ਅੱਖਰ ਸ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੨

0
18

A A A

ਸਭਾ 

ਗੁਰਬਾਣੀ ਵਿਚ ‘ਸਭਾ’ ਲਫਜ਼ ੪੭ ਵਾਰ ਨਜ਼ਰੀਂ ਪੈਂਦਾ ਹੈ।ਆਮ ਕਰਕੇ ਇਸ ਲਫਜ਼ ਦੇ ਅਰਥ ਬੋਧ ਤੋਂ ਨਾ-ਵਾਕਫ਼ ਹੋਣ ਕਾਰਣ, ਕਈ ਸੱਜਣ ਉਚਾਰਣ ਅ-ਸਪਸ਼ੱਟ ਕਰਦੇ ਸੁਣੀਦੇ ਹਨ। ਉਪਰੋਕਤ ਲਫਜ਼ ਗੁਰਬਾਣੀ ਵਿਚ ਦੋ ਅਰਥ-ਭੇਦ ਨਾਲ ਆਉਂਦਾ ਹੈ, ਇਕ; ਇਕੱਠ ਵਾਚਕ ਨਾਂਵ,’ ਸਭਾ, ਜ਼ਮਾਤ ‘ ਦੇ ਅਰਥਾਂ ਵਿਚ ਅਤੇ ਦੂਜਾ ਪੜਨਾਂਵ, ‘ ਸਾਰੀ, ਸਾਰਾ ‘ ਦੇ ਅਰਥਾਂ ਵਿਚ, ਆਓ ਗੁਰਬਾਣੀ ਉਦਾਹਰਣਾਂ ਸਹਿਤ ਸਮਝਣ ਦਾ ਯਤਨ ਕਰੀਏ -:
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ ( ਪੰਨਾ ੧੮ )
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ( ਪੰਨਾ ੮੪ )
ਤਖਤੁ ਸਭਾ ਮੰਡਨ ਦੋਲੀਚੇ ॥ ( ਪੰਨਾ ੧੭੯ )
ਅਭਗ ਸਭਾ ਸੰਗਿ ਹੈ ਸਾਧਾ ॥ ( ਪੰਨਾ ੩੯੩ )
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥ ( ਪੰਨਾ ੯੬੦ )
ਸਭਾ = {ਇਕੱਠ-ਵਾਚਕ ਨਾਂਵ, ਬਹੁਵਚਨ} ਇਕੱਠ, ਜ਼ਮਾਤ, class। ਉਚਾਰਣ = ਸਭਾ

ਇਸ ਤੋਂ ਇਲਾਵਾ ਇਹੋ ਲਫਜ਼ ‘ ਸਾਰੀ, ਸਾਰਾ ‘ ਦੇ ਅਰਥ ਭਾਵ ‘ਚ ਗੁਰਬਾਣੀ ਅੰਦਰ ਮਿਲਦਾ ਹੈ, ਜਿਸ ਦੀਆਂ ਗੁਰਬਾਣੀ ਵਿਚੋਂ ਉਦਾਹਰਣਾ ਸਮਝੀਏ-:
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥ (ਪੰਨਾ ੧੭)
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥ (ਪੰਨਾ ੩੩)
ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥ (ਪੰਨਾ ੩੬)
ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥ (ਪੰਨਾ ੩੮੨)
ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥ (ਪੰਨਾ ੬੪੯ )
ਸਭਾ ਕਾਲਖ ਦਾਗਾ ਦਾਗ ॥ ( ਪੰਨਾ ੬੬੨)
ਘਰਿ ਨਾਰਾਇਣੁ ਸਭਾ ਨਾਲਿ ॥ ( ਪੰਨਾ ੧੨੪੦ )
ਸਭਾ = {ਅਨਿਸਚਿਤ ਪੜਨਾਂਵ} ਸਾਰੀ । ਉਚਾਰਣ ਸੇਧ : ਸਮੱਗਰ ਗੁਰਬਾਣੀ ਵਿਚ ਜਦੋਂ ਇਹ ਲਫਜ਼ ਸਾਰੀ ਜਾਂ ਸਾਰਾ ਦੇ ਅਰਥਾਂ ਵਿਚ ਆਵੇ ਤਾਂ ਇਸ ਦਾ ਉਚਾਰਣ ਅੱਧਕ ਸਹਿਤ ‘ ਸੱਭਾ ‘ ਵਾਂਗ ਕਰਨਾ ਹੈ। ‘ਸਭਾ’ ਉਚਾਰਣ ਕਰਣ ਨਾਲ ਅਰਥਾਂ ਵਿਚ ਬਹੁਤ ਅੰਤਰ ਪੈ ਜਾਂਦੈ, ਇਸ ਕਰਕੇ ਅਰਥ-ਭਾਵ ਨੂੰ ਸਮਝ ਕੇ ਹੀ ਸ਼ੁਧ ਉਚਾਰਣ ਹੋ ਸਕਦਾ ਹੈ।

ਸਨੇਹਾ

ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥ ( ਪੰਨਾ 960 ) ਸਨੇਹਾ = {ਪੁਲਿੰਗ, ਭਾਵ ਵਾਚਕ ਨਾਂਵ} ਪ੍ਰੇਮ-ਪਿਆਰ ।
ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥ ( ਪੰਨਾ 242 ) ਸਨੇਹਾ = {ਪੁਲਿੰਗ ਨਾਂਵ ਇਕਵਚਨ} ਸੰਦੇਸ਼ਾ।

ਸਾ / ਸੋ / ਸੇ /

ਸਾ : ਅਨਪੁਰਖ ਇਕਵਚਨ ਇਸਤਰੀ ਲਿੰਗ ਪੜਨਾਂਵ ਹੈ । ਇਹ ਪੜਨਾਂਵੀਂ ਵਿਸ਼ੇਸ਼ਣ ਭੀ ਹੈ ਅਤੇ ਸੰਬੰਧਕੀ ਪਦ ਭੀ। ਇਹ ਲਫਜ਼ ਇਸਤਰੀ ਲਿੰਗ ਨਾਲ ਹੀ ਵਰਤਿਆ ਜਾਂਦਾ ਹੈ।

ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੈ ਲਾਗਿ ਰਹਾਂ ॥ ( ਪੰਨਾ 660) ਸਾ = ( ਪੜਨਾਂਵੀ ਵਿਸ਼ੇਸ਼ਣ ) ਉਹੀ ।
ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥ ( ਪੰਨਾ 187) ਸਾ = ਵਰਗਾ ( ਸੰਬੰਧਕ )

ਸੋ : ਇਹ ਲਫਜ਼ ਅਨ ਪੁਰਖ ਇਕਵਚਨ ਪੁਲਿੰਗ ਪੜਨਾਂਵ ਹੈ । ਪੜਨਾਂਵੀ ਵਿਸ਼ੇਸ਼ਣ ਵੀ ਅਤੇ ਸੰਬੰਧਕੀ ਪਦ ਭੀ । ਇਹ ਸਦਾ ਪੁਲਿੰਗ ਨਾਲ ਵਰਤਿਆ ਜਾਂਦਾ ਹੈ, ਜਿਵੇਂ :

ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥ ( ਪੰਨਾ 41 )
ਸੋ ਅੰਤਰਿ ਸੋ ਬਾਹਰਿ ਅਨੰਤ ਘਟਿ ਘਟਿ ਬਿਆਪਿ ਰਹਿਆ ਭਗਵੰਤ ॥ ( ਪੰਨਾ 293 )
ਸੋ = ਉਹ (ਪੁਲਿੰਗ ਪੜਨਾਂਵ ਅਨਪੁਰਖ ਇਕਵਚਨ, ਕਰਤਾ ਕਾਰਕ )

ਸੇ : ਪੁਰਖ ਵਾਚੀ ਪੜਨਾਂਵ ਅਨਪੁਰਖ ‘ ਸੋ ‘ ਦਾ ਬਹੁਵਚਨ ‘ ਸੇ ‘  ਹੈ ।

ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ ( ਪੰਨਾ 645 )
ਜੋ ਬੈਠੇ ਸੇ ਫਾਥਿਆ, ਉਬਰੇ ਭਾਗ ਮਥਾਇ ॥ ( ਪੰਨਾ 1097 )
ਸੇ = ਉਹ ( ਪੜਨਾਵ ਪੁਲਿੰਗ ਬਹੁਵਚਨ, ਕਰਤਾ ਕਾਰਕ )

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com
mob:7597643748