ਵਰਣਿਕ ਛੰਦ – ਗੁਰਬਾਣੀ ਪਿੰਗਲ (ਭਾਗ 02)

0
11

A A A

ਛੰਦ :-
ਛੰਦ ਉਸ ਰਚਨਾ ਨੂੰ ਆਖਿਆ ਜਾਂਦਾ ਹੈ ਜਿਹੜੀ ਅੱਖਰ ਅਤੇ ਮਾਤਰਾ ਦੇ ਗਣ ਆਦਿਕ ਨੇਮਾਂ ਦੇ ਅਨੁਸਾਰ ਹੋਵੇ ਭਾਵ ਜਿਸ ਦੀਆਂ ਤੁਕਾਂ ਅੱਖਰਾਂ , ਮਾਤਰਾਂ ਅਤੇ ਗਣ ਦੀ ਗਿਣਤੀ ਖਾਸ ਤੋਲ ਅਨੁਸਾਰ ਰੱਖੀ ਗਈ ਹੋਵੇ।

ਛੰਦ ਦੋ ਪ੍ਰਕਾਰ ਦੇ ਹੁੰਦੇ ਹਨ : ਵਰਣਿਕ ਛੰਦ ਅਤੇ ਮਾਤਰਿਕ ਛੰਦ। ਆਓ ਸੰਕੇਤਕ ਰੂਪ ਵਿੱਚ ਇਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

1. ਵਰਣਿਕ ਛੰਦ :-

ਜਿਨ੍ਹਾਂ ਛੰਦਾਂ ਦੀ ਬਣਤਰ ਖਾਸ ਗਿਣੇ ਮਿਥੇ ਅੱਖਰਾਂ ਦੇ ਹਿਸਾਬ ਨਾਲ ਹੁੰਦੀ ਹੈ ਉਨਾਂ ਨੂੰ ਵਰਣਿਕ ਛੰਦ ਆਖਿਆ ਜਾਂਦਾ ਹੈ। ਇਨ੍ਹਾਂ ਵਿਚ ਮਾਤਰਾਂ ਦੇ ਗਣਾ ਦਾ ਕੋਈ ਹਿਸਾਬ ਜਾਂ ਖਿਆਲ ਨਹੀਂ ਰੱਖਿਆ ਜਾਂਦਾ ਕੇਵਲ ਅੱਖਰਾਂ ਦੀ ਮਿਥੀ ਹੋਈ ਗਿਣਤੀ ਹੀ ਪੂਰੀ ਕੀਤੀ ਜਾਂਦੀ ਹੈ। ‘ ਕਬਿੱਤ, ਸਵੱਯਾ, ਕੋਰੜਾ ‘ ਆਦਿ ਵਰਣਿਕ ਛੰਦ ਵਿਚ ਹੀ ਆਉਂਦੇ ਹਨ।

ਓ) ਕਬਿੱਤ :- ਕਬਿੱਤ ਇਕ ਵਰਣਿਕ ਛੰਦ ਹੀ ਹੈ ਜਿਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਅਤੇ ਹਰੇਕ ਤੁਕ ਵਿਚ 31 ਜਾਂ 32 ਅੱਖਰ ਹੁੰਦੇ ਹਨ। ਪਹਿਲੇ ਤਿੰਨ ਬਿਸਰਾਮ ਅੱਠ-ਅੱਠ ਅੱਖਰਾ ਉੱਤੇ ਅਤੇ ਅਖੀਰਲਾ ਬਿਸਰਾਮ ਸੱਤਾਂ ਜਾਂ ਅੱਠਾਂ ਅੱਖਰਾਂ ਉੱਤੇ ਅਰਥਾਤ ਤੁਕ ਦੇ ਅਖੀਰ ਉੱਤੇ ਹੁੰਦਾ ਹੈ। ਜਿਵੇਂ :-
” ਝੋਲਨਾ “
{ਕਬਿੱਤ ਦਾ ਹੀ ਇਕ ਹਿੱਸਾ}
” ਗੁਰੂ ਗੁਰੁ, ਗੁਰੂ ਗੁਰੁ ; ਗੁਰੂ ਜਪੁ ਪ੍ਰਾਨੀਅਹੁ ” 
ਸਬਦੁ ਹਰਿ ਹਰਿ ਜਪੈ, ਨਾਮੁ ਨਵ ਨਿਧਿ ਅਪੈ”
ਰਸਨਿ ਅਹਿਨਿਸਿ ਰਸੈ, ਸਤਿ ਕਰਿ ਜਾਨੀਅਹੁ”
ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ”
ਅੰਨ ਮਾਰਗ ਤਜਹੁ, ਭਜਹੁ ਹਰਿ ਗਾਨੀਅਹੁ ”  {‘ਗ’ ਪੈਰੀਂ ਅਧ ਸ੍ਵਰੀ ‘ਯ’ ਹੈ} { ਪੰਨਾ 1400 }
4 ਤੁਕਾ ਹਰੇਕ ਤੁਕ 8+8+8+7=31
ਉਪਰੋਕਤ ਛੰਦ ਦੇ ਚਾਰ ਚਰਣ ਹਨ ਜਿਸ ਦੇ ਪਦਿਆਂ ਵਿਚ 21,41,46,41=41 ਮਾਤ੍ਰਾ ਹਨ।

ਅ) ਵਰਣਿਕ ਸਵੱਯਾ :- ਵਰਣਿਕ ਸਵੱਯਾ ਉਹ ਵਰਣਿਕ ਛੰਦ ਹੈ ਜਿਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਪ੍ਰਤਿ ਚਰਨ ਮ੍ਰਾਤਾ 32 ਪਹਿਲਾ ਬਿਸਰਾਮ 16 ਉੱਤੇ ,ਦੂਜਾ 16 ਉੱਤੇ, ਅੰਤ ਭਗਣ।

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ , ਰਸਕਿ ਰਸਕਿ ਠਾਕੁਰ ਗੁਨ ਗਾਵਤ ॥ 
ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ , ਧਰਣਿ ਗਗਨ ਆਵਤ ਫੁਨਿ ਧਾਵਤ ॥  {1388}

ਬ੍ਰਹਮਾਦਿਕ = |+|+S+|+|= 6 , ਸਿਵ = |+|= 2 , ਛੰਦ = S=|= 3 , ਮੁਨੀਸੁਰ = |+S+|+|=5 , ਕੁੱਲ = 16 ( 6+2+3+5 ) ….ਪਹਿਲਾ ਬਿਸਰਾਮ

ਰਸਕਿ = |+|+|= 3 ,  ਰਸਕਿ = |+|+| = 3 , ਠਾਕੁਰ = S +|+|= 4 ,  ਗੁਨ = |+|= 2 , ਗਾਵਤ = S +|+|= 4 , ਕੁੱਲ = 16 ….ਦੂਜਾ ਬਿਸਰਾਮ

ੲ.  ਕੋਰੜਾ :-  ਕੋਰੜਾ ਇਕ ਵਰਣਿਕ ਛੰਦ ਹੈ ਜਿਸ ਦੀਆਂ ਚਾਰ ਜਾਂ ਚਾਰ ਤੋਂ ਵੱਧ ਤੁਕਾਂ ਹੁੰਦੀਆਂ ਹਨ, ਹਰ ਤੁਕ ਵਿਚ 13 ਜਾਂ 14 ਅੱਖਰ ਹੁੰਦੇ ਹਨ ਜਿਸ ਵਿਚ ਪਹਿਲਾ ਬਿਸਰਾਮ ਸੱਤ ਅੱਖਰਾਂ ਉਤੇ ਦੂਜਾ ਅਗਲੇ ਸੱਤ ਅੱਖਰਾਂ ਉਤੇ ਭਾਵ ਤੁਕ ਦੇ ਅਖੀਰ ‘ਤੇ। ਗੁਰਬਾਣੀ ਵਿਚ ਇਸ ਦੀ ਕੋਈ ਉਦਾਹਰਣ ਨਹੀਂ ਮਿਲੀ। ਧਨੀ ਰਾਮ ਚਾਤ੍ਰਿਕ ਦੀਆਂ ਲਿਖੀਆਂ ਕਵਿਤਾਵਾਂ ਵਿਚ ਇਸ ਛੰਦ ਦੀ ਵਰਤੋਂ ਬਹੁਤਾਤ ਵਿਚ ਮਿਲਦੀ ਹੈ :-
ਛਿੰਞ ਦੀ ਤਿਆਰੀ ਹੋਈ ਢੋਲ ਵੱਜਦੇ। 
ਕੱਸੇ ਨੇ ਲੰਗਟੇ ਆਏ ਸ਼ੇਰ ਗੱਜਦੇ।
ਲਿਸ਼ਕਦੇ ਪਿੰਡੇ, ਗੁੰਨੇ ਹੋਏ ਤੋਲ ਦੇ। 
ਮਾਰਦੇ ਨੇ ਛਾਲਾਂ ਦੂਲੇ ਭੰਡ ਪੇਲਦੇ।
ਕਿਸੇ ਨੂੰ ਨਰੈਣਾ ਪਹਿਲੇ ਹਥੇ ਢਾ ਗਿਆ। 
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਚਲਦਾ……

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com