ਔਂਕੜ (02)- ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 06)

1
15

A A A

ਔਂਕੜ ਨਾ ਲੱਗਣ ਜਾਂ ਲੱਥਣ ਦੇ ਮੁੱਖ ਕਾਰਨ

ਗੁਰਬਾਣੀ ਵਿੱਚ ਜਦੋਂ ਕੋਈ ਸ਼ਬਦ ਇਕਵਚਨ ਇਸਤ੍ਰੀਲਿੰਗ, ਬਹੁਵਚਨ (ਪੁਲਿੰਗ ਜਾਂ ਇਸਤ੍ਰੀਲਿੰਗ), ਸੰਬੋਧਨੀ, ਸਬੰਧਕੀ ਆਦਿ ਹੋਵੇ ਤਾਂ ਉਸ ਨਾਲ ਆਮ ਕਰਕੇ ਔਂਕੜ ਨਹੀਂ ਲਗਾਇਆ ਜਾਂਦਾ, ਜਿਵੇਂ :

1. ਜਦੋਂ ਇਕਵਚਨ ਨਾਂਵ ਇਸਤ੍ਰੀਲਿੰਗ ਹੋਵੇਗਾ ਤਾਂ ਉਸ ਨੂੰ ਔਂਕੜ ਨਹੀਂ ਲੱਗੇਗੀ, ਜਿਵੇਂ :

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (ਪੰਨਾ 2 ) ਸਿਖ = ਸਿਖਿਆ {ਇਕਵਚਨ ਇਸਤ੍ਰੀਲਿੰਗ }
ਭਰੀਐ ਹਥੁ ਪੈਰੁ ਤਨੁ ਦੇਹ ॥ (ਪੰਨਾ ੫ ) ਦੇਹ = ਸਰੀਰ, ਦੇਹੀ  {ਇਕਵਚਨ ਇਸਤ੍ਰੀਲਿੰਗ}

2. ਜਦੋਂ ਭੀ ਨਾਂਵ ਜਾਂ ਪੜਨਾਂਵ ਬਹੁਵਚਨ ਰੂਪ ਵਿੱਚ ਹੋਣ ਤਾਂ ਉਨ੍ਹਾਂ ਦਾ ਅੰਤਲਾ ਅੱਖਰ ਮੁਕਤਾ ਹੋ ਜਾਂਦਾ ਹੈ, ਜਿਵੇਂ :

ਸੰਤੁ / ਸੰਤ
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ (ਪੰਨਾ 97 ) ਸੰਤੁ = ਪੁਲਿੰਗ ਇਕਵਚਨ । ਉਚਾਰਣ : ਸੰਤ
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥ (ਪੰਨਾ 918 ) ਸੰਤ = ਪੁਲਿੰਗ ਬਹੁਵਚਨ ਹੋਣ ਕਰਕੇ ਇਸ ਦੇ ਅੰਤਲੇ ਤ ਦਾ ਔਂਕੜ ਲੱਥ ਗਿਆ ।
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ (ਪੰਨਾ 2 ) ਗੁਣੁ = ਪੁਲਿੰਗ ਇਕਵਚਨ।
ਗਾਵੈ ਕੋ ਗੁਣ ਵਡਿਆਈਆ ਚਾਰ ॥ (ਪੰਨਾ 1 ) ਗੁਣ = ਪੁਲਿੰਗ ਬਹੁਵਚਨ ।

ਇਕਵਚਨ ਤੋਂ ਬਹੁਵਚਨ ਰੂਪ ( ਪੜਨਾਂਵ ): ਇਸੁ ਤੋਂ ਇਨ , ਉਸੁ ਤੋਂ ਉਨ , ਤਿਸੁ ਤੋਂ ਤਿਨ , ਜਿਸੁ ਤੋਂ ਜਿਨ ਆਦਿ।

3. ਜਦੋਂ ਕੋਈ ਇਕਵਚਨ ਪੁਲਿੰਗ ਨਾਂਵ ਸੰਬੋਧਨੀ ਹੋਵੇਗਾ ਤਾਂ ਓਸ ਦਾ ਔਂਕੜ ਲੱਥ ਜਾਵੇਗਾ, ਜਿਵੇਂ :

ਏ ਮਨ ਮੇਰਿਆ ! ਤੂ ਸਦਾ ਰਹੁ ਹਰਿ ਨਾਲੇ ॥ (ਪੰਨਾ 917 )
ਮਨ = ਇਕਵਚਨ ਪੁਲਿੰਗ ਨਾਂਵ ਹੈ ਪਰ ਸੰਬੋਧਨੀ ਹੋਣ ਕਰਕੇ ਇਸਦੇ ਅੰਤਲੇ ਅੱਖਰ ‘ ਨ ‘ ਦਾ ਔਂਕੜ ਲੱਥ ਗਿਆ।
ਮੇਰੇ ਰਾਮ ! ਮੈ ਹਰਿ ਬਿਨੁ ਅਵਰੁ ਨ ਕੋਇ ॥ (ਪੰਨਾ 27 )
ਰਾਮ = ਅਕਾਲ ਪੁਰਖ ( ਪੁਲਿੰਗ ਨਾਂਵ ਇਕਵਚਨ ), ਪਰ ਸੰਬੋਧਨੀ ਹੋਣ ਕਰਕੇ ਇਸਦੇ ਅੰਤਲੇ ਅੱਖਰ ‘ ਮ ‘ ਦਾ ਔਂਕੜ ਲੱਥ ਗਿਆ ।

4. ਜਦੋਂ ਕਿਸੇ ਇਕਵਚਨ ਪੁਲਿੰਗ ਨਾਂਵ ਨਾਲ ਕੋਈ ਲੁਪਤ ਜਾ ਪ੍ਰਤੱਖ ਸਬੰਧਕੀ ਲੱਗਾ ਹੋਵੇ ਤਾਂ ਉਸ ਸ਼ਬਦ ਦਾ ਔਂਕੜ ਲੱਥ ਜਾਵੇਗਾ ।

ਗੁਰ ਪ੍ਰਸਾਦਿ ॥ (ਮੂਲ ਮੰਤ੍ਰ , ਪੰਨਾ 1 ) ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ।
ਗੁਰ = ਇਕਵਚਨ ਪੁਲਿੰਗ ਨਾਂਵ ਹੈ ਪਰ ਇਸ ਨਾਲ ‘ ਦੀ ‘ ਲੁਪਤ ਸੰਬੰਧਕੀ ਪਦ ਆਉਣ ਕਾਰਣ ਇਸ ਦੀ ਔਂਕੜ ਹਟ ਗਈ ਹੈ ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (ਪੰਨਾ 2 )
ਗੁਰ = ਇਕਵਚਨ ਪੁਲਿੰਗ ਨਾਂਵ ਹੈ ਅਤੇ ਗੁਰਬਾਣੀ ਵਿਆਕਰਣ ਨਿਯਮ ਮੁਤਾਬਿਕ ਇਸ ਦੇ ਰ ਨੂੰ ਔਂਕੜ ਹੋਣਾ ਚਾਹਿਦਾ ਸੀ ( ‘ਗੁਰੁ ‘ ਵਾਂਗ ) ਪਰ ਇਥੇ ਇਸ ਨਾਲ ‘ ਕੀ ‘ ਪ੍ਰਤੱਖ ਸੰਬੰਧਕੀ ਆਉਣ ਕਰਕੇ ਇਸ ਦੀ ਔਂਕੜ ਹਟ ਗਈ ਹੈ ।

ਮੇਰੇ ਮੀਤ ਗੁਰਦੇਵ ! ਮੋ ਕਉ; ਰਾਮ ਨਾਮੁ ਪਰਗਾਸਿ ॥ (ਪੰਨਾ 10 )
ਰਾਮ ਨਾਮੁ = ਰਾਮ ਦਾ ਨਾਮ , ਇਥੇ ‘ ਦਾ ‘ਲੁਪਤ ਸੰਬੰਧਕੀ ਆਉਣ ਕਾਰਣ ‘ ਰਾਮ ਦੇ ਮ ‘ ਦੀ ਔਂਕੜ ਹਟ ਗਈ ਹੈ ।

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ’
Khalsasingh.hs@gmail.com