ਅੱਖਰ ਦ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੨

0
15

A A A

ਦੇਹੁ

ਉਪਰੋਕਤ ਲਫਜ਼ ਗੁਰਬਾਣੀ ਵਿਚ ੧੧੨ ਵਾਰ ਆਇਆ ਹੈ। ਇਸ ਲਫਜ਼ ਦੇ ਵਿਆਕਰਣਿਕ ਨਿਯਮ ਤੋਂ ਅਨਜਾਣ ਸੱਜਣ ਗੁਰਬਾਣੀ ਵਿਚ ‘ਦੇਹੁ ਨੂੰ ਦੇਹੋ ‘ ਵਾਂਗ ਉਚਾਰਦੇ ਹਨ। ਪਰ ਹਰ ਥਾਂ ਉਚਾਰਣ ‘ਦੇਹੋ ‘ ਨਹੀਂ ਹੈ, ਕਿਤੇ ‘ਦੇਹ ‘ ਉਚਾਰਣ ਭੀ ਹੁੰਦਾ ਹੈ। ਗੁਰਬਾਣੀ ਵਿਆਕਰਣ ਅਨੁਸਾਰ ਲਫਜ਼ ਦੇਹੁ ‘ਕਿਰਿਆ ਹੁਕਮੀ ਭਵਿਖਤ ਕਾਲ ਮਧਮ ਪੁਰਖ, ਇਕਵਚਨ’ ਅਤੇ ‘ਵਰਤਮਾਨ ਕਾਲ ਮਧਮ ਪੁਰਖ’ ਹੈ। ਜਦੋਂ ਇਹ ਬਹੁਵਚਨ ਹੋਵੇ ਤਾਂ ਭੀ ਔਂਕੜ ਕਾਵਿਕ ਸੁਹਜ ਲਈ ਕਾਇਮ ਰਹਿੰਦਾ ਹੈ ਕਿਉਂਕਿ ‘ਦੇਹ’ ਸਰੂਪ ਵਾਲਾ ਲਫਜ਼ ਵੱਖਰੀ ਸ਼੍ਰੇਣੀ ਵਿਚ ਚਲਾ ਜਾਂਦਾ ਹੈ। ਕਿਸੇ ਲਫਜ਼ ਨੂੰ ਇਕਵਚਨ ਜਾਂ ਬਹੁਵਚਨ ਜਾਨਣ ਲਈ ਪੂਰੇ ਵਾਕ (ਪੰਗਤੀ) ਅੰਦਰ ਵਿਆਪਕ ਨਿਯਮਾਂ ਨੂੰ ਸਮਝਣਾ ਪੈਂਦਾ ਹੈ, ਫਿਰ ਹੀ ਅਰਥ ਇਕਵਚਨ ਜਾਂ ਬਹੁਵਚਨ ਵਿਚ ਹੋ ਸਕਦੇ ਹਨ। ਸੋ ਆਉ ਉਕਤ ਲਫਜ਼ ਦਾ ਉਚਾਰਣ ਸਮਝਣਾ ਕਰੀਏ :
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ (ਪੰਨਾ ੧੨ ) ਦੇਹੁ = ਅਸੀਸਾਂ ਦੇਵੋ । ਉਚਾਰਣ = ਦੇਹੋ ਵਾਂਗ ( ਹੋੜੇ ਦੀ ਅੱਧੀ ਧੁਨੀ ਨਾਲ )।
ਇਸ ਪੰਗਤੀ ਵਿਚ ‘ਅਸੀਸੜੀਆ’ ਲਫਜ਼ ਬਹੁਵਚਨ ਇਸਤਰੀ-ਲਿੰਗ ਹੈ। ਲਫਜ਼ ‘ਸਜਣ’ ਭੀ ਸਧਾਰਨ ਰੂਪ ਵਿਚ ਬਹੁਵਚਨ ਹੈ, ਉਕਤ ਲਫਜ਼ਾਂ ਦੀ ਸੱਸਰਗੀ (ਸਹਾਇਕ) ਕਿਰਿਆ ਭੀ ਬਹੁਵਚਨ ਹੋਵੇਗੀ। ਇਸ ਕਰਕੇ ਲਫਜ਼ ‘ਦੇਹੁ’ ਵਰਤਮਾਨ ਕਾਲ ਦੀ ਸਹਾਇਕ ਕਿਰਿਆ ਹੈ। ਅੰਤ ‘ਹੁ’ ਦੀ ਔਂਕੜ ਉਚਾਰਣ ਦਾ ਭਾਗ ਹੈ। ਹੋੜੇ ਦੀ ਅਤੇ ਔਂਕੜ ਦੀ ਧੁਨੀ ਇਕ ਨਹੀਂ ਹੈ ਉਚਾਰਣ ਸਮੇਂ ਧਿਆਨ ਰੱਖਣਾ ਹੈ।
ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥ (ਪੰਨਾ ੩੮ )
ਪੰਗਤੀ ਵਿਚ ‘ਆਵਹੁ ,ਮਿਲਹੁ ,ਸਹੇਲੀਹੋ ‘ ਬਹੁਵਚਨੀ ਕਿਰਿਆਵੀ ਲਫਜ਼ ਹਨ ਇਹਨਾਂ ਦੀ ਸੱਸਰਗੀ ਕਿਰਿਆ ‘ਦੇਹੁ’ ਭੀ ਬਹੁਵਚਨੀ ਹੋਵੇਗੀ।
ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥ (ਪੰਨਾ ੩੮ ) ਦੇਹੁ = {ਕਿਰਿਆ ਵਰਤਮਾਨ ਕਾਲ, ਮਧੱਮ ਪੁਰਖ ਬਹੁਵਚਨੀ ਲਹਿਜਾ, ਕਰਮ ਕਾਰਕ} ਮਿਲਾ ਦੇਵੋ। ਉਚਾਰਣ= ਦੇਹੋ ਵਾਂਗ (ਹੋੜੇ ਦੀ ਅੱਧੀ ਧੁਨੀ ਨਾਲ)।
ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥ (ਪੰਨਾ ੭੪ ) ਦੇਹੁ = {ਕਿਰਿਆ ਭਵਿਖਤ ਕਾਲ ਬੇਨਤੀ ਰੂਪ, ਮਧੱਮ ਪੁਰਖ ਇਕਵਚਨ, ਕਰਮ ਕਾਰਕ} ਦਰਸ਼ਨ ਦੇਹ । ਉਚਾਰਣ = ਦੇਹ , ਅੰਤਲਾ ਔਂਕੜ ਉਚਾਰਣ ਦਾ ਹਿੱਸਾ ਨਹੀਂ ਹੈ ।
ਇਸ ਪੰਗਤੀ ਵਿਚ ‘ਦਰਸੁ , ਸੁਖਦਾਤਿਆ ‘ ਇਕਵਚਨੀ ਲਫਜ਼ ਹਨ ਇਸ ਕਰਕੇ ‘ਦੇਹੁ ‘ ਭੀ ਇਕਵਚਨ ਹੈ। ਸਮੁੱਚੀ ਪੰਗਤੀ ਦੇ ਅਰਥ ਇਕਵਚਨ ਵਿਚ ਹੀ ਹੋਣਗੇ।
ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ ॥ (ਪੰਨਾ ੨੦੩ ) ਦੇਹੁ = {ਕਿਰਿਆ ਭਵਿਖਤ ਕਾਲ, ਇਕਵਚਨ ਅਨ ਪੁਰਖ, ਕਰਮ ਕਾਰਕ} ਸਹਾਰਾ ਦੇਹ। ਉਚਾਰਣ = ਦੇਹ । ਹਸਤ, ਅਲੰਬਨੁ ਆਦਿ ਇਕਵਚਨ ਨਾਂਵ ਲਫਜ਼ ਹਨ, ਸੱਸਰਗੀ ਕਿਰਿਆ ਭੀ ਇਕਵਚਨ ਵਿਚ ਹੋਵੇਗੀ।
ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ (ਪੰਨਾ ੧੩੨੧ ) ਦੇਹੁ = {ਵਰਤਮਾਨ ਕਾਲ, ਮਧੱਮ ਪੁਰਖ ਇਕਵਚਨ, ਕਰਮ ਕਾਰਕ} ਤੂੰ ਦੇਂਦਾ ਹੈ । ਉਚਾਰਣ = ਦੇਹ
‘ਜੋ’ ਇਕਵਚਨੀ ਪੜਨਾਂਵ ਹੈ, ਸਸੱਰਗੀ ਕਿਰਿਆ ਭੀ ਇਕਵਚਨੀ ਹੋਵਗੀ।
ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥ (ਪੰਨਾ ੭੬੨ )
ਦੇਹੁ = {ਵਰਤਮਾਨ ਕਾਲ, ਇਕਵਚਨ ਅਨਪੁਰਖ, ਕਰਮ ਕਾਰਕ} ਦੇਹ, ਬਖਸ਼ । ਉਚਾਰਣ = ਦੇਹ 
ਇਸ ਪੰਗਤੀ ਅੰਦਰ ‘ਵਿਸਰਿ, ਨਾਮੁ’ ਇਕਵਚਨੀ ਹੈ। ਸੱਸਰਗੀ ਕਿਰਿਆ ਭੀ ਇਕਵਚਨੀ ਹੋਵੇਗੀ। ਉਕਤ ਪੰਗਤੀ ਦੀ ਦੂਜੀ ਪੰਗਤੀ ਦਾ ਅੰਤਲਾ ਲ਼ਫਜ਼ ‘ਏਹੁ’ ਇਕਵਚਨੀ ਪੜਨਾਉਂ ਹੈ, ਜਿਸਦਾ ਔਂਕੜ ਉਚਾਰਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਪਹਿਲੀ ਪੰਗਤੀ ਦੇ ਅੰਤਲੇ ਲਫਜ਼ ਦਾ ਉਚਾਰਣ ‘ਦੇਹ’ ਕਰਣ ਨਾਲ ਤੁਕਾਂਤ, ਕਾਫੀਆ ਠੀਕ ਬੈਠੇਗਾ, ਸੋ ‘ਦੇਹੁ’ ਦਾ ਉਚਾਰਣ ‘ਦੇਹੋ ‘ ਦਰੁਸਤ ਨਹੀਂ।
ਉਪਰੋਕਤ ਵੀਚਾਰ ਦਾ ਭਾਵ ਹੈ ਕਿ ਜਦੋਂ ਲਫਜ਼ ‘ਦੇਹੁ’ ਦਾ ਅਰਥ ਇਕਵਚਨੀ ‘ ਦੇਹ, ਦੇਂਦਾ ਹੈ, ਬਖਸ਼, ਸ਼ਰੀਰ ‘ ਆਦਿ ਹੋਵੇ ਤਾਂ ਉਚਾਰਣ ‘ਦੇਹ’ ਕਰਨਾ ਹੈ ਅਤੇ ਜਦੋਂ ਇਸ ਦਾ ਅਰਥ ਬਹੁਵਚਨੀ  ‘ਦੇਵੋ, ਦੇਂਦੇ ਹਨ’ ਆਦਿ ਹੋਣ ਤਾਂ ਉਚਾਰਣ ‘ਦੇਹੋ’ ਵਾਂਗ ਕਰਨਾ ਹੈ। ਆਸ ਹੈ ਜਗਿਆਸੂ ਸੱਜਣ ਨਿਯਮ ਨੂੰ ਸਮਝ ਕੇ ਅਮਲੀ ਰੂਪ ਵਿਚ ਲਿਆਉਣਗੇ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’
Khalsasigh.hs@gmail.com