ਮੋਖ ਦੁਆਰੁ

0
14

A A A

ਅਰੰਭ ਕਾਲ ਵਿਚ ਗੁਰਬਾਣੀ ਦੇ ਲਿਖਾਰੀ ਬੜੇ ਸੂਝਵਾਨ ਅਤੇ ਸ਼ਰਧਾਵਾਨ ਹੁੰਦੇ ਸਨ। ਉਹਨਾਂ ਲਿਖਾਰੀਆਂ ਨੂੰ ਗੁਰਬਾਣੀ ਲਿਖਾਈ ਦੇ ਅੰਦਰਲੇ ਨੇਮਾਂ ਅਤੇ ਸ਼ਬਦ-ਜੋੜਾਂ ਆਦਿ ਦਾ ਪੂਰਾ ਪੂਰਾ ਗਿਆਨ ਹੁੰਦਾ ਸੀ ਜਿਸ ਕਰਕੇ ਉਸ ਸਮੇਂ ਪਾਠ ਭੇਦਾਂ ਦੇ ਉਤਪੰਨ ਹੋਣ ਦੀ ਸੰਭਾਵਨਾ ਬਹੁਤ ਘਟ ਸੀ ਪਰ ਸਿੱਖ ਮਿਸਲਾਂ ਅਤੇ ਸਿੱਖ  ਰਾਜ ਸਮੇਂ ਬੀੜਾਂ ਦੇ ਉਤਾਰਿਆਂ ਦੀ ਮੰਗ ਵਧ ਜਾਣ ਕਾਰਣ ਨਵੇਂ ਲਿਖਾਰੀਆਂ ਨੇ ਇਸ ਕਾਰਜ਼ ਨੂੰ ਆਪਣੀ ਰੋਜ਼ੀ ਦਾ ਸਾਧਨ ਬਣਾ ਲਿਆ ਜਿਸ ਕਰਕੇ ਉਤਾਰਿਆਂ ਨੂੰ ਛੇਤੀ ਸੰਪੂਰਨ ਕਰਨ ਦੀ ਰੁਚੀ ਨੇ ਲਿਖਾਰੀਆਂ ਅੰਦਰ ਸ਼ੁਧ ਲਿਖਣ ਦੀ ਰੀਤ ਬਿਲਕੁਲ ਹੀ ਖਤਮ ਕਰ ਦਿਤੀ ਇਸ ਕਾਰਣ ਹੀ ਪਾਠ ਭੇਦਾਂ ਦੀ ਗਿਣਤੀ ਵਧਦੀ ਗਈ। ਏਸੇ ਪਰਥਾਇ ਅੱਜ ‘ਮੋਖ’ ਲਫਜ਼ ਪ੍ਰਤੀ ਆਪ ਨਾਲ ਵੀਚਾਰ ਸਾਂਝੇ ਕਰਨ ਦਾ ਮਨ ਬਣਾਇਆ ਹੈ। ਆਸ ਹੈ ਵਿਦਵਾਨ ਸਜੱਨ ਪੜਣ ਤੋਂ ਬਾਦ ਕਿਸੇ ਸਿੱਟੇ ‘ਤੇ ਪੁਜੱਣਗੇ।

ਸਮੱਗਰ ਗੁਰਬਾਣੀ ਵਿਚ ‘ ਮੋਖੁ ‘ ਲਫਜ਼ ਦੇ 6 ਵਾਰ ਅਤੇ ‘ ਮੋਖ ‘ ਲਫਜ਼ ਦੇ 62 ਵਾਰ ਦਰਸ਼ਨ ਹੁੰਦੇ ਹਨ। ਜਪੁ ਬਾਣੀ ਵਿਚ ਆਏ ਦੋ ਵਾਰ ‘ ਮੋਖੁ ਦੁਆਰੁ ‘ ਲਫਜ਼ ਬਾਰੇ ਅਸੀਂ ਅੱਜ ਵੀਚਾਰ ਕਰਾਂਗੇ। ‘ਮੋਖੁ’ ਲਫਜ਼ ਸੰਸਕ੍ਰਿਤ ਦੇ ‘ ਮੋਕਸ਼ ‘ ਤੋਂ ਹੈ। ਸੰਸਕ੍ਰਿਤ ਵਿਚ ਭਾਵੇਂ ਇਹ ਲਫਜ਼ ਇਸਤਰੀ ਲਿੰਗ ਹੈ ਪਰ ਗੁਰਬਾਣੀ ਵਿਚ ਵਿਆਕਰਣ ਅਨੁਸਾਰ ਭਾਵ ਵਾਚਕ ਨਾਂਵ (ਸੰਗਿਆ ਵਾਚਕ) ਕਰਕੇ ਆਇਆ ਹੈ, ਜਿਵੇਂ :-
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥ ( ਪੰਨਾ 88 ) ਮੋਖੁ = {ਭਾਵ ਵਾਚਕ ਨਾਂਵ ਇਕਵਚਨ} ਛੁਟਕਾਰਾ।
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥ ( ਪੰਨਾ 280 ) ਮੋਖੁ = {ਭਾਵ ਵਾਚਕ ਨਾਂਵ ਇਕਵਚਨ} ਛੁਟਕਾਰਾ।

ਇਸ ਦੇ ਨਾਲ-ਨਾਲ ‘ਮੋਖ’ ਸਰੂਪ ਇਸਤਰੀ ਲਿੰਗ ‘ਮੁਕਤੀ’ ਦੇ ਅਰਥਾਂ ਵਿਚ ਭੀ ਵਰਤਿਆ ਹੈ ਉਸ ਸਮੇਂ ਅੰਤਲੀ ਔਂਕੜ ਲੱਥ ਜਾਂਦੀ ਹੈ, ਜਿਵੇਂ :-
ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀਂ ਬਾਰ ॥ ( ਪੰਨਾ 816 ) ਮੋਖ = {ਭਾਵ ਵਾਚਕ ਇਸਤਰੀ ਲਿੰਗ ਨਾਂਵ} ਮੁਕਤੀ, ਰਿਹਾਈ ।
ਕੁਲ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥ ( ਪੰਨਾ 592 ) ਮੋਖ = {ਭਾਵ ਵਾਚਕ ਇਸਤਰੀ ਲਿੰਗ ਨਾਂਵ ਇਕਵਚਨ} ਮੁਕਤੀ, ਖਲਾਸੀ ।

ਜਪੁ ਬਾਣੀ ਅੰਦਰ ਲਫਜ਼ ‘ ਮੋਖੁ ‘ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਗੁਰਬਾਣੀ ਵਿਆਕਰਣ ਦਾ ਇਕ ਨਿਯਮ ਸਮਝਣਾ ਪਵੇਗਾ ਕਿ ” ਸੰਬੰਧ ਕਾਰਕ (possessive case) ਵਿਚ ਸੰਬੰਧੀ ਨਾਂਵ ਦੇ ਅੰਤਲੇ ਅੱਖਰ ਨਾਲੋਂ ਔਂਕੜ ਲਹਿ ਕੇ ਮੁਕਤਾ ਹੋ ਜਾਂਦਾ ਹੈ।” ਜਿਵੇਂ :-
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥ ( ਪੰਨਾ 67 )
ਗੁਰਬਾਣੀ = {ਨਾਂਵ ਸੰਬੰਧ ਕਾਰਕ ਇਕਵਚਨ} ਗੁਰੂ ਦੀ ਬਾਣੀ। ‘ਗੁਰ’ ਲਫਜ਼ ਵਿਚੋਂ ‘ਦੀ’ ਲੁਪਤ ਸੰਬੰਧਕ ਨਿਕਲਣ ਕਾਰਣ ‘ਗੁਰੁ’ ਦੇ ‘ਰ’ ਦੀ ਔਂਕੜ ਲੱਥ ਗਈ।
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥ ( ਪੰਨਾ 219 )
ਮਾਨਸ ਜਨਮੁ = {ਨਾਂਵ ਸੰਬੰਧ ਕਾਰਕ ਇਕਵਚਨ} ਮਨੁੱਖ ਦਾ ਜਨਮ। ‘ਦਾ’ ਲੁਪਤ ਸੰਬੰਧਕ ਕਾਰਣ ‘ਮਾਨਸ’ ਲਫਜ਼ ਦੀ ਅੰਤਲੀ ਔਂਕੜ ਲੱਥ ਗਈ ਹੈ।
ਆਤਮ ਘਾਤੀ ਹੈ ਜਗਤ ਕਸਾਈ ॥ ( ਪੰਨਾ 118 )
ਆਤਮ ਘਾਤੀ = { ਨਾਂਵ ਸੰਬੰਧ ਕਾਰਕ ਇਕਵਚਨ, ਸਮਾਸ} ਆਤਮਕ ਜੀਵਨ ਦਾ ਨਾਸ਼ ਕਰਨ ਵਾਲਾ। ‘ਦਾ’ ਲੁਪਤ ਸੰਬੰਧਕ ਕਾਰਣ ‘ਆਤਮ’ ਲਫਜ਼ ਦੀ ਔਂਕੜ ਲੱਥ ਗਈ ਹੈ।

ਇਸੇ ਤਰ੍ਹਾਂ ‘ ਹਰਾਮ ਖੋਰ, ਬੋਲ ਵਿਗਾੜ, ਕਰਮ ਖੰਡ, ਸਰਮ ਖੰਡ ਆਦਿ ਸਮਾਸੀ ਲਫਜ਼ ਹਨ ਜਿਹਨਾਂ ਦੇ ਇਕ ਪਦ ਦੇ ਅੰਤਲੇ ਅਖੱਰ ਨੂੰ ਔਂਕੜ ਨਹੀਂ ਆਉਂਦਾ।

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ( ਜਪੁ ਜੀ )
ਮੰਨੈ ਪਾਵਹਿ ਮੋਖੁ ਦੁਆਰੁ ॥ ( ਜਪੁ ਜੀ )

ਉਪਰੋਕਤ ਪੰਗਤੀਆਂ ਜਪੁ ਬਾਣੀ ਵਿਚ ਅੰਕਤ ਹਨ। ਪ੍ਰਮਾਣੀਕ ਹੱਥ ਲਿਖਤ ਬੀੜ ਦੇ ਦਰਸ਼ਨ ਕਰਨ ‘ਤੇ ਇਹਨਾਂ ਪੰਗਤੀਆਂ ਵਿਚ ਲਫਜ਼ ‘ ਮੋਖ ‘ ਦਾ ‘ਖ’ ਮੁਕਤਾ ਨਜ਼ਰੀਂ ਪੈਂਦਾ ਹੈ ਪਰ ਮੋਜੂਦਾ ਬੀੜ ਅੰਦਰ ਇਹ ਸਰੂਪ ‘ ਮੋਖੁ ‘ ਕਰਕੇ ਪ੍ਰਿੰਟ ਹੋ ਰਿਹਾ ਹੈ ਜੋ ਕਿ ਲਗ ਮਾਤ੍ਰੀ ਨਿਯਮਾਂਵਲੀ ਅਨੁਸਾਰ ਭੀ ਦਰੁਸਤ ਨਹੀਂ ਜਿਵੇਂ ਕਿ ਉਪਰ ਉਪਰੋਕਤ ਨਿਯਮ ਸਾਂਝਾ ਕੀਤਾ ਹੈ। ‘ਮੋਖੁ ਦੁਆਰੁ’ ਲਫਜ਼ ਸਮਾਸ ਭੀ ਹੈ ਅਤੇ ਨਾਂਵ ਸੰਬੰਧਕਾਰਕ ਭੀ। ‘ਮੋਖੁ’ ਦੇ ‘ਖੱਖੇ ਨੂੰ ਲੱਗੀ ਔਂਕੜ ਮਿਸ ਪ੍ਰਿੰਟ ਹੈ; ਇਸ ਦੀ ਪ੍ਰੋੜਤਾ ਸਾਨੂੰ ਗੁਰਬਾਣੀ ਵਿਚੋਂ ਹੀ ਹੋ ਜਾਂਦੀ ਹੈ। ਗੁਰਬਾਣੀ ਵਿਚ ਜਿੱਥੇ ਭੀ ਜਪੁ ਬਾਣੀ ਤੋਂ ਅਲਾਵਾ ‘ਮੋਖ’ ਲਫਜ਼ ਨਾਲ ‘ਦੁਆਰੁ’ ਲਫਜ਼ ਆਇਆ ਹੈ ਉਥੇ ਹੀ ‘ਮੋਖ’ ਦਾ ‘ਖ’ ਮੁਕਤਾ ਹੈ; ਜੋ ਕਿ ਲਗ-ਮਾਤ੍ਰੀ ਨਿਯਮਾਂਵਲੀ ਅਨੁਸਾਰ ਬਿਲਕੁਲ ਦਰੁਸਤ ਹੈ ਜਿਵੇਂ -:

ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥ ( ਪੰਨਾ 27 )
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥ ( ਪੰਨਾ 33 )
ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥ ( ਪੰਨਾ 33 )
ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥ ( ਪੰਨਾ 36 )

ਉਪਰੋਕਤ ਗੁਰਬਾਣੀ ਪ੍ਰਮਾਣ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਜਦੋਂ ‘ਮੋਖ’ ਲਫਜ਼ ਸੰਬੰਧ ਕਾਰਕ ਵਿਚ ਹੋਵੇ ਤਾਂ ਅੰਤਲਾ ਅੱਖਰ ਮੁਕਤਾ ਹੁੰਦਾ ਹੈ। ਸਮੱਗਰ ਗੁਰਬਾਣੀ ਅੰਦਰ ਜਿਥੇ ਭੀ ‘ਮੋਖ’ ਨਾਲ ‘ਦੁਆਰੁ’ ਲਫਜ਼ ਆਇਆ ਹੈ ਉਥੇ ‘ਮੋਖ’ ਦਾ ਸਰੂਪ ਮੁਕਤਾ ਅੰਤ ਹੈ।

ਜਿੰਨਾ ਵਿਦਵਾਨਾਂ ਨੇ ਗੁਰਬਾਣੀ ਅਰਥ ਖੇਤਰ ਵਿਚ ਯੋਗਦਾਨ ਪਾਇਆ ਹੈ ਉਹਨਾਂ ਵੱਲੋਂ ਭੀ ਉਪਰੋਕਤ ਲਫਜ਼ ਪ੍ਰਤੀ ਆਪਣੇ ਵੀਚਾਰ ਜੋ ਵਿਅਕਤ ਕੀਤੇ ਹਨ ਉਹ ਭੀ ਮੰਨਣਯੋਗ ਹਨ। ਪਾਠ ਭੇਦਾਂ ਦੀ ਸੂਚੀ ਪੁਸਤਕ ਵਿਚ ਜਪੁ ਬਾਣੀ ਵਿਚ ਆਏ ‘ਮੋਖੁ’ ਲਫਜ਼ ਨੂੰ ਅਸ਼ੁਧ ਮੰਨਿਆ ਹੈ ਅਤੇ ਸ਼ੁਧ ਸਰੂਪ ‘ਮੋਖ’ ਦੇ ਕੇ, ਨਾਲ ਉਹਨਾਂ ਬੀੜਾਂ ਦਾ ਭੀ ਜ਼ਿਕਰ ਕੀਤਾ ਹੈ ਜਿਹਨਾ ਬੀੜਾਂ ਵਿਚ ਸ਼ੁਧ ਸਰੂਪ ‘ਮੋਖ’ ਦਰਜ ਹੈ।ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਭੀ ਸ਼ਧ ਸਰੂਪ ‘ਮੋਖ’ ਮੰਨਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਛਪੇ ਗੁਟਕਿਆਂ ਤੋਂ ਅਲਾਵਾ ਪ੍ਰਾਈਵੇਟ ਵਪਾਰੀ ਪ੍ਰਕਾਸ਼ਕਾਂ ਵੱਲੋਂ ਛਪੇ ਗੁਟਕਿਆਂ ਅੰਦਰ ਭੀ ‘ਮੋਖ’ ਸ਼ੁਧ ਸਰੂਪ ਪ੍ਰਿੰਟ ਹੋ ਰਿਹਾ ਹੈ।

ਅੰਤ ਵਿਚ ਹੱਥ ਜੋੜ ਕੇ ਜੋਦੜੀ ਹੈ ਪੰਥ ਦੀ ਪ੍ਰਤੀਨਿਧੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਕਿ ਹੱਥ ਲਿਖਤ ਬੀੜਾਂ ਦੇ ਪਰਸਪਰ ਮੋਜੂਦਾ ਬੀੜ ਵਿਚ ਪਾਠ ਭੇਦਾਂ ਨੂੰ ਦਰੁਸਤ ਕਰ ਲੈਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਅੰਦਰ ਇਹ ਭਾਰੂ ਵਿਸ਼ਾ ਨਾ ਬਣ ਜਾਏ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’ 
khalsasingh.hs@gmail.com