ਲਾਂ / ਲਾਮ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 08)

0
16

A A A

ਲਾਂ / ਲਾਮ ( ੇ  )

ਲਾਂ ( ੇ ) ਦੀਰਘ ਮਾਤਰਾ ਦੀ ਲਖਾਇਕ ਹੈ, ੲਿਹ ‘ ੳ ਅਤੇ ਅ ’ ਨੂੰ ਛੱਡ ਕੇ ਬਾਕੀ ਹਰੇਕ ਅੱਖਰ ੳੱਤੇ ਲਾੲੀ ਜਾ ਸਕਦੀ ਹੈ। ਗੁਰਬਾਣੀ ਵਿਚ ‘ ਲਾਂ ‘ ਦੀ ਵਰਤੋਂ ਜਿਹਨਾਂ ਨੇਮਾਂ ਅਧੀਨ ਹੋਈ ਹੈ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ :

1. ਗੁਰਬਾਣੀ ਵਿੱਚ ਸੰਗਿਆ-ਵਾਚੀ, ਨਾਂਵ ਲਫਜ਼ਾਂ ਤੋਂ ਕਾਰਕ-ਸੰਬੰਧਕੀ ਅਰਥ ਲੈਣ ਲਈ ਅੰਤਕ ‘ਲਾਂ ‘ ਦੀ ਵਰਤੋਂ ਕੀਤੀ ਹੈ :
ਆਦਿ ਗੁਰਏ ਨਮਹ ॥ (ਪੰਨਾ 262 ) ਗੁਰਏ = {ਨਾਂਵ, ਸੰਪ੍ਰਦਾਨ ਕਾਰਕ} ਗੁਰੂ ਨੂੰ ।
ਉਚਾਰਣ ਸੇਧ : ਗੁਰਏ । ‘ ਏ ’ ਸੰਪ੍ਰਦਾਨ ਕਾਰਕ ਦਾ ਸੂਚਕ ਹੈ ਪਾਠ ਇਕੱਠਾ ‘ ਗੁਰਏ ’ ਹੀ ਦਰੁਸਤ ਹੈ, ਇਸ ਪਦ ਦਾ ਪਾਠ ਅੱਲਗ ਅੱਲਗ ( ਗੁਰ ਏ ) ਕਰਨਾ ਅਸ਼ੁਧ ਹੈ।
ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥ (ਪੰਨਾ ੨੪੬ ) ਆਪੇ = {ਨਾਂਵ, ਕਰਤਾ ਕਾਰਕ} ਆਪੇ ਹੀ ।
ਨਾਮੇ ਪ੍ਰੀਤਿ ਨਾਰਾਇਣ ਲਾਗੀ ॥  (ਪੰਨਾ ੧੧੬੪ ) ਨਾਮੇ = {ਨਾਂਵ, ਸੰਬੰਧ ਕਾਰਕ} ਨਾਮਦੇਵ ਦੀ ।
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ (ਪੰਨਾ ੬੯੫  ) ਬ੍ਰਹਮੰਡੇ = {ਨਾਂਵ, ਅਧਿਕਰਨ ਕਾਰਕ} ਸੰਸਾਰ ਵਿੱਚ ।
ਸਬਦੇ ਦੂਖ ਨਿਵਾਰਣਹਾਰਾ ॥ (ਪੰਨਾ ੧੦੫੩ ) ਸਬਦੇ = {ਕਰਣਕਾਰਕ, ਨਾਂਵ} ਉਪਦੇਸ਼ ਦੁਆਰਾ ।
ਦੇ ਕੰਨੁ ਸੁਣਹੁ ਅਰਦਾਸਿ ਜੀਉ ॥ (ਪੰਨਾ 74 )  ਦੇ ਕੰਨ = {ਨਾਂਵ, ਸਬੰਧ ਕਾਰਕ ਕਿਰਦੰਤ} ਧਿਆਨ ਨਾਲ ।

2. ਕਿਰਿਆਵਾਚੀ ਲਫਜ਼ਾਂ ਦੇ ਅੰਤ ‘ਲਾਂ ‘ ਦੀ ਵਰਤੋਂ ਹੁੰਦੀ ਹੈ :
ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥ (ਪੰਨਾ ੯੧੮ ) ਪਾਵਏ = {ਕਿਰਿਆ ਵਰਤਮਾਨ ਕਾਲ, ਅਨ ਪੁਰਖ ਇਕਵਚਨ} ਪਾਉਂਦਾ ਹੈ ।
ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥ (ਪੰਨਾ ੫੬੬ ) ਭਾਵਹੇ = {ਕਿਰਿਆ ਵਰਤਮਾਨ ਕਾਲ, ਅਨ ਪੁਰਖ ਬਹੁਵਚਨ} ਭਾਉਂਦੇ ਹਨ।
ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥ (ਪੰਨਾ ੯੧੮ )
ਜਾਣਹੇ = {ਕਿਰਿਆ ਵਰਤਮਾਨ ਕਾਲ, ਮਧਮ ਪੁਰਖ ਇਕ ਵਚਨ} ਜਾਣਦਾ ਹੈਂ । ਉਚਾਰਣ = ਜਾਣਹੇਂ, ਬਿੰਦੀ ਸਹਿਤ 
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ (ਪੰਨਾ ੪੮੫ ) ਆਨੀਲੇ = {ਕਰਮਨੀ ਵਾਚ ਦੀ ਭੂਤਕਾਲੀ ਕਿਰਿਆ, ਅਨ ਪੁਰਖ ਇਕਵਚਨ} ਲੈ ਆਂਦਾ। ਗੁਰਬਾਣੀ ਵਿਚ ਉਕਤ ਲਫਜ਼ ਨਾਲ ਮਿਲਦੇ-ਜੁਲਦੇ ਲਫਜ਼ ਮਰਾਠੀ ਬੋਲੀ ਦੇ ਅਨੇਕਾਂ ਹੀ ਗੁਰਬਾਣੀ ਵਿਚ ਮਿਲਦੇ ਹਨ ਜੋ ਧਾਤੂ ਦੇ ਪਛੇਤਰ ‘ ਲੇ ‘ ਲਗਾਅ ਕੇ ਭੂਤਕਾਲ ਦੇ ਵਾਚੀ ਬਣਾਏ ਹਨ।
ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥ (ਪੰਨਾ ੪੪੧ )
ਜਾਵਹੇ = {ਕਿਰਿਆ ਭਵਿਖ ਕਾਲ, ਮਧਮ ਪੁਰਖ ਇਕਵਚਨ} ਤੂੰ ਜਾਵੇਂਗਾ। ਉਚਾਰਣ = ਜਾਵਹੇ, ਬਿੰਦੀ ਰਹਿਤ।
ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ (ਪੰਨਾ ੫੪੬ ) ਆਵਹੇ = {ਕਿਰਿਆ ਭਵਿਖ ਕਾਲ, ਅਨ ਪੁਰਖ ਬਹੁਵਚਨ} ਆਵਣਗੇ । ਉਚਾਰਣ = ਆਵਹੇਂ, ਬਿੰਦੀ ਸਹਿਤ ।
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ (ਪੰਨਾ ੧੩੬੨ ) ਡਿਠੇ = {ਕਿਰਿਆ ਭੂਤ ਕਾਲ ਬਹੁਵਚਨ} ਦੇਖੇ ਹਨ।
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥ (ਪੰਨਾ ੩੧੦ ) ਕਰੇ = {ਕਿਰਿਆ ਭਵਿਖਤ ਕਾਲ) ਕਰੇਗਾ । ਨੋਟ : ਪ੍ਰੋ ਸਾਹਿਬ ਸਿੰਘ ਜੀ ਕਈ ਪੰਕਤੀਆਂ ਵਿਚ ਕਾਲ ਤੋਂ ਉਲਟ ਅਰਥ ਕਰਦੇ ਨਜਰੀਂ ਪੈਂਦੇ ਹਨ।

3. ਕਿਰਿਆ-ਵਾਚੀ ਲਫਜ਼ ਅਤੇ ਸਧਾਰਣ ਵਿਸ਼ੇਸ਼ਣਾਂ ਨੂੰ ‘ਵਿਸਮਿਕ ਜਾਂ ਸੰਬੋਧਨ’  ਬਣਾਉਣ ਹਿਤ ਅੰਤਲੇ ਅੱਖਰ ਤੇ ‘ਲਾਂ ‘ ਦਾ ਪ੍ਰਯੋਗ ਕੀਤਾ ਜਾਂਦਾ ਹੈ :
ਸੋ ਦਰੁ ਤੇਰਾ ਕਿਹਾ ਸੋ ਘਰ ਕੇਹਾ ਜਿਤੁ ਬਹਿ ਸਰਬ ਸਮਾਲੇ   ਸਮਾਲੇ ! = {ਕਿਰਿਆ ਤੋਂ ਵਿਸਮਿਕ} ਤੂੰ ਸੰਭਾਲ ਰਿਹਾ ਹੈਂ !
ਮਨ ਬੈਰਾਗੀ ਕਿਉ ਨ ਅਰਾਧੇ ॥ (ਪੰਨਾ ੪੦੨ ) ਅਰਾਧੇ = {ਕਿਰਿਆ ਤੋਂ ਵਿਸਮਿਕ} =
ਪਾਂਡੇ ਐਸਾ ਬ੍ਰਹਮ ਬੀਚਾਰੁ ॥ (ਪੰਨਾ ੩੫੫ ) ਪਾਂਡੇ = {ਵਿਸ਼ੇਸ਼ਣ ਤੋਂ ਸੰਬੋਧਨ} ਹੇ ਪੰਡਿਤ !
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ (ਪੰਨਾ ੬੪੧ ) ਪਿਆਰੇ = {ਵਿਸ਼ੇਸ਼ਣ ਤੋਂ ਸੰਬੋਧਨ} ਹੇ ਪਿਆਰੇ !

4. ਪਿੰਗਲ ਨਿਯਮ ਤਹਿਤ ਕਾਵਿ ਤੋਲ ਪੂਰਾ ਕਰਨ ਹਿਤ ਭੀ ਸਿਹਾਰੀ ਦੀ ਥਾਂ ‘ਲਾਂ ‘ ਦੀ ਵਰਤੋਂ ਹੁੰਦੀ ਹੈ ਅਤੇ ਅਰਥ ਭੀ ਕਾਰਕੀ ਨਿਕਲਦੇ ਹਨ :
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ॥ (ਪੰਨਾ ੪੫੧ ) ਘਰੇ = ਘਰ ਵਿਚ {ਅਧਿਕਰਨ ਕਾਰਕ} ਘਰ ਤੋਂ ਬਣਿਆ ਘਰੇ ।
ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ॥ (ਪੰਨਾ ੬੦੧ )  ਸਹਜੇ = ਸਹਜੇ ਹੀ {ਕਰਤਾ ਕਾਰਕ} ਸਹਜ ਤੋਂ ਬਣਿਆ ਸਹਜੇ ।
ਸਭ ਕੈ ਮਧੇ ਅਲਿਪਤ ਨਿਰਬਾਣੇ ॥ ( ਪੰਨਾ ੧੦੨) ਮਧੇ = ਸਾਰਿਆਂ ਵਿਚ {  } ਮਧਿ ਤੋਂ ਮਧੇ ।
ਇਸੇ ਤਰ੍ਹਾਂ ਮੁਹਿ ਤੋਂ ਮੁਹੇ ਬਣ ਜਾਂਦਾ ਹੈ, ਧੋਹਿ ਤੋਂ ਧੋਹੇ, ਕੁੰਭਿ ਤੋਂ ਕੁੰਭੇ ਆਦਿ ।

5. ਅੱਖਰ ਸ ਨੂੰ ‘ਲਾਂ ‘ ਲਾ ਕੇ ਬਣਿਆ ਪੜਨਾਂਵੀ ਪਦ ‘ਸੇ ‘ ਸਦਾ ਹੀ ਬਹੁਵਚਨ ਦਾ ਸੂਚਕ ਹੁੰਦਾ ਹੈ :
ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥ (ਪੰਨਾ ੧੧੦੦ )  ਸੇ = {ਬਹੁਵਚਨ ਪੜਨਾਂਵ} ਉਹ।
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ (ਪੰਨਾ ੫੯੦ ) ਸੇ = {ਪੁਲਿੰਗ ਬਹੁਵਚਨ ਪੜਨਾਂਵੀ ਵਿਸ਼ੇਸ਼ਣ} ਉਹ।
ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥ (ਪੰਨਾ ੭੪੯ ) ਸੇ = {ਬਹੁਵਚਨ ਅਪੂਰਣ ਕਿਰਿਆ ਭੂਤਕਾਲ}

6. ਗੁਰਬਾਣੀ ਵਿਚ ਪੁਲਿੰਗ ਨਾਂਵ ਅਤੇ ਵਿਸ਼ੇਸ਼ਣ ਦੇ ਸਧਾਰਨ ਰੂਪ ਵਾਲੇ ਬਹੁਵਚਨ ਲਫਜ਼ ਮਿਲਦੇ ਹਨ ਜੋ ਅੰਤਲੇ ਕੰਨੇ ਨੂੰ ਲਾਂ ਵਿਚ ਬਦਲ ਬਣਾੲੇ ਗੲੇ ਹਨ। (ਸਧਾਰਨ ਰੂਪ ਦਾ ਭਾਵ ਹੈ ਕਿ ੳੁਹਨਾਂ ਸ਼ਬਦਾਂ ਅੱਗੇ ਗੁਪਤ ਜਾਂ ਪਰਤੱਖ ਸੰਬੰਧਕੀ ਚਿੰਨ੍ਹ ਨਾ ਹੋਵੇ ) ਜਿਵੇਂ :
ੲਿਕਿ ਦਾਤੇ ੲਿਕਿ ਮੰਗਤੇ ਸਭਨਾ ਸਿਰਿ ਸੋੲੀ ॥ (ਪੰਨਾ ੧੨੮੩ ) ਦਾਤਾ ਤੋਂ ਦਾਤੇ । ਮੰਗਤਾ ਤੋਂ ਮੰਗਤੇ ।
ਰਾਜੇ ਸੀਹ ਮੁਕਦਮ ਕੁਤੇ ॥ (ਪੰਨਾ ੧੨੮੮ ) ਰਾਜਾ ਤੋਂ ਰਾਜੇ । ਕੁਤਾ ਤੋਂ ਕੁਤੇ ।
ੲਿਸ ਤਰਾਂ ਹੀ ਬਟਵਾਰਾ ਤੋਂ ਬਟਵਾਰੇ ਅਾਦਿ।

ਭੁੱਲ ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ‘
Khalsasingh.hs@gmail.com