ਪਾਠੰਤਰ ਵੀਚਾਰ – ਭਾਗ ੦੩

0
13

A A A

7. ਖਲਹਾਨੁ / ਖਲਿਹਾਨਿ / ਖੁਲਹਾਨੁ

ਖਲਹਾਨੁ : ਗੁਰਬਾਣੀ ਵਿਚ ‘ ਖਲਹਾਨੁ ‘ ਲਫਜ਼ ਇਕ ਵਾਰ ਹੀ ਆਇਆ ਹੈ। ਇਹ ਲਫਜ਼ ਫਾਰਸੀ ਭਾਸ਼ਾ ਤੋਂ ਹੈ।
ਬਿਨੁ ਕਣ, ਖਲਹਾਨੁ ; ਜੈਸੇ ਗਾਹਨ ਪਾਇਆ ॥ (ਪੰਨਾ 1137 ) ਖਲਹਾਨੁ = {ਪੁਲਿੰਗ ਨਾਂਵ ਇਕਵਚਨ} ਖਲਵਾੜਾ , ਪਿੜ ਦਾ ਵਲਗਣ ।

ਖਲਿਹਾਨਿ : ਇਹ ਲਫਜ਼ ਭੀ ਗੁਰਬਾਣੀ ਵਿਚ ਇਕੋ ਵਾਰ ਹੀ ਆਇਆ ਹੈ।
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥ (ਪੰਨਾ 854 )
ਖਲਿਹਾਨਿ = {ਨਾਂਵ ਅਧਿਕਰਨ ਕਾਰਕ ਇਕਵਚਨ} ਖਲਵਾੜੇ ਵਿਚ । ਅੰਤਲੇ ਅੱਖਰ ਨ ਦੀ ਸਿਹਾਰੀ ‘ਅਧਿਕਰਣ ਕਾਰਕ’ ਦੀ ਵਾਚਕ ਹੈ।
ਉਚਾਰਣ ਸੇਧ : ‘ ਖਲਿ ‘ ਦੇ ਲ  ਦੀ ਸਿਹਾਰੀ ਉਚਾਰਣ ਦਾ ਭਾਗ ਬਣਾਉ।

ਖੁਲਹਾਨੁ : ਵੀਚਾਰ ਅਧੀਨ ਲਫਜ਼ ਗੁਰਬਾਣੀ ਵਿਚ ਕੇਵਲ ਇਕ ਵਾਰ ਹੀ ਆਇਆ ਹੈ।
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥ (ਪੰਨਾ 21 )
ਇਸ ਦਾ ਅਰਥ ਵਿਦਵਾਨਾ ਨੇ ਅਲਗ-ਅਲਗ ਕੀਤੇ ਹਨ :
ਪ੍ਰੋ. ਸਾਹਿਬ ਸਿੰਘ : ਖੁਲ੍ਹਣਾ, ਗੁੱਝੀ ਮਾਰ ਮਾਰਨੀ।
ਗਿ.ਹਰਬੰਸ ਸਿੰਘ : ਭੋਂਹ ਭਾਵ ਜਿਵੇਂ ਕਿਸਾਨ ਖਲਵਾੜੇ ਵਿਚ ਗਾਹ ਪਾ ਕੇ ਧਾਨਾਂ ਨੂੰ ਕੁਟ ਕੁਟ ਕੇ ਦਾਣੇ ਕਢ ਲੈਂਦੇ ਹਨ, ਬਾਕੀ ਭੋਂਹ ਬਣ ਜਾਂਦਾ ਹੈ।
ਗਿ.ਮਨਮੋਹਨ ਸਿੰਘ : ਪੀਪੂ ਬਣਾ ਦਿੰਦੇ ਹਨ।
ਗੁਰਬਾਣੀ ਪਾਠ ਦਰਪਨ : ਖੁਲ੍ਹ ਕੇ ਹਾਨੀ ਕਰਦੇ ਹਨ ਜਾਂ ਤੂੜੀ ਦੀ ਨਿਆਈਂ ।
ਸ਼ਾਇਦ ਇਨ੍ਹਾਂ ਵਿਦਵਾਨਾ ਨੇ ‘ ਖੁਲਹਾਨੁ ‘ ਦੇ ਖ ਨੂੰ ਔਂਕੜ ਤੋਂ ਭੁਲੇਖਾ ਖਾਦਾ ਹੈ , ਜੋ ਕਿ ਉਤਾਰੇ ਜਾਂ ਛਪਾਈ ਵਕ਼ਤ ਵਾਧੂ ਲੱਗ ਗਿਆ ਹੈ। ਹੱਥ-ਲਿਖਤ ਬੀੜਾਂ ਵਿਚ ਪਾਠ ਦਾ ਰੂਪ ‘ ਖਲਹਾਨੁ ‘ ਨਜ਼ਰੀਂ ਪੈਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੰਨ 1977 ਵਿਚ ਪ੍ਰਕਾਸ਼ਤ ਪੁਸਤਕ ‘ਪਾਠ ਭੇਦਾਂ ਦੀ ਸੂਚੀ’ ਵਿਚ ਵੀ ਲਿਖਿਆ ਮਿਲਦਾ ਹੈ ਕਿ ਰੈਫਰੈਂਸ ਲਾਇਬ੍ਰੇਰੀ ਵਿਚ ਪਈਆਂ ਬੀੜਾਂ ਅੰਦਰ ਭੀ ਪਾਠ ‘ ਖਲਹਾਨੁ ‘ ਦਰਜ ਹੈ। ਉਪਰੋਕਤ ਪਾਠ ਸਰੂਪ ਗੁਰਬਾਣੀ ਲਗ ਮਾਤ੍ਰੀ ਨਿਯਮ ਅਧੀਨ ਦਰੁਸਤ ਹੈ ਅਰਥ ਭੀ ਬੜੇ ਭਾਵੁਕ ਨਿਕਲਦੇ ਹਨ। ਗੁਰਬਾਣੀ ਅੰਦਰ ‘ ਖਲ ‘ ਸਰੂਪ ਗੁਰਬਾਣੀ ਵਿਆਕਰਣ ਅਨੁਸਾਰ ‘ਭਾਵਵਾਚਕ ਨਾਂਵ ਇਕਵਚਨ ਹੈ’ ਅਤੇ ਇਸ ਦਾ ਅਰਥ ਹੈ ‘ ਮੂਰਖ ‘ । ਹੱਥ ਲਿਖਤ ਬੀੜਾਂ ਅਨੁਸਾਰ ਪ੍ਰਮਾਣੀਕ ਸਰੂਪ ‘ ਖਲ ਹਾਨੁ ‘ ਦੇ ਅਰਥ ਇਸ ਪ੍ਰਕਾਰ ਬਣਦੇ ਹਨ :
ਭਰਮੇ ਭੂਲਾ ਦੁਖੁ ਘਣੋ , ਜਮੁ ਮਾਰਿ ਕਰੈ ਖਲ ਹਾਨੁ ॥
ਪਦ ਅਰਥ : ਜਮੁ = (ਨਾਂਵ) ਵਿਕਾਰੀ ਜਮ, ਵਿਕਾਰ। ਮਾਰਿ = {ਪੂਰਬ ਪੂਰਣ ਕਿਰਦੰਤ} ਮਾਰ ਕੇ । ਕਰੈ = {ਕਿਰਿਆ ਇਕਵਚਨੀ ਅਨਪੁਰਖ ਵਰਤਮਾਨ ਕਾਲ} ਕਰਦਾ ਹੈ।
ਖਲ = ਮੂਰਖ ਦਾ { ਨਾਂਵ ਸੰਬੰਧ ਕਾਰਕ ਇਕਵਚਨ } । ਹਾਨੁ = {ਕਿਰਿਆ, ਨਾਂਵ} ਨਾਸ਼ਵੰਤ।
ਅਰਥ : ਨਿੰਦਾ ਦੇ ਫਲਸਰੂਪ ਭਰਮ ਵਿਚ ਭੁੱਲਾ ਹੋਇਆ ਮਨਮੁਖ ਬਹੁਤ ਦੁੱਖ ਪਾਉਂਦਾ ਹੈ ਅਤੇ ਵਿਕਾਰੀ ਜਮ (ਭਰਮ, ਦੁਚਿੱਤਾਪਨ) ਭੀ ਉਸ ਮਨਮੁਖ ਮੂਰਖ ਦਾ ਨਾਸ਼ ਕਰ ਦਿੰਦਾ ਹੈ ਭਾਵ ਭਰਮ ਅਤੇ ਦੁਚਿੱਤਾਪਨ ਜੀਵ ਅਦਰੋਂ ਦੈਵੀ ਗੁਣਾਂ ਵਾਲੀ ਚੰਗੀ ਸੋਚ ਨਾਸ਼ ਕਰ ਦਿੰਦਾ ਹੈ।

8. ਜਾਤ ਨਜਾਤਿ

ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ ॥
ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥੭॥ (ਰਾਗ ਕਾਨੜਾ, ਪੰਨਾ 1309 )

ਉਪਰੋਕਤ ਪੰਗਤੀਆਂ ਵਿਚ ਲਫਜ ‘ਜਾਤ ਨਜਾਤਿ’ ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਿੰਟ ਹਨ। ਇਹ ਲਫਜ਼ ਪਦ-ਛੇਦ ਰੂਪ ਵਿਚ ਗੁਰਬਾਣੀ ਵਿਆਕਰਣ ਅਨੁਸਾਰ ਦਰੁਸਤ ਨਹੀਂ ਹੈ। ਮਹਾਨ ਕੋਸ਼ ਦੇ ਕਰਤਾ ਨੇ ਭੀ ‘ਜਾਤ ਨਜਾਤ’ ਪਦ-ਛੇਦ ਕੀਤਾ ਹੈ ਅਤੇ ਸ਼ਬਦਾਰਥ ਵਿਚ ਭੀ ਉਪਰੋਕਤ ਪਾਠ ਸਰੂਪ ਸਹੀ ਮੰਨਿਆ ਹੈ। ਪਰ ਲਗ-ਮਾਤ੍ਰੀ ਨਿਯਮਾਂਵਲੀ ਮੁਤਾਬਿਕ ‘ਜਾਤ’ ਪਦ-ਛੇਦ ਅਤੇ ਇਸ ਦੇ ਅਰਥ ‘ਜ਼ਾਤ’ ਫਿਰ ਬਨਣੇ ਸੀ ਜੇਕਰ ਇਸ ਸ਼ਬਦ ਦੇ ‘ਤ’ ਨੂੰ ਸਿਹਾਰੀ ਹੁੰਦੀ, ਜੋ ਕਿ ਨਹੀਂ ਹੈ। ‘ਜਾਤ’ ਦੇ ਅਰਥ ਗੁਰਬਾਣੀ ਵਿਆਕਰਣ ਅਨੁਸਾਰ ਕਿਰਿਆ ਰੂਪ ਵਿਚ ਬਣ ਜਾਂਦੇ ਹਨ ਜੋ ਕਿ ਏਥੇ ਢੁਕਦੇ ਨਹੀਂ ਅਤੇ ਨਾਲ ਹੀ ਸ਼ਬਦ ‘ਨਿਜਾਤ’ ਦੇ ਅਰਥ ਕਦੇ ਭੀ ‘ਉਚੀ ਜਾਂ ਨੀਂਵੀਂ ਜ਼ਾਤ’ ਨਹੀਂ ਬਣ ਸਕਦੇ। ਭਾਸ਼ਾਈ ਕੋਸ਼ਾਂ ਵਿਚ ਜਦੋਂ ਅਸੀਂ ‘ਨਿਜਾਤ’ ਸ਼ਬਦ ਨੂੰ ਦੇਖਦੇ ਹਾਂ ਤਾਂ ਇਹ ਲਫਜ਼ ‘ਫਾਰਸੀ’ ਤੋਂ ਹੈ ਜਿਸ ਦੇ ਅਰਥ ਹਨ ‘ਛੁਟਕਾਰਾ’। ਇਹ ਭੀ ਏਥੇ ਨਹੀਂ ਢੁਕਦੇ। ਇਸ ਕਰਕੇ ਜੋ ਪਦ-ਛੇਦ ਅਤੇ ਅਰਥ ‘ ਪ੍ਰੋ ਸਾਹਿਬ ਸਿੰਘ ਜੀ, ਗਿਆਨੀ ਹਰਬੰਸ ਸਿੰਘ ਜੀ, ਜੋਗਿੰਦਰ ਸਿੰਘ ਤਲਵਾੜਾ ਜੀ ਕੀਤੇ ਹਨ ਉਹ ਗੁਰਬਾਣੀ ਵਿਆਕਰਣ ਅਨੁਸਾਰ ਦਰੁਸੱਤ ਹਨ, ਗੁਰਬਾਣੀ ਵਿਆਕਰਣ ਅਨੁਸਾਰ ਪਦ-ਛੇਦ ਰੂਪ ਇਸ ਤਰ੍ਹਾਂ ਬਣਦਾ ਹੈ :
ਜਾਤਨ ਜਾਤਿ ਦੇਖਿ ਮਤ ਭਰਮਹੁ, ਸੁਕ ! ਜਨਕ ਪਗੀਂ ਲਗਿ ਧਿਆਵੈਗੋ ॥
ਜਾਤਨ = {ਬਹੁਵਚਨ ਇਸਤਰੀ ਲਿੰਗ ਨਾਂਵ, ਅਧਿਕਰਨ ਕਾਰਕ} ਜਾਤਾਂ ਵਿਚੋਂ । ਜਾਤਿ = {ਇਸਤਰੀ ਲਿੰਗ ਨਾਂਵ ਇਕਵਚਨ} ਜ਼ਾਤ, जाती।
ਦੇਖਿ = {ਪੂਰਬ ਪੂਰਣ ਕਿਰਦੰਤ} ਵੇਖ ਕੇ । ਮਤ ਭਰਮਹੁ = {ਕਿਰਿਆ ਵਿਸ਼ੇਸ਼ਣ} ਭੁਲੇਖਾ ਨ ਖਾਉ ।
ਅਰਥ : ਜਾਤੀਆਂ ਵਿੱਚੋਂ ਅਖਉਤੀ ਉਚੀ-ਨੀਵੀਂ ਜਾਤੀ ਵੇਖ ਕੇ ਭੁਲੇਖੇ ਵਿਚ ਨਾ ਪਵੋ, ਬ੍ਰਾਹਮਣ ਸੁਕਦੇਵ ਰਿਸ਼ੀ, ਜਨਕ ਦੇ ਪੈਰੀਂ ਲੱਗ ਕੇ ਨਾਮ ਧਿਆਉਂਦਾ ਹੈ  (ਪ੍ਰਚਲਤ ਮਿਥਿਆਹਾਸਕ ਹਵਾਲੇ ਦਾ ਜ਼ਿਕਰ ਹੈ ) ।
ਕਈ ਵਿਦਵਾਨ ‘ਜਾਤਨਿ’ ਸਰੂਪ ਦਸਦੇ ਹਨ ਪਰ ਹੱਥ-ਲਿਖਤ ਬੀੜਾਂ ਵਿਚ ਇਸ ਸਰੂਪ ਦੀ ਪੁਸ਼ਟੀ ਨਹੀਂ ਹੁੰਦੀ। ਲਗ-ਮਾਤ੍ਰੀ ਨਿਯਮਾਂਵਲੀ ਅਨੁਸਾਰ ਪਾਠ ਸਰੂਪ ਸਮਝਣਾ ਹੀ ਦਰੁਸੱਤ ਹੈ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com