385}
ਆਦਿ = s । = 3 , ਪੁਰਖੁ =। । । = 3 , ਕਰਤਾਰੁ =। । s ।= 5 = ਕੁੱਲ 11 ( 3+3+5 )
ਕਰਣੁ =। । । = 3 , ਕਾਰਣ = s । । = 4 , ਸਭ = । । = 2 , ਆਪੇ = s । = 3 = ਕੁੱਲ 12
ਪਹਿਲਾ ਬਿਸਰਾਮ 11 ਉਤੇ। ਦੂਜਾ ਬਿਸਰਾਮ 12 ਉੱਤੇ

ਹੋਰ ਦੇਖੋ -:
ਬਿਨਤਿ ਕਰਉ ਅਰਦਾਸਿ, ਸੁਨਹੁ ਜੇ ਠਾਕੁਰ ਭਾਵੈ ॥
ਦੇਹੁ ਦਰਸੁ ਮਨਿ ਚਾਉ, ਭਗਤਿ ਇਹੁ ਮਨੁ ਠਹਰਾਵੈ ॥ {1387}

ੲ) ਸੋਲਹਾ :- ਸੋਲਹਾ ਦੀ ਹਰੇਕ ਤੁਕ ਵਿਚ ਚਾਰ ਚਾਰ ਤੁਕਾਂਗ ਹੁੰਦੇ ਹਨ, ਚਹੁੰ ਤੁਕਾਂ ਦਾ ਮਾਤਰਿਕ ਛੰਦ ਹੁੰਦਾ ਹੈ ਇਸ ਤਰਾਂ ਸਾਰੇ ਛੰਦ ਵਿਚ ਸੋਲ੍ਹਾਂ ਤੁਕਾਂਗ ਬਣ ਜਾਂਦੇ ਹਨ, ਇਸ ਕਰਕੇ ਇਸ ਨੂੰ ਚਿਤਰਕਲਾ ਜਾਂ ‘ ਘਨ ਕਲਾ ‘ ਭੀ ਆਖਿਆ ਜਾਂਦਾ ਹੈ। ਸੋਹਲੇ ਦੇ ਵੱਖ ਵੱਖ 10 ਰੂਪ ਹੁੰਦੇ ਹਨ।

ਹੇਠਾਲੇ ਛੰਦ ਦੇ ਹਰੇਕ ਤੁਕ ਵਿਚ ਤਕਰੀਬਨ 63 ਮਾਤਰਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਪਹਿਲੇ ਤਿੰਨ ਬਿਸਰਾਮ ਸੋਲ੍ਹਾਂ ਮਾਤਰਾਂ ਉਪਰ ਤੇ ਚੌਥਾ ਅਖੀਰਲੀਆਂ 15 ਮਾਤਰਾਂ ਉਪਰ ਹੁੰਦਾ ਹੈ। ਹਰੇਕ ਤੁਕ ਦੇ ਅਖੀਰ ਵਿਚ ਲਘੂ-ਗੁਰੂ ਹੁੰਦਾ ਹੈ। ਜਿਵੇ -:

ਹਰਿ ਹਰਿ ਹਰਿ ਹਰਿ ਨਾਮੁ ਜਪਾਹਾ , ਗੁਰਮੁਖਿ ਨਾਮੁ ਸਦਾ ਲੈ ਲਾਹਾ ,
ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ , ਹਰਿ ਹਰਿ ਨਾਮੁ ਓਮਾਹਾ ਰਾਮ ॥੧॥ {ਜੈਤਸਰੀ 698}

ਸੋਲਹਾ ਦਾ ਦੂਜਾ ਰੂਪ -: ਇਸ ਵਿਚ 16+16+16+14=62 ਮਾਤ੍ਰਾਂ। ਅੰਤ ਵਿਚ ਦੋ ਗੁਰੂ :

ਜਨਮੇ ਕਉ ਵਾਜਹਿ ਵਾਧਾਏ , ਸੋਹਿਲੜੇ ਅਗਿਆਨੀ ਗਾਏ ,
ਜੋ ਜਨਮੈ, ਤਿਸੁ ਸਰਪਰ ਮਰਣਾ , ਕਿਰਤੁ ਪਇਆ ਸਿਰਿ ਸਾਹਾ ਹੇ॥ {ਮਾਰੂ ਸੋਲਹੇ 1032}

ਸੋਲਹਾ ਦਾ ਤੀਜਾ ਰੂਪ :- 16+16+16+13=61 ਮਾਤਰਾਂ, ਅੰਤ ਵਿਚ ਲਘੂ-ਗੁਰੂ :

ਆਪਿ ਚਿਤਾਰੇ ਅਪਣਾ ਕੀਆ, ਆਪੇ ਆਪਿ ਆਪਿ ਪ੍ਰਭੁ ਥੀਆ ,
ਆਪਿ ਉਪਾਇ ਰਚਿਓਨੁ ਪਸਾਰਾ , ਆਪੇ ਘਟਿ ਘਟਿ ਸਾਰਣਾ॥ {ਮਾਰੂ ਸੋਲਹੇ 1076}

ਸ) ਛਪੈ :- ਇਹ ਛਿਆਂ ਤੁਕਾਂ ਦਾ ਮਾਤਰਿਕ ਛੰਦ ਹੈ। ਇਸ ਦੇ ਵਿਸ਼ੇਸ਼ ਕਰਕੇ ਚਾਰ ਰੂਪ ਮੰਨੇ ਹਨ। ਇਸ ਦੀਆਂ 11+13=24 ਮਾਤ੍ਰਾਂ ਹੁੰਦੀਆਂ ਹਨ। ਅਖੀਰਲੀਆਂ ਚਾਰ ਤੁਕਾਂ ਦੀਆਂ ਮਾਤ੍ਰਾਂ ਦੀ ਗਿਣਤੀ ਚਾਰ ਰੂਪਾਂ ਵਿਚ ਵੱਖ-ਵੱਖ ਹੁੰਦੀ ਹੈ।

ਇਕ ਵਿਚ ਤੁਕਾਂ ਦੀਆਂ 15+13= 28 ਮਾਤਰਾਂ । ਦੂਜੇ ਵਿਚ 16+15= 31 ਮਾਤਰਾਂ । ਤੀਜੇ ਵਿਚ 13+13= 26 ਮਾਤ੍ਰਾਂ ਅਤੇ ਚੌਥੇ ਵਿਚ 13+11=24 ਮਾਤ੍ਰਾਂ ਹੁੰਦੀਆਂ ਹਨ।

ਪਹਿਲੇ ਵਿਚ ਹਰੇਕ ਤੁਕ ਦੀਆਂ 24 ਮਾਤ੍ਰਾਂ ਹੁੰਦੀਆਂ ਹਨ। ਬਿਸਰਾਮ 11-13 ਮਾਤ੍ਰਾਂ ਉੱਤੇ। ਮਗਰਲੀਆਂ ਦੋ ਤੁਕਾਂ ਵਿਚ 28 ਮਾਤ੍ਰਾਂ ਅਤੇ ਬਿਸਰਾਮ 10-13 ਉੱਤੇ ਹੁੰਦਾ ਹੈ। ਜਿਵੇਂ- :

ਜਾਮਿ ਗੁਰੂ ਹੋਇ ਵਲਿ, ਧਨਹਿ ਕਿਆ ਗਾਰਵੁ ਦਿਜਇ
ਜਾਮਿ ਗੁਰੂ ਹੋਇ ਵਲਿ, ਲਖ ਬਾਹੇ ਕਿਆ ਕਿਜਇ
ਜਾਮਿ ਗੁਰੂ ਹੋਇ ਵਲਿ, ਗਿਆਨ ਅਰੁ ਧਿਆਨ ਅਨਨ ਪਰਿ
ਜਾਮਿ ਗੁਰੂ ਹੋਇ ਵਲਿ, ਸਬਦੁ ਸਾਖੀ ਸੁ ਸਚਹ ਘਰਿ
ਜੋ ਗੁਰੂ ਗੁਰੂ ਅਹਿਨਿਸਿ ਜਪੈ, ਦਾਸੁ ਭਟੁ ਬੇਨਤਿ ਕਹੈ
ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ {1399 }

ਹੋਰ ਰੂਪ : ਅਖੀਰਲੀਆਂ ਦੋ ਤੁਕਾਂ ਵਿਚ 24-24 ਮਾਤ੍ਰਾਂ ਅਤੇ ਬਿਸਰਾਮ 11-13 ਉੱਤੇ ਜਿਵੇਂ – :

ਅਮਿਅ ਦ੍ਰਿਸਟਿ ਸੁਭ ਕਰੈ, ਹਰੈ ਅਘ ਪਾਪ ਸਕਲ ਮਲ।
ਕਾਮ ਕ੍ਰੋਧ ਅਰੁ ਲੋਭ ਮੋਹ; ਵਸਿ ਕਰੈ ਸਭੈ ਬਲ।
ਸਦਾ ਸੁਖੁ ਮਨਿ ਵਸੈ; ਦੁਖੁ ਸੰਸਾਰਹ ਖੋਵੈ।
ਗੁਰੁ ਨਵ ਨਿਧਿ ਦਰੀਆਉ; ਜਨਮ ਹਮ ਕਾਲਖ ਧੋਵੈ।
ਸੁ ਕਹੁ ਟਲ ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ
ਦਰਸਨਿ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ। {1392}

ਹ) ਦਵੱਯਾ ਛੰਦ : ਦਵੱਯਾ ਚਾਰ ਤੁਕਾਂ ਦਾ ਮਾਤਰਿਕ ਛੰਦ ਹੈ, ਜਿਸ ਦੀ ਹਰ ਤੁਕ ਵਿਚ 28 ਮਾਤ੍ਰਾਂ ਹੁੰਦੀਆਂ ਹਨ ਅਤੇ ਅੰਤ ਵਿਚ ਦੋ ਗੁਰੂ ਹੁੰਦੇ ਹਨ। ਪਹਿਲਾ ਬਿਸਰਾਮ 16 ੳੱਤੇ ਅਤੇ ਦੂਜਾ 12 ੳੱਤੇ, ਨਾਲ-ਨਾਲ ਤੁਕਾਂਤ ਦੋਂਹਾਂ ਤੁਕਾਂ ਦਾ ਮਿਲਦਾ ਹੈ ਜਿਵੇ -:

ਗੁਰਮੁਖਿ ਨਾਦੰ ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ
ਗੁਰੁ ਈਸਰੁ ਗੁਰੁ ਗੋਰਖੁ ਬਰਮਾ, ਗੁਰੁ ਪਾਰਬਤੀ ਮਾਈ  {ਜਪੁ ਸਾਹਿਬ}

ਉਪਰੋਕਤ ਪੰਗਤੀਆਂ ਵਿਚ ਪਹਿਲਾ ਬਿਸਰਾਮ 16 ਮਾਤ੍ਰਾਂ ‘ਤੇ ਅਤੇ ਅੰਤਲਾ ਬਿਸਰਾਮ 12 ਮਾਤ੍ਰਾਂ ‘ਤੇ। ਕਈ ਸੱਜਣ ਦੂਜੀ ਤੁਕ ਵਿਚ ਬਿਸਰਾਮ ‘ ਗੁਰੁ ’ ਪਦ ਤੇ ਦੇਂਦੇ ਹਨ ; ਇਹ ਵਿਆਕਰਣਿਕ ਅਤੇ ਕਾਵਿਕ ਨਿਯਮ ਤਹਿਤ ਦਰੁਸਤ ਨਹੀਂ ਹੈ। ਸ਼ੁਧ ਬਿਸਰਾਮ ਉਪਰ ਦੇ ਦਿੱਤਾ ਹੈ।

ਚਲਦਾ…….

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com