ਯੋਜਕ / ਵਿਸਮਿਕ – ਗੁਰਬਾਣੀ ਵਿਆਕਰਣ (ਭਾਗ ੦੪)

0
12

A A A

ਯੋਜਕ (Conjunction)

ਜੋ ਸ਼ਬਦ ਵੱਖ ਵੱਖ ਸ਼ਬਦਾਂ, ਵਾਕਾਂ ਜਾਂ ਵਾਕ ਅੰਸ਼ਾਂ ਨੂੰ ਜੋੜਨ , ਉਹਨਾਂ ਨੂੰ ਯੋਜਕ ਕਹਿੰਦੇ ਹਨ, ਜਿਵੇਂ : ਅਤੈ, ਤੈ, ਅਉ, ਅਰੁ, ਅਵਰੁ, ਕੈ, ਜੇਕਰਿ, ਜਉ, ਜੇ ਆਦਿ ਯੋਜਕ ਹਨ।

ਨਦੀਆ ਅਤੇ ਵਾਹ, ਪਵਹਿ ਸਮੁੰਦਿ ਨ ਜਾਣੀਅਹਿ (5)
ਕਾਮ ਕ੍ਰੋਧ ਅਰੁ ਲੋਭ ਮੋਹ, ਬਿਨਸਿ ਜਾਇ ਅੰਹਮੇਵ (269)
ਆਖਹਿ ਗੋਪੀ ਤੈ ਗੋਵਿੰਦ  (6)

ਉਪਰੋਕਤ ਪੰਗਤੀਆਂ ਵਿਚ ਵਰਤ  ‘ ਅਤੇ, ਤੈ, ਅਰੁ ‘ ਯੋਜਕ ਹਨ।

ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ  (1369)
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ  (474)
ਅਉਖਧ ਮੰਤ੍ਰ ਮੂਲ ਮਨ ਏਕੈ ਜੇਕਰਿ ਦ੍ਰਿੜੁ ਚਿਤੁ ਕੀਜੈ ਰੇ (156)

ਉਪਰੋਕਤ ਪੰਗਤੀਆਂ ਵਿਚ ਆਏ  ‘ ਜੇਕਰਿ, ਜਉ, ਜੇ ‘ ਆਦਿ ਯੋਜਕ ਹਨ।

ਵਿਸਮਿਕ (Interjection)

ਜਿਹੜੇ ਸ਼ਬਦ ਹਰਖ (ਸੁੱਖ), ਦੁਖ, ਘਬਰਾਹਟ, ਪ੍ਰਸੰਸਾ, ਘਿਰਣਾ ਆਦਿ ਦਾ ਪ੍ਰਗਟਾਵਾ ਕਰਨ ਵਿਸਮਿਕ ਕਹੀਦੇ ਹਨ, ਜਿਵੇਂ : ਵਾਹ ਵਾਹ, ਐ ਜੀ, ਰੇ, ਹਾਇ ਆਦਿ। ਗੁਰਬਾਣੀ ਵਿਚੋਂ ਵਿਸਮਿਕ ਭਾਵ ਪ੍ਰਗਟਾਉਣ ਵਾਲੇ ਦੀਆਂ ਉਦਾਹਰਣਾ – :

ਵਖਰੁ ਰਾਖੁ ਮੁਈਏ ! ਖਾਜੈ ਖੇਤੀ ਰਾਮ  (1110)
ਮੁਈਏ = ( ਵਿਸਮਿਕ ) ਹੇ ਆਤਮਕ ਜੀਵਨ ਵਲੋਂ ਮਰੀ ਹੋਈ ਜੀਵ-ਇਸਤ੍ਰੀਏ !

ਲੋਕਾ ਵੇ ! ਹਉ ਸੂਹਵੀ ਸੂਹਾ ਵੇਸੁ ਕਰੀ” (785)
ਵੇ = ( ਵਿਸਮਿਕ ) ਹੇ ਲੋਕੋ ! ( ਲੋਕਾ = ਉਚਾਰਨ ਬਿੰਦੀ ਰਹਿਤ )

ਵਾਹੁ ! ਮੇਰੇ ਸਾਹਿਬਾ ਵਾਹੁ ! ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ( 755)
ਵਾਹੁ = ( ਵਿਸਮਿਕ ) ਵਾਹ!  ( ਵਾਹੁ = ਉਚਾਰਣ ‘ ਵਾਹ ‘ , ਇਸ ਦਾ ਉਚਾਰਣ ‘ ਵਾਹੋ ‘ ਕਰਨਾ ਅਸ਼ੁਧ ਹੈ। ਨੋਟ – ‘ਵਾਹੁ’ ਦੇ ‘ਹ’ ਨੂੰ ਲੱਗਾ ਔਂਕੜ ਇਕਵਚਨ ਪੁਲਿੰਗ ਨਾਂਵ ਦਾ ਸੂਚਕ ਹੈ। ਇਸ ਦਾ ਉਚਾਰਣ ਕਰਨਾ ਉਚਿਤ ਨਹੀਂ । )

ਪਾਪੀ ਕਰਮ ਕਮਾਵਦੇ ਕਰਦੇ ਹਾਇ ! ਹਾਇ ! (1425)
ਭਿਜਉ ਸਿਜਉ ਕੰਬਲੀ ਅਲਹ ! ਵਰਸਉ ਮੇਹੁ  (1379)
ਆਉ ਬੈਠ ! ਆਦਰੁ ਸੁਭ ਦੇਉ  (252)
ਘੋਲ ਘੁਮਾਈ ਲਾਲਨਾ ! ਗੁਰਿ ਮਨੁ ਦੀਨਾ  (1117)
ਤਾਸੁ ਤਾਸੁ ! ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ  (993)

ਉਪਰਲੇ ਵਾਕਾਂ ਵਿੱਚ ‘ ਹਾਇ ਹਾਇ, ਅਲਹ, ਆਉ ਬੈਠ, ਘੋਲ ਘੁਮਾਈ ਲਾਲਨਾ, ਤਾਸੁ ਤਾਸੁ ‘ ਆਦਿ ਵਿਸਮਿਕ ਹਨ ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com