ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥

0
19

A A A

ਆਸਾ , ਮਹਲਾ੧॥
ਆਸਾ = ਰਾਗ ਆਸਾ , ਮਹਲਾ = ਸਰੀਰ , ੧ = ਪਹਿਲਾ , ਮਹਲਾ੧ = ਇਸ ਸ਼ਬਦ  ਦਾ ਉਚਾਰਣਹਾਰ ਸਰੀਰ-ਗੁਰੂ ਪਹਿਲਾ ਜਾਣੀ ਗੁਰੂ ਨਾਨਕ ਜੀ ।

ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ ॥
ਪਦ ਅਰਥ : ਖੁਰਾਸਾਨ = ਇਕ ਦੇਸ਼ ਜੋ ਈਰਾਨ ਦੇ ਪੂਰਬ ਵਲ ਅਤੇ ਅਫਗਾਨਿਸਤਾਨ ਦੇ ਪਛਮ ਵੱਲ ਹੈ। ਖਸਮਾਨਾ = ਫਾਰਸੀ, ਕੋਈ ਵਸਤੂ ਸੌਂਪ ਕੇ ਉਸ ਦੇ ਧਿਆਨ ਲਈ ਆਖਣਾ। ਹਿੰਦੁਸਤਾਨੁ = (ਸਮਾਸ, ਹਿੰਦੁ+ਸਤਾਨੁ) ਹਿੰਦਸਤਾਨ।
ਅਰਥ : ਖੁਰਾਸਾਨ ਦਾ ਜੁਮੇਂਵਾਰੀ ਕਿਸੇ ਹੋਰ ਨੂੰ ਸੌਂਪ ਕੇ ਬਾਬਰ ਨੇ ਹਮਲਾ ਕਰ ਕੇ ਹਿੰਦਸਤਾਨ ਨੂੰ ਆ ਡਰ ਪਾਇਆ।

ਆਪੈ ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥ 
ਪਦ ਅਰਥ : ਆਪੈ = {ਨਿਸ਼ਚੇਵਾਚੀ ਪੜਨਾਂਵ ਅਪਾਦਾਨ ਕਾਰਕ} ਆਪ ਨੂੰ। ਮੁਗਲ = ਬਾਬਰ। ਜਮੁ ਕਰਿ = {ਪੂਰਬ ਪੂਰਣ ਕਿਰਦੰਤ} ਜਮ ਰੂਪ ਬਣਾ ਕੇ।

{ਜੇਹੜੇ ਲੋਕ ਫਰਜ਼,ਧਰਮ ਭੁਲਾ ਕੇ ਰੰਗ-ਰਲੀਆਂ,ਵਾਸ਼ਨਾਵਾਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਕੀਤੇ ਕਰਮ ਦੀ ਸਜ਼ਾ ਭੁਗਤਨੀ ਹੀ ਪੈਂਦੀ ਹੈ ਕੁਦਰਤ ਦੇ ਨਿਯਮ ਅਧੀਨ , ਇਹ ਕਿਰਦਾਰ ਬਾਬਰ ਦੇ ਹਮਲੇ ਸਮੇਂ ਪਠਾਣ ਹਾਕਮਾਂ, ਹਿੰਦੂ ਅਹਿਲਕਾਰਾਂ ਅਤੇ ਹਿੰਦੂ ਪੁਜਾਰੀਆਂ ( ਬ੍ਰਾਹਮਣਾਂ )ਦਾ ਬਣਿਆ ਹੋਇਆ ਸੀ }

ਅਰਥ : ਕਰਤਾਰ (ਪਰਮਾਤਮਾ) ਆਪਣੇ ਆਪ ਉਤੇ ਦੋਸ਼ ਨਹੀਂ ਆਉਣ ਦਿੰਦਾ, ਬਾਬਰ ਬਾਦਸ਼ਾਹ ਨੂੰ ਜਮ ਰੂਪ ਬਣਾ ਕੇ ਹਿੰਦਸਤਾਨ ਤੇ ਚੜ੍ਹਾ ਦਿੱਤਾ।

ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ ॥
ਨੋਟ : ਪ੍ਰੋ. ਸਾਹਿਬ ਸਿੰਘ, ਗਿ. ਹਰਬੰਸ ਸਿੰਘ ਅਤੇ ਹੋਰ ਵਿਦਵਾਨਾ ਦੁਆਰਾ ਉਪਰੋਕਤ ਪੰਗਤੀ ਦਾ ਅਰਥ ਸ਼ਬਦ ਦੇ ਪਰਕਰਣ ਅਤੇ ਭਾਵ ਤੋਂ ਵਿਪਰੀਤ ਕੀਤਾ ਹੈ। ਕਥਿਤ ਵਿਦਵਾਨਾਂ ਦੁਆਰਾ ਕੀਤੇ ਅਰਥ ਮੁਤਾਬਕ ਤਾਂ ਇਕ ਸ਼ੰਕਾ ਉਠਦਾ ਹੈ ਕਿ ਗੁਰੂ ਨਾਨਕ ਸਾਹਿਬ ਕੀ ਪਰਮਾਤਮਾ ਨੂੰ ਉਲਾਂਭਾ ਦੇ ਰਹੇ ਹਨ ?….ਨਹੀਂ, ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਅਨਿੰਨ ਸੇਵਕ, ਪ੍ਰਭੂ ਰਜ਼ਾ ਅੰਦਰ ਖੁਸ਼ ਰਹਿਣ ਵਾਲੇ ਐਸਾ ਨਹੀਂ ਕਰ ਸਕਦੇ। ਉਪਰੋਕਤ ਪੰਗਤੀ ਦੇ ਅਰਥ ਸ਼ਬਦ ਦੇ ਪ੍ਰਕਰਣ ਅਤੇ ਲਗ-ਮਾਤ੍ਰੀ ਗਿਆਨ ਮੁਤਾਬਕ ਇਸ ਪ੍ਰਕਾਰ ਬਣਦੇ ਹਨ -:
ਏਤੀ ਮਾਰ = {ਕਿਰਿਆ ਵਿਸ਼ੇਸ਼ਣ} ਏਨੀ ਮਾਰ, ਇਤਨੀ ਮਾਰ। ਕਰਲਾਣੇ = {ਸਮਾਸ} ਕੀਰਨੇ ਪਾ ਉੱਠੇ ਅਤੇ ਕਹਿ ਉਠੇ। ਤੈਂ = {ਮਧਮ ਪੁਰਖ ਪੜਨਾਂਵ} ਤੈਨੂੰ। ਦਰਦੁ ਨ ਆਇਆ = ਰਹਿਮ ਨਹੀਂ ਆਇਆ।
ਅਰਥ : ਉਦੋਂ ਹਿੰਦਸਤਾਨੀਆਂ ਨੂੰ ਇਤਨੀ ਮਾਰ ਪਈ ਕਿ ਸਾਰੇ ਲੋਕ ਕੁਰਲਾ ਉਠੇ, ਅਤੇ ਕਹਿ ਉੱਠੇ ਹੇ ਪ੍ਰਭੂ ! ਕੀ ਤੈਨੂੰ ਅਜਿਹੀ ਹਾਲਤ ਵੇਖ ਕੇ ਸਾਡੇ ਤੇ ਰਹਿਮ ਨਹੀਂ ਆਇਆ ?
{ਗੁਰੂ ਨਾਨਕ ਸਾਹਿਬ ਸੰਨ 1521 ਵਿਚ ਐਮਨਾਵਾਦ ਪਹੁੰਚੇ ਸਨ। ਬਾਬਰ ਦੇ ਮੁਗਲ ਫੌਜੀਆਂ ਹੱਥੋਂ ਜੋ ਦੁਰਗਤੀ ਸੈਦਪੁਰ-ਨਿਵਾਸੀਆਂ ਦੀ ਅੱਖੀਂ ਵੇਖੀ ਉਸ ਦਾ ਜ਼ਿਕਰ ਸਤਿਗੁਰੂ ਜੀ ਇਸ ਸ਼ਬਦ ਵਿਚ ਕਰ ਰਹੇ ਹਨ। ਲੋਕ-ਆਵਾਜ਼ ਜੋ ਗੁਰੂ ਜੀ ਨੇ ਉਥੇ ਕੀਰਨੇ ਪਾਉਂਦੇ ਲੋਕਾਂ ਤੋਂ ਸੁਣੀ ਉਸ ਨੂੰ ਆਪਣੇ ਮੁਖਾਰਬਿੰਦ ਰਾਹੀਂ ਅੰਕਿਤ ਕੀਤਾ। ਏਥੇ ਇਹ ਖਿਆਲ ਰਖੱਣਾ ਹੈ ਕਿ ਉਪਰੋਕਤ ਬਚਨ ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ ਬਲਕਿ ਉਥੋਂ ਦੀ ਲੋਕ ਆਵਾਜ਼ ਨੂੰ ਬਿਆਨ ਕਰ ਰਹੇ ਹਨ।

ਕਰਤਾ ! ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧ ॥ ਰਹਾਉ ॥
ਕਰਤਾ = ( ਸੰਬੋਧਨਵਾਚੀ ) ਹੇ ਕਰਤਾਰ। ਸੋਈ = (ਵਿਸ਼ੇਸ਼ਣ ਕਿਰਿਆ) ਖਬਰ ਸਾਰ ਲੈਣ ਵਾਲਾ। ਸਕਤਾ = ਸ਼ਕਤਾ, ਸ਼ਕਤੀਮਾਨ। ਰੋਸੁ = {ਨਾਂਵ} ਗੁੱਸਾ।
ਅਰਥ : ਹੇ ਕਰਤਾਰ ! ਤੂੰ ਸਭ ਜੀਆਂ ਦੀ ਸਾਰ ਲੈਣ ਵਾਲਾ ਹੈਂ। ਜੇ ਇਕ ਸ਼ਕਤੀਮਾਨ ਦੂਜੇ ਸ਼ਕਤੀਮਾਨ ਨੂੰ ਮਾਰੇ ਤਾਂ ਕਿਸੇ ਦੇ ਮਨ ਵਿਚ ਕੋਈ ਗਿਲਾ ਗੁੱਸਾ ਨਹੀਂ ਹੁੰਦਾ ਕਿਉਂਕਿ ਬਰਾਬਰ ਦੀ ਲੜਾਈ ਹੁੰਦੀ ਹੈ। ਰਹਾਉ ।

ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀਂ, ਮੁਇਆ ਸਾਰ ਨ ਕਾਈ ॥
ਉਚਾਰਣ ਸੇਧ :- ਬਿੰਦੀ ਸਹਿਤ : ਮੁਇਆਂ । ਵਿਸ਼ੇਸ਼ ਧੁਨੀ : ਸ਼ੀਂਹ , ਪੁਰਸ਼ਾਈ ( ਸ਼ ਪੈਰ ਬਿੰਦੀ । ਸੀਹੋ ਉਚਾਰਣ ਅਸ਼ੁਧ ਹੈ।
ਸ਼ੀਹੁ = (ਫਾਰਸੀ, ਪੁਲਿੰਗ ਇਕਵਚਨ ਨਾਂਵ) ਸ਼ੇਰ। ਪੈ ਵਗੈ = (ਅਪਾਦਾਨ ਕਾਰਕ) ਵੱਗ ਉਤੇ ਆ ਪਏ। ਪੁਰਸਾਈ = (ਫਾਰਸੀ, ਪੁਰਸਿਸ਼, ਨਾਂਵ) ਪੁੱਛ-ਗਿੱਛ। ਰਤਨ ਵਿਗਾੜਿ = (ਕਾਰਦੰਤਕ) ਰਤਨਾਂ ਵਰਗੇ ਇਨਸਾਨ ਵਿਗਾੜ ਕੇ। ਵਿਗੋਏ = (ਕਿਰਿਆ) ਨਾਸ਼ ਕਰ ਦਿੱਤੇ। ਕੁਤੀਂ = (ਨਾਂਵ ਬਹੁਵਚਨ ਕਰਤਾ ਕਾਰਕ ਸੰਬੰਧਕੀ ਰੂਪ) ਮਗਲ ਸਿਪਾਈਆਂ ਨੇ। ਮੁਇਆ = ਮੁਇਆ, ਮਰੇ ਹੋਇਆਂ ਦੀ। ਕਾਈ =(ਪੜਨਾਂਵ) ਕੋਈ ।
ਅਰਥ : ਜੇ ਸ਼ਕਤੀਮਾਨ ਸ਼ੇਰ ਗਊਆਂ ਦੇ ਵਗ ਉਤੇ ਆ ਪਵੇ ਤਾਂ ਇਸ ਦੀ ਪੁੱਛ ਵਗ ਦੇ ਮਾਲਕ ਤੋਂ ਹੁੰਦੀ ਹੈ ਕਿ ਉਹ ਕਿਥੇ ਗਿਆ ਸੀ। ਮੁਗਲ ਸਿਪਾਈ ਕੁੱਤਿਆਂ ਨੇ ਨੇ ਰਤਨਾਂ ਵਰਗੇ ਇਨਸਾਨ ਵਿਗਾੜ ਕੇ ਭਾਵ ਬੁਰੀ ਤਰ੍ਹਾਂ ਨਾਸ਼ ਕਰ ਦਿੱਤੇ ਅਤੇ ਇਹਨਾਂ ਮੋਇਆਂ ਹੋਇਆਂ ਦੀ ਕੋਈ ਸੰਭਾਲ ਕਰਨ ਵਾਲਾ ਨਹੀਂ ਰਿਹਾ।
{ਬਦ-ਮਸਤ ਹਾਕਮਾਂ / ਅਹਿਲਕਾਰਾਂ  ਦੇ ਨਾਲ-ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ। ਇਸ ਕਰਕੇ ਉਹਨਾਂ ਗਰੀਬਾਂ ਦੇ ਹਉਂਕੇ, ਉਲਾਂਭਿਆਂ ਨੂੰ ਸਤਿਗੁਰੂ ਜੀ ਨੇ ਅਖੀਂ ਵੇਖਿਆ ਕੰਨੀਂ ਸੁਣਿਆ। ਉਸ ਦ੍ਰਿਸ਼ ਨੂੰ ਉਪਰੋਕਤ ਪੰਗਤੀਆਂ ਵਿਚ ਬਿਆਨ ਕੀਤਾ ਹੈ। ਅਗਲੇਰੀ ਪੰਗਤੀ ਵਿਚ ਰਹਾਉ ਦੇ ਦੂਜੇ ਬੰਦ ਅੰਦਰ ਆਪਨੇ ਵੱਲੋਂ ਸਿਧਾਂਤ, ਉਹਨਾਂ ਲੋਕਾਂ ਨੂੰ ਮੁਖ਼ਾਤਿਬ ਹੋ ਕੇ ਦਸ ਰਹੇ ਹਨ }

ਆਪੇ ਜੋੜਿ ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ ॥੨
ਆਪੁ = (ਪੜਨਾਂਵ ਕਰਤਾ ਕਾਰਕ ਇਕਵਚਨ ਸਧਾਰਨ ਰੂਪ) ਆਪ ਹੀ।
ਅਰਥ : ਹੇ ਪ੍ਰਭੂ ! ਤੂੰ ਆਪ ਹੀ ਜੀਆਂ ਦੇ ਸੰਬੰਧ ਜੋੜੇ ਸਨ ਅਤੇ ਆਪ ਹੀ ਵਿਛੋੜੇ ਹਨ। ਤੂੰ ਵੇਖ! ਇਹ ਤੇਰੀ ਵਡਿਆਈ ਦਾ ਇਕ ਅਸਚਰਜ ਜਿਹਾ ਦ੍ਰਿਸ਼ ਹੈ।
{ ਉਪਰੋਕਤ ਬਚਨ ਸਤਿਗੁਰੂ ਜੀ ਭਾਣੇ ਵਿਚ ਆ ਕੇ ਕਹਿੰਦੇ ਹਨ। ਇਹਨਾ ਬਚਨਾਂ ਤੋਂ ਬਿਲਕੁਲ ਸਪਸ਼ੱਟ ਹੋ ਜਾਂਦਾ ਹੈ ਕਿ ਐਸੇ ਸਤਿਗੁਰੂ ਭਾਣੇ ਵਿਚ ਰਾਜ਼ੀ ਰਹਿਣ ਵਾਲੇ ਅਕਾਲ ਪੁਰਖ ਨੂੰ ਉਲਾਂਭੇ ਨਹੀਂ ਦੇ ਸਕਦੇ। }

ਜੇ ਕੋ ਨਾਉ ਧਰਾਏ ਵਡਾ, ਸਾਦ ਕਰੇ ਮਨਿ ਭਾਣੇ 
ਉਚਾਰਣ ਸੇਧ :- ਬਿੰਦੀ ਸਹਿਤ : ਨਾਉਂ ।
ਧਰਾਏ = ਸਦਵਾ ਲਏ। ਸਾਦ = (ਨਾਂਵ) ਸੁਆਦ ।
ਅਰਥ : ਜੇਕਰ ਕੋਈ ਮਨੁੱਖ ਆਪਣਾ ਨਾਮ ਵੱਡਾ ਰਖਾ ਲਵੇ ਅਤੇ ਮਨ ਭਾਉਂਦੇ ਸੁਆਦ ਭਾਵ ਰੰਗ-ਰਲੀਆਂ ਮਨਾਵੇ।

ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ ॥
ਖਸਮੈ = {ਨਾਂਵ ਸੰਬੰਧਵਾਚਕ} ਖਸਮ ਦੀ। ਨਦਰੀ-ਨਜ਼ਰ ਵਿਚ। ਆਵੈ = (ਕਿਰਿਆ) ਆਉਂਦਾ ਹੈ। (ਸ਼ਬਦ ਅਰਥ ਅਨਵੈ ਕਰਕੇ)
ਅਰਥ : ਪਰ ਇਹ ਕੰਮ ਅੰਤਰਜਾਮੀ ਪੁਰਖ ਤੋਂ ਲੁਕਿਆ ਨਹੀਂ ਰਹਿ ਸਕਦਾ, ਕਿਉਂਕਿ ਉਸ ਦੀ ਨਜ਼ਰ ਵਿਚ ਕੀੜਾ ਭਾਵ ਛੋਟੇ ਤੋਂ ਛੋਟਾ ਜੀਵ ਵੀ ਆਉਂਦਾ ਹੈ। ਉਹ ਜਿਤਨੇ ਦਾਣੇ ਚੁਗਦਾ ਹੈ ਉਸ ਦੀ ਗਿਣਤੀ ਭੀ ਜਾਣਦਾ ਹੈ।

ਮਰਿ ਮਰਿ ਜੀਵੈ ਤਾ ਕਿਛੁ ਪਾਏ, ਨਾਨਕ, ਨਾਮੁ ਵਖਾਣੇ ॥੩
ਮਰਿ ਮਰਿ = (ਪੂਰਬ ਪੂਰਣ ਕਿਰਦੰਤ) ਮਰ ਮਰ ਕੇ। ਮਾਰ ਕੇ।
ਅਰਥ : ਨਾਨਕ ! ਜਿਹੜਾ ਮਨੁੱਖ ਆਪਾ ਮਾਰ ਕੇ ਅਸਲੀ ਆਤਮਿਕ ਜੀਵਨ ਜੀਉਂਦਾ ਹੈ ਪ੍ਰਭੂ ਦਾ ਨਾਮ ਸਿਮਰਦਾ ਹੈ ਤਾਂ ਉਹ ਮਨੁੱਖ ਜੀਵਨ ਦਾ ਕੁਝ ਲਾਭ ਪ੍ਰਾਪਤ ਕਰਦਾ ਹੈ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com
mob. 75976-43748