ਅੱਖਰ ਨ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੨

0
14

A A A

ਨਾਵਾਂ ਕਿ ਨੌਵਾਂ

ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਪਵਿਤੱਰ ਬਾਣੀ ਦੇ ਸਿਰਲੇਖ ‘ਮਹਲਾ ੯ ‘ ਨੂੰ ਆਮ ਕਰਕੇ ਕੁੱਝ ਸੱਜਣ ਨੋਵਾਂ ਅਤੇ ਕੁੱਝ ਨਾਵਾਂ ਉਚਾਰਦੇ ਹਨ। ਉਕਤ ਉਚਾਰਣਾਂ ਵਿਚੋਂ ਕਿਹੜਾ ਦਰੁਸਤ ਹੈ ; ਇਸ ਸੰਬੰਧੀ ਵੀਚਾਰ ਸਾਂਝੀ ਕਰਦੇ ਹਾਂ :
ਭਾਸ਼ਾਈ ਗਿਆਨ ਮੁਤਾਬਕ ਕਰਮ ਅਨੁਸਾਰ ‘ਪਹਿਲਾ, ਦੂਜਾ, ਤੀਜਾ, ਚਉਥਾ, ਪੰਜਵਾਂ, ਛੇਵਾਂ, ਸਤਵਾਂ ਤੋਂ ਬਾਅਦ ‘ ਨ ‘ ਸਵੱਰ ਤੇ ‘ ਉ ‘ ਨਹੀਂ ਲਗਦਾ ਬਲਕਿ ‘ਨਾ ‘ ਲਗਦਾ ਹੈ ਜਿਸ ਕਰਕੇ ‘ਨਾਵਾਂ ‘ ਉਚਾਰਣ ਬਣਦਾ ਹੈ। ਗੁਰਬਾਣੀ ਵਿਚੋਂ ਭੀ ਲਫਜ਼ ‘ਨਾਵਾਂ ‘ ਦੀ ਪੁਸ਼ਟੀ ਹੁੰਦੀ ਹੈ। ਜਿਵੇਂ :
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥ (ਪੰਨਾ ੧੪੬ ) ਨਾਵਾ = {ਕ੍ਰਮ-ਵਾਚਕ ਸੰਖਿਅਕ ਵਿਸ਼ੇਸ਼ਣ} ਨਾਵਾਂ । ਉਚਾਰਣ = ਨਾਵਾਂ
ਨਾਵੈ ਧਉਲੇ ਉਭੇ ਸਾਹ ॥ (ਪੰਨਾ ੧੩੭ ) ਨਾਵੈ = {ਕ੍ਰਮ-ਵਾਚਕ ਸੰਖਿਅਕ ਵਿਸ਼ੇਸ਼ਣ,ਅਧਿਕਰਨ ਕਾਰਕ} ਨਾਵੇਂ ਹਿੱਸੇ ਵਿਚ। ਲਫਜ਼ ‘ਨਾਵੈ ‘ ਅਸਲ ਵਿਚ ‘ਨਾਵਾਂ ‘ ਹੀ ਹੈ। ਅਧੀਕਰਣ ਕਾਰਕ ਹੋਣ ਕਾਰਣ ਇਸਦਾ ਪਿਛੇਤਰ ‘ਕੰਨਾ’ ‘ਦੋਲਾਵਾਂ ‘ ਵਿਚ ਤਬਦੀਲ ਹੋ ਗਿਆ ਹੈ।
ਸੋ ਗੁਰਬਾਣੀ ਵਿਚ ਉਕਤ ਲਫਜ਼ ਦੀ ਉਚਾਰਣ ਸੇਧ ‘ਨਾਵਾਂ ‘ ਕਰਕੇ ਮਿਲਦੀ ਹੈ। ਇਸ ਲਫਜ਼ ਦਾ ਗੁਰਬਾਣੀ ਵਿਚ ਇਕ ਰੂਪ ਹੋਰ ‘ਨਉਮੀ’ ਮਿਲਦਾ ਹੈ ਜੋ ਕਿ ਸੰਸਕ੍ਰਿਤ ਭਾਸ਼ਾ ਤੋਂ ਇਸਤਰੀ ਲਿੰਗ ਸੰਖਿਅਕ ਵਿਸ਼ੇਸ਼ਣ ਹੈ : ਨਉਮੀ ਨੇਮੁ ਸਚੁ ਜੇ ਕਰੈ ॥ (ਪੰਨਾ ੧੨੪੫ )
ਪ੍ਰੋ. ਸਾਹਿਬ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦਰਪਨ ਦੀ ਦੂਜੀ ਪੋਥੀ{ਡੀਲਕਸ} ਦੇ ਪੰਨਾ ੯੫੧ ਉਪੱਰ ਸਿਰਲੇਖ ‘ਗਉੜੀ ੯ ‘ ਦੀ ਵਿਆਖਿਆ ‘ਘਰ ਨਾਵਾਂ ‘ ਅਤੇ ਸ਼ਟੀਕ ਦੀ ਨਉਵੀਂ ਪੋਥੀ ਨੂੰ ‘ਨਾਵੀਂ ‘ ਲਿਖਦੇ ਹਨ। ਗਿ.ਜੋਗਿੰਦਰ ਸਿੰਘ ਤਲਵਾੜਾ ਜੀ ਭੀ ‘ਨਾਵਾਂ ‘ ਉਚਾਰਣ ਦਰੁਸਤ ਮੰਨਦੇ ਹਨ। ਅਜੋਕੀ ਪੰਜਾਬੀ ਦੇ ਪ੍ਰਭਾਵ ਅਧੀਨ ਬਿਗੜ ਕੇ ਬਣੇ ਇਸ ਲਫਜ਼ ਨੂੰ ਅਸੀਂ ਗੁਰਬਾਣੀ ਵਿਚ ਭੀ ਸਿਰਲੇਖ ੯ ਦਾ ਉਚਾਰਣ ‘ ਨੌਵਾਂ ‘ ਪ੍ਰਚਲਤ ਕਰ ਦਿਤਾ ਹੈ ਜੋ ਕਿ ਭਾਸ਼ਾਈ ਤੌਰ ‘ਤੇ ਅਤੇ ਗੁਰਬਾਣੀ ਦੀ ਲ਼ਿਖਣ ਸ਼ੈਲੀ ਅਨੁਸਾਰ ਦਰੁਸਤ ਨਹੀਂ ਮੰਨਿਆ ਜਾ ਸਕਦਾ; ਸ਼ੁੱਧ ਉਚਾਰਣ ‘ਨਾਵਾਂ ‘ ਹੀ ਠੀਕ ਹੈ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com