ਪੁੱਤ ! ਇਹ ਤਾਂ ਬੂਬਨੇ ਸਾਧ ਹਨ।

0
9

A A A

15-16 ਸਾਲ ਪੁਰਾਣੀ ਗੱਲ ਹੈ| ਮੈਂ ਇਕ ਬਜ਼ੁਰਗ ਨੰਬਰਦਾਰ ਦੇ ਮਕਾਨ ਵਿਚ ਕਿਰਾਏ ਉੱਤੇ ਰਹਿੰਦਾ ਸੀ| ਉਹ ਮਕਾਨ ਖੇਤਾਂ ਦੇ ਨਾਲ ਲਗਦਾ ਸੀ ਅਤੇ ਉਸ ਦੇ ਨੇੜੇ ਹੋਰ ਵੀ ਟਾਵੀਆਂ-ਟਾਵੀਆਂ ਕੋਠੀਆਂ ਬਣ ਰਹੀਆਂ ਸਨ|

ਇਕ ਦਿਨ ਦੀ ਗੱਲ ਹੈ| ਐਤਵਾਰ ਦਾ ਦਿਨ ਸੀ| ਮੈਂ ਇਕ ਤਸਵੀਰ ਦੀ ਕੈਨਵਸ ਉੱਤੇ ਚਿੱਟਾ ਪ੍ਰਾਈਮਰ ਕਰਨ ਲਈ, ਮਕਾਨ ਦੀ ਛੱਤ ਉੱਤੇ ਚੜ੍ਹ ਗਿਆ| ਜਿਵੇਂ ਹੀ ਮੈਂ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਆਲੇ-ਦੁਆਲੇ ਦੇਖਿਆ ਤਾਂ ਬਹੁਤ ਸਾਰੀਆਂ ਔਰਤਾਂ ਅਤੇ ਮਰਦ ਆਪਣੇ ਘਰਾਂ ਅਤੇ ਕੋਠੀਆਂ ਵਿਚੋਂ ਨਿਕਲ ਕੇ ਨੰਗੇ ਪੈਰੀਂ,  ਖੇਤਾਂ ਵਿਚੋਂ ਦੀ ਸਾਡੇ ਘਰਾਂ ਵਲ ਨੂੰ ਦੌੜੇ ਆ ਰਹੇ ਸਨ| ਸਾਡੇ ਘਰ ਤੋਂ ਥੋੜੀ ਦੂਰ ਵਾਲੀ ਕੋਠੀ ਦੇ ਬਾਹਰ, ਕੁੱਝ ਔਰਤਾਂ ਅਤੇ ਮਰਦ ਇਕੱਠੇ ਹੋ ਰਹੇ ਸਨ| ਮੈਂਨੂੰ ਜਾਪਿਆ, ਸ਼ਾਇਦ ਕੋਈ ਅਣ-ਸੁਖਾਵੀਂ ਘਟਨਾ ਵਾਪਰ ਗਈ ਹੈ| ਮੈਂ ਜਲਦੀ ਜਲਦੀ ਮਕਾਨ ਦੀ ਛੱਤ ਤੋਂ ਉਤਰ ਕੇ, ਬਜ਼ੁਰਗ ਨੰਬਰਦਾਰ ਬੇਬੇ-ਬਾਪੂ ਨੂੰ ਸਾਰੀ  ਗੱਲ ਦੱਸੀ ਕਿ ਗਵਾਂਢ ਵਿਚ ਲੋਕ ਇਕੱਠੇ ਹੋ ਰਹੇ ਹਨ, ਜ਼ਰੂਰ ਕੋਈ ਘਟਨਾ ਵਾਪਰ ਗਈ ਹੈ| ਜਾ ਕੇ ਦੇਖੋ, ਕੀ ਹੋਇਆ ਹੈ ? ਉਹ ਬਜ਼ੁਰਗ ਮੇਰੀਆਂ ਗੱਲਾਂ ਸੁਣ ਕੇ ਕਹਿਣ ਲੱਗਾ ਕਿ ਗਵਾਂਢੀਆਂ ਦੇ ਘਰੇ ਫ਼ਲਾਣੇ ਸੰਤ ਨੇ ਆਉਣਾ ਹੋਵੇਗਾ| ਇਸ ਲਈ ਲੋਕ, ਉਸ ਦੇ ਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਹੋਣਗੇ| ਮੈਂ ਘਰ ਦਾ ਬਾਹਰਲਾ ਗੇਟ ਖੋਲ ਕੇ ਦੇਖਿਆ, ਇਕ ਕਾਰ ਵਿਚ ਇਕ ਅਖੌਤੀ ਸੰਤ ਆਪਣੇ ਚੇਲਿਆਂ ਸਮੇਤ ਆਇਆ ਹੋਇਆ ਸੀ| ਲੋਕ ਝੁਕ-ਝੁਕ ਕੇ ਉਸ ਦੇ ਪੈਰਾਂ ਵਿਚ ਮੱਥੇ ਟੇਕ ਰਹੇ ਸਨ, ਪਰ ਉਹ ਬਜ਼ੁਰਗ ਬੇਬੇ-ਬਾਪੂ ਬਾਹਰ ਜਾਣ ਦੀ ਥਾਂ ਆਪਣੀਆਂ ਮੱਝਾਂ ਦੀ ਸੇਵਾ ਕਰਨ ਵਿਚ ਹੀ ਲੱਗੇ ਰਹੇ|

ਮੈਂ ਆਪਣੀ ਪਤਨੀ ਸਮੇਤ ਉਨ੍ਹਾਂ ਬਜ਼ੁਰਗਾਂ ਕੋਲ ਗੱਲ ਸ਼ੁਰੂ ਕੀਤੀ ਕਿ ਇੱਥੇ ਤਾਂ ਸੰਤ ਦੇ ਦਰਸ਼ਨ ਕਰਨ ਵਾਲਿਆਂ ਦਾ ਬਹੁਤ ਇਕੱਠ ਹੈ, ਪਰ ਤੁਸੀਂ ਸੰਤ ਦੇ ਦਰਸ਼ਨ ਕਰਨ ਲਈ, ਆਪਣੇ ਘਰ ਤੋਂ ਬਾਹਰ  ਤਕ ਵੀ ਨਹੀਂ ਨਿਕਲੇ| ਉਹ ਬਜ਼ੁਰਗ ਕਹਿਣ ਲੱਗਾ ਕਿ ਜਦੋਂ ਵੀ  ਕਿਸੇ ਸੰਤ ਨੇ ਆਉਣਾ ਹੁੰਦਾ ਹੈ ਤਾਂ ਅਸੀਂ ਆਪਣੇ ਘਰ ਦੇ ਗੇਟ ਅਤੇ ਤਾਕੀਆਂ ਬੰਦ ਕਰ ਲੈਂਦੇ ਹਾਂ| ਕੀ ਰੱਖਿਆ ਹੈ ਇਨ੍ਹਾਂ ਦੇ ਦਰਸ਼ਨਾਂ ਵਿਚ? ਉਸ ਨੇ ਇਹ ਵੀ ਕਿਹਾ, “ਪੁੱਤ! ਇਹ ਤਾਂ ਬੂਬਨੇ ਸਾਧ ਹਨ| ਮੈਂ ਇਨ੍ਹਾਂ ਦੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ| ਗੁਰੂ ਸਾਹਿਬ ਨੇ ਸਾਨੂੰ ਗੁਰੂ ਗੰ੍ਰਥ ਸਾਹਿਬ ਜੀ ਦੇ ਲੜ ਲਾਇਆ ਹੈ| ਇਸ ਲਈ ਸਾਨੂੰ ਇਨ੍ਹਾਂ ਤੋਂ ਕੀ ਲੈਣਾ ਹੈ ? ”

ਜਿਸ ਵੇਲੇ ਉਸ ਅਖੌਤੀ ਸੰਤ ਨੇ ਵਾਪਸ ਜਾਣਾ ਸੀ ਤਾਂ ਉਹ ਆਪਣੀ ਕਾਰ ਵਿਚ ਬੈਠ ਗਿਆ| ਲੋਕ ਉਸ ਦੀ ਕਾਰ ਅਤੇ ਕਾਰ ਦੇ ਟਾਇਰਾਂ ਨੂੰ ਮੱਥੇ ਟੇਕ ਰਹੇ ਸਨ| ਜਦੋਂ ਕਾਰ ਚੱਲ ਪਈ ਤਾਂ ਲੋਕਾਂ ਨੇ ਵੀ ਕਾਰ ਨੂੰ ਥੋੜੀ ਦੂਰ ਤਕ ਆਪਣੇ ਹੱਥਾਂ ਨਾਲ ਧੱਕਾ ਦੇ ਕੇ ਅੱਗੇ ਤਕ ਵਿਦਾ ਕੀਤਾ, ਜਿਵੇਂ ਲੜਕੀ ਵਾਲੇ ਆਪਣੀ ਲੜਕੀ ਦੇ ਵਿਆਹ ਉਪਰੰਤ ਵਿਦਾਇਗੀ ਸਮੇਂ, ਉਸ ਦੀ ਕਾਰ ਨੂੰ ਧੱਕਾ ਲਾ ਕੇ ਅੱਗੇ ਤਕ ਵਿਦਾ ਕਰਦੇ ਹਨ| ਕੁੱਝ ਦੂਰੀ ਤੇ ਜਾ ਕੇ ਕਾਰ ਨੇ ਸਪੀਡ ਫੜੀ ਅਤੇ ਅੱਖਾਂ ਤੋਂ ਦੂਰ ਹੋ ਗਈ| ਉਸ ਅਖੌਤੀ ਸੰਤ ਦੇ ਜਾਣ ਤੋਂ ਬਾਅਦ ਔਰਤਾਂ ਅਤੇ ਮਰਦਾਂ ਦਾ ਝੁੰਡ ਨੰਗੇ ਪੈਰੀਂ, ਆਪਣੇ ਆਪਣੇ ਘਰਾਂ ਜਾਂ ਕੋਠੀਆਂ ਨੂੰ ਵਾਪਸ ਜਾ ਰਿਹਾ ਸੀ| ਲੋਕਾਂ ਨੇ ਉਸ ਅਖੌਤੀ ਸੰਤ ਦੇ ਦਰਸ਼ਨ ਕਰਕੇ ਕੀ ਖੱਟਿਆ ?  ਕੀ ਸਿੱਖਿਆ ਪ੍ਰਾਪਤ ਕੀਤੀ ? ਜਵਾਬ, ਕੁੱਝ ਵੀ ਨਹੀਂ| ਪਰ ਉਹ ਸੰਤ, ਲੋਕਾਂ ਕੋਲੋਂ ਨੋਟਾਂ ਦੇ ਗੱਫਿਆਂ ਦੀ ਚੰਗੀ ਕਮਾਈ ਖੱਟ ਕੇ ਚਲਦਾ ਬਣਿਆ|

ਜਿਸ ਬਜ਼ੁਰਗ ਜੋੜੇ ਕੋਲ ਮੈਂ ਰਹਿਦਾ ਸੀ, ਉਨ੍ਹਾਂ ਬਾਰੇ ਆਪਣੇ ਮਨ ਵਿਚ ਸੋਚ ਰਿਹਾ ਸੀ ਕਿ ਬੇਸ਼ੱਕ ਉਹ ਅਨਪੜ੍ਹ ਜ਼ਰੂਰ ਸਨ ਪਰ ਉਨ੍ਹਾਂ ਦੀਆਂ ਗੱਲਾਂ ਵਿਚ ਸਚਾਈ ਸੀ| ਉਹ ਮੈਂਨੂੰ ਪੜ੍ਹੇ-ਲਿਖੇ ਲੋਕਾਂ ਨਾਲੋਂ ਜ਼ਿਆਦਾ ਸਿਆਣੇ ਲੱਗੇ ਕਿਉਂਕਿ ਉਹ ਸੱਚੇ-ਸੰਤ  ਅਤੇ ਝੂਠੇ-ਸੰਤ ਦੇ ਫ਼ਰਕ ਨੂੰ ਚੰਗੀ ਤਰ੍ਹਾਂ ਸਮਝਦੇ ਸਨ| ਜਿਸ ਕਰਕੇ ਉਨ੍ਹਾਂ ਨੇ ਉਸ ਬੂਬਨੇ ਸਾਧ ਨੂੰ ਕੋਈ ਮਾਨਤਾ ਨਹੀ ਦਿੱਤੀ|

ਹੁਣ ਸਵਾਲ ਪੈਦਾ ਹੁੰਦਾ ਹੈ ਕਿ  ਜੇਕਰ ਮਨੁੱਖ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਵਿਚੋਂ ਸਿੱਖਿਆਵਾਂ ਪ੍ਰਾਪਤ ਕਰਨ ਉਪਰੰਤ ਵੱਡੀਆਂ-ਵੱਡੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਸੱਚ ਅਤੇ ਝੂਠ ਦੇ ਫ਼ਰਕ ਨੂੰ ਨਹੀਂ ਸਮਝ ਸਕਿਆ ਅਤੇ ਨਾ ਹੀ ਸਿਆਣਾ ਬਣ ਸਕਿਆ ਤਾਂ ਅਜਿਹੀ ਸਿੱਖਿਆਵਾਂ ਅਤੇ ਡਿਗਰੀਆਂ ਨਾਲੋਂ ਅਨਪੜ੍ਹ- ਅੰਗੂਠਾ ਛਾਪ  ਮਨੁੱਖ ਵਧੇਰੇ ਸਿਆਣੇ ਹਨ, ਜਿਨ੍ਹਾਂ ਨੇ ਚੰਗੇ ਸਿੱਖ-ਪ੍ਰਚਾਰਕਾਂ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਅਨੁਸਾਰ ਪ੍ਰਚਾਰ ਸੁਣ ਕੇ ਅਖੌਤੀ ਸਾਧਾਂ/ਸੰਤਾਂ/ਮਹਾਂਪੁਰਸ਼ਾਂ/ਬ੍ਰਹਮਗਿਆਨੀਆਂ ਨੂੰ ਹਮੇਸ਼ਾ ਲਈ ਤਿਆਗ ਦਿੱਤਾ ਹੋਇਆ ਹੈ| ਇਸ ਤੋਂ ਇਲਾਵਾਂ ਦਰ ਦਰ ਮੱਥੇ ਟੇਕਣ ਵਾਲੀ ਭਟਕਣਾ ਦਾ ਤਿਆਗ ਕਰਕੇ, ਕੇਵਲ ਸਦੀਵੀ ਗੁਰੂ ਗੰ੍ਰਥ ਸਾਹਿਬ ਜੀ ਦੀ ਸਰਣ ਵਿਚ ਆਉਣਾ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਹੈ|

ਕਾਸ਼ ! ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲੇ ਲੋਕ,  ਬਜ਼ੁਰਗ ਅਨਪੜ੍ਹ ਬੇਬੇ-ਬਾਪੂ ਵਾਂਗ, ਬੂਬਨੇ ਸਾਧਾਂ ਦਾ ਤਿਆਗ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਦੂਜਿਆਂ ਲਈ ਵੀ ਚਾਨਣਮੁਨਾਰੇ ਦਾ ਕੰਮ ਕਰਨ|

ਦਵਿੰਦਰ ਸਿੰਘ ਆਰਟਿਸਟ, ਖਰੜ,
ਮੋਬਾਇਲ: 91-97815-09768