ਔਂਕੜ (01) – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 05)

0
12

A A A

ਔਂਕੜ ( ੁ )

ਗੁਰਬਾਣੀ ਵਿਚ ਔਂਕੜ ਦੀ ਮਾਤ੍ਰਾ ਜਿਆਦਾਤਰ ਇਕਵਚਨ ਪੁਲਿੰਗ ਨਾਂਵ, ਪੜਨਾਂਵ, ਵਿਸ਼ੇਸ਼ਣ ਦੇ ਬਾਰੇ ਦੱਸਣ ਲਈ ਸ਼ਬਦ ਦੇ ਅੰਤਲੇ ਅੱਖਰ ਨੂੰ ਵਰਤੀ ਗਈ ਹੈ , ਪਰ ਕਈ ਥਾਵਾਂ ਤੇ ਇਸਤ੍ਰੀਲਿੰਗ ਨਾਂਵ ਦੇ ਅੰਤ ਭੀ ਔਂਕੜ ਹੁੰਦਾ ਹੈ, ਉਸਦੇ ਆਪਣੇ ਕਾਰਨ ਹੁੰਦੇ ਹਨ। ਕਈ ਵਾਰ ਸ਼ਬਦ ਦੇ ਵਿਚਕਾਰਲੇ ਅੱਖਰ ਨੂੰ ਭੀ ਔਂਕੜ ਲੱਗਾ ਹੁੰਦਾ ਹੈ ਪਰ ਇਹ ਔਂਕੜ ਪਿੰਗਲ ਦੇ ਨਿਯਮ ਤਹਿਤ ਮਾਤ੍ਰਾ ਦੀ ਪੂਰਤੀ ਲਈ ਹੁੰਦਾ ਹੈ, ਇਹ ਉਚਾਰਣ ਦਾ ਭਾਗ ਤਾਂ ਜਰੂਰ ਹੁੰਦਾ ਹੈ ਪਰ ਅਰਥਾਂ ਨੂੰ ਪ੍ਰਭਾਬਿਤ ਨਹੀਂ ਕਰਦਾ। ਆੳ ਔਂਕੜ ਦੀ ਵਰਤੋਂ ਅਤੇ ਨੇਮਾਂ ਬਾਰੇ ਗੁਰਬਾਣੀ ਵਿਚੋਂ ਵੀਚਾਰ ਕਰੀਏ – :

1. ਪੁਲਿੰਗ ਇਕਵਚਨ ਨਾਂਵ ਨੂੰ ਦੱਸਣ ਲਈ ਔਂਕੜ ਦੀ ਵਰਤੋਂ -:

ਪਾਤਿਸਾਹੁ ਛਤ੍ਰ ਸਿਰ ਸੋਊ ॥ ਨਾਨਕ ਦੂਸਰ ਅਵਰੁ ਨ ਕੋਊ ॥੩੭॥ {ਪੰਨਾ 258}
ਜਿਸਨੋ ਬਖਸੇ ਸਿਫਤਿ ਸਾਲਾਹ ਨਾਨਕ ਪਾਤਿਸਾਹੀ
ਪਾਤਿਸਾਹੁ ॥ { ਪੰਨਾ 5 }
ਪਾਤਿਸਾਹੁ = ਅੰਤਲੇ ਹ ਨੂੰ ਔਂਕੜ ਇਸ ਗੱਲ ਦਾ ਸੰਕੇਤ ਹੈ ਕਿ  ‘ ਪਾਤਿਸਾਹ ‘ ਸ਼ਬਦ ਪੁਲਿੰਗ ਨਾਂਵ ਇਕਵਚਨ ਹੈ।
ਉਚਾਰਣ ਸੇਧ : ਪਾਤਸ਼ਾਹ ( ਫਾਰਸੀ ਭਾਸ਼ਾ ਦੇ ਸ਼ਬਦਾਂ ਪੈਂਰੀਂ ਵਿਸ਼ੇਸ਼ ਧੁਨੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਸ ਭਾਸ਼ਾ ਦੀ ਸਾਹਿਤਕਾਰੀ ਮੁਤਾਬਿਕ )।
ਨੋਟ : ਇਸ ਨੂੰ ‘ ਪਾਤਸਾਹੋ ’ ਉਚਾਰਣ ਅਸ਼ੁਧ ਹੈ।

ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥ {ਪੰਨਾ 1383}
ਜੀਉ = ਪੁਲਿੰਗ ਨਾਂਵ ਇਕਵਚਨ, ਜੀਵ। ਅਲਹੁ = ਪੁਲਿੰਗ ਨਾਂਵ ਇੱਕਵਚਨ । ਉਚਾਰਣ : ਅੱਲ੍ਹਾ , ਨੋਟ : ਇਸ ਦਾ ਉਚਾਰਣ ‘ ਅਲਹੋ ‘ ਕਰਨਾ ਅਸ਼ੁਧ ਹੈ । 

ਹੁਕਮੀ ਹੁਕਮੁ ਚਲਾਏ ਰਾਹੁ ॥ { ਪੰਨਾ 2 } ਹੁਕਮੁ = ਇਕਵਚਨ ਪੁਲਿੰਗ ਨਾਂਵ । ਰਾਹੁ = ਇਕਵਚਨ ਪੁਲਿੰਗ ਨਾਂਵ । ਉਚਾਰਣ : ਹੁਕਮ , ਰਾਹ

2. ਪੜਨਾਵਾਂ ਵਿਚ ਭੀ ਇਕਵਚਨ ਦੱਸਣ ਲਈ ਔਂਕੜ ਦੀ ਵਰਤੋਂ ਹੁੰਦੀ ਹੈ – :

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ { ਪੰਨਾ 5 } ਆਪੁ = ਅਕਾਲ ਪੁਰਖ , ਇਕਵਚਨ ਪੜਨਾਂਵ

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ { ਪੰਨਾ 9 } ਜਿਸੁ = ਜਿਸ ਜੀਵ ਨੂੰ , ਇਕਵਚਨ ਪੜਨਾਂਵ 

ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥ { 1091 }
ਏਹੁ = ਇਕਵਚਨ ਪੜਨਾਂਵ ਹੈ ਇਸ ਦਾ ਵਿਸ਼ੇਸ਼ਣ ‘ ਅਖੁਟੁ ’ ਹੈ । ਉਚਾਰਣ = ਏਹ ( ਇਸ ਦਾ ਉਚਾਰਣ ਏਹੋ ਕਰਨਾ ਅਸ਼ੁਧ ਹੈ )

ਨਾ ਇਹੁ ਬੂਢਾ ਨਾ ਇਹੁ ਬਾਲਾ॥ { 868 } ਇਹੁ = ਇਕਵਚਨ ਪੁਲਿੰਗ ਪੜਨਾਂਵ । ਉਚਾਰਣ = ਇਹ

3. ਜੇ ਵਿਸ਼ੇਸ਼ਣ ਦੇ ਅੰਤ ਅੱਖਰ ਨਾਲ ਔਂਕੜ ਹੋਵੇ ਤਾਂ ਉਹ ਉਸ ਸ਼ਬਦ ਨੂੰ ਇਕਵਚਨ ਦੱਸਣ ਅਤੇ ਵਿਸ਼ੇਸ਼ ਕਰਣ ਲਈ ਹੁੰਦੀ ਹੈ ।

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ ( ਪੰਨਾ 2 )
ਇਕੁ = ਇਕਵਚਨ ਵਿਸ਼ੇਸ਼ਣ ਪੁਲਿੰਗ ( ਦਾਤੇ ਦਾ ਵਿਸ਼ੇਸ਼ਣ, ਇੱਕ ਦਾਤਾ )। ਉਚਾਰਣ = ਇੱਕ

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ( ਪੰਨਾ 2 )
ਸਚੁ = ਇਕਵਚਨ ਵਿਸ਼ੇਸ਼ਣ ਪੁਲਿੰਗ ( ਨਾਉ ਦਾ ਵਿਸ਼ੇਸ਼ਣ, ਸੱਚਾ ਨਾਉ )

4. ਮੂਲਕ ਇਸਤਰੀਲਿੰਗ ਤਤਸਮ ਸ਼ਬਦਾਂ ਨੂੰ ਭੀ ਇਕਵਚਨੀ ਦੱਸਣ ਲਈ ਔਂਕੜ ਦੀ ਵਰਤੋਂ ਹੁੰਦੀ ਹੈ – :

ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ {ਪੰਨਾ 46} ਜਿੰਦੁ = ਇਸਤਰੀ ਲਿੰਗ ਨਾਂਵ , ਔਂਕੜ ਮੂਲਕ । ਉਚਾਰਣ = ਜਿੰਦ

ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥ { ਪੰਨਾ 607 } ਵਥੁ = ਇਸਤਰੀ ਲਿੰਗ ਇਕਵਚਨ । ਉਚਾਰਣ = ਵਥ

ਏਸੇ ਤਰਾਂ ‘ ਮਲੁ , ਰੇਣੁ , ਧੇਣੁ , ਮਿਰਤੁ ਆਦਿ ਲਫ਼ਜ ਇਸਤਰੀ ਲਿੰਗ ਹਨ ਅਤੇ ਔਂਕੜ ਮੂਲਕ ਨਾਲ ਹਨ।

5. ਜਦੋਂ ਕਿਰਿਆਵਾਚੀ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਔਂਕੜ ਪਾਇਆ ਜਾਂਦਾ ਹੈ ਤਾਂ ਉਦੋਂ ਉਹ ਸ਼ਬਦ ‘ਮੱਧਮ ਪੁਰਖ’ ਨੂੰ ਹੁਕਮ ਜਾਂ ਬੇਨਤੀ ਦੇ ਅਰਥ-ਸੂਚਕ ਹੁੰਦੇ ਹਨ। ਆਮ ਕਰਕੇ ਜਿਥੇ ਕਿਰਿਆ ਸ਼ਬਦਾਂ ਦਾ ਅੰਤਲਾ ਅੱਖਰ ‘ ਉ ’ ਔਂਕੜ ਸਹਿਤ ਹੋਵੇ ਤਾਂ ਉਸ ਦੇ ਅਰਥ ਪ੍ਰਕਰਣ ਅਨੁਸਾਰ ‘ਉਤਮ ਪੁਰਖ ਜਾਂ ਅਨਪੁਰਖ’ ਵਿੱਚ ਕਰਨੇ ਹੁੰਦੇ ਹਨ , ਜਿਵੇਂ :

ਮੋਹਨ ! ਘਰਿ ਆਵਹੁ ਕਰਉ ਜੋਦਰੀਆ ॥ {ਪੰਨਾ ੧੨੦੯ }
ਆਵਹੁ = ਆਉ ਜੀ ( ਮੱਧਮ ਪੁਰਖ , ਬੇਨਤੀ )। ਉਚਾਰਣ = ਆਵਹੁ , ਆਵ੍ਹੋ ਵਾਂਗ  ( ਹ ਨੂੰ ਔਂਕੜ ਲਘੂ ਮਾਤ੍ਰਾ ਹੈ ਅਤੇ ਇਸ ਦਾ ਉਚਾਰਣ ਵੀ ਲਘੂ ਮਾਤ੍ਰਾ ਵਾਂਗ ਹੀ ਹੋਵੇਗਾ, ਇਸਨੂੰ ਹੋੜਾ ਬਣਾਉਣਾ ‘ ਹੋ ‘ ਗੁਰਬਾਣੀ ਵਿਆਕਰਣ ਨਿਯਮ ਮੁਤਾਬਿਕ ਅਸ਼ੁਧ ਹੈ )
ਕਰਉ = ਕਰਦਾ ਹਾਂ ( ਉਤਮ ਪੁਰਖ )। ਉਚਾਰਣ = ਕਰੋਂਓ

ਗੁਰਸਿਖ ਮੀਤ ਚਲਹੁ ਗੁਰ ਚਾਲੀ ॥ { ਅੰਕ 667 } ਚਲਹੁ = ਚਲੋ ਜੀ ( ਮੱਧਮ ਪੁਰਖ , ਬੇਨਤੀ )। ਉਚਾਰਣ = ਚਲ੍ਹੋ ਵਾਂਗ 

ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ {ਪੰਨਾ 920} ਗਾਵਹੁ = ਗਾਇਨ ਕਰੋ ( ਮੱਧਮ ਪੁਰਖ , ਹੁਕਮ ) । ਉਚਾਰਣ = ਗਾਵ੍ਹੋ ਵਾਂਗ 

6. ਲਹਿੰਦੀ ਬੋਲੀ ਦੇ ਵਰਤੇ ਕਿਰਿਆਵਾਚੀ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਲਗਾ ਔਂਕੜ ਭੂਤਕਾਲ ਦੀ ਕਿਰਿਆ ਦੇ ਸੂਚਕ ਹੁੰਦੇ ਹਨ -:

ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ॥ { ਪੰਨਾ 708 } ਦਿਸਮੁ = ਮੈਨੂੰ ਦਿਸਿਆ

ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਉਲੁਹਰੁ ॥ { ਪੰਨਾ 138 } ਢੰਢੋਲਿਮੁ, ਢੂਢਿਮੁ, ਡਿਠੁ  = ਮੈਂ ਢੂੰਢਿਆ, ਮੈਂ ਭਾਲਿਆ, ਮੈਂ ਵੇਖਿਆ

ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥ { ਪੰਨਾ 1096 } ਲਧਮੁ = ਮੈਨੂੰ ਲੱਭਿਆ

7. ਅਗੇਤਰ ਰੂਪ ਵਿਚ ਔਂਕੜ ਸਹਿਤ ’ ਸੁ ’ ਸ੍ਰੇਸ਼ਟ ਭਾਵ ਨੂੰ ਅਤੇ ‘ ਕੁ ’ ਨਿਖੇਧ ਬੋਧਕ ਭਾਵ ਨੂੰ ਦਰਸਾਉਂਦੇ ਹਨ – :

ਸੁ = ਸੁਗਿਆਨ, ਸੁਕਰਮ, ਸੁਮਤਿ, ਸੁਕਰਣੀ, ਸੁਪ੍ਰਸੰਨ, ਸੁਪੁਤ, ਸੁਚਜੀ, ਇਤਿਆਦਿ।
ਕੁ = ਕੁਕਰਮ, ਕੁਥਾਉ, ਕੁਰੁਤਾ, ਕੁਨਾਰਿ, ਕੁਸੁਧਿ, ਕੁਲਖਣੀ, ਕੁਚਜੀ ਆਦਿ

8. ਭਾਸ਼ਾ ਵਿਚ ਸਮਾਨੰਤਰ ਧੁਨੀ ਹੋਣ ਕਾਰਣ ਕੁਝ ਅੱਖਰ ਆਪਸ ਵਿਚ ਬਦਲ ਜਾਂਦੇ ਹਨ ਜਿਸ ਨੂੰ ਭਾਸ਼ਾਈ ਵਿਕਾਸ ਭੀ ਆਖਿਆ ਜਾਂਦਾ ਹੈ। ਗੁਰਬਾਣੀ ਵਿਚ ਜਿਵੇਂ ‘ਉ’ ਅੱਖਰ ਦਾ ‘ਹ’ ਅੱਖਰ ਵਿਚ ਵਟਾਂਦਰਾ ਹੋ ਜਾਂਦਾ ਹੈ -: ਉਲਾਸ = ਹੁਲਾਸ , ਕਉ = ਕਹੁ । ‘ਵ’ ਅੱਖਰ ਦਾ ‘ਉ’ ਨਾਲ ਵਟਾਂਦਰਾ -: ਪਵਣ = ਪਉਣ , ਗਵਨ= ਗਉਣੁ , ਭਵਣ = ਭਉਣ , ਸੇਵ = ਸੇਉ ਆਦਿ। ਇਸ ਤਰ੍ਹਾਂ  ‘ ਵ ‘ ਅੱਖਰ ਦਾ ਵਟਾਂਦਰਾ ਔਂਕੜ ਵਿਚ ਵੀ ਹੋ ਜਾਂਦਾ ਹੈ। ਉਹ ਅੰਤਕ ਔਂਕੜ ਵਿਆਕਰਣਿਕ ਨਿਯਮ ਦੀ ਲਖਾਇਕ ਨਹੀਂ ਹੁੰਦੀ ਬਲਕਿ ਸ਼ਬਦ ਦਾ ਮੂਲ ਸਰੂਪ ਪ੍ਰਗਟ ਕਰਦੀ ਹੈ, ਜਿਵੇਂ -:

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਹਰਿ ਰੂਪੁ ਨਦਰੀ ਆਇਆ ॥ ( ਪੰਨਾ 922 )
ਵਿਸੁ = ਇਹ ਲਫਜ਼ ਸੰਸਕ੍ਰਿਤ ਦੇ ‘ਵਿਸ਼ਵ’ ਤੋਂ ਬਣਿਆ ਹੈ। ‘ਵ’ ਔਂਕੜ ਵਿਚ ਤਬਦੀਲ ਹੋ ਕੇ ਆਇਆ ਹੈ। ਇਹ ਔਂਕੜ ਵਿਆਕਰਣਿਕ ਨਿਯਮ ਪੁਲਿੰਗ ਇਕਵਚਨ ਦੀ ਲਖਾਇਕ ਨਹੀਂ ਬਲਕਿ ਸ਼ਬਦ ਦੇ ਮੂਲ ਰੂਪ ਨੂੰ ਪ੍ਰਗਟ ਕਰਦੀ ਹੋਈ ‘ਵ’ ਅੱਖਰ ਦੀ ਸੂਚਕ ਹੈ। ਲਫਜ਼ ‘ਵਿਸੁ’ ਦੀ ਔਂਕੜ ਉਥੇ ਇਕਵਚਨ ਦੀ ਸੂਚਕ ਹੁੰਦੀ ਹੈ ਜਿਥੇ ਇਸ ਲਫਜ਼ ਦਾ ਅਰਥ ‘ਜ਼ਹਿਰ’ ਹੋਵੇ।

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ( ਪੰਨਾ 8  ਜਪੁ ਜੀ )
ਮਹਤੁ = ਇਹ ਲਫਜ਼ ਇਸਤਰੀ ਲਿੰਗ ਹੈ ਅਤੇ ਵਿਆਕਰਣਿਕ ਤੌਰ ‘ਤੇ ਅੰਤਲੀ ਔਂਕੜ ਨਹੀਂ ਲੱਗਣੀ ਚਾਹੀਦੀ ਸੀ ਪਰ ਇਥੇ ਹੈ। ਅਸਲੀ ਲਫਜ਼ ਹੈ ‘ਮਹੱਤਵ’ ਜਿਸ ਤੋਂ ‘ਮਹਤੁ’ ਬਣਿਆ ਹੈ ‘ਵ’ ਔਂਕੜ ਵਿਚ ਤਬਦੀਲ ਹੋਇਆ ਹੈ।

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ( ਪੰਨਾ 2 ਜਪੁ ਜੀ )
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ ( ਪੰਨਾ 467 )
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥ ( ਪੰਨਾ 279 )
ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ॥ ( ਪੰਨਾ 80 )
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥ (ਪੰਨਾ 973 )
ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥ ( ਪੰਨਾ 333 )

ਦ੍ਵਾਰ ਤੋਂ ਬਣਿਆ ਦੁਆਰੁ । ਸ੍ਵਸਤ = ਸੁਅਸਤਿ । ਸ੍ਵਪਨ = ਸੁਪਨ । ਸਰਬਸਵ = ਸਰਬਸੁ । ਅਸ਼੍ਵ = ਅਸੁ ( ਇਹ ਲਫਜ਼ ਗੁਰਬਾਣੀ ਵਿਚ ਭਾਵੇਂ ਇਕਵਚਨ ਜਾਂ ਬਹੁਵਚਨ ਹੋਵੇ ਤਾਂ ਭੀ ਐਸੇ ਰੂਪ ਵਿਚ ਹੀ ਰਹਿੰਦਾ ਹੈ )। ਤਤ੍ਵ = ਤਤੁ ।

ਚਲਦਾ ….  ਪੜੋ : ਔਂਕੜ ਨਾ ਲੱਗਣ ਜਾਂ ਲੱਥਣ ਦੇ ਮੁੱਖ ਕਾਰਨ 

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ’
Khalsasingh.hs@gmail.com