ਕੰਨਾ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 02)

0
15

A A A

ਕੰਨਾ ( ਾ )

ਕੰਨਾ ਦੀਰਘ ਮਾਤ੍ਰਾ ਹੈ। ਇਸ ਦੀ ਵਰਤੋਂ ਬਿੰਦੀ ਰਹਿਤ ( ਾ ) ਜਾਂ ਬਿੰਦੀ ਸਹਿਤ ( ਾਂ ) ਹੁੰਦੀ ਹੈ। ਆਓ ਗੁਰਬਾਣੀ ਵਿੱਚ ਇਸ ਦੀ ਵਰਤੋਂ ਅਤੇ ਉਚਾਰਣ ਨੂੰ ਸਮਝਣ ਦੀ ਕੋਸ਼ਿਸ਼ ਕਰੀਏ :

1. ਗੁਰਬਾਣੀ ਵਿਚ ਅਨੁਨਾਸਕੀ ਅੱਖਰਾਂ ‘ ਙ, ਞ, ਣ, ਨ, ਮ ‘ ਨਾਲ ਲੱਗਏ ਹੋਏ ‘ ਕੰਨੇ ‘ ਦੀ ਧੁਨੀ ਦਾ ਉਚਾਰਣ ਸਦੈਵ ਬਿੰਦੀ ਸਹਿਤ ਹੁੰਦਾ ਹੈ ਜਿਵੇਂ -:’ ਙੰਙਾ, ਵੰਞਾ, ਗੁਣਾ, ਮਾਹ, ਮਨਾ ‘ ਆਦਿ।

2. ਜਿਹੜੇ ਸ਼ਬਦ ਨਾਂਵ, ਪੜਨਾਂਵ ਬਹੁਵਚਨ ਕੰਨੇ ਸਹਿਤ ਹੋਵਣ ਉਹਨਾਂ ਦਾ ਉਚਾਰਣ ਬਿੰਦੀ ਸਹਿਤ ਹੀ ਹੁੰਦਾ ਹੈ :
ਗੁਰਸਿਖਾ ਲਹਦਾ ਭਾਲਿ ਕੈ ॥ ( ਪੰਨਾ 73 )
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥ ( ਪੰਨਾ 304 )
ਨਾਨਕ ਭਗਤਾ ਸਦਾ ਵਿਗਾਸ ॥ ( ਪੰਨਾ 2, ਜਪੁ ਜੀ)
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ( ਪੰਨਾ 8, ਜਪੁ ਜੀ)
ਉਪਰੋਕਤ ਪੰਗਤੀਆਂ ਵਿਚ ‘ ਗੁਰਸਿਖਾ, ਮਨਮੁਖਾ, ਭਗਤਾ, ਚੰਗਿਆਈਆ, ਬੁਰਿਆਈਆ ‘ ਆਦਿਕ ਸ਼ਬਦਾ ਦਾ ਉਚਾਰਣ ਅੰਤ ਕੰਨੇ ‘ਤੇ ਬਿੰਦੀ ਸਹਿਤ ਹੋਵੇਗਾ, ਜਿਵੇਂ : ਗੁਰਸਿਖਾਂ , ਭਗਤਾਂ ।
ਏਸੇ ਤਰ੍ਹਾਂ ਇੱਕਵਚਨ ਨਾਂਵ ਸ਼ਬਦ ਤੋਂ ਜਿਵੇ : ਪੁਤ ਤੋਂ ਪੁਤਾਂ , ਮਿਤ ਤੋਂ ਮਿਤਾਂ , ਸਿਖ ਤੋਂ ਸਿਖਾਂ , ਭਾਈ ਤੋਂ ਭਾਈਆਂ ਆਦਿ ਬਹੁਵਚਨ ਬਣ ਜਾਂਦੇ ਹਨ।

3. ਕਈ ਸ਼ਬਦ ਨੂੰ ਕਾਵਿਕ ਤੌਰ ‘ਤੇ ਛੰਦਾਬੰਦੀ ਦਾ ਤੋਲ ਪੂਰਾ ਕਰਨ ਲਈ ਕੰਨਾ ਲਾਇਆ ਜਾਂਦਾ ਹੈ ਉਸ ਸ਼ਬਦਾਂ ਤੇ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ :
ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ ॥ ( ਪੰਨਾ 918 )
ਰਾਮ ਰਸਾਇਣੁ ਜਿਨੑ ਗੁਰਮਤਿ ਪਾਇਆ ਤਿਨੑ ਕੀ ਊਤਮ ਬਾਤਾ ॥ ( ਪੰਨਾ 984 )
ਨਾਨਕੁ ਜਾਚੈ ਸੰਤ ਰਵਾਲਾ ॥ ( ਪੰਨਾ 744 )
ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥ ( ਪੰਨਾ 615 )
ਉਪਰੋਕਤ ਪੰਗਤੀਆਂ ਵਿਚ ‘ ਚਾਲਾ, ਬਾਤਾ, ਰਵਾਲਾ, ਘਾਲਾ ‘ ਆਦਿ ਸ਼ਬਦ ਇਕਵਚਨ ਇਸਤਰੀ ਲਿੰਗ ਨਾਂਵ ਹਨ ਇਹਨਾਂ ਉਪਰ ਬਿੰਦੀ ਦਾ ਪ੍ਰਯੋਗ ਕਰਨਾ ਅਸ਼ੁਧ ਹੈ। ਅੰਤ ਕੰਨਾ ਕਾਵਿਕ ਤੌਰ ‘ਤੇ ਆਇਆ ਹੈ।

4. ਗੁਰਬਾਣੀ ਵਿਚ ਕਈ ਸ਼ਬਦ ਅੰਤ ‘ ਕੰਨਾ ‘ ਵਾਲੇ ਸੰਬੋਧਨੀ ਆਉਂਦੇ ਹਨ। ਅਜਿਹੇ ਸ਼ਬਦਾਂ ਨੂੰ ਭੀ ਬਿੰਦੀ ਰਹਿਤ ਹੀ ਉਚਾਰਿਆ ਜਾਂਦਾ ਹੈ :
ਗੁਰਾ ਇਕ ਦੇਹਿ ਬੁਝਾਈ ॥ ( ਪੰਨਾ 2, ਜਪੁ ਜੀ)
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥ ( ਪੰਨਾ 39 )
ਮਨ ਏਕੁ ਨ ਚੇਤਸਿ ਮੂੜ ਮਨਾ ॥ ( ਪੰਨਾ 12 )
ਆਦਿਕ ਪੰਗਤੀਆਂ ਵਿਚ ‘ ਗੁਰਾ, ਸਤਿਗੁਰਾ, ਮਨਾ ‘ ਸ਼ਬਦ ਸੰਬੋਧਨ ਵਾਚੀ ਹਨ ਇਹਨਾਂ ਉਪਰ ਭੀ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ।

5. ਗੁਰਬਾਣੀ ਵਿਚ ਕੁਝ ਸ਼ਬਦ ਐਸੇ ਭੀ ਹਨ ਜਿਹਨਾਂ ਦੇ ਅੰਤ ਕੰਨਾ ਭੂਤਕਾਲ ਅਤੇ ਭਵਿੱਖ ਕਾਲ ਦੀ ਕ੍ਰਿਆ ਦਰਸਾਉਂਦਾ ਹੈ ਜਿਵੇਂ :
ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰਿ ॥ ( ਪੰਨਾ 911 ) ਜਾਇਗਾ = {ਕਿਰਿਆ ਭਵਿਖਤ ਕਾਲ, ਪੁਲਿੰਗ ਇਕਵਚਨ, ਅਨਪੁਰਖ} ਜਾਵੇਗਾ।
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥ ( ਪੰਨਾ 27 ) ਪਛਾਣਿਆ = {ਕਿਰਿਆ ਭੂਤਕਾਲ, ਅਨਪੁਰਖ} ਪਛਾਣ ਲਿਆ ।

6. ਜਿਹੜੇ ਇਸਤਰੀਲਿੰਗ ਸ਼ਬਦ ਸੰਸਕ੍ਰਿਤ ‘ਤੋਂ ਆਏ ਹਨ ਉਹਨਾਂ ਵਿਚੋਂ ਭੀ ਕੁਝ ਸ਼ਬਦ ਗੁਰਬਾਣੀ ਵਿਚ ਕੰਨੇ ਨਾਲ ਆਉਂਦੇ ਹਨ। ਅਜਿਹੇ ਸ਼ਬਦਾਂ ਦਾ ਉਚਾਰਣ ਭੀ ਬਿੰਦੀ ਰਹਿਤ ਹੁੰਦਾ ਹੈ, ਜਿਵੇਂ :
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ( ਪੰਨਾ 1377 )
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥ ( ਪੰਨਾ 334 )
ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥ ਗਵਨੁ ਅਤਿ ਭ੍ਰਮਨੁ ਕਰੈ ॥ ( ਪੰਨਾ 1127 )
ਆਦਿਕ ਪੰਗਤੀਆਂ ਵਿਚ ‘ ਸੁਰਾ, ਬੇਲਾ, ਸਿਖਾ ‘ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ।

7. ਗੁਰਬਾਣੀ ਵਿਚ ‘ ਇਕੱਠਵਾਚਕ ਨਾਂਵ ‘ ਨਾਲ ਭੀ ਕਿਤੇ-ਕਿਤੇ ਕੰਨੇ ਦੀ ਵਰਤੋਂ ਹੋਈ ਹੈ :
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ ( ਪੰਨਾ 938 )
ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ  {ਪੰਨਾ 149-150}
ਸਿਧ ਸਭਾ, ਗਲਾ ਆਦਿ ਇਕੱਠਵਾਚਕ ਨਾਂਵ ਹਨ ।

8. ਨਾਂਵ ਅਤੇ ਪੜਨਾਂਵੀਂ ਸ਼ਬਦਾਂ ਵਿਚ ਅੰਤ ਆਏ ਕੰਨੇ ਵਿਚੋਂ ਕਾਰਕੀ ਅਰਥ ਨਿਕਲਦੇ ਹਨ :
ਹਉ ਵੇਖਿ ਵੇਖਿ ਗੁਰੂ ਵਿਗਸਿਆ ਸਤਿਗੁਰ ਦੇਹਾ ॥ ( ਪੰਨਾ 726 ) ਦੇਹਾ = {ਇਸਤਰੀ ਲਿੰਗ ਨਾਂਵ ਇਕਵਚਨ, ਸੰਪਰਦਾਨ ਕਾਰਕ } ਦੇਹੀ ਨੂੰ ।
ਹੰਸਾ ਸਰਵਰੁ ਕਾਲੁ ਸਰੀਰ ॥ ( ਪੰਨਾ 325 ) ਹੰਸਾ = {ਨਾਂਵ ਸੰਪਰਦਾਨ ਕਾਰਕ ਬਹੁਵਚਨ } ਹੰਸਾਂ ਨੂੰ । ਉਚਾਰਣ : ਹੰਸਾਂ, ਬਿੰਦੀ ਸਹਿਤ ।
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ ( ਪੰਨਾ 23 ) ਤਿਨਾ = {ਪੜਨਾਂਵ ਸੰਪਰਦਾਨ ਕਾਰਕ} ਉਹਨਾਂ ਨੂੰ ।
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ( ਪੰਨਾ 920 ) ਜਿਨਾ = (ਪੜਨਾਂਵ ਸੰਬੰਧ ਕਾਰਕ) ਜਿਹਨਾਂ ਦੇ ।

9. ਪਿਆਰਤਿਮਕ ਸ਼ਬਦਾਂ ਵਿਚ ਭੀ ਅੰਤ ਕੰਨੇ ਦੀ ਵਰਤੋਂ ਹੁੰਦੀ ਹੈ :
ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥ ( ਪੰਨਾ 1313 )
 ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥ ( ਪੰਨਾ 924 )
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ ( ਪੰਨਾ 763 )
ਰਸੀਅੜਾ, ਜਾਨੀਅੜਾ, ਗੁਰਸਿਖੜਾ, ਅਲੋਇਅੜਾ  ਆਦਿ।

10. ਮਰਾਠੀ ਬੋਲੀ ਦੇ ਸ਼ਬਦ ਜੋ ਕਿਰਿਆ ਵਾਚੀ ਹੋਣ ਉਹਨਾਂ ਨੂੰ ਭੂਤਕਾਲ ਅਤੇ ਭਵਿੱਖ ਕਾਲ ਦਰਸਾਉਣ ਹਿਤ ਕੰਨੇ ਦੇ ਵਰਤੋਂ ਹੁੰਦੀ ਹੈ :
ਨਾਮਾ ਸੁਲਤਾਨੇ ਬਾਧਿਲਾ ॥ ( ਪੰਨਾ 1165 ) ਬਾਧਿਲਾ = {ਭੂਤਕਾਲ ਕਿਰਿਆ} ਬੰਨ੍ਹ ਲਿਆ ।
ਜੈਸੇ ਗਾਇ ਕਾ ਬਾਛਾ ਛੂਟਲਾ ॥ ( ਪੰਨਾ 874 ) ਛੂਟਲਾ = {ਭੂਤਕਾਲ ਕਿਰਿਆ} ਛੁਟਿਆ ।
ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥ ( ਪੰਨਾ 1329 ) ਹੋਇਬਾ = {ਭਵਿਖੱਤ ਕਾਲ ਕਿਰਿਆ} ਹੋਵੇਗਾ ।
ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥ ( ਪੰਨਾ 697 ) ਜਾਇਬਾ = {ਕਿਰਿਆ ਭਵਿਖਤ ਕਾਲ} ਜਾਵੇਗਾ।

ਭੁੱਲ-ਚੁਕ ਮੁਆਫ
ਵਿਆਕਰਣਿਕ ਸੁਝਾਉ ਦੀ ਉਡੀਕ ‘ਚ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com
mob.75976-43748