ਬਿਹਾਰੀ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 04)

0
15

A A A

ਬਿਹਾਰੀ ( ੀ )

ਗੁਰਬਾਣੀ ਵਿਚ ਬਿਹਾਰੀ ਦੀ ਵਰਤੋਂ ਬਹੁਤਾਤ ਵਿਚ ਕੀਤੀ ਗਈ ਹੈ। ਬਿਹਾਰੀ ਭੀ ਦੀਰਘ ਮਾਤਰਾ ਦੀ ਲਖਾਇਕ ਹੈ। ਗੁਰਬਾਣੀ ਵਿਚ ਇਸ ਦੀ ਵਰਤੋਂ ਜਿਸ-ਜਿਸ ਨਿਯਮ ਤਹਿਤ ਹੋਈ ਹੈ ਉਸ ਨੂੰ ਆਉ ਸਮਝਣ ਦਾ ਯਤਣ ਕਰੀਏ।

1. ਗੁਰਬਾਣੀ ਵਿਚ ‘ਨਾਂਵ’ ਨੂੰ ਪੁਲਿੰਗ ਤੋਂ ਇਸਤਰੀਲਿੰਗ ਬਨਾਉਣ ਹਿਤ ਭੀ ਬਿਹਾਰੀ ਦਾ ਪ੍ਰਯੋਗ ਹੁੰਦਾ ਹੈ ਜਿਵੇਂ : ਕੂਕਰ ਤੋਂ ਕੂਕਰੀ, ਪੁਤਰ ਤੋਂ ਪੁਤਰੀ, ਨਗਰ ਤੋਂ ਨਗਰੀ, ਸਖਾ ਤੋਂ ਸਖੀ,  ਸੁਆਨੁ ਤੋਂ ਸੁਆਨੀ ‘ ਆਦਿ।
ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥ (ਪੰਨਾ 502 )
ਪੁਤਰੀ ਤੇਰੀ ਬਿਧਿ ਕਰਿ ਥਾਟੀ॥ (ਪੰਨਾ 374 )
ਸਖੀ ਸਹੇਲੀ ਗਰਬਿ ਗਹੇਲੀ ॥  (ਪੰਨਾ 990 )
ਏਕੁ ਸੁਆਨੁ ਦੁਇ ਸੁਆਨੀ ਨਾਲਿ ॥ (ਪੰਨਾ 24 )
ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ (ਪੰਨਾ 360 )

2. ਗੁਰਬਾਣੀ ਵਿਚ  ‘ਨਾਂਵ’ ਨੂੰ ਕਾਰਕੀ ਬਣਾਉਣ ਲਈ ਅੰਤਲੇ ਅੱਖਰ ਨੂੰ ਬਿਹਾਰੀ ਲਾਈ ਜਾਂਦੀ ਹੈ ਅਤੇ ਆਮ ਕਰਕੇ ਇਸ ਵਿਚੋਂ ਸਯੁਕਤ ਰੂਪ ਵਿੱਚ ‘ ਨੂੰ , ਹਨ , ਨਾਲ ‘ ਆਦਿਕ  ਅਰਥ ਨਿਕਲ ਦੇ ਹਨ :

ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥ (ਪੰਨਾ1424 )
ਗੁਰਸਿਖੀ = {ਕਰਤਾ ਕਾਰਕ ਬਹੁਵਚਨ ਸੰਬੰਧਕੀ ਰੂਪ} ਗੁਰਸਿੱਖਾਂ ਨੇ । ਉਚਾਰਣ = ਗੁਰਸਿਖੀਂ , ਬਿੰਦੀ ਸਹਿਤ । ਗੁਰਸਿਖ ਤੋਂ ਗੁਰਸਿਖੀ ।
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥ (ਪੰਨਾ 30 )
ਗੁਰ ਪਰਸਾਦੀ = {ਨਾਂਵ ਕਰਣ ਕਾਰਕ ਇਕਵਚਨ} ਗੁਰੂ ਦੀ ਮਿਹਰ ਨਾਲ । ਉਚਾਰਣ = ਗੁਰ ਪਰਸਾਦੀ , ਬਿੰਦੀ ਰਹਿਤ । ਗੁਰ ਪਰਸਾਦ ਤੋਂ ਗੁਰ ਪਰਸਾਦੀ ।
ਜਰਾ ਮਰਣ ਗਤੁ ਗਰਬੁ ਨਿਵਾਰੇ ਆਪਿ ਤਰੈ ਪਿਤਰੀ ਨਿਸਤਾਰੇ ॥ (ਪੰਨਾ 223 )
ਪਿਤਰੀ = {ਨਾਂਵ ਕਰਮ ਕਾਰਕ ਬਹੁਵਚਨ} ਪਿਤਰਾਂ ਨੂੰ । ਉਚਾਰਣ = ਪਿਤਰੀਂ , ਬਿੰਦੀ ਸਹਿਤ । ਪਿਤਰ ਤੋਂ ਪਿਤਰੀ ।
ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥ (ਪੰਨਾ 496 )
ਪਿਤਰੀ = {ਨਾਂਵ ਸੰਬੰਧ ਕਾਰਕ ਬਹੁਵਚਨ} ਪਿਤਰਾਂ ਦਾ । ਉਚਾਰਣ = ਪਿਤਰੀਂ , ਬਿੰਦੀ ਸਹਿਤ ।
ਜੂਠਿ ਨ ਧਰਤੀ ਜੂਠਿ ਨ ਪਾਣੀ ॥ ( ਪੰਨਾ 1240 ) ਪਾਣੀ = {ਨਾਂਵ ਅਧਿਕਰਣ ਕਾਰਕ} ਪਾਣੀ ਵਿਚ 
ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ਘਰਿ ਘਰਿ ਮਾਗਤ ਲਾਜ ਨ ਲਾਗੈ ॥ ( ਪੰਨਾ 903 ) ਜੋਗੀ = {ਨਾਂਵ ਸੰਬੋਧਨ ਕਾਰਕ ਇਕਵਚਨ} ਹੇ ਜੋਗੀ ! ਜੋਗ ਤੋਂ ਜੋਗੀ 

3. ਆਮ ਕਰਕੇ ਗੁਰਬਾਣੀ ਵਿਚ ਕਾਵਿ ਤੋਲ ਪੂਰਾ ਕਰਨ ਹਿਤ ‘ਸਿਹਾਰੀ’ ਦੀ ਥਾਂ ਬਿਹਾਰੀ ਦੀ ਵਰਤੋਂ ਕੀਤੀ ਹੈ, ਜਿਵੇਂ :

ਅੰਤਰਿ ਵਸਤੁ ਨ ਜਾਣਨੑੀ ਘਟਿ ਬ੍ਰਹਮ ਲੁਕਾਣਾ ॥ (ਪੰਨਾ 419 )
ਜਾਣਨੑੀ = {ਭੂਤ ਕਿਰਦੰਤ} ਜਾਣਦੇ । ਇਹ ਅਸਲੀ ਲਫਜ਼ ‘ਜਾਣਨਿ’ ਹੈ। ਸਿਹਾਰੀ ਨੂੰ ਬਿਹਾਰੀ ਵਿਚ ਤਬਦੀਲ ਕੀਤਾ ਹੈ।
ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥ (ਪੰਨਾ 1091 ) ਚੇਤਨੀ = ਚੇਤਨਿ, ਸਿਮਰਦੇ ।

4. ਗੁਰਬਾਣੀ ਵਿਚ ‘ਭਾਵ ਵਾਚਕ ਨਾਂਵ’ ਵਾਲੇ ਲਫਜ਼ਾਂ ਨੂੰ ਬਿਹਾਰੀ ਲਾ ਕੇ ਵਿਸ਼ੇਸ਼ਣ ਭੀ ਬਣਾਇਆ ਜਾਂਦਾ ਹੈ, ਜਿਵੇਂ :

ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥ (ਪੰਨਾ 21 ) ਬੈਰਾਗੁ = {ਭਾਵਵਾਚਕ ਨਾਂਵ} ਬੈਰਾਗ ਤੋਂ ਬੈਰਾਗੀ ਬਣਾਇਆ ਗਿਆ ਹੈ। ‘ ਬੈਰਾਗੀ ‘ ਵਿਸ਼ੇਸ਼ਣ ਹੈ।
ਸਗਲ ਸਹੇਲੀ ਅਪਨੈ ਰਸ ਮਾਤੀ ॥ (ਪੰਨਾ 182 ) ਮਾਤੀ = {ਵਿਸ਼ੇਸ਼ਣ} ਮਸਤ।
ਬਿਨ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ (ਪੰਨਾ 31 ) ਦੁਖੀ = {ਵਿਸ਼ੇਸ਼ਣ, ਅਧਿਕਰਨ ਕਾਰਕ} ਦੁੱਖਾਂ ਵਿਚ ।
ਲਿਵ ਲਾਵਹੁ ਤਿਸ ਰਾਮ ਸਨੇਹੀ ॥ (ਪੰਨਾ 270 ) ਸਨੇਹੀ = {ਵਿਸ਼ੇਸ਼ਣ} ਪਿਆਰ ਕਰਨ ਵਾਲਾ ।

5. ਗੁਰਬਾਣੀ ਵਿਚ ਕਿਰਿਆ ਵਾਲੇ ਲਫਜ਼ ਜਿਹੜੇ ਉਤਮ ਪੁਰਖ ਵਿਚ ਹਨ ਉਹਨਾ ਸ਼ਬਦਾਂ ਦੇ ਅੰਤ ਭੀ ਬਿਹਾਰੀ ਦੀ ਵਰਤੋਂ ਕੀਤੀ ਹੈ, ਜਿਵੇਂ :

ਬੋਲਾਇਆ ਬੋਲੀ ਖਸਮ ਦਾ ॥ (ਪੰਨਾ 74 ) ਬੋਲੀ = {ਕਿਰਿਆ ਵਰਤਮਾਨ ਕਾਲ, ਉਤਮ ਪੁਰਖ ਇਕਵਚਨ} ਮੈਂ ਬੋਲਦਾ ਹਾਂ । ਉਚਾਰਣ = ਬੋਲੀਂ , ਬਿੰਦੀ ਸਹਿਤ।
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥ (ਪੰਨਾ 1378 ) ਪਾਈਂ = {ਕਿਰਿਆ ਵਰਤਮਾਨ ਕਾਲ, ਉਤਮ ਪੁਰਖ ਇਕਵਚਨ} ਮੈਂ ਪਾਵਾਂ।
ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥ (ਪੰਨਾ 99 ) ਜਾਈ = {ਕਿਰਿਆ ਵਰਤਮਾਣ ਕਾਲ, ਉਤਮ ਪੁਰਖ ਇਕਵਚਨ} ਮੈਂ ਜਾਵਾਂ। ਉਚਾਰਣ = ਜਾਈਂ
ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥ (ਪੰਨਾ 476 ) ਵਿਸਾਰੀ = {ਕਿਰਿਆ ਉਤਮ ਪੁਰਖ ਵਰਤਮਾਨ ਕਾਲ ਇਕਵਚਨ} ਮੈਂ ਵਿਸਾਰਾਂ । ਉਚਾਰਣ = ਵਿਸਾਰੀਂ
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ (ਪੰਨਾ 14 ) ਕਰੀ = {ਕਿਰਿਆ ਉਤਮ ਪੁਰਖ ਵਰਤਮਾਨ ਕਾਲ ਇਕਵਚਨ} ਮੈਂ ਕਰਾਂ। ਉਚਾਰਣ = ਕਰੀਂ

6. ਗੁਰਬਾਣੀ ਵਿਚ ਕਿਰਿਆ ਵਾਲੇ ਸ਼ਬਦਾਂ ਨਾਲ ਬਿਹਾਰੀ ਕਿਤੇ-ਕਿਤੇ ਤਿੰਨਾਂ ਕਾਲਾਂ ਦੀ ਭੀ ਵਾਚਕ ਬਣਦੀ ਹੈ, ਜਿਵੇਂ :

ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥ (ਪੰਨਾ 183 ) ਸੁਣੀ = {ਵਰਤਮਾਨ ਕਾਲ} ਸੁਣ ਲਈ ।
ਹਰਿ ਤਜਿ ਕਤ ਕਾਹੂ ਕੇ ਜਾਂਹੀ॥ (ਪੰਨਾ 330 )  ਜਾਂਹੀ = {ਵਰਤਮਾਨ ਕਾਲ} ਜਾਂਦਾ ਹੈਂ ।
ਭਈ ਪਰਾਪਤਿ ਮਾਨੁਖ ਦੇਹੁਰੀਆ ॥ (ਪੰਨਾ 12 ) ਭਈ = {ਭੂਤਕਾਲ} ਮਿਲੀ।
ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥ (ਪੰਨਾ 402 ) ਹਛਨਈ = {ਭੂਤਕਾਲ} ਸਾਫ ਸੁਥਰੀ ਹੋ ਗਈ ।
ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥ (ਪੰਨਾ 715 )
ਪਾਈ = ਪਾ ਲਈ (ਭੂਤ ਕਾਲ ਇਸਤਰੀ ਲਿੰਗ )। ਨੋਟ : ਇਸ ਪੰਕਤੀ ਵਿਚ ਪ੍ਰਕਰਣ ਅਨੁਸਾਰ ਲਫਜ਼ ‘ਸਾਧੂ’ ਦਾ ਅਰਥ ਸਤਿਗੁਰੂ ਕਰਨਾ ਹੀ ਦਰੁਸਤ ਹੈ ।
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ (ਜਪੁ ਜੀ, ਪੰਨਾ 1 ) ਹੋਸੀ = {ਭਵਿਖਤ ਕਾਲ} ਹੋਵੇਗਾ।
ਨਾ ਜਾਨਉ ਕਿਆ ਕਰਸੀ ਪੀਉ ॥ (ਪੰਨਾ 720 ) ਕਰਸੀ = {ਭਵਿਖਤ ਕਾਲ} ਕਰੇਗਾ।

ਗੁਰਬਾਣੀ ਵਿਚ ਜਿਥੇ-ਜਿਥੇ ‘ਬਿਹਾਰੀ’ ਦੀ ਵਰਤੋਂ ਜਿਸ ਨਿਯਮ ਤਹਿਤ ਹੋਈ ਹੈ ਉਸ ਸੰਬੰਧੀ ਆਪ ਨਾਲ ਸਾਂਝ ਪਾਈ ਹੈ। ਆਸ ਹੈ ਕਿ ਪਾਠਕ ਸੱਜਣ ਲਾਹਾ ਪ੍ਰਾਪਤ ਕਰਣਗੇ।

ਭੁੱਲ-ਚੁਕ ਦੀ ਖਿਮਾਂ।

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com
mob : 7597643748