ਅੱਖਰ ਨ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

0
17

A A A

ਨਾਨਕ / ਨਾਨਕੁ / ਨਾਨਕਿ / ਨਾਨਕਾ / ਨਾਨਕਹ / ਨਾਨਕੈ / ਨਾਨਕੋ

ਸਮੱਗਰ ਗੁਰਬਾਣੀ ਅੰਦਰ ‘ਨਾਨਕ‘ ਲਫਜ਼ ਸੱਤ ਰੂਪਾਂ ਵਿਚ ਆਉਂਦਾ ਹੈ। ਲਗਾਂ ਮਾਤ੍ਰਾਂ ਦੇ ਅਧਾਰ ‘ਤੇ ਅਰਥਾਂ ‘ਚ ਅੰਤਰ ਆ ਜਾਂਦਾ ਹੈ। ਉਪਰੋਕਤ ਲਫਜ਼ ਭੀ ਅਲਗ-ਅਲਗ ਅੰਤਕ ਮਾਤ੍ਰਾ ਬਦਲਣ ਨਾਲ ਅਰਥ ਤੌਰ ‘ਤੇ ਪ੍ਰਭਾਵਿਤ ਆਉਂਦਾ ਹੈ। ਆਉ ਇਸ ਲਫਜ਼ ਨੂੰ ਸਮਝਣ ਦਾ ਯਤਨ ਕਰਦੇ ਹਾਂ :-

ਨਾਨਕ : ਇਸ ਰੂਪ ਵਿਚ ਇਸ ਲਫਜ਼ ਦੇ ਗੁਰਬਾਣੀ ਵਿਚ 4446 ਵਾਰ ਦਰਸ਼ਨ ਹੁੰਦੇ ਹਨ। ਗੁਰਬਾਣੀ ਵਿਚ ਇਸ ਰੂਪ ਦੇ ਲਫਜ਼ ਨੂੰ ‘ਮੁਹਰ ਛਾਪ’ ਵਜੋਂ ਲਿਆ ਹੈ ਭਾਵ ਛੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਕਰਤੇ ਦੀ ਮੁਹਰ ਛਾਪ ਵਜੋਂ ਇਸ ਲਫਜ਼ ਨੂੰ ਵਰਤਿਆ ਗਿਆ ਹੈ ਉਚਾਰਣ ਸਮੇਂ ਇਸ ਲਫਜ਼ ਯਮਕ ਦੇ ਕੇ ਭਾਵ ਥੋੜਾ ਰੁਕ ਕੇ ਉਚਾਰਣ ਕਰਨਾ ਹੈ :
ਹੈ ਭੀ ਸਚੁ, ਨਾਨਕ ; ਹੋਸੀ ਭੀ ਸਚੁ॥ (ਪੰਨਾ 1, ਜਪੁ ਜੀ )
ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ ; ਅੰਤੁ ਨ ਅੰਤੁ॥ (ਪੰਨਾ 7, ਜਪੁ ਜੀ )

ਨਾਨਕੁ : ਇਸ ਰੂਪ ਵਿਚ ਇਹ ਲਫਜ਼ ਗੁਰਬਾਣੀ ਵਿਚ 531 ਵਾਰ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਸ ਨੂੰ ‘ਕਰਤਾ ਕਾਰਕ ਇਕਵਚਨ ਸਧਾਰਨ ਰੂਪ’ ਕਹੀਦਾ ਹੈ। ਗੁਰਬਾਣੀ ਵਿਚ ਇਹ ਲਫਜ਼ ‘ਉਤਮ ਪੁਰਖ’ ਵਿੱਚ, ਭਾਵ ਆਪਣੇ ‘ਤੇ ਗੱਲ ਲਾ ਕੇ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦਿਤਾ ਹੈ। ਦੂਜੇ ਅਰਥ ਭਾਵ ਵਿਚ ਹੋਰ ਗੁਰੂ ਸਾਹਿਬਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਸਤਿਕਾਰਤ ਭਾਵਨਾ ਤਹਿਤ ਸੰਬੋਧਨ ਕੀਤਾ ਹੈ ਤਦੋਂ ਭੀ ਇਸ ਲਫਜ਼ ਨਾਲ ਔਂਕੜ ਆਉਂਦੀ ਹੈ। ਇਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਜਦੋਂ ‘ਨਾਨਕੁ’ ਪਦ ਨੂੰ ਔਂਕੜ ਆ ਜਾਏ ਤਾਂ ਉਸ ਦੇ ਵਿਸ਼ੇਸ਼ਣ ਭਾਵੇਂ ਇਸ ਪਦ ਤੋਂ ਪਹਿਲਾਂ ਹੋਵੇ ਜਾਂ ਬਾਅਦ ਵਿਚ ਉਹ ਇਕੱਠਾ ਹੀ ਪੜਿਆ ਜਾਵੇਗਾ, ਜਿਵੇਂ :
ਨਾਨਕੁ ਨੀਚੁ ; ਕਹੈ ਵੀਚਾਰੁ॥ (ਪੰਨਾ , ਜਪੁ ਜੀ )
ਜਨੁ ਨਾਨਕੁ ਬੋਲੈ ; ਅੰਮ੍ਰਿਤ ਬਾਣੀ॥ (ਪੰਨਾ 96 )
ਸਭ ਤੇ ਵਡਾ ਸਤਿਗੁਰੁ ਨਾਨਕੁ ; ਜਿਨਿ ਕਲ ਰਾਖੀ ਮੇਰੀ॥ (ਪੰਨਾ 750 ) ਇਸ ਪੰਗਤੀ ਵਿਚ ‘ਸਤਿਗੁਰੁ’ ਤੇ ਬਿਸਰਾਮ ਦੇਣਾ ਗੁਰਬਾਣੀ ਵਿਆਕਰਣ ਅਨੁਸਾਰ ਅਸ਼ੁਧ ਹੈ । ‘ਨਾਨਕੁ’ ਪਦ ਕਰਤਾ ਕਾਰਕ ਸਧਾਰਨ ਰੂਪ ਹੈ ਅਤੇ ‘ਸਤਿਗੁਰੁ’ ਲਫਜ਼ ਇਸ ਦਾ ਵਿਧੇਅ ਰੂਪ ਵਿਸ਼ੇਸ਼ਣ ਹੈ।

ਨਾਨਕਿ : ਉਕਤ ਲਫਜ਼ ਗੁਰਬਾਣੀ ਅੰਦਰ 23 ਵਾਰ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ਕਰਤਾ ਕਾਰਕ ਇਕਵਚਨ ਸੰਬੰਧਕੀ ਰੂਪ ਅਤੇ ਅਧਿਕਰਨ ਹੈ :
ਗੁਰਿ ਨਾਨਕਿ ਅੰਗਦੁ ਵਰ੍ਹਉ ਗੁਰਿ ਅੰਗਦਿ ਅਮਰ ਨਿਧਾਨੁ॥ (ਪੰਨਾ 1407 )
ਨਾਨਕਿ ਨਾਮੁ ਨਿਰਜੰਨ ਜਾਨੑਉ ਕੀਨੀ ਭਗਤਿ ਪ੍ਰੇਮ ਲਿਵ ਲਾਈ॥ (ਪੰਨਾ 1406 )
ਗੁਰ ਮਿਲਿ ਨਾਨਕਿ ਹਰਿ ਹਰਿ ਕਹਿਆ॥ (ਪੰਨਾ 1184 )
ਉਪਰੋਕਤ ਪੰਗਤੀਆਂ ਵਿਚ ‘ਨਾਨਕੁ’ ਪਦ ਦੇ ਅਰਥ ਵਿਆਕਰਣ ਅਨੁਸਾਰ ‘ ਨਾਨਕ (ਜੀ) ਨੇ ‘ ਬਣਦੇ ਹਨ।

ਨਾਨਕਾ : ਇਸ ਰੂਪ ਵਿਚ ਉਪਰੋਕਤ ਲਫਜ਼ ਗੁਰਬਾਣੀ ਵਿਚ 127 ਵਾਰ ਆਇਆ ਹੈ ਗੁਰਬਾਣੀ ਵਿਆਕਰਣ ਅਨੁਸਾਰ ਇਸ ਲਫਜ਼ ਨੂੰ ‘ਸੰਬੋਧਨ ਵਾਚੀ’ ਕਹੀਦਾ ਹੈ। ਅੰਤ ਕੰਨਾ ਸੰਬੋਧਨ ਕਾਰਕ ਦਾ ਸੂਚਕ ਜਾਣਿਆ ਜਾਂਦਾ ਹੈ। ਇਸ ਲਫਜ਼ ਦਾ ਉਚਾਰਣ ਭੀ ਸੰਬੋਧਨੀ ਲਹਿਜੇ ਵਿਚ ਹੀ ਕਰਨਾ ਯੋਗ ਹੈ ਅਤੇ ਇਸ ਦੇ ਅਰਥ ਹਨ ‘ ਹੇ ਨਾਨਕ ‘ :
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ! ਸਭ ਵਾਉ॥ (ਪੰਨਾ 14 )
ਜੋ ਤਿਸੁ ਭਾਵੈ ਨਾਨਕਾ ! ਹੁਕਮੁ ਸੋਈ ਪਰਵਾਨੁੋ॥ (ਪੰਨਾ 25 )

ਨਾਨਕਹ : ਇਹ ਲਫਜ਼ ਸਮਸਰ ਗੁਰਬਾਣੀ ਵਿਚ ਕੇਵਲ ਇਕੋ ਵਾਰ ਬਾਣੀ ਸਹਸਕ੍ਰਿਤੀ ਵਿਚ ਆਇਆ ਹੈ । ਅਸਲ ਵਿਚ ਇਹ ਲਫਜ਼ ‘ਨਾਨਕਾ’ ਤੋਂ ਹੀ ‘ਨਾਨਕਹ’ ਸਹਸਕ੍ਰਿਤੀ ਦੀ ਲਿਖਣਸ਼ੈਲੀ ਅਨੁਸਾਰ ਬਣਿਆ ਹੈ । ਉਕਤ ਲਫਜ਼ ਦਾ ਸ਼ੁਧ ਉਚਾਰਣ ‘ ਨਾਨਕ੍ਹਾ ‘ ਵਾਂਗ ਕਰਨਾ ਦਰੁਸਤ ਹੈ। ‘ਹ’ ਮੁਕਤੇ ਦੀ ਧੁਨੀ ਕੰਨੇ ਦੀ ਅੱਧੀ ਧੁਨੀ ਹੁੰਦੀ ਹੈ। ਇਸ ਦਾ ਉਚਾਰਣ ‘ ਨਾਨਕ੍ਹੈ ‘ ਵਾਂਗ ਕਰਨਾ ਅਸ਼ੁਧ ਹੈ। ‘ਹ’ ਖੜੀ-ਤੜੀ ਬੋਲੀ ਵਿਚ ਉਚਾਰੋ।
ਸਾਧਸੰਗ ਸ੍ਨੇਹ ਸਤ੍ਯ੍ਯਿੰ ਸੁਖਯੰ ਬਸੰਤਿ ਨਾਨਕਹ ॥੨॥ (ਪੰਨਾ 1354 )
ਉਚਾਰਣ ਸੇਧ :  ਲਫਜ਼ ‘ ਸ੍ਨੇਹ ‘ ਵਿਚ ‘ਸ’ ਦੇ ਪੈਰੀਂ ਅਧਾ ‘ਨ’ ਹੈ ਜਿਸਦਾ ਉਚਾਰਣ ‘ ਸਨੇਹ ‘ ਵਾਂਗ ਅਤੇ ਲਫਜ਼ ‘ ਸਤਿੰ ‘ ਦੇ ‘ਤ’ ਦੇ ਪੈਰੀ ਅਰਧ ਸ੍ਵਰੀ ‘ਯ’ ਜਿਸਦਾ ਉਚਾਰਣ ‘ ਸਤਿਅੰਤ ‘ ਵਾਂਗ ਕਰਨਾ ਹੈ।

ਨਾਨਕੈ : ਉਪਰੋਕਤ ਲਫਜ਼ ਭੀ ਗੁਰਬਾਣੀ ਅੰਦਰ ਕੇਵਲ ਇਕ ਵਾਰ ਹੀ ਆਇਆ ਹੈ। ਇਸ ਲਫਜ਼ ਦੀਆ ਅੰਤਕ ਦੁਲਾਵਾਂ ਵਿਆਕਰਣਿਕ ਹਨ ਜੋ ਗੁਰਬਾਣੀ ਵਿਆਕਰਣ ਅਨੁਸਾਰ ‘ਸੰਪਰਦਾਨ ਕਾਰਕ’ ਦੀਆਂ ਵਾਚਕ ਹਨ। ਇਸ ਲਫਜ ਦਾ ਪ੍ਰਸੰਗਕ ਅਰਥ ਹੈ ‘ ਨਾਨਕ ਨੂੰ ‘ :
ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥ (ਪੰਨਾ 421 ) ਨਾਨਕੈ = {ਸੰਪਰਦਾਨ ਕਾਰਕ} ਨਾਨਕ ਨੂੰ।

ਨਾਨਕੋ : ਇਸ ਲਫਜ਼ ਦੇ ਭੀ ਦਰਸ਼ਨ ਗੁਰਬਾਣੀ ‘ਚ ਕੇਵਲ ਇਕ ਵਾਰ ਹੀ ਹੁੰਦੇ ਹਨ। ਅਸਲ ਵਿਚ ਇਹ ਲਫਜ ‘ਨਾਨਕੁ’ ਹੀ ਹੈ ਪਰ ਗੁਰਮਤਿ ਕਾਵਿ ਪ੍ਰਬੰਧ ਅਧੀਨ ਤੁਕਾਂਤ ਨੂੰ ਮੇਲਣ ਲਈ ‘ਨਾਨਕੁ’ ਤੋਂ ‘ਨਾਨਕੋ’ ਬਣਾਇਆ ਹੈ। ਵਿਆਕਰਣ ਅਨੁਸਾਰ ਕਰਤਾ ਕਾਰਕ ਇਕਵਚਨ ਸਧਾਰਨ ਰੂਪ ਹੈ :
ਜਨ ਨਾਨਕੋ ; ਸਰਣਾਗਤੀ ਦੇਹੁ ਗਰਮਤੀ ਭਜੁ ਰਾਮ ਰਾਮ ਰਾਮ॥ (ਪੰਨਾ 1297 )

ਨਚਿ / ਨਚ

ਗੁਰਬਾਣੀ ਵਿਚ ‘ ਨਚਿ ‘ ਪਦ ਇਸ ਰੂਪ ਵਿਚ ਛੇ ਬਾਰ ਆਇਆ ਹੈ, ਗੁਰਬਾਣੀ ਵਿਆਕਰਣ ਅਨੁਸਾਰ ਇਹ ‘ਪੂਰਬ ਪੂਰਣ ਕਿਰਦੰਤ’ ਹੈ ਇਸਦਾ ਅਰਥ ਹੈ ‘ ਨੱਚ ਕੇ ‘ ਜਿਵੇਂ :
ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ॥ (ਪੰਨਾ 159 )  ਨਚਿ ਨਚਿ = ਨੱਚ ਨੱਚ ਕੇ। ਉਚਾਰਣ ਸਮੇਂ ‘ ਨ ‘ ਅੱਖਰ ਉਪਰ ਬਲ ਧੁਨੀ ਦਾ ਪ੍ਰਯੋਗ ਕਰਨਾ ਹੈ, ਨੱਚ ਵਾਂਗ।
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ॥ (ਪੰਨਾ 1285 ) ਨਚਿ = ਨੱਚ ਕੇ ।

ਗੁਰਬਾਣੀ ਵਿਚ ‘ ਨਚ ‘ ਪਦ ਅਠ੍ਹਾਰਾਂ ਵਾਰ ਆਇਆ ਹੈ ਇਸ ਪਦ ਦੇ ਉਚਾਰਣ ਵਿਚ ਆਮ ਕਰਕੇ ਬੜ੍ਹੀ ਲਾਪਰਵਾਹੀ ਵੇਖੀਦੀ ਹੈ, ਇਹ ਪਦ ਦਾ, ਗੁਰਬਾਣੀ ਵਿਆਕਰਣ ਅਨੁਸਾਰ ‘ਨ’ ਨਿਸ਼ੇਧ ਵਾਚਕ ਹੈ ਅਤੇ ‘ਚ’ ਅਵਿਐ (participle) ਹੈ ਇਸਦਾ ਪ੍ਰਸੰਗਕ ਅਰਥ ਹੈ ‘ ਨਾ ਹੀ ‘ ਹੈ। ਇਸਦਾ ਉਚਾਰਣ ਦੋਨਾਂ ਅੱਖਰਾਂ ਦਾ ਥੋੜਾ ਫਰਕ ਰਖ ਕੇ ਕਰਨਾ ਹੈ ‘ ਨ ਚ ‘ ਵਾਂਗ :
ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥ (ਪੰਨਾ 708 ) ਨਚ = ਉਚਾਰਣ ‘ ਨ ਚ ‘ ਵਾਂਗ ।
ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ ॥ (ਪੰਨਾ 1357 )

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com