ਸਿਹਾਰੀ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 03)

0
14

A A A

ਸਿਹਾਰੀ  ( ਿ )

ਗੁਰਬਾਣੀ ਵਿਚ ਸਭ ਤੋਂ ਵੱਧ ਸਿਹਾਰੀ ਦੀ ਵਰਤੋਂ ਕੀਤੀ ਗਈ ਹੈ। ਸਿਹਾਰੀ ਦੇ ਨਿਯਮ ਤੋਂ ਅਨਜਾਨ ਸਜੱਣਾ ਵੱਲੋਂ ਬਹੁਤੇ ਸਿਹਾਰੀ-ਵਤ ਸ਼ਬਦਾਂ ਦਾ ਉਚਾਰਣ ਅਸ਼ੁਧ ਆਮ ਸੁਣਿਆ ਜਾ ਸਕਦਾ ਹੈ। ਇਸ ਕਰਕੇ ਸਿਹਾਰੀ ਦੀ ਵਰਤੋਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।

1. ਗੁਰਬਾਣੀ ਵਿਚ ਆਮ ਕਰਕੇ ਸਿਹਾਰੀ ਨੂੰ ਬਿਹਾਰੀ ਦੀ ਥਾਂ ਭੀ ਵਰਤਿਆ ਗਿਆ ਹੈ, ਜਿਵੇਂ :
ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥ (ਪੰਨਾ 578 )
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ (ਪੰਨਾ 972 )
ਅਵਰੁ ਨ ਕਰਣਾ ਜਾਇ ॥ (ਪੰਨਾ 84 )
ਕੁਆਰੀ ਦੀ ਥਾਂ ਕੁਆਰਿ, ਸੁਆਮੀ ਦੀ ਥਾਂ ਸੁਆਮਿ, ਜਾਈ ਤੋਂ ਬਣ ਗਿਆ ਜਾਇ , ਹੋਈ ਦੀ ਥਾਂ ਹੋਇ ਆਦਿ ਉਪਰੋਕਤ ਸ਼ਬਦਾਂ ਵਿਚ ਸਿਹਾਰੀ ਕੇਵਲ ਪਿੰਗਲ ਦੇ ਨਿਯਮ ਅਨੁਸਾਰ ਕਾਵਿ ਤੋਲ ਪੂਰਾ ਕਰਨ ਲਈ ਵਰਤੀ ਹੈ।

2. ਸ਼ਬਦਾਂ ਨੂੰ ਇਸਤਰੀਲਿੰਗ ਦਰਸਾਉਣ ਹਿਤ ਅੰਤਲੇ ਅੱਖਰ ਨਾਲ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ :
ਸਹਜ ਕਲਾਲਨਿ ਜਉ ਮਿਲਿ ਆਈ ॥ (ਪੰਨਾ 328 )
ਸਾ ਸਾਪਨਿ ਹੋਇ ਜਗ ਕਉ ਖਾਈ ॥ (ਪੰਨਾ 329 )
ਦੇਹ ਤੇਜਣਿ ਜੀ ਰਾਮ ਉਪਾਈਆ ਰਾਮ ॥ (ਪੰਨਾ 575 )
ਘਰ ਕੀ ਗੀਹਨਿ ਚੰਗੀ ॥ (ਪੰਨਾ 695 )
ਉਪਰੋਕਤ ਪੰਗਤੀਆਂ ਵਿਚ ‘ ਕਲਾਲਨਿ, ਸਾਪਨਿ, ਤੇਜਣਿ, ਗੀਹਨਿ ‘ ਆਦਿ ਸ਼ਬਦ ਇਸਤਰੀ ਲਿੰਗ ਨਾਂਵ ਹਨ।

3. ਹੋਰ ਭਾਸ਼ਾਵਾਂ ਤੋਂ ਆਏ ਕਈ ਤੱਤਸਮ ਸ਼ਬਦਾਂ ਨੂੰ ਗੁਰਬਾਣੀ ਵਿਚ ਮੂਲ ਰੂਪ ਵਿਚ ਹੀ ਰਖਿਆ ਗਿਆ ਹੈ ਅਤੇ ਅੰਤਲੇ ਅੱਖਰ ਨੂੰ ਸਿਹਾਰੀ ਸਹਿਤ ਲਿਖਿਆ ਗਿਆ ਹੈ। ਅਜੋਕੀ ਸਿਹਾਰੀ ਵਿਚੋਂ ਕਾਰਕੀ ਜਾਂ ਸੰਬੰਧਕੀ ਅਰਥ ਨਹੀਂ ਨਿਕਲ ਸਕਦੇ। ਜਿਵੇਂ :
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ (ਪੰਨਾ 6, ਜਪੁ ਜੀ )
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ (ਪੰਨਾ 55 )
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥ (ਪੰਨਾ 13 )
ਉਪਰੋਕਤ ਪੰਗਤੀਆਂ ਵਿਚ ‘ ਰਿਧਿ, ਸਿਧਿ, ਜੂਠਿ, ਨਿਧਿ ‘ ਆਦਕ ਇਸਤਰੀ ਲਿੰਗ ਨਾਂਵ ਹਨ । ਸਿਹਾਰੀ ਮੂਲਕ ਤੌਰ ‘ਤੇ ਸੰਸਕ੍ਰਿਤ ਤੋਂ ਆਈ ਹੈ।

4. ਕਾਲਵਾਚਕ ਅਤੇ ਸਥਾਨਕ ਵਾਚੀ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੇ ਅੰਤਲੇ ਅੱਖਰਾਂ ਨੂੰ ਸਿਹਾਰੀ ਵਰਤੀ ਜਾਂਦੀ ਹੈ। ਇਹਨਾਂ ਵਿਚੋਂ ਭੀ ਕਾਰਕੀ ਜਾਂ ਸੰਬੰਧਕ ਅਰਥ ਨਹੀਂ ਨਿਕਲ ਸਕਦੇ ਕੇਵਲ ਸਥਾਨ ਵਾਚੀ ਜਾਂ ਕਾਲ ਵਾਚੀ ਦਰਸਾਉਣ ਹਿਤ ਸਿਹਾਰੀ ਦਾ ਪ੍ਰਯੋਗ ਕੀਤਾ ਹੈ :
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਪੰਨਾ 1, ਜਪੁ ਜੀ )
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥  (ਪੰਨਾ 74 )
ਆਦਿਕ ਪੰਗਤੀਆਂ ਵਿਚ ‘ ਬਾਹਰਿ, ਹੁਣਿ ‘ ਕਿਰਿਆ ਵਿਸ਼ੇਸ਼ਣ ਹਨ।

5. ਨਿਸ਼ਚਿਤ ਸੰਖਿਅਕ ਕਿਰਿਆ ਵਿਸ਼ੇਸ਼ਣਾਂ ਦੇ ਅੰਤਲੇ ਅਖੱਰਾਂ ਨੂੰ ਭੀ ਸਿਹਾਰੀ ਆਉਂਦੀ ਹੈ, ਜਿਵੇਂ :
ਕਈ ਕੋਟਿ ਹੋਏ ਪੂਜਾਰੀ॥ (ਪੰਨਾ 275 )
ਕਰੋੜਿ ਹਸਤ ਤੇਰੀ ਟਹਲ ਕਮਾਵਹਿ॥ (ਪੰਨਾ 781 )
ਤੀਨਿ ਸੇਰ ਕਾ ਦਿਹਾੜੀ ਮਿਹਮਾਨੁ॥ (ਪੰਨਾ 374 )
ਕੋਟਿ, ਕਰੋੜਿ, ਤੀਨਿ ‘ ਆਦਿ ਸ਼ਬਦ ਨਿਸ਼ਚਿਤ ਸੰਖਿਅਰ ਵਿਸ਼ੇਸ਼ਣ ਹਨ।

6. ਸੰਖਿਅਕ ਵਿਸ਼ੇਸ਼ਣ ਜਾਂ ਅਨਿਸਚਿਤ ਪੜਨਾਵਾਂ ਦੇ ਅੰਤਲੇ ਅੱਖਰਾਂ ਨਾਲ ਲੱਗੀ ਸਿਹਾਰੀ ਬਹੁਵਚਨ ਦੀ ਸੂਚਕ ਹੁੰਦੀ ਹੈ :
ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥ (ਪੰਨਾ 218 )
ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ॥ (ਪੰਨਾ 558 )
ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰਨਾਲਿ॥ (ਪੰਨਾ 1015 )
ਇਤਿਆਦਿਕ ਪੰਗਤੀਆਂ ਅੰਦਰ ‘ ਹੋਰਿ ‘ ਪੜਨਾਂਵ ਅਤੇ ‘ ਏਕਿ, ਹਿਕਿ ‘ ਸੰਖਿਅਕ ਵਿਸ਼ੇਸ਼ਣ ਹਨ।

7. ਵਰਤਮਾਨ ਕਾਲ ਦੇ ਕਿਰਿਆਵਾਚੀ ਸ਼ਬਦਾਂ ਨਾਲ ਸਿਹਾਰੀ ਆਵੇ ਤਾਂ ਬਹੁਵਚਨ ਦੀ ਸੂਚਕ ਹੁੰਦੀ ਹੈ, ਜਿਵੇਂ :
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ (ਪੰਨਾ 1, ਜਪੁ ਜੀ )
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ (ਅੰਕ 6, ਜਪੁ ਜੀ )
ਅਸੰਖ ਨਿਦੰਕ ਸਿਰਿ ਕਰਹਿ ਭਾਰੁ॥ (ਪੰਨਾ 4, ਜਪੁ ਜੀ )
ਉਪਰੋਕਤ ਪੰਗਤੀਆਂ ਵਿਚ ‘ ਭਵਾਈਅਹਿ, ਗਾਵਹਿ, ਕਰਹਿ ‘ ਆਦਿ ਸ਼ਬਦ ਕਿਰਿਆ ਵਰਤਮਾਨ ਕਾਲ ਅਨਪੁਰਖ ਬਹੁਵਚਨ ਹਨ।

8. ਕਿਰਿਆਵਾਚੀ ਸ਼ਬਦਾਂ ਦੇ ਅੰਤ ‘ ਇ ‘ ਆਵੇ ਤਾਂ ਉਹ ਸ਼ਬਦ ਵਰਤਮਾਨ ਕਾਲ ਦਾ ਸੂਚਕ ਹੁੰਦਾ ਹੈ, ਜਿਵੇਂ :
ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ ॥ ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ ॥ (ਪੰਨਾ 1397 )
ਬਸਇ ਕਰੋਧੁ ਸਰੀਰ ਚੰਡਾਰਾ॥ (ਪੰਨਾ 759 )
ਮਾਣਇ, ਬਸਇ, ਜਾਣਇ, ਆਦਿਕ ਸ਼ਬਦ ਕਿਰਿਆ ਇਕਵਚਨ ਅਨਪੁਰਖ ਵਰਤਮਾਨ ਕਾਲ ਹਨ ਅਤੇ ਗੁਰਬਾਣੀ ਵਿਚ ਕੇਵਲ ਇਕ ਵਾਰ ਹੀ ਵਰਤੇ ਹਨ।

9. ਕਿਰਿਆਤਿਮਕ ਸ਼ਬਦਾਂ ਦੇ ਅੰਤ ਅੱਖਰ ‘ਸ’ ਜਾਂ ‘ਨ’ ਨੂੰ ਲੱਗੀ ਸਿਹਾਰੀ ਭੀ ਵਰਤਮਾਨ ਕਾਲ ਦੀ ਸੂਚਕ ਹੁੰਦੀ ਹੈ, ਜਿਵੇਂ :
ਮਨ ਏਕੁ ਨ ਚੇਤਸਿ ਮੂੜ ਮਨਾ॥ (ਪੰਨਾ 12 ) ਚੇਤਸਿ = ਕਿਉਂ ਨਹੀਂ ਯਾਦ ਕਰਦਾ।
ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ॥ ( ਪੰਨਾ 756 ) ਸੇਵੰਨਿ = ਸ਼ਰਨ ਪੈਂਦੇ ਹਨ।

10. ਕਿਰਿਆਵਾਚੀ ਸ਼ਬਦਾਂ ਨਾਲ ਅੰਤਲੀ ਸਿਹਾਰੀ ਕਾਰਕੀ ਅਰਥ ਦਿੰਦੀ ਹੈ। ਭਾਵ ਪੂਰਬ ਪੂਰਣ ਕਿਰਦੰਤ ਦੀ ਵਾਚਕ ਹੁੰਦੀ ਹੈ, ਜਿਵੇਂ :
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ॥ (ਪੰਨਾ 14 )
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ॥ (ਅੰਕ 186 )
ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ (ਅੰਕ 4, ਜਪੁ ਜੀ )  
ਕੁਟਿ ਕੁਟਿ ਮਨੁ ਕਸਵਟੀ ਲਾਵੈ॥ (ਪੰਨਾ 872 ) 
ਮੁਸਿ ਮੁਸਿ ਰੋਵੈ ਕਬੀਰ ਕੀ ਮਾਈ॥ (ਪੰਨਾ 524 )
ਸੁਣਿ ਸੁਣਿ = (ਪੂਰਬ ਪੂਰਣ ਕਿਰਦੰਤ) ਸੁਣ ਸੁਣ ਕੇ, ਇਵੇਂ ਹੀ : ਡਰਿ ਡਰਿ = ਡਰ ਡਰ ਕੇ । ਕਰਿ ਕਰਿ = ਕਰ ਕੇ । ਮੁਸਿ ਮੁਸਿ = ਡੁਸਕ ਡੁਸਕ ਕੇ ।

11. ਅੰਤਲੀ ਸਿਹਾਰੀ ਤੋਂ ਸੰਬੰਧਕੀ ਅਤੇ ਕਾਰਕੀ ਅਰਥ ਭੀ ਨਿਕਲਦੇ ਹਨ, ਜਿਵੇਂ :
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ (ਪੰਨਾ 2, ਜਪੁ ਜੀ ) ਘਰਿ = (ਨਾਂਵ ਅਧਿਕਰਨ ਕਾਰਕ ਇਕਵਚਨ) ਹਿਰਦੇ ਘਰ ਵਿਚ ।
ਗੁਰਿ ਰਾਖੈ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ॥ (ਪੰਨਾ 19 ) ਗੁਰਿ = (ਨਾਂਵ ਕਰਤਾ ਕਾਰਕ ਇਕਵਚਨ ਸੰਬੰਧਕੀ ਰੂਪ) ਗੁਰੂ ਨੇ ।
ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ॥ (ਪੰਨਾ 55 ) ਮਨਿ , ਮੁਖਿ = (ਨਾਂਵ ਕਰਮ ਕਾਰਕ ਇਕਵਚਨ) ਮਨ ਕਰਕੇ , ਮੁਖ ਕਰਕੇ ।
ਪੰਚੇ ਸੋਹਹਿ ਦਰਿ ਰਾਜਾਨ॥ (ਪੰਨਾ 3, ਜਪੁ ਜੀ ) ਦਰਿ =(ਨਾਂਵ ਅਪਾਦਾਨ ਕਾਰਕ ਇਕਵਚਨ) ਦਰ ‘ਤੇ ।
ਬਿਟਵਹਿ ਰਾਮ ਰਮਊਆ ਲਾਵਾ॥ (ਪੰਨਾ 484 ) ਬਿਟਵਹਿ = (ਨਾਂਵ ਸੰਪਰਦਾਨ ਕਾਰਕ ਇਕਵਚਨ) ਅਞਾਣ ਮਨ ਨੂੰ ।
ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ॥ ( ਪੰਨਾ 245 ) ਪਿਰਹਿ = (ਨਾਂਵ ਸੰਬੰਧ ਕਾਰਕ ਇਕਵਚਨ) ਪ੍ਰਭੂ ਪਤੀ ਦੀ ।

ਉਪਰੋਕਤ ਲੇਖ ਵਿਚ ਗੁਰਬਾਣੀ ‘ਚ’ ਹ੍ਰਸ੍ਵ-ਸ੍ਵਰ (ਸਿਹਾਰੀ) ਦੀ ਜਿਸ-ਜਿਸ ਤਰੀਕੇ ਨਾਲ ਜਾਂ ਜਿਸ ਭੀ ਨਿਯਮ ਤਹਿਤ ਵਰਤੋਂ ਹੋਈ ਹੈ ਉਹ ਉਪਰ ਇਕ-ਇਕ ਕਰਕੇ ਸਰਲ ਤਰੀਕੇ ਨਾਲ ਸਾਂਝੀ ਕੀਤੀ ਹੈ। ਆਸ ਹੈ ਗੁਰਬਾਣੀ ਵਿਆਕਰਣ ਨੂੰ ਸਮਝਣ ਵਾਲੇ ਪਾਠਕ ਪਸੰਦ ਕਰਨਗੇ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com
mob: 75976-43748