ਕਿਰਦੰਤ – ਗੁਰਬਾਣੀ ਵਿਆਕਰਣ ( ਭਾਗ ੦੫ )

0
15

A A A

ਕਿਰਦੰਤ ( Participle )

ਪਰਿਭਾਸ਼ਾ : ਜੋ ਸ਼ਬਦ ਕਿਰਿਆ ਮੂਲ ਤੋਂ ਬਣਿਆ ਹੋਵੇ, ਪਰ ਕਿਰਿਆ ਨਾ ਹੋਵੇ ਬਲਕਿ ਕਿਸੇ ਹੋਰ ਵਿਆਕਰਣਿਕ ਸ਼ਬਦ ਵਜੋਂ ਵਰਤਿਆ ਜਾਵੇ, ਉਸ ਨੂੰ ਕਿਰਦੰਤ ਕਹੀਦਾ ਹੈ। ਕਿਰਿਆ ਅਤੇ ਕਿਰਦੰਤ ਦੋਹਾਂ ਦਾ ਮੂਲ ਕਿਰਿਆ ਹੀ ਹੈ ਪਰ ਇਸ ਦੇ ਬਾਵਜੂਦ ਦੋਹਾਂ ਦੀ ਹੋਂਦ ਅਲਗ-ਅਲਗ ਹੈ। ਕਿਸੇ ਵਾਕ ਵਿਚ ਆਈ ਕਿਰਿਆ ਕਿਸੇ ਕੰਮ ਦੇ ਕਰਨ ਅਤੇ ਹੋਣ ਨੂੰ ਕਾਲ ਸਮੇਤ ਪ੍ਰਗਟ ਕਰਦੀ ਹੈ, ਜਦਕਿ ਕਿਰਦੰਤ ਵਿਚ ਕਿਸੇ ਕੰਮ ਦਾ ਹੋਣਾ ਜਾਂ ਕੀਤਾ ਜਾਣਾ ਤਾਂ ਪ੍ਰਗਟ ਹੁੰਦਾ ਹੈ ਪਰ ਇਸ ਦੀ ਵਰਤੋਂ ਕਿਰਿਆ ਵਜੋਂ ਨਹੀਂ ਸਗੋਂ ਵਿਆਕਰਣ ਦੀ ਕਿਸੇ ਹੋਰ ਸ਼ਬਦ-ਸ਼੍ਰੇਣੀ ਵਜੋਂ ਹੁੰਦੀ ਹੈ, ਜਿਵੇਂ :

੦ ਗੁਰਮੁਖਿ ਸਦਾ ਗੁਰੂ ਦੇ ਸਨਮੁਖ ਰਹਿੰਦਾ ਹੈ। ਰਹਿੰਦਾ ਹੈ = ਕਿਰਿਆ
੦ ਰਾਮ ਜਪਦੇ ਜਪਦੇ ਰਾਮ ਦਾ ਰੂਪ ਹੋ ਨਿਬੜੀਦਾ ਹੈ। ਜਪਦੇ ਜਪਦੇ = ਕਿਰਦੰਤ
੦ ਮੈਂ ਆਪਣੇ ਮੂਲ ਨਾਲ ਜੁੜਦਾ ਹਾਂ। ਜੁੜਦਾ ਹਾਂ = ਕਿਰਿਆ
੦ ਸੰਸਾਰ ‘ਤੇ ਆਇਆ ਸਫਲ ਓਸ ਦਾ ਹੈ ਜੋ ਆਪਣਾ ਮੂਲ ਪਛਾਣ ਲੈਂਦਾ ਹੈ। ਆਇਆ = ਕਿਰਦੰਤ।

ਕਿਰਦੰਤ ਪੰਜ ਪ੍ਰਕਾਰ ਦੇ ਮੰਨੇ ਜਾਂਦੇ ਹਨ :-
੧. ਵਰਤਮਾਣ ਕਿਰਦੰਤ
੨. ਭੂਤ ਕਿਰਦੰਤ
੩. ਪੂਰਬ ਪੂਰਣ ਕਿਰਦੰਤ
੪. ਭਾਵਾਰਥ ਕਿਰਦੰਤ
੫. ਕਿਰਿਆ-ਫਲ ਕਿਰਦੰਤ

1. ਵਰਤਮਾਨ ਕਿਰਦੰਤ (Present participle)

ਪਰਿਭਾਸ਼ਾ : ਕਿਰਿਆ ਮੂਲ ਧਾਤੂ ਦੇ ਅੰਤ ਵਿਚ ‘ਦਾ, ਦੇ, ਦੀ’ ਲਗਾਉਣ ਨਾਲ ਜੋ ਵਿਸ਼ੇਸ਼ਣ ਬਣੇ, ਉਸ ਨੂੰ ਵਰਤਮਾਨ ਕਿਰਦੰਤ ਕਹੀਦਾ ਹੈ, ਜਿਵੇਂ -: ਚੜ੍ਹ ਤੋਂ ਚੜ੍ਹਦਾ, ਢਲ ਤੋਂ ਢਲਦਾ, ਭਖ ਤੋਂ ਭਖਦਾ, ਜਗ ਤੋਂ ਜਗਦਾ, ਤਰ ਤੋਂ ਤਰਦਾ । ਦਾ = ਇਕਵਚਨ ਪੁਲਿੰਗ , ਦੀ = ਇਕਵਚਨ ਇਸਤ੍ਰੀਲਿੰਗ , ਦੇ = ਬਹੁਵਚਨ ਪੁਲਿੰਗ, । ਹਿੰਦੀ ਭਾਸ਼ਾ ਵਿਚ ਧਾਤੂ ਦੇ ਅੰਤ ਵਿਚ ‘ ਤ , ਤਾ ‘ ਲਾਇਆ ਜਾਂਦਾ ਹੈ ਜਿਵੇਂ -: ਉਡ ਤੋਂ ਉਡਤਾ, ਚਲ ਤੋਂ ਚਲਤਾ, ਬੋਲ ਤੋਂ ਬੋਲਤੇ।

ਵਰਤਮਾਨ ਕਿਰਦੰਤ ਦਾ ਚਿੰਨ੍ਹ ‘ ਦਾ ‘ ਲਾਉਣ ਤੋਂ ਪਹਿਲਾਂ ਧਾਤੂ ਦੇ ਅੰਤਲੇ ਅੱਖਰ ਨੂੰ ਨਾਸਕੀ ਕਰ ਦਿਤਾ ਜਾਂਦਾ ਹੈ ਭਾਵ ਬਿੰਦੀ ਲਗਾ ਦਿਤੀ ਜਾਂਦੀ ਹੈ -: ਜਾ ਤੋਂ ਜਾਂਦਾ, ਪੀ ਤੋਂ ਪੀਂਦਾ, ਦੇ ਤੋਂ ਦੇਂਦਾ।

ਓ) ਗੁਰਬਾਣੀ ਵਿਚੋਂ ਵਰਤਮਾਨ ਕਿਰਦੰਤ ਦਾ ਸਧਾਰਨ ਰੂਪ -:

ਦੇਦਾ ਦੇ ਲੈਦੇ ਥਕਿ ਪਾਹਿ॥ (ਪੰਨਾ 2, ਜਪੁ ਜੀ)
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥ ( ਪੰਨਾ 1290 )
ਇਹਨਾਂ ਪੰਗਤੀਆਂ ਵਿਚ ‘ ਦੇਦਾ, ਦੇਂਦਾ, ਲੈਦੇ ‘ ਲਫਜ਼ ‘ਵਰਤਮਾਨ ਕਿਰਦੰਤ’ ਸਧਾਰਨ ਰੂਪ ਹਨ। ਉਚਾਰਣ : ਬਿੰਦੀ ਦਾ ਪ੍ਰਯੋਗ ਕਰਨਾ ਹੈ ‘ ਦੇਂਦਾ, ਲੈਂਦੇ ‘ ਵਾਂਗ।

ਅ) ਗੁਰਬਾਣੀ ਵਿੱਚ ਵਰਤਮਾਨ ਕਿਰਦੰਤ ਦੀ ਵਿਸ਼ੇਸ਼ਣ ਵਜੋਂ ਵਰਤੋਂ :-

ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ॥ ( ਪੰਨਾ 643 )
ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥ ( ਪੰਨਾ 1426 )
ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ ਬਾਸੁ॥ ( ਪੰਨਾ 257 )
ਉਪਰੋਕਤ ਪੰਗਤੀਆਂ ਵਿਚ ‘ ਜੀਵਦਾ, ਵਿਕਾਂਦੜੇ, ਧਾਵਤ ‘ ਲਫਜ਼ ‘ਵਰਤਮਾਨ ਕਿਰਦੰਤ’ ਵਿਸ਼ੇਸ਼ਣ ਵਜੋਂ ਆਏ ਹਨ।

ੲ) ਗੁਰਬਾਣੀ ਅੰਦਰ ‘ਵਰਤਮਾਨ ਕਿਰਦੰਤ’ ਸੰਬੰਧਕੀ ਰੂਪ ਵਾਲੇ ਭੀ ਮਿਲਦੇ ਹਨ -:

ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ॥ ( ਪੰਨਾ 36 ) ਭੁਲਿਆ = {ਵਰਤਮਾਨ ਕਿਰਦੰਤ ਸੰਬੰਧਕੀ ਰੂਪ} ਭੁਲਿਆ ਨੂੰ।
ਕਹਤੇ ਪਵਿਤ੍ਰ ਸੁਣਤੇ ਸਭਿ ਧੰਨ ਲਿਖਤੀਂ ਕੁਲੁ ਤਾਰਿਆ ਜੀਉ॥ ( ਪੰਨਾ 81 ) ਲਿਖਤੀਂ = {ਵਰਤਮਾਨ ਕਿਰਦੰਤ ਸੰਬੰਧਕੀ ਰੂਪ} ਲਿਖਣ ਵਾਲਿਆਂ ਨੇ।
ਹੋਂਦੀ ਕਉ ਅਣਹੋਂਦੀ ਹਿਰੈ ॥ ( ਪੰਨਾ 900 ) ਹੋਂਦੀ ਕਉ = {ਵਰਤਮਾਨ ਕਿਰਦੰਤ ਸੰਬੰਧਕੀ} ਹੋਂਦ ਵਾਲੀ ਨੂੰ।

ਸ) ਗੁਰਬਾਣੀ ਵਿਚ ‘ ਤ ‘ ਅੰਤ ਧਾਤੂ ਚਿੰਨ੍ਹ ਵਾਲੇ ਵਰਤਮਾਨ ਕਿਰਦੰਤ ਭੀ ਮਿਲਦੇ ਹਨ -:

ਹਸਤ ਖੇਲਤ ਤੇਰੇ ਦੇਹੁਰੇ ਆਇਆ ॥ ਭਗਤਿ ਕਰਤ ਨਾਮਾ ਪਕਰਿ ਉਠਾਇਆ ॥ ( ਪੰਨਾ 1164 )
ਹਸਤ ਖੇਲਤ = {ਵਰਤਮਾਨ ਕਿਰਦੰਤ ਕਿਰਿਆ ਵਿਸ਼ੇਸ਼ਣ} ਹੱਸਦਾ ਖੇਡਦਾ । ਕਰਤ = {ਵਰਤਮਾਨ ਕਿਰਦੰਤ} ਕਰਦਾ।

ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ॥ ( ਪੰਨਾ 261 )
ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ॥ ( ਪੰਨਾ 810 )
ਖਾਤ, ਪੀਤ, ਖੇਲਤ, ਹਸਤ, ਊਠਤ, ਬੈਠਤ, ਸੋਵਤੇ = {ਵਰਤਮਾਨ ਕਿਰਦੰਤ} ਖਾਂਦੇ, ਪੀਂਦੇ, ਖੇਡਦੇ, ਹੱਸਦੇ, ਉਠਦੇ, ਬੈਠਦੇ, ਸੌਂਦੇ।

ਹ) ਗੁਰਬਾਣੀ ਵਿਚ ਧਾਤੂ ਦੇ ਅੰਤ ‘ ਦ ‘ ਵਾਲੇ ਵਰਤਮਾਨ ਕਿਰਦੰਤ ਭੀ ਮਿਲਦੇ ਹਨ -:

ਊਂਨਵਿ ਊਨਵਿ ਆਇਆ ਅਵਰਿ ਕਰੇਂਦਾ ਵੰਨ॥ ( ਪੰਨਾ 1280 )
ਜਾਂਦੇ ਬਿਲਮੁ ਨ ਹੋਵਈ ਵਿਣੁ ਨਾਵੈ ਬਿਸਮਾਦੁ ॥ ( ਪੰਨਾ 50 )
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ॥ ( ਪੰਨਾ 594 )
ਕਰੇਂਦਾ, ਜਾਂਦੇ, ਮਿਲਦਿਆ = ਵਰਤਮਾਣ ਕਿਰਦੰਤ ਇਕਵਚਨ।

ਕ) ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਭੀ ਵਰਤਮਾਣ ਕਿਰਦੰਤ ਦੀਆਂ ਉਦਾਹਰਣਾ ਮਿਲਦੀਆਂ ਹਨ – :

ਧ੍ਰੂ ਹਸਦਾ ਘਰਿ ਆਇਆ ਕਰਿ ਪਿਆਰੁ ਪਿਉ ਕੁਛੜਿ ਲੀਤਾ (ਭਾਈ ਗੁਰਦਾਸ)
ਗੁਰਮੁਖਿ ਹਸਦਾ ਜਾਇ ਅੰਤ ਨ ਰੋਈਐ (ਭਾਈ ਗੁਰਦਾਸ)
ਹਸਦਾ = ਵਰਤਮਾਣ ਕਿਰਦੰਤ ਇਕਵਚਨ।

2. ਭੂਤ ਕਿਰਦੰਤ

ਪਰਿਭਾਸ਼ਾ : ਕਿਰਿਆ ਮੂਲ ਤੋਂ ਬਣਿਆ ਐਸਾ ਸ਼ਬਦ ਜਿਸ ਦੀ ਬਣਤਰ ਵਿਚ ਭੂਤ ਕਾਲ ਦੀ ਦਿਖ ਤਾਂ ਹੋਵੇ, ਪਰ ਉਸ ਸ਼ਬਦ ਦੀ ਵਰਤੋਂ ਕਿਰਿਆ ਦੀ ਬਜਾਏ ਵਿਸ਼ੇਸ਼ਣ ਦੇ ਤੌਰ ‘ਤੇ ਕੀਤੀ ਗਈ ਹੋਵੇ। ਆਮ ਤੌਰ ‘ਤੇ ਭੂਤ ਕਿਰਦੰਤ, ਕਿਰਿਆ ਮੂਲ ਨਾਲ ‘ ਇ ਅ ‘ ਜਾਂ ‘ ਲਿਆ ‘ ਲਗਾ ਕੇ ਬਣਾਇਆ ਜਾਂਦਾ ਹੈ, ਜਿਵੇਂ :  ਗਿਣ ਤੋਂ ਗਿਣਿਆ, ਪੜ੍ਹ ਤੋਂ ਪੜ੍ਹਿਆ, ਸੁਣ ਤੋਂ ਸੁਣਿਆ, ਗਾ ਤੋਂ ਗਾਇਆ ਆਦਿ।
੦ ਤੁਹਾਡਾ ਬੋਲਿਆ ਮੇਰੇ ਸਿਰ ਮੱਥੇ।
੦ ਮੋਹਨ ਸਿੰਘ ਪੜ੍ਹਿਆ ਲਿਖਿਆ ਆਦਮੀ ਹੈ।
੦ ਤੁਹਾਡਾ ਕੀਤਾ ਉਪਕਾਰ ਮੈਂ ਕਦੀ ਨਹੀਂ ਭੁੱਲ ਸਕਦਾ।
ਉਪਰੋਕਤ ਤੁਕਾਂ ਵਿਚ ‘ ਬੋਲਿਆ, ਪੜ੍ਹਿਆ ਲਿਖਿਆ, ਕੀਤਾ ‘ ਆਦਿ ਲਫਜ਼ ਭੂਤ ਕਿਰਦੰਤ ਹਨ।

ਭੂਤ ਕਿਰਦੰਤ ਦੀਆਂ ਗੁਰਬਾਣੀ ਵਿਚੋਂ ਉਦਾਹਰਣਾ :

ਗਾਵਿਆ ਸੁਣਿਆ ਤਿਨਕਾ ਹਰਿ ਥਾਇ ਪਾਵੈ॥ ( ਪੰਨਾ ੬੬੯ )
ਪਇਆ ਕਿਰਤੁ ਨ ਮੇਟੈ ਕੋਇ॥੭॥੧੩॥ ( ਪੰਨਾ ੨੮੦ )
ਗੁਰੁ ਤੁਠਾ ਬਖਸੇ ਭਗਤਿ ਭਾਉ॥੩॥੭॥ ( ਪੰਨਾ ੧੧੭੦ )
ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ॥੪॥੧॥ ( ਪੰਨਾ ੧੩੭ )
ਉਪਰੋਕਤ ਪੰਗਤੀਆਂ ਵਿਚ ‘ਗਾਵਿਆ, ਸੁਣਿਆ, ਪਇਆ, ਤੁਠਾ, ਵਿਛੁੜਿਆ’ ਆਦਿ ਲਫਜ਼ ‘ਭੂਤ ਕਿਰਦੰਤ ਪੁਲਿੰਗ ਇਕਵਚਨ’ ਵਜੋਂ ਜਾਣੇ ਜਾਂਦੇ ਹਨ।

ਭੂਲੇ ਸਿਖ ਗੁਰੂ ਸਮਝਾਏ॥੧੩॥੧੧॥ ( ਪੰਨਾ ੧੦੩੨ )
ਆਖਹਿ ਕੇਤੇ ਕੀਤੇ ਬੁਧ॥ ( ਪੰਨਾ ੦੬ ਜਪੁ )
ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ॥੫॥ ( ਪੰਨਾ ੭੦੭ )
ਉਪਰੋਕਤ ਪੰਗਤੀਆਂ ਵਿਚ ‘ਭੂਲੇ, ਕੀਤੇ, ਚਿੰਦੇ’ ਆਦਿ ਲਫਜ਼ ‘ਭੂਤ ਕਿਰਦੰਤ ਪੁਲਿੰਗ ਬਹੁਵਚਨ’ ਹਨ।

3. ਪੂਰਬ ਪੂਰਣ ਕਿਰਦੰਤ ( Past Participle )

ਪਰਿਭਾਸ਼ਾ : ਕਿਰਦੰਤ ਦੀ ਅਜਿਹੀ ਕਿਸਮ ਜਿਸ ਤੋਂ ਇਹ ਵਿਦਤ(ਸਪਸ਼ਟ) ਹੁੰਦਾ ਹੈ ਕਿ ਇਸ ਕਿਰਦੰਤ ਨਾਲ ਸੰਬੰਧਤ ਕੰਮ ਪਹਿਲਾਂ ਸੰਪੂਰਨ ਕਰ ਕੇ ਹੀ ਕੁਝ ਹੋਰ ਕੰਮ ਕੀਤਾ ਗਿਆ ਹੈ, ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾਣਾ ਹੈ। ਕਿਸੇ ਵਾਕ ਵਿਚ ਪੂਰਬ ਪੂਰਣ ਕਿਰਦੰਤ ਅਤੇ ਉਸ ਵਾਕ ਦੀ ਕਿਰਿਆ ਇਹਨਾਂ ਦੋਹਾਂ ਦਾ ਕਰਤਾ ਇੱਕ ਹੀ ਹੁੰਦਾ ਹੈ, ਜਿਵੇਂ -:

ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣ ਜਾਓ।  ਉਪਰੋਕਤ ਤੁਕ ਵਿਚ ‘ ਛਕ ਕੇ ‘ ਪੂਰਬ ਪੂਰਣ ਕਿਰਦੰਤ ਹੈ ਅਤੇ ‘ ਬਣ ਜਾਓ ‘ ਕਿਰਿਆ ਹੈ।

ਰੋਟੀ ਖਾ ਕੇ ਉਹ ਬਾਹਰ ਗਿਆ। ਖਾ ਕੇ = ਪੂਰਬ ਪੂਰਣ ਕਿਰਦੰਤ। ਬਾਹਰ ਗਿਆ = ਕਿਰਿਆ।

ਨੋਟ : ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ‘ ਖਾ ਕੇ, ਛਕ ਕੇ, ਬਣ ਕੇ, ਜਪ ਕੇ, ਹੋ ਕੇ ‘ ਆਦਿ ਲਫਜ਼ ਪੂਰਬ ਪੂਰਣ ਕਿਰਦੰਤ ਹਨ ਇਹਨਾ ਵਿਚ ‘ ਕੇ ‘ ਪਦ ਧਾਤੂ ਤੋਂ ਵਖਰਾ ਹੁੰਦਾ ਹੈ। ਪਦ ਇਕੱਠਾ ਕਰਕੇ ਕਿਰਦੰਤ ਨਹੀਂ ਬਲਕਿ ਕਰਣ ਕਾਰਕ ਬਣ ਜਾਂਦਾ ਹੈ ਜਿਵੇਂ -: ਮਨ ਕਰਕੇ ਨਾਮ ਜਪੋ। ਕਰਕੇ = ਕਰਣ ਕਾਰਕ।

ਓ) ਗੁਰਬਾਣੀ ਵਿਚ ਪੂਰਬ ਪੂਰਣ ਕਿਰਦੰਤ ਦੀ ਵਰਤੋਂ ਬਹੁਤਾਤ ਵਿਚ ਮਿਲਦੀ ਹੈ । ਇਸ ਨੂੰ ਸਰਲ ਸਮਝਣ ਲਈ ਏਹੋ ਤਰੀਕਾ ਹੈ ਕਿ ਧਾਤੂ ਨਾਲ ‘ਕੇ’ ਦੀ ਵਰਤੋਂ ਮਿਲਦੀ ਹੈ। ਕਿਰਿਆਵੀ ਸ਼ਬਦ ਨਾਲ ਸਿਹਾਰੀ ਲਗਾ ਕੇ ਪੂਰਬ ਪੂਰਣ ਕਿਰਦੰਤ ਬਣਾਈਦਾ ਹੈ, ਜਿਵੇਂ -:

ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ ( ਪੰਨਾ 2, ਜਪੁ ਜੀ ) ਸੁਣਿ = {ਪੂਰਬ ਪੂਰਣ ਕਿਰਦੰਤ} ਸੁਣ ਕੇ।
ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ( ਪੰਨਾ 1, ਜਪੁ ਜੀ ) ਸਾਜਿ = {ਪੂਰਬ ਪੂਰਣ ਕਿਰਦੰਤ} ਸਾਜ ਕੇ।
ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ( ਪੰਨਾ 3, ਜਪੁ ਜੀ ) ਪੜਿ ਪੜਿ = {ਪੂਰਬ ਪੂਰਣ ਕਿਰਦੰਤ} ਪੜ ਪੜ ਕੇ।
ਨਾਮਿ ਵਿਸਾਰਿ ਦੋਖ ਦੁਖ ਸਹੀਐ ॥ (ਪੰਨਾ 1028 ) ਵਿਸਾਰਿ = {ਪੂਰਬ ਪੂਰਣ ਕਿਰਦੰਤ} ਵਿਸਾਰ ਕੇ।

ਅ) ਗੁਰਬਾਣੀ ਵਿਚ ਕਈ ਥਾਂਵੇਂ ‘ ਕਰਿ ‘ ਚਿੰਨ੍ਹ ਭੀ ਪੂਰਬ ਪੂਰਣ ਕਿਰਦੰਤ ਹੁੰਦਾ ਹੈ, ਜਿਵੇਂ -:

ਸਨਿ ਕਰਿ ਬਚਨ ਤੁਮੑਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥ ( ਪੰਨਾ 382 ) ਸੁਨਿ ਕਰਿ = {ਪੂਰਬ ਪੂਰਣ ਕਿਰਦੰਤ} ਸੁਣ ਕੇ।

ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ( ਪੰਨਾ 4, ਜਪੁ ਜੀ ) ਕਰਿ ਕਰਿ = {ਪੂਰਬ ਪੂਰਣ ਕਿਰਦੰਤ} ਕਰ ਕੇ।

ੲ) ਗੁਰਬਾਣੀ ਵਿਚ ਕਿਤੇ-ਕਿਤੇ ‘ ਕੈ ‘ ਚਿੰਨ੍ਹ ਭੀ ਪੂਰਬ ਪੂਰਣ ਕਿਰਦੰਤ ਇਕਵਚਨ ਦਾ ਵਾਚਕ ਮਿਲਦਾ ਹੈ, ਜਿਵੇਂ -:

ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ( ਪੰਨਾ 2, ਜਪੁ ਜੀ ) ਰਖਾਇ ਕੈ = {ਪੂਰਬ ਪੂਰਣ ਕਿਰਦੰਤ} ਰਖਾਅ ਕੇ।

ਜੇ ਸਭਿ ਮਿਲਿ ਕੈ ਆਖਣ ਪਾਹਿ॥ ( ਪੰਨਾ 9, ਸੋਦਰ ਆਸਾ ) ਮਿਲਿ ਕੈ = {ਪੂਰਬ ਪੂਰਣ ਕਿਰਦੰਤ} ਮਿਲ ਕੇ।

ਸ) ਗੁਰਬਾਣੀ ਵਿਚ ‘ ਪੀ ‘ ਭੀ ਪੂਰਬ ਪੂਰਣ ਕਿਰਦੰਤ ਦਾ ਵਾਚਕ ਮਿਲਦਾ ਹੈ -:

ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ॥ ( ਪੰਨਾ 808 )
ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜੁ ਸੁਆਦ ॥ ( ਪੰਨਾ 814 ) ਪੀ = {ਪੂਰਬ ਪੂਰਣ ਕਿਰਦੰਤ} ਪੀ ਕੇ।

ਇਸੇ ਤਰ੍ਹਾਂ ਗੁਰਬਾਣੀ ਵਿਚ ‘ ਦੇ, ਪੈ, ਸੋਇ ਕੈ, ਆਏ, ਪਇ, ਆਦਿ ‘ ਲਫਜ਼ ਪੂਰਬ ਪੂਰਣ ਕਿਰਦੰਤ ਇਕਵਚਨ ਹਨ।

ਹ) ਗੁਰਬਾਣੀ ਵਿਚ ਪ੍ਰਾਕ੍ਰਿਤ ਦਾ ਇਕ ਪੂਰਬ ਪੂਰਣ ਕਾਰਦੰਤਕ ਰੂਪ ਭੀ ਆਇਆ ਹੈ -:

ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ਮਿਟੰਤਿ ਤਤ੍ਰਾਗਤ ਭਰਮ ਮੋਹੰ ॥ ( ਪੰਨਾ 1354 ) ਕ੍ਰਿਤੁਆ ={ਪੂਰਬ ਪੂਰਣ ਕਿਰਦੰਤ ਇਕਵਚਨ} ਕਰ ਕੇ।

4. ਭਾਵਾਰਥਕ ਕਾਰਦੰਤਕ ( Infinitive mood )

ਪਰਿਭਾਸ਼ਾ : ਕਿਰਿਆ-ਮੂਲ ਦੇ ਅੰਤ ਵਿਚ ‘ ਣਾ , ਨਾ , ਲ , ਲਾ ‘ ਲਾਇਆਂ ਜੋ ਨਾਂਵ-ਸ਼ਬਦ ਬਣਦਾ ਹੈ, ਉਸ ਨੂੰ ‘ਭਾਵਾਰਥਕ ਕਾਰਦੰਤਕ ‘ ਆਖਦੇ ਹਨ, ਜਿਵੇਂ :
ਲਿਖ ਤੋਂ ਲਿਖਣਾ, ਉਠ ਤੋਂ ਉਠਣਾ, ਬੋਲ ਤੋਂ ਬੋਲਣਾ, ਜਰ ਤੋਂ ਜਰਨਾ।

ਓ) ਧਾਤੂ ਦੇ ਅੰਤ ਵਿਚ ‘ ਣੁ , ਨੁ ‘ ਲੱਗ ਕੇ ਬਣੇ ਭਾਵਾਰਥ -:

ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥ ( ਪੰਨਾ 1238 ) ਬੋਲਣੁ, ਚਲਣੁ = {ਭਾਵਰਥ ਕਿਰਦੰਤ}  ਬੋਲਣਾ, ਚਲਣਾ।

ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਨਾ ਧਾਤੁ॥ ( ਪੰਨਾ 145 ) ਆਖਣੁ, ਵੇਖਣੁ, ਬੋਲਣੁ, ਚਲਣੁ, ਆਦਿ ਲਫਜ਼ ਭਾਵਾਰਥ ਕਿਰਦੰਤ ਹਨ। ਅੰਤਲੇ ਅੱਖਰ ਨੂੰ ਔਂਕੜ ‘ਭਾਵਰਥ ਇਕਵਚਨ’ ਹੋਣ ਕਰਕੇ ਲਾਇਆ ਗਿਆ ਹੈ।

ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ॥ ( ਪੰਨਾ 13 ) ਬਸਨੁ = {ਭਾਵਾਰਥ ਕਿਰਦੰਤ} ਵੱਸਣਾ।

ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ॥ ( ਪੰਨਾ 460 ) ਦਹਨੁ = {ਭਾਵਾਰਥ ਕਿਰਦੰਤ} ਸੜਨ।

ਅ) ਕਿਰਿਆ ਮੂਲ ਧਾਤੂ ਦੇ ਅੰਤ ‘ ਣਾ ‘ ਲੱਗ ਕੇ ਬਣੇ ਭਾਵਾਰਥ :-

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ॥ ( ਪੰਨਾ 1254 ) ਖਾਣਾ, ਪੀਣਾ, ਹਸਣਾ, ਸਉਣਾ, ਮਰਣਾ ਆਦਿ ਭਾਵਾਰਥ ਕਿਰਦੰਤ ਹਨ।

ੲ) ਗੁਰਬਾਣੀ ਵਿਚ ‘ਭਾਵਾਰਥ ਕਿਰਦੰਤ’ ਦੇ ਕੁਝ ਅਜਿਹੇ ਰੂਪ ਭੀ ਮਿਲਦੇ ਹਨ ਜੋ ਕਿਰਿਆ ਮੂਲ ਧਾਤੂ ਦੇ ਅੰਤ ਵਿਚ ‘ ਬੋ , ਬੇ ‘ ਲਾਇਆਂ ਬਣਦੇ ਹਨ, ਜਿਵੇਂ :- ਬਸ ਤੋਂ ਬਸਬੋ, ਮਿਲ ਤੋਂ ਮਿਲਬੋ, ਮਰ ਤੋਂ ਮਰਬੋ, ਕਰ ਤੋਂ ਕਰਬੋ ਆਦਿ।

ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥ ( ਪੰਨਾ 1366 ) ਪੜਿਬੋ = {ਭਾਵਾਰਥ ਕਿਰਦੰਤ ਇਕਵਚਨ} ਪੜਣਾ।

ਮਨ ਧਰ ਤਰਬੇ ਹਰਿ ਨਾਮਨੋ॥ ਰਹਾਉ॥ ( ਪੰਨਾ 210 ) ਤਰਬੇ = {ਭਾਵਾਰਥ ਕਿਰਦੰਤ} ਤਰਨ ਦੀ।

ਸ) ਗੁਰਬਾਣੀ ਵਿਚ ਸੰਬੰਧਕੀ ਰੂਪ ਵਾਲੇ ਭਾਵਾਰਥ ਭੀ ਮਿਲਦੇ ਹਨ-:

ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ( ਪੰਨਾ 336 ) ਨਾਵਨ ਕਉ, ਪੂਜਨ ਕਉ = {ਭਾਵਾਰਥ ਕਿਰਦੰਤ} ਨਾਵਣ ਨੂੰ , ਪੂਜਣ ਨੂੰ ।

ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ( ਪੰਨਾ 7, ਜਪੁ ਜੀ ) ਆਖਣਿ, ਦੇਣਿ, ਦੇਣਿ = {ਭਾਵਾਰਥ ਕਿਰਦੰਤ} ਆਖਣ ਵਿੱਚ, ਮੰਗਣ ਵਿੱਚ, ਦੇਣ ਵਿੱਚ।

ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ ( ਪੰਨਾ 477 ) ਬੀਆਹਨ = {ਭਾਵਾਰਥ ਕਿਰਦੰਤ} ਵਿਆਹੁਣ।

ਹਉ ਗੁਰ ਮਿਲਿ ਇਕੁ ਪਛਾਣਦਾ। ਦੁਯਾ ਕਾਗਲੁ ਚਿਤਿ ਨ ਜਾਣਦਾ ॥ ( ਪੰਨਾ 73 ) ਚਿਤਿ = {ਭਾਵਾਰਥ ਕਿਰਦੰਤ} ਚਿੱਤਰਣਾ, ਲਿਖਣਾ।

5. ਕਿਰਿਆ ਫਲ ਕਿਰਦੰਤ

ਪਰਿਭਾਸ਼ਾ : ਧਾਤੂ ਦੇ ਅੰਤ ਵਿਚ ਸਿਹਾਰੀ ਜਾਂ ‘ਇ ਆ’ ਲ਼ਾਇਆਂ, ਜੋ ਨਾਉਂ ਬਣਦਾ ਹੈ ਉਸ ਨੂੰ ਕਿਰਿਆ ਫਲ ਕਿਰਦੰਤ ਆਖਦੇ ਹਨ, ਜਿਵੇਂ :
੦ ਉਸ ਦਾ ਪੜਿਆ ਹੋਇਆ ਕਿਸੇ ਕੰਮ ਨਾ ਆਇਆ।
੦ ਮੇਰਾ ਬੋਲਿਆ ਚਲਿਆ ਮੁਆਫ ਕਰ ਦੇਣਾ।
੦ ਤੇਰੇ ਬੋਲਿਆਂ ਕੰਮ ਵਧ ਜਾਣਾ ਹੈ।
੦ ਪ੍ਰੇਮ ਨਾਲ ਗਾਵਿਆ ਸੁਣਿਆ ਅਤੇ ਬੁਝਿਆ ਕਬੂਲ ਪੈਂਦਾ ਹੈ।
ਉਪਰੋਕਤ ਤੁਕਾਂ ਵਿਚ ‘ ਪੜਿਆ, ਬੋਲਿਆ, ਚਲਿਆ, ਬੋਲਿਆਂ, ਗਾਵਿਆ, ਸੁਣਿਆ, ਬੁਝਿਆ ‘ ਆਦਿ ਲਫਜ਼ ਕਿਰਿਆ ਫਲ ਕਿਰਦੰਤ ਹਨ। ਗੁਰਬਾਣੀ ਪ੍ਰਮਾਣ :

ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥ ਪੰਨਾ ੨੨
ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥ ( ਗਉੜੀ ਮ; ੫ ਪੰਨਾ ੧੯੭ )
ਨਾਤਾ ਸੋ ਪਰਵਾਣੁ ਸਚੁ ਕਮਾਈਐ ॥ ( ਵਡਹੰਸ ਮ; ੧ ਪੰਨਾ ੫੬੫ )

ਉਕਤ ਪੰਗਤੀਆਂ ਵਿਚ ‘ ਕਹਿਆ, ਪੜਿਆ, ਅਣਪੜਿਆ, ਨਾਤਾ ‘ ਲਫਜ਼ ਕਿਰਿਆ ਫਲ ਕਿਰਦੰਤ ਹਨ।

ਸੁਣਿਐ ਸਿਧ ਪੀਰ ਸੁਰਿ ਨਾਥ ॥ ( ਜਪੁ , ਪੰਨਾ ੨ )
ਆਖਹਿ ਪੜੇ ਕਰਹਿ ਵਖਿਆਣ ॥ ( ਜਪੁ , ਪੰਨਾ ੫ )
ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ ਸੰਗ ਜੀਉ॥ ( ਪੰਨਾ ੭੬੦ )
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ( ਪੰਨਾ ੪੬੫ )
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥੧੦॥  ( ਪੰਨਾ ੧੩੯੨ )

ਉਪਰੋਕਤ ਪੰਗਤੀਆਂ ਵਿਚ ‘ ਸੁਣਿਆ, ਪੜੇ, ਡਿਠਿਆ, ਲਇਐ, ਪਰਸਿਐ ‘ ਲਫਜ਼ ਕਿਰਿਆ ਫਲ ਕਿਰਦੰਤ ਹਨ।

ਭੂੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com