ਕਾਰਕ – ਗੁਰਬਾਣੀ ਵਿਆਕਰਣ (ਭਾਗ 03)

0
11

A A A

ਕਾਰਕ (Case)

ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦਾ ਹੋਰਨਾ ਸ਼ਬਦਾਂ ਨਾਲ ਸਬੰਧ ਦੱਸਣ ਉਹਨਾਂ ਨੂੰ ਕਾਰਕ ਆਖਿਆ ਜਾਂਦਾ ਹੈ। ਜਿਨਾਂ ਸਬੰਧਕੀ ਚਿੰਨ੍ਹਾਂ ਰਾਹੀ ਇਹ ਸਬੰਧ ਪ੍ਰਗਟ ਹੁੰਦੇ ਹਨ ਉਨਾਂ ਨੂੰ ‘ ਕਾਰਕੀ ਚਿੰਨ੍ਹ ‘ ਕਹੀਦਾ ਹੈ। ਕਾਰਕ ਅੱਠ ਪ੍ਰਕਾਰ ਦੇ ਹੁੰਦੇ ਹਨ- :

1. ਕਰਤਾ ਕਾਰਕ (Nominative Case)
ਜਦੋਂ ਵਾਕ ਵਿਚਲਾ ਨਾਂਵ ਸਾਧਾਰਨ-ਰੂਪ ਵਿਚ ਹੋਵੇ ਜੇ ਉਸ ਵਾਕ ਦੇ ਉਦੇਸ਼ ਰੂਪ ਵਿਚ ਆਵੇ ਕਰਤਾ ਕਾਰਕ ਕਹੀਦਾ ਹੈ ਕਰਤਾ ਕਾਰਕ ਦਾ ਕਾਰਕੀ ਚਿੰਨ੍ਹ ‘ ਨੇ ‘ ਹੈ।

ਆਗੈ ਸੁਖੁ ਗੁਰਿ ਕੀਆ ਪਾਛੈ ਕੁਸਲ ਖੇਮ ਗੁਰਿ ਕੀਆ  (626)
ਗੁਰਿ = ਗੁਰੂ ਨੇ (ਕਰਤਾ ਕਾਰਕ ਪੁਲਿੰਗ ਨਾਂਵ ਇਕਵਚਨ)

ਨਿੰਦਕਿ ਅਹਿਲਾ ਜਨਮੁ ਗਵਾਇਆ  (380)
ਨਿੰਦਕਿ = ਨਿੰਦਕ ਨੇ

ਉਪਰੋਕਤ ਪੰਕਤੀਆਂ ਵਿਚ ਵਰਤੇ ਲਫ਼ਜ਼ ਗੁਰਿ, ਨਿੰਦਕਿ ਆਦਿ ਕਰਤਾਕਾਰਕ ਨਾਂਵ ਪੁਲਿੰਗ ਇਕਵਚਨ ਹਨ। ਇਕਵਚਨ ਕਰਤਾਕਾਰਕ ਪੁਲਿੰਗ ਗੁਰਬਾਣੀ ਵਿਚ ਔਂਕੜ, ਸਿਹਾਰੀ ਨਾਲ ਮਿਲਦੇ ਹਨ।

ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ  (418)
ਮਨਮੁਖ ਨ ਬੂਝਹ, ਦੂਜੈ ਭਾਇਆ (128)

ਸਿਧ ਪੀਰ, ਮਨਮੁਖ ਆਦਿ ਪੁਲਿੰਗ ਨਾਂਵ ਕਰਤਾਕਾਰਕ ਬਹੁਵਚਨ ਹਨ ਇਹਨਾਂ ਦੇ ਗੁਰਬਾਣੀ ਵਿਚ ਅੰਤ ‘ ਬਿਹਾਰੀ, ਮੁਕਤਾ, ਕੰਨਾ, ‘ਹ’ ਮੁਕਤੇ ਰੂਪ ਵਿਚ ਰੂਪ ਮਿਲਦੇ ਹਨ। ਜਿਵੇਂ :

ਸਾਹਾ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ  (417)
ਸਾਹਾ = ਸ਼ਾਹਾਂ ਨੇ ( ਸਾਹਾ ਦਾ ਉਚਾਰਨ ‘ ਸ਼ਾਹਾਂ ‘ ਕਰਨਾ ਹੈ )

2. ਕਰਮ ਕਾਰਕ (Objective case)
ਜਿਸ ਨਾਂਵ ਉਪਰ ਕਿਰਿਆ ਦੇ ਰਾਹੀਂ ਦੱਸੇ ਕੰਮ ਦਾ ਪ੍ਰਭਾਵ ਪਏ ਕਰਮ ਕਾਰਕ ਆਖਵਾਉਂਦਾ ਹੈ। ਕਰਮ ਕਾਰਕ ਦਾ ਕਾਰਕੀ ਚਿੰਨ੍ਹ ‘ ਨੂੰ ‘ ਹੈ।

ਹੁਕਮੈ ਬੂਝੈ ਚਉਪੜਿ ਖੇਲੈ, ਮਨੁ ਜਿਣਿ ਢਾਲੇ ਪਾਸਾ  (79)
ਹੁਕਮੈ ਬੂਝੈ = ਹੁਕਮ ਨੂੰ ਬੂਝੇ ( ਕਰਮ ਕਾਰਕ ਪੁਲਿੰਗ ਨਾਂਵ ਇਕਵਚਨ )

ਨਾਨਕ, ਭਾਗੁ ਹੋਵੈ ਜਿਸੁ ਮਸਤਕਿ, ਕਾਲਹਿ ਮਾਰਿ ਬਿਦਾਰੇ  (797)
ਕਾਲਹਿ = ਕਾਲ ਨੂੰ

ਸੂਖ ਸਹਜ ਅੰਨਦ ਘਨੇਰੇ ਨਾਨਕ, ਜੀਵੈ ਹਰਿ ਗੁਣਹ ਵਖਾਣਿ ” (826)
ਗੁਣਹ = ਗੁਣਾਂ ਨੂੰ  ( ਕਰਮ ਕਾਰਕ ਬਹੁਵਚਨ )

ਗੁਰਬਾਣੀ ਵਿਚ ਕਰਮ ਕਾਰਕ ਦੇ ਅੰਤ ਮੁਕਤਾ, ਕੰਨਾ, ਸਿਹਾਰੀ ਆਦਿ ਵਾਲੇ ਰੂਪ ਮਿਲਦੇ ਹਨ।

3. ਕਰਣ ਕਾਰਕ (Instrumental case) 
ਜਿਸ ਨਾਂਵ ਦੇ ਰਾਹੀਂ ਕਿਰਿਆ ਨਾਲ ਦੱਸੇ ਕੰਮ ਦਾ ਹੋਣਾ ਪ੍ਰਤੱਖ ਹੋਵੇ ਉਸ ਨੂੰ ‘ ਕਰਣ ਕਾਰਕ ‘ ਕਹਿੰਦੇ ਹਨ। ਇਸ ਦਾ ਕਾਰਕੀ ਚਿੰਨ੍ਹ ‘ ਨਾਲ ‘ ਜਾਂ ‘ ਰਾਹੀਂ ‘ ਹੈ। ਜਿਵੇਂ :

ਸਚਿ ਮਿਲੈ ਸਚਿਆਰ, ਕੂੜਿ ਨ ਪਾਈਐ  (419)
ਸਚਿ = ਸਚ ਰਾਹੀਂ ( ਕਰਣ ਕਾਰਕ ਇਕਵਚਨ )

ਗੁਰਸਬਦੀ ਗੋਵਿਦੁ ਗਜਿਆ  (1315)
ਗੁਰਸਬਦੀ = ਗੁਰੂ ਦੇ ਸ਼ਬਦ ਰਾਹੀਂ ( ਕਰਣ ਕਾਰਕ ਇਕ ਵਚਨ ) ਸਬਦ ਦਾ ਸਹੀ ਉਚਾਰਨ = ਸ਼ਬਦ

ਦੂਧਹਿ ਦੁਹਿ ਮਟੁਕੀ ਜਬ ਭਰੀ  (1166)
ਦੂਧਹਿ = ਦੁਧ ਨਾਲ ( ਉਚਾਰਨ = ਦੂਧਹਿਂ , ਦੂਧ੍ਹੈਂ  ਵਾਂਗ, ਪੈਰ ਵਿੱਚ ਅੱਧੇ ਹ ਦੀ ਧੁਨੀ )

ਨੈਨਹੁ ਪੇਖੁ ਠਾਕੁਰ ਕਾ ਰੰਗੁ  (281)
ਨੈਨਹੁ = ਨੈਣਾਂ ਨਾਲ  ( ਕਰਣਕਾਰਕ ਬਹੁਵਚਨ ) ਉਚਾਰਨ = ਨੈਨਹੁਂ , ਬਿੰਦੀ ਸਹਿਤ

ਗਜੀ ਨ ਮਿਨੀਐ, ਤੋਲਿ ਨ ਤੁਲੀਐ, ਪਾਚਨ ਸੇਰ ਅਢਾਈ  (335)
ਗਜੀ = ਗੱਜ਼ਾਂ ਨਾਲ  ( ਕਰਣਕਾਰਕ ਬਹੁਵਚਨ ) ਨੋਟ : ‘ ਗਜੀ ‘ ਦਾ ਉਚਾਰਨ ‘ ਗਜ਼ੀਂ ‘ ਕਰਨਾ ਉਚਿਤ ਹੈ , ਬਿੰਦੀ ਸਹਿਤ ।

ਕਰਣਕਾਰਕ ਗੁਰਬਾਣੀ ਵਿਚ ‘ ਮੁਕਤਾ, ਸਿਹਾਰੀ, ਬਿਹਾਰੀ, ਕੰਨੇ ‘ ਵਾਲੇ ਰੂਪ ਵਿਚ ਮਿਲਦੇ ਹਨ।

4. ਸੰਪ੍ਰਦਾਨ ਕਾਰਕ (Dative Case)
ਸੰਪ੍ਰਦਾਨ ਪਦ ਦੇ ਅਖਰੀ ਅਰਥ ‘ ਬਖਸ਼ਿਸ਼ ‘ ਹਨ। ਕਿਸੇ ਨੂੰ ਕੋਈ ਵਸਤੂ ਦਿਤੀ ਜਾਏ ਉਹ ਨਾਂਵ, ਪੜਨਾਂਵ ਜਿਨ੍ਹਾਂ ਲਈ ਕਰਤਾ ਕੰਮ ਕਰੇ ਉਸ ਨੂੰ ‘ ਸੰਪ੍ਰਦਾਨ ਕਾਰਕ ‘ ਕਿਹਾ ਜਾਂਦਾ ਹੈ। ਇਸ ਦਾ ਕਾਰਕੀ ਚਿੰਨ੍ਹ ‘ ਲਈ, ਵਾਸਤੇ, ਤੋਂ,  ਨੂੰ ‘ ਹੈ ।

ਜੇ ਮੋਹਾਕਾ ਘਰੁ ਮੁਹੈ, ਘਰ ਮੁਹਿ ਪਿਤਰੀ ਦੇਇ (472)
ਪਿਤਰੀ = ਪਿਤਰਾਂ ਲਈ , ਨਾਂਵ ਪੁਲਿੰਗ ਬਹੁਵਚਨ ਸੰਪ੍ਰਦਾਨ ਕਾਰਕ ( ਉਚਾਰਨ = ਪਿਤਰੀਂ , ਬਿੰਦੀ ਸਹਿਤ )

ਬਲਿਹਾਰੀ ਗੁਰਦੇਵ ਚਰਨ ” (1206)
ਚਰਨ = ਚਰਨ ਤੋਂ ( ਬਹੁਵਚਨ ਸੰਪ੍ਰਦਾਨ ਕਾਰਕ )

ਸਤਿਗੁਰ ਦਰਸਨਿ ਅਗਨਿ ਨਿਵਾਰੀ ਸਤਿਗੁਰ ਭੇਟਤ ਹਉਮੈ ਮਾਰੀ (183)
ਸਤਿਗੁਰ = ਸਤਿਗੁਰੂ ਨੂੰ ( ਇਕਵਚਨ ਸੰਪ੍ਰਦਾਨ ਕਾਰਕ )

ਆਦਿ ਗੁਰਏ ਨਮਹ ਜੁਗਾਦਿ ਗੁਰਏ ਨਮਹ (262)
ਗੁਰਏ = ਗੁਰੂ ਨੂੰ ( ਨੋਟ : ‘ ਨਮਹ ‘ ਦਾ ਉਚਾਰਨ ‘ ਨਮਹਿ ‘ ਵਾਂਗ ਕਰਨਾ ਠੀਕ ਨਹੀਂ ਹੈ )

ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ (1380)
ਜਿੰਦੁ = ਜਿੰਦ ਨੂੰ  ( ਇਸਤਰੀ ਲਿੰਗ ਨਾਂਵ ਔਂਕੜ ਮੂਲਕ ਹੈ )

ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ  (1411)
ਸੰਤ ਸਭਾ = ਸੰਤ ਸਭਾ ਨੂੰ ( ਇਸਤਰੀ ਲਿੰਗ ਨਾਂਵ ਸੰਪ੍ਰਦਾਨ ਕਾਰਕ )

5. ਆਪਾਦਾਨ ਕਾਰਕ (Ablative Case)
ਆਪਾਦਾਨ ਦਾ ਅਰਥ ਲੈਣਾ ਜਿਸ ਵਸਤੂ ਜਾਂ ਥਾਂ ਤੋਂ ਕੋਈ ਚੀਜ਼ ਅੱਡ ਕੀਤੀ ਜਾਵੇ ਜਾਂ ਜਿਸ ਥਾਂ ਤੋਂ ਕਿਰਿਆ ਦੁਆਰਾ ਪ੍ਰਗਟ ਕੀਤੇ ਕੰਮ ਦਾ ਅਰੰਭ ਹੋਵੇ , ਜਿਵੇ : ਮਨਮੁਖਾਂ ਨਾਲੋਂ ਟੁੱਟੀ ਭਲੀ। ਇਸ ਦੇ ਚਿੰਨ੍ਹ = ਤੋਂ’ ,ਪਾਸੋਂ , ਕੋਲੋਂ , ਆਦਿ ਹਨ।

ਗੁਰ ਤੇ ਮੁਹੁ ਫੇਰੇ ਤਿਨੑ ਜੋਨਿ ਭਵਾਈਐ  (832)
ਤੇ = ਆਪਾਦਾਨ ਕਾਰਕ

ਗੋਸਾਈ ਮਿਹੰਡਾ ਇਠੜਾ ਅੰਮ ਅਬੇ ਥਾਵਹੁ ਮਿਠੜਾ  (73)
ਥਾਵਹੁ = ਆਪਾਦਾਨ ਕਾਰਕ ( ਉਚਾਰਨ ਨਾਸਕੀ ‘ ਥਾਵਹੁਂ ‘ ਬਿੰਦੀ ਸਹਿਤ )

ਜੈ ਤਨਿ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਵਿਲਲਾਇ  (661)
ਤਨਿ = ਤਨ ਤੋਂ , ਆਪਾਦਾਨ ਕਾਰਕ ਨਾਂਵ ਪੁਲਿੰਗ ਇਕ ਵਚਨ।

ਨਾਕਹੁ ਕਾਟੀ ਕਾਨਹੁ ਕਾਟੀ, ਕਾਟਿ ਕੂਟਿ ਕੈ ਡਾਰੀ  (476)
ਨਾਕਹੁ = ਨਕ ਤੋਂ ( ਉਚਾਰਨ ਨਾਸਕੀ ਬਿੰਦੀ ਸਹਿਤ ‘ ਨਾਕਹੁਂ ‘ )

ਲੋਹੳ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ ” (1399)
ਲੋਹਉ = ਲੋਹੇ ਤੋਂ , ਆਪਾਦਾਨ ਕਾਰਕ ਨਾਂਵ ਸੰਧੀ ਸ੍ਵਰ ( ਉਚਾਰਨ = ਲੋਹਉਂ , ਬਿੰਦੀ ਸਹਿਤ )

6. ਸੰਬੰਧ ਕਾਰਕ (Possessive Case)
ਇਕ ਵਿਅਕਤੀ ਜਾਂ ਵਸਤੂ ਦਾ ਕਿਸੇ ਦੂਜੇ ਵਿਅਕਤੀ ਨਾਲ ਮਾਲਕੀ ਸਬੰਧ । ਚਿੰਨ੍ਹ = ਕਾ, ਕੇ, ਕੀ, ਕੀਆ, ਦਾ, ਦੇ, ਦੀ, ਦੀਆ, ਚ, ਚੇ, ਚੀ, ਚੋ, ਖੋ, ਸੰਦਾ, ਕੇਰਾ, ਰੋ ਆਦਿ ।

ਪ੍ਰਭ ਕਾ ਕੀਆ ਮੀਠਾ ਮਾਨੈ (392)
ਕਾ = ਸੰਬੰਧ ਕਾਰਕ ( ਪ੍ਰਭ ਦਾ ਔਂਕੜ ਇਸ ਕਰਕੇ ਲਹਿ ਗਿਆ )

ਦਾਮਨੀ ਚਮਤਕਾਰ, ਤਿਉ ਵਰਤਾਰਾ ਜਗ ਖੇ  (319)
ਖੇ = ਸਬੰਧਕੀ

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ (1383)
ਦੇ = ਸੰਬੰਧ ਕਾਰਕ ਪੁਲਿੰਗ ਬਹੁਵਚਨ

ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ  (959)
ਕੇਰੀ = ਇਸਤਰੀ ਲਿੰਗ ਇਕਵਚਨ ਸੰਬੰਧ ਕਾਰਕ

ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ  (725)
ਕੀਆ = ਇਸਤਰੀ ਲਿੰਗ ਬਹੁਵਚਨ ਸੰਬੰਧ ਕਾਰਕ ( ਉਚਾਰਨ = ਕੀਆਂ , ਬਿੰਦੀ ਸਹਿਤ )

( ਨੋਟ : ਇਸ ਕਾਰਕ ਬਾਰੇ ਵਿਸਤਾਰ ਸਹਿਤ ਵੀਚਾਰ ਫਿਰ ਪੇਸ਼ ਕੀਤੀ ਜਾਵੇਗੀ। )

7. ਅਧਿਕਰਣ ਕਾਰਕ ( Locative Case)
ਕਿਰਿਆ ਦੁਆਰਾ ਪ੍ਰਗਟਾਇਆ ਕੰਮ ਜਿਸ ਵਿਅਕਤੀ.ਵਸਤੂ ਜਾਂ ਅਸਥਾਨ ਉੱਤੇ ਆਸ੍ਰਿਤ ਹੋਵੇ। ਚਿੰਨ੍ਹ = ਵਿਚਿ, ਅੰਤਰਿ, ਅੰਦਰਿ, ਮੰਝਿ, ਭੀਤਰ, ਉਪਰ, ਆਗੈ, ਪਾਛੈ ਆਦਿ।

ਸਤਿਗੁਰ ਵਿਚਿ ਆਪੁ ਰਖਿਓਨੁ, ਕਰਿ ਪਰਗਟੁ ਆਖਿ ਸੁਣਾਇਆ  (466)
ਵਿਚਿ = ਅਧਿਕਰਨ ਕਾਰਕ

ਮਨ ਮਧੇ ਜਾਨੈ ਜੇ ਕੋਇ ਜੋ ਬੋਲੈ ਸੋ ਆਪੈ ਹੋਇ  (1162)
ਮਧੇ = ਅਧਿਕਰਨ ਕਾਰਕ

ਸੁਲਤਾਨੁ ਹੋਵਾ ਮੇਲਿ ਲਸਕਰ, ਤਖਤਿ ਰਾਖਾ ਪਾਉ  (14)
ਤਖਤਿ = ਤਖਤ ਉੱਤੇ , ਪੁਲਿੰਗ ਨਾਂਵ ਅਧਿਕਰਨ ਕਾਰਕ

ਪਾਵਹੁ ਬੇੜੀ ਹਾਥਹੁ ਤਾਲ ਨਾਮਾ ਗਾਵੈ ਗੁਨ ਗੋਪਾਲ  (1166)
ਪਾਵਹੁ = ਪੈਰਾਂ ਵਿਚ, ਬਹੁਵਚਨ ਨਾਂਵ ਅਧਿਕਰਣ ਕਾਰਕ ( ਉਚਾਰਨ = ਪਾਵਹੁਂ , ਬਿੰਦੀ ਸਹਿਤ )

8. ਸੰਬੋਧਨ ਕਾਰਕ (Vocative Case)
ਨਾਂਵ ਦਾ ਉਹ ਰੂਪ ਜੋ ਕਿਸੇ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ।

ਏ ਸਾਜਨ ਕਛੁ ਕਹਹੁ ਉਪਾਇਆ ” (251)
ਏ ! = ਸੰਬੋਧਨ ਕਾਰਕ ( ਸੰਬੋਧਨ ਕਾਰਕ ਸੰਬੋਧਨੀ ਰੂਪ ਵਿਚ ਉਚਾਰਿਆ ਜਾਵੇ ਤਾਂ ਠੀਕ ਹੈ )

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ  (526)
ਅਰੀ ! = ਸੰਬੋਧਨ ਕਾਰਕ

ਸਹੁ ਵੇ ਜੀਆ ਅਪਣਾ ਕੀਆ  (467)
ਵੇ ! = ਸੰਬੋਧਨ

ਗੋਪਾਲ ਤੇਰਾ ਆਰਤਾ  (695)
ਗੋਪਾਲ ! = ਸੰਬੋਧਨ

ਸੰਤਹੁ ਹਰਿ ਹਰਿ ਹਰਿ ਆਰਾਧਹੁ  (627)
ਸੰਤਹੁ ! = ਸੰਬੋਧਨ

ਚਲਦਾ……

ਭੁੱਲ ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ‘
Khalsasingh.hs@gmail.com