ਦੁਲਾਵਾਂ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 09)

0
12

A A A

ਦੁਲਾਵਾਂ ( ੈ )

ਦੁਲਾਵਾਂ, ਅੱਖਰ ‘ਓ ਅਤੇ ੲ’ ਤੋਂ ਬਿਨਾ ਹੋਰ ਸਾਰੇ ਅੱਖਰਾਂ ਉਤੇ ਲਗਦੀਆਂ ਹਨ। ਦੁਲਾਵਾਂ ਜਿਥੇ ਦੀਰਘ ਮਾਤ੍ਰਾਂ ਦੀਆਂ ਲਖਾਇਕ ਹਨ ਉਥੇ ਇਹ ਅਰਥਾਂ ਨੂੰ ਭੀ ਪ੍ਰਭਾਵਿਤ ਕਰਦੀਆਂ ਹਨ। ਦੁਲਾਵਾਂ ਦਾ ਉਚਾਰਣ ਦੁਲਾਵਾਂ ਦੀ ਧੁਨੀ ਨਾਲ ਹੀ ਕਰਨਾ ਚਾਹੀਦਾ ਹੈ, ਦੁਲਾਵਾਂ ਨੂੰ ਇੱਕ ਲਾਂ ਬਣਾ ਕੇ ਉਚਾਰਣਾ ਗੁਰਬਾਣੀ ਵਿਆਕਰਣ ਅਨੁਸਾਰ ਅਸ਼ੁਧ ਹੈ। ਜਿਸ ਨਿਯਮ ਅਧੀਨ ਗੁਰਬਾਣੀ ਵਿਚ ‘ਦੁਲਾਵਾਂ’ ਦੀ ਵਰਤੋਂ ਹੋਈ ਹੈ ਆਉ ਉਕਤ ਨਿਯਮਾਂ ਨੂੰ ਸਮਝਣ ਦਾ ਯਤਨ ਕਰੀਏ :

੧. ਨਾਂਵ ਅਤੇ ਸਧਾਰਨ ਵਿਸ਼ੇਸ਼ਣਾਂ ਲਫਜ਼ਾਂ ਵਿਚੋਂ ਸੰਬੰਧਕ ਪ੍ਰਭਾਵੀ ਅਰਥ ਲੈਣ ਲਈ ਇਨ੍ਹਾਂ ਲਫਜ਼ਾਂ ਦੇ ਅੰਤ ਦੁਲਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ :
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥ (ਪੰਨਾ ੪੮੭ ) ਧੰਨੈ = {ਨਾਂਵ ਇਕਵਚਨ, ਕਰਤਾ ਕਾਰਕ } ਧੰਨੇ ਨੇ ।
ਬਾਲਮੀਕੈ ਹੋਆ ਸਾਧਸੰਗੁ ॥ (ਪੰਨਾ ੧੧੯੨ ) ਬਾਲਮੀਕੈ = {ਨਾਂਵ ਇਕਵਚਨ, ਸੰਪਰਦਾਨ ਕਾਰਕ} ਬਾਲਮੀਕ ਨੂੰ ।
ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ (ਪੰਨਾ ੭੫੮ ) ਪ੍ਰੀਤਮ ਆਪਣੈ ={ਵਿਸ਼ੇਸ਼ਣ ਸੰਬੰਧਕਾਰਕ} ਆਪਣੇ ਪ੍ਰੀਤਮ ਦਾ ।
ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥ (ਪੰਨਾ ੧੯ ) ਕਾਰੈ = {ਨਾਂਵ, ਅਧਿਕਰਨ ਕਾਰਕ} ਕਾਰ ਵਿਚ ।
ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥ (ਪੰਨਾ ੧੩੧੦ ) ਕੋਰੈ = {ਨਾਂਵ, ਅਪਾਦਾਨ ਕਾਰਕ} ਕੋਰੇ ਮਨ ਉਤੇ ।
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ (ਪੰਨਾ ੪੭੨ ) ਦੂਜੈ = {ਵਿਸ਼ੇਸ਼ਣ, ਕਰਮ ਕਾਰਕ} ਦੂਜੇ ਨਾਲ, ਦੂਜੇ ਵਿਚ ।

੨. ਅਨ-ਪੁਰਖ ਕਿਰਿਆਵੀ ਲਫਜ਼ਾਂ ਦੇ ਅੰਤਲੇ ਅੱਖਰਾਂ ਨੂੰ ਦੁਲਾਵਾਂ ਆਉਂਦੀਆਂ ਹਨ ਅਤੇ ਵਰਤਮਾਨ ਕਾਲ ਦੀਆਂ ਸੂਚਕ ਹੁੰਦੀਆਂ ਹਨ :
ਧਨਿ ਧੰਨਿ ਓ ਰਾਮ ਬੇਨੁ ਬਾਜੈ ॥ (ਪੰਨਾ ੯੮੮ ) ਬਾਜੈ = {ਕਿਰਿਆ ਵਰਤਮਾਨ ਕਾਲ, ਅਨਪੁਰਖ ਇਕਵਚਨ} ਵੱਜ ਰਹੀ ਹੈ।
ਹਮਰਾ ਜੀਵਨੁ ਨਿੰਦਕੁ ਲੋਰੈ ॥੨॥ (ਪੰਨਾ ੩੩੯ ) ਲੋਰੈ = {ਕਿਰਿਆ ਵਰਤਮਾਨ ਕਾਲ, ਅਨਪੁਰਖ ਇਕਵਚਨ} ਚਾਹੁੰਦਾ ਹੈ।
ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥ (ਪੰਨਾ ੧੮੪ ) ਉਚਰੈ ={ਕਿਰਿਆ ਵਰਤਮਾਨ ਕਾਲ, ਅਨਪੁਰਖ ਇਕਵਚਨ} ਉਚਾਰਦਾ ਹੈ।

੩. ਦੁਲਾਵਾਂ ਹੁਕਮੀ ਭਵਿਖਤ ਕਾਲ ਦੀਆਂ ਭੀ ਸੂਚਕ ਹੁੰਦੀਆਂ ਹਨ :
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥ (ਪੰਨਾ ੪੫੭ ) ਲਾਗੀਐ = {ਕਿਰਿਆ ਹੁਕਮੀ ਭਵਿਖਤ ਉਤਮ ਪੁਰਖ ਬਹੁਵਚਨ} ਅਸੀਂ ਲਗੀਏ ।
ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥ (ਪੰਨਾ ੧੮੬ ) ਗਹੀਜੈ = {ਕਿਰਿਆ ਹੁਕਮੀ ਭਵਿਖਤ ਉਤਮ ਪੁਰਖ ਬਹੁਵਚਨ}ਅਸੀਂ ਫੜੀਏ ।
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ (ਪੰਨਾ ੧੪੦ ) ਆਖੀਐ = {ਕਿਰਿਆ ਹੁਕਮੀ ਭਵਿਖਤ, ਅਨਪੁਰਖ ਇਕਵਚਨ} ਆਖਣਾ ਚਾਹੀਦਾ ਹੈ।
ਨਾਨਕ ਗਾਵੀਐ ਗੁਣੀ ਨਿਧਾਨੁ ॥ (ਪੰਨਾ ੨ ) ਗਾਵੀਐ = {ਕਿਰਿਆ ਹੁਕਮੀ ਭਵਿਖਤ, ਉਤਮ ਪੁਰਖ ਬਹੁਵਚਨ} ਅਸੀਂ ਸਿਫਤਿ-ਸਾਲਾਹ ਕਰੀਏ ।

੪. ਗੁਰਬਾਣੀ ਵਿਚ ਜਦੋਂ ਕਿਸੇ ‘ਨਾਂਵ’ ਸਬਦ ਨੂੰ ਕਾਰਕੀ ਦੁਲਾਈਆਂ ਆ ਜਾਣ ਤਾਂ ਉਸ ਲਫਜ਼ ਨਾਲ ‘ਪੜਨਾਂਵ’ ਵਾਚੀ ਲਫਜ਼ ਜ਼ਰੂਰ ਆਉਂਦਾ ਹੈ, ਜਿਵੇਂ :
ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥ (ਪੰਨਾ ੧੭੨ )
ਹੀਅਰੈ = {ਨਾਂਵ ਇਕਵਚਨ, ਅਧਿਕਰਨ ਕਾਰਕ} ਹਿਰਦੇ ਵਿਚ। ਮੇਰੈ = {ਪੜਨਾਂਵ} ਮੇਰੇ ਹਿਰਦੇ ਵਿਚ।
ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥ (ਪੰਨਾ ੪੯ ) ਮੇਰੈ ਮਨਿ = {ਪੜਨਾਂਵ, ਨਾਂਵ ਅਧਿਕਰਨ ਕਾਰਕ} ਮੇਰੇ ਮਨ ਵਿਚ।
ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥ (ਪੰਨਾ ੬੭ ) ਮੇਰੈ ਪ੍ਰਭਿ = {ਪੜਨਾਂਵ, ਨਾਂਵ ਕਰਤਾ ਕਾਰਕ ਸੰਬੰਧਕੀ ਰੂਪ} ਮੇਰੇ ਪ੍ਰਭੂ ਨੇ।
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ ( ਪੰਨਾ ੪੬) ਤੇਰੈ ਤਾਣਿ = {ਪੜਨਾਂਵ, ਨਾਂਵ ਅਧਿਕਰਨ ਕਾਰਕ} ਤੇਰੇ ਆਸਰੇ।

੫. ਜਦੋਂ ਕੋਈ ਲਫਜ਼ ਪੁਲਿੰਗ ਨਾਂਵ ਇਕਵਚਨ, ਅਧਿਕਰਨ ਕਾਰਕ ਵਿਚ ਹੋਵੇ; ਅਧਿਕਰਨ ਕਾਰਕ ਦਾ ਚਿੰਨ੍ਹ ਵੱਖਰਾ ਨਾ ਹੋ ਕੇ ਨਾਂਵ ਲਫਜ਼ ਨਾਲ ਹੀ ਸੰਮਿਲਤ ਹੋਵੇ ਤਾਂ ਇਸ ਨਾਂਵ ਲਫਜ਼ ਤੋਂ ਆਇਆ ਪਹਿਲਾਂ ‘ਕਾ ਅਤੇ ਦਾ’ ਲਫਜ਼ ‘ਕੈ ਅਤੇ ਦੈ ‘ ਵਿਚ ਬਦਲ ਜਾਂਦਾ ਹੈ, ਜਿਵੇਂ :
ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥ (ਪੰਨਾ ੧੧੩੬ ) ਘਰਿ = {ਨਾਂਵ ਅਧਿਕਰਨ ਕਾਰਕ}  ਘਰ ਵਿਚ। ਕੈ = {ਸੰਬੰਧ ਕਾਰਕ} ਦੇ ।
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥ (ਪੰਨਾ ੧੦੮ ) ਗ੍ਰਿਹਿ = {ਅਧਿਕਰਨ ਕਾਰਕ} ਘਰ ਵਿਚ । ਕੈ = {ਸੰਬੰਧ ਕਾਰਕ} ਦੇ ।
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥ (ਪੰਨਾ ੫੫੦ ) ਚਿਤਿ = {ਅਧਿਕਰਨ ਕਾਰਕ} ਚਿਤ ਵਿਚ । ਦੈ = {ਸੰਬੰਧ ਕਾਰਕ} ਦੇ ।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥ (ਪੰਨਾ ੧੩੮੧ ) ਦਰਬਾਰਿ = {ਨਾਂਵ ਅਧਿਕਰਨ ਕਾਰਕ} ਦਰਬਾਰ ਵਿਚ । ਦੈ = {ਸੰਬੰਧ ਕਾਰਕ} ਦੇ ।

੬. ਗੁਰਬਾਣੀ ਵਿੱਚ ਦੁਲਾਵਾਂ ਸਹਿਤ ਲਫਜ਼ ‘ ਤੈ ‘ ਦੀ ਵੀ ਵਰਤੋਂ ਕੀਤੀ ਗਈ ਹੈ :
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ (ਪੰਨਾ ੬੪੫ ) ਤੈ = {ਨਿਸ਼ਚਿਤ ਸੰਖਿਅਕ ਵਿਸ਼ੇਸ਼ਣ} ਤਿੰਨ । ਉਚਾਰਣ = ਤੈ , ਬਿੰਦੀ ਰਹਿਤ ।
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ (ਪੰਨਾ ੪੭੨ ) ਸਭ ਤੈ = {ਕਿਰਿਆ-ਵਿਸ਼ੇਸ਼ਣ} ਸਭ ਥਾਈਂ ।
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥ (ਪੰਨਾ ੨੭ ) ਤੈ = {ਅਪਾਦਾਨ ਕਾਰਕ} ਤੋਂ ।
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥ (ਪੰਨਾ ੫੫੩ ) ਤੈ = {ਪੜਨਾਂਵ,ਸੰਬੰਧ ਕਾਰਕ} ਉਨ੍ਹਾਂ ਦੇ ।
ਆਖਹਿ ਗੋਪੀ ਤੈ ਗੋਵਿੰਦ ॥ (ਪੰਨਾ ੬ )

ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥ (ਪੰਨਾ ੬੬ )
ਤੈ = {ਯੋਜਕ-ਰੂਪ} ਅਤੇ । ਸਮੱਗਰ ਗੁਰਬਾਣੀ ਅੰਦਰ ਜਦ ਭੀ ਇਹ ਲਫਜ਼ ‘ਅਤੇ’ ਦੇ ਅਰਥ ਭਾਵ ਵਿਚ ਆਵੇ ਤਾਂ ਉਚਾਰਣ ਸਮੇਂ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ ।
ਐਸਾ ਤੈਂ ਜਗੁ ਭਰਮਿ ਲਾਇਆ ॥ (ਪੰਨਾ ੯੨ )
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥ (ਪੰਨਾ ੧੪੦੭ )
ਤੈ = {ਪੁਰਖ-ਵਾਚੀ ਪੜਨਾਂਵ, ਮਧੱਮ-ਪੁਰਖ} ਤੂੰ । ਉਚਾਰਣ = ਤੈਂ , ਬਿੰਦੀ ਸਹਿਤ । ਗੁਰਬਾਣੀ ਅੰਦਰ ਕਿਤੇ-ਕਿਤੇ ਇਸ ਲਫਜ਼ ‘ਤੇ ਬਿੰਦੀ ਲੱਗੀ ਹੈ, ਕਿਤੇ ਨਹੀਂ । ਜਿਥੇ ਬਿੰਦੀ ਦਾ ਪ੍ਰਯੋਗ ਹੋਇਆ ਹੈ ਉਥੋਂ ਸੇਧ ਲੈ ਉਕਤ ਪੰਗਤੀਆਂ ਵਿਚ ‘ਤੈ’ ਲਫਜ਼ ‘ਤੇ ਬਿੰਦੀ ਦਾ ਪ੍ਰਯੋਗ ਕਰਨਾ ਹੈ । ਸਮੱਗਰ ਗੁਰਬਾਣੀ ਅੰਦਰ ਜਦੋਂ ਭੀ ‘ ਤੈ ‘ ਦਾ ਅਰਥ ‘ ਤੂੰ ‘ ਹੋਵੇ ਤਾਂ ਉਚਾਰਣ ‘ ਤੈਂ ‘ ਕਰਨਾ ਹੈ । 

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’
੭੫੯ ੭੬੪ ੩੭੪੮
Khalsasingh.hs@gmail.com