ਦੁਲੈਂਕੜ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 07)

0
16

A A A

 ਦੁਲੈਂਕੜ ( ੂ )

ਇਸ ਲੇਖ ਰਾਹੀਂ ਗੁਰਬਾਣੀ ਵਿਚ ਦੁਲੈਂਕੜ ਦੀ ਵਰਤੋਂ ਕਿਸ-ਕਿਸ ਨਿਯਮ ਅਧੀਨ ਹੋਈ ਹੈ, ਇਸ ਨੂੰ ਸਮਝਣ ਦਾ ਯਤਨ ਕਰਾਂਗੇ। ਪਿੰਗਲ ਦੇ ਹਿਸਾਬ ਨਾਲ ਦੁਲੈਂਕੜ ਦੀਰਘ ਮਾਤ੍ਰਾ ਹੈ, ਵਿਆਕਰਣਿਕ ਤੌਰ ‘ਤੇ ਇਸ ਦੀ ਵਰਤੋਂ ਬਹੁਤ ਘੱਟ; ਗਿਣਵੇਂ-ਚੁਣਵੇਂ ਨਿਯਮ ਤਹਿਤ ਹੋਈ ਹੈ। ਆਮ ਕਰਕੇ ਦੁਲੈਂਕੜ ਜਦੋਂ ਗੁਰਬਾਣੀ ਵਿਚ ਕਿਸੇ ਲਫਜ਼ ਦੇ ਅਰੰਭ, ਵਿਚਕਾਰ ਜਾਂ ਅੰਤ ਵਿਚ ਆ ਜਾਏ ਤਾਂ ਭਾਵੇਂ ਉਸ ਲਫਜ਼ ਦੇ ਅੱਗੇ ਕੋਈ ਭੀ ਸੰਬੰਧਕ ਪਦ ਹੋਵੇ, ਤਾਂ ਭੀ ਉਸ ਲਫਜ਼ ਦਾ ਰੂਪ ਨਹੀਂ ਬਦਲਦਾ। ਉਦਾਹਰਣ ਦੇ ਤੌਰ ‘ਤੇ ਜਿਵੇਂ : ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥ (ਪੰਨਾ ੩੦੭ ) ਇਸ ਪੰਗਤੀ ਵਿਚ ‘ਖੇਹੂ’ ਲਫਜ਼ ਦੇ ਅੱਗੇ ਸੰਬੰਧਕ ‘ਸੇਤੀ’ ਆਉਣ ਕਾਰਣ ਭੀ ਮੂਲ ਲਫਜ਼ ( ਖੇਹੂ ) ਵਿਚ ਕੋਈ ਤਬਦੀਲੀ ਨਹੀਂ ਆਈ। ਗੁਰਬਾਣੀ ਵਿਚ ਦੁਲੈਂਕੜ ਦੀ ਵਰਤੋਂ ਵਿਆਕਰਣਿਕ ਤੌਰ ‘ਤੇ ਤਿੰਨ ‘ਕ ਨਿਯਮਾਂ ਤਹਿਤ ਹੋਈ ਹੈ, ਆਓ ਇਕ-ਇਕ ਕਰਕੇ ਸਮਝਣ ਦਾ ਯਤਨ ਕਰਦੇ ਹਾਂ।

੧. ਅੰਤਕ ਦੂਲੈਂਕੜ ਕਿਰਿਆਵੀ ਸ਼ਬਦਾਂ ਵਿਚੋਂ ਉਤਮ ਪੁਰਖ ਵਿਚ ਕਾਰਕੀ ਅਰਥ ਨਿਕਲਦੇ ਹਨ, ਜਿਵੇਂ :
ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥੧॥ (ਪੰਨਾ ੧੧੭੧ )
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ (ਪੰਨਾ ੪੩੩ ) ਦੇਊ = {ਕਿਰਿਆ ਵਰਤਮਾਨ ਕਾਲ, ਇਕਵਚਨ, ਉਤਮ ਪੁਰਖ} ਨਹੀਂ ਦੇਂਦੀ, ਨਹੀਂ ਦੇਂਦਾ।
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥ (ਪੰਨਾ ੫੮ ) ਜੀਵਊ = {ਕਿਰਿਆ ਵਰਤਮਾਨ ਕਾਲ, ਇਕਵਚਨ, ਉਤਮ ਪੁਰਖ} ਨਹੀਂ ਜਿਉਂਦਾ।
ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥ (ਪੰਨਾ ੧੦੯੮ ) ਥੀਆਊ = {ਕਿਰਿਆ ਵਰਤਮਾਨ ਕਾਲ,ਇਕਵਚਨ, ਉਤਮ ਪੁਰਖ} ਬਣ ਗਿਆ ਹਾਂ।
ਉਚਾਰਣ ਸੇਧ : ਉਪਰੋਕਤ ਪੰਗਤੀਆਂ ਵਿਚ ‘ਕਿਰਿਆਵੀ’ ਲਫਜ਼ਾਂ ਦਾ ਉਚਾਰਣ ਬਿੰਦੀ ਸਹਿਤ ‘ ਦੇਊਂ, ਜੀਵਊਂ, ਥੀਆਊਂ ‘ ਕਰਨਾ ਚਾਹੀਦਾ ਹੈ।

੨. ਨਾਂਵ {ਸੰਗਿਆ ਵਾਚੀ} ਸ਼ਬਦਾਂ ਨੂੰ ਅੰਤਕ ਲੱਗੇ ਦੂਲੈਂਕੜਿਆਂ ‘ਚੋਂ ਸੰਬੰਧਕੀ ਅਰਥ ਭੀ ਨਿਕਲਦੇ ਹਨ, ਜਿਵੇਂ :
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ (ਪੰਨਾ੧੪੯ ) ਮਾਊ ਪੀਊ = {ਨਾਂਵ, ਸੰਬੰਧ ਕਾਰਕ ਇਕਵਚਨ} ਮਾਂ ਪਿਉ ਦੀ।
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥ (ਪੰਨਾ ੧੨੪੦ ) ਭਸੂ = {ਨਾਂਵ,ਕਰਮ ਕਾਰਕ} ਸੁਆਹ ਨਾਲ।
ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥ (ਪੰਨਾ ੧੩੧੦ ) ਬਿਸੂ = {ਕਰਮ ਕਾਰਕ} ਜ਼ਹਿਰ ਨਾਲ।
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥ (ਪੰਨਾ ੫੦ ) ਖਾਕੂ = {ਅਧਿਕਰਨ ਕਾਰਕ} ਮਿੱਟੀ ਵਿਚ।

੩. ਗੁਰਬਾਣੀ ਵਿਚ ਮੁਲਤਾਨੀ ਬੋਲੀ {ਲਹਿੰਦੀ ਪੰਜਾਬੀ} ਦੇ ਸੰਗਿਆ ਵਾਚੀ ਲਫਜ਼ਾਂ ਨਾਲ ਕੋਈ ਸੰਬੰਧਕ ਆਵੇ ਤਾਂ ਮਲੂ ਸ਼ਬਦਾਂ ਨੂੰ ਦੁਲੈਂਕੜ ਲਗ ਜਾਂਦੀ ਹੈ, ਜਿਵੇਂ :
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ (ਪੰਨਾ ੪੭੪ ) ‘ਅੰਦਰਿ’ ਸੰਬੰਧਕ ਆਉਣ ਕਾਰਣ ਲਫਜ਼ ‘ ਵਸਤੁ ਤੋਂ ਵਸਤੂ ‘ ਬਣਿਆ ਹੈ।
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥ (ਪੰਨਾ ੧੩੭੮ ) ਲਫਜ਼ ‘ਜੇਡੁ’ ਸੰਬੰਧਕ ਕਾਰਣ ‘ ਖਾਕੁ ਤੋਂ ਖਾਕੂ ‘।
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ (ਪੰਨਾ ੬੪੨ ) ‘ਕਾ’ ਸੰਬੰਧਕ ਕਾਰਣ ਲਫਜ਼ ‘ ਸਸੁ ਤੋਂ ਸਸੂ ‘ ਬਣਿਆ ਹੈ।
ਅੰਧੇ ਖਾਵਹਿ ਬਿਸੂ ਕੇ ਗਟਾਕ ॥ (ਪੰਨਾ ੧੨੨੪ ) ‘ਕੇ’ ਸੰਬੰਧਕ ਕਾਰਣ ‘ ਬਿਸੁ ਤੋਂ ਬਿਸੂ ‘।
ਮੁਲਤਾਨੀ ਅਤੇ ਸਿੰਧੀ ਬੋਲੀ ਦੇ ਲਫਜ਼ ਗੁਰਬਾਣੀ ਵਿਚ ਅੰਤ ਦੁਲੈਂਕੜ ਨਾਲ ਹੀ ਵਰਤੇ ਗਏ ਹਨ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com