ਅੱਖਰ ਅ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੨

0
13

A A A

ਅਸੀ / ਅਸਾ 

ਗੁਰਬਾਣੀ ਵਿਚ ‘ ਅਸੀ ‘ ਲਫਜ਼ ਦੇ ਸੱਤ ਵਾਰ ਦਰਸ਼ਨ ਹੁੰਦੇ ਹਨ। ਆਮ ਕਰਕੇ ਇਸ ਲਫਜ਼ ਦਾ ਉਚਾਰਣ ਇਲਾਕਾਈ ਬੋਲੀ ਦੇ ਪ੍ਰਭਾਵ ਕਾਰਣ ‘ ਅਸੀਂ ‘ ਅੰਤਲੇ ਸ੍ਵਰ ਨੂੰ ਨਾਸਕੀ ਕੀਤਾ ਜਾਂਦਾ ਹੈ ਪਰ ਇਹ ਉਚਾਰਣ ਹਰ ਥਾ ‘ਤੇ ਬਿੰਦੀ ਸਹਿਤ ਕਰਨਾ ਉਚਿਤ ਨਹੀਂ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ‘ ਪੁਰਖਵਾਚਕ ਪੜਨਾਂਵ ਕਰਤਾ ਕਾਰਕ ਬਹੁਵਚਨ ‘ ਹੈ। ਨਾਂਵ ਅਤੇ ਪੜਨਾਂਵ ਸ਼ਬਦਾਂ ਨੂੰ ਵਿਸ਼ੇਸ਼ ਕਰਕੇ ਲੁਪਤ ਜਾਂ ਪ੍ਰਤੱਖ ਸੰਬੰਧਕ ਬਹੁਤ ਪ੍ਰਭਾਵਿਤ ਕਰਦੇ ਹਨ। ਇਹ ਲਫਜ਼ ਭੀ ਪੜਨਾਂਵ ਦੀ ਸ਼੍ਰੇਣੀ ਵਿਚੋਂ ਹੈ ਇਸ ਉਪਰ ਬਿੰਦੀ (ਨਾਸਕਤਾ) ਦਾ ਪ੍ਰਯੋਗ ਫਿਰ ਹੀ ਹੋ ਸਕਦਾ ਹੈ ਜੇਕਰ ਇਸ ਵਿਚੋਂ ਕੋਈ ਸੰਬੰਧਕ ਨਿਕਲੇ, ਨਹੀਂ ਤਾਂ ਭਾਵੇਂ ਇਹ ਲਫਜ਼ ਬਹੁਵਚਨ ਕਿਉਂ ਨਾ ਹੋਵੇ ਬਿੰਦੀ ਦਾ ਪ੍ਰਯੋਗ ਨਿਰਾਰਥਕ ਹੈ -:

ਅਸੀ ਬੋਲਵਿਗਾੜ ਵਿਗਾੜਹ ਬੋਲ ॥ ਤੂ ਨਦਰੀ ਅੰਦਰਿ ਤੋਲਹਿ ਤੋਲ ॥  (25)
ਅਸੀ = ਪੁਰਖਵਾਚਕ ਪੜਨਾਂਵ, ਕਰਤਾ ਕਾਰਕ ,ਬਹੁਵਚਨ, ਸਧਾਰਨ ਰੂਪ । 
ਉਪਰੋਕਤ ਸ਼ਬਦ ਵਿਚੋਂ ਕੋਈ ਭੀ ਸੰਬੰਧਕ ਨਹੀਂ ਨਿਕਲ ਰਿਹਾ ਇਸ ਕਰਕੇ ਇਸ ਦਾ ਉਚਾਰਣ ‘ ਅਸੀ ‘ ਬਿੰਦੀ ਰਹਿਤ ਕਰਨਾ ਯੋਗ ਹੈ।

ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲ ਗਾਵਹ ॥ (847)
ਅਸੀ = ਪੁਰਖ ਵਾਚਕ ਪੜਨਾਂਵ ਕਰਤਾ ਕਾਰਕ ਬਹੁਵਚਨ, ਸਧਾਰਨ ਰੂਪ। ਉਚਾਰਣ = ਅਸੀ ।

ਅਸੀ ਖਤੇ ਬਹੁਤੁ ਕਮਾਵਦੇ, ਅੰਤੁ ਨ ਪਾਰਾਵਾਰ ॥ (1416)
ਅਸੀ = ਪੁਰਖ ਵਾਚਕ ਪੜਨਾਂਵ ਕਰਤਾ ਕਾਰਕ ਬਹੁਵਚਨ, ਸਧਾਰਨ ਰੂਪ । ਉਚਾਰਣ = ਅਸੀ ।
ਗਿ. ਹਰਬੰਸ ਸਿੰਘ ਜੀ ਉਪਰੋਕਤ ਲਫਜ਼ ਉਪਰ ਬਿੰਦੀ ਦੇ ਪ੍ਰਯੋਗ ਦੀ ਸੇਧ ‘ ਦਰਸ਼ਨ ਨਿਰਣੈ ਸ਼ਟੀਕ’ ਵਿਚ ਦਿੰਦੇ ਹਨ। ਪਰ ਨਿਯਮ ਅਨੁਸਾਰ ਏਥੇ ਬਿੰਦੀ ਦਾ ਪ੍ਰਯੋਗ ਅਯੋਗ ਹੈ।

ਰਤਨ ਉਪਾਇ ਧਰੇ ਖੀਰੁ ਮਥਿਆ, ਹੋਰਿ ਭਖਲਾਏ ਜਿ ਅਸੀ ਕੀਆ ॥ (350)
ਅਸੀ = ਅਸਾਂ ਨੇ ( ਪੁਰਖ ਵਾਚਕ ਪੜਨਾਂਵ, ਕਰਤਾ ਕਾਰਕ ਬਹੁਵਚਨ, ਸੰਬੰਧਕੀ ਰੂਪ )
ਉਚਾਰਣ = ਅਸੀਂ । ਇਸ ਪੰਗਤੀ ਵਿਚ ਲਫਜ਼ ‘ ਅਸੀ ‘ ‘ਤੇ ਬਿੰਦੀ ਦਾ ਪ੍ਰਯੋਗ ਕਰਨਾ ਹੈ ਕਿਉਂਕਿ ਇਸ ਵਿਚੋਂ ਲੁਪਤ ਸੰਬੰਧਕ ‘ ਨੇ ‘ ਨਿੱਕਲ ਰਿਹਾ ਹੈ।

ਸਾਹਿਬੁ ਸਮੑਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ॥  (579)
ਅਸਾ = ਅਸਾਂ ਨੇ (ਪੁਰਖ ਵਾਚਕ ਪੜਨਾਂਵ, ਕਰਤਾ ਕਾਰਕ ਬਹੁਵਚਨ, ਸੰਬੰਧਕੀ ਰੂਪ)। ਉਚਾਰਣ = ਅਸਾਂ ।

ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ॥  (736) 
ਅਸਾ = ਅਸਾਂ ਵਿਚ (ਪੁਰਖ ਵਾਚਕ ਪੜਨਾਂਵ, ਅਧਿਕਰਨ ਕਾਰਕ ਬਹੁਵਚਨ, ਸੰਬੰਧਕੀ ਰੂਪ)। ਉਚਾਰਣ = ਅਸਾਂ ।

ਆਸ ਹੈ ਕਿ ਇਸ ਤਰ੍ਹਾਂ ਗੁਰਬਾਣੀ ਵਿਚ ਅਸੀਂ ਵਿਆਕਰਣਿਕ ਨਿਯਮ ਸਮਝਦੇ ਹੋਏ ਹਰੇਕ ਲਫਜ਼ ਨੂੰ ਗਹੁ ਨਾਲ ਵੀਚਾਰ ਕੇ ਉਚਾਰਣ ਕਰਾਂਗੇ।

ਭੁੱਲ-ਚੁਕ ਦੀ ਖ਼ਿਮਾਂ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com