ਬਿੰਦੀ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 12)

ਬਿੰਦੀ (  ਂ  )

ਬਿੰਦੀ ਅਖੰਡ ਧੁਨੀ ‘ਨਾਸਕਤਾ’ ਦੀ ਪ੍ਰਤੀਕ ਹੈ। ਜਿਸ ਅੱਖਰ ਨੂੰ ਇਹ ਬਿੰਦੀ ਚਿੰਨ੍ਹ ਲਗ ਜਾਵੇ ਉਸ ਅੱਖਰ ਨੂੰ ਨਾਸਕੀ ਕਰ ਦਿੰਦੀ ਹੈ। ਅਸੂਲਨ ਤੌਰ ‘ਤੇ ‘ਕੰਨਾ, ਸਿਹਾਰੀ, ਲਾਂ, ਦੋਲਾਵਾਂ, ਹੋੜਾ ਅਤੇ ਕਨੌੜਾ ਲਗਾਂ ਉੱਤੇ ਬਿੰਦੀ ਦੀ ਵਰਤੋਂ ਹੁੰਦੀ ਹੈ। ਪਾਠ ਕਰਦੇ ਸਮੇਂ ਵੇਖਣ ਨੂੰ ਮਿਲਦਾ ਹੈ ਕਿ ਮੋਜੂਦਾ ਬੀੜਾਂ ਵਿਚ ਓਹੀ ਲਫਜ਼ ਕਿਧਰੇ ਬਿੰਦੀ ਸਹਿਤ ਹਨ ਕਿਧਰੇ ਬਿੰਦੀ ਤੋਂ ਬਗ਼ੈਰ। ਗੁਰਬਾਣੀ ਵਿਚ ਬਿੰਦੀ ਦੀ ਵਰਤੋਂ ਜਿਸ-ਜਿਸ ਨਿਯਮਾਂ ਤਹਿਤ ਹੋਈ ਹੈ, ਉਹਨਾਂ ਨਿਯਮਾਂ ਨੂੰ ਸਮਝਣ ਦਾ ਯਤਣ ਕਰੀਏ :

੧. ਗੁਰੂ ਗ੍ਰੰਥ ਸਾਹਿਬ ਜੀ ਵਿਚ ਲਫਜ਼ਾਂ ਨੂੰ ਬਿੰਦੀ ਮੂਲਕ ਭਾਗ ਹੋਣ ਕਾਰਣ ਭੀ ਲੱਗੀ ਹੈ ਅਤੇ ਵਿਆਕਰਣਿਕ ਤੌਰ ‘ਤੇ ਭੀ, ਜਿਵੇਂ :
ਸਾਈਂ, ਗੁਸਾਈਂ, ਸਾਂਗ, ਕਾਂਖੀ, ਪੈਕਾਂਬਰ ਆਦਿ ਲਫਜ਼ ਪੁਲਿੰਗ ਹਨ, ਇਹਨਾਂ ਉਪਰ ਬਿੰਦੀ ਮੂਲਕ ਤੌਰ ‘ਤੇ ਵਰਤੀ ਹੈ।
ਕਾਂਇਆ, ਠਾਂਢਿ, ਸਾਂਤਿ ਆਦਿ ਲਫਜ਼ ਇਸਤਰੀ ਲਿੰਗ ਹਨ ਇਹਨਾ ਉਪਰ ਬਿੰਦੀ ਮੂਲਕ ਤੌਰ ‘ਤੇ ਵਰਤੀ ਹੈ ।
ਸੰਤੀਂ, ਗੁਰਸਿਖੀਂ, ਹਥੀਂ, ਕਰਾਂ, ਖਾਵਾਂ, ਈਹਾਂ, ਊਹਾਂ, ਜਹਾਂ,ਤਹਾਂ, ਕਹਾਂ, ਜਾਂ, ਤਾਂ ਆਦਿ ਲਫਜ਼ਾ ‘ਤੇ ਵਿਆਕਰਣਿਕ ਤੌਰ ‘ਤੇ ਬਿੰਦੀ ਦੀ ਵਰਤੋਂ ਕੀਤੀ ਗਈ ਹੈ।

੨. ਸੰਗਿਆਵਾਚੀ (ਨਾਂਵ) ਸ਼ਬਦਾਂ ਨੂੰ ਬਹੁਵਚਨ ਬਣਾਉਣ ਹਿਤ ਬਿੰਦੀ ਦਾ ਪ੍ਰਯੋਗ਼ ਹੁੰਦਾ ਹੈ, ਜਿਵੇਂ :
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥ (ਪੰਨਾ ੩੧੬ )
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ (ਪੰਨਾ ੩੧੭ )
ਉਪਰੋਕਤ ਪੰਗਤੀਆਂ ਵਿਚ ਲਫਜ਼ ‘ਭਗਤਾਂ, ਗੁਰਸਿਖਾਂ, ਸਿਖਾਂ ‘ ਵਿੱਚ ਵਰਤੀ ਗਈ ਬਿੰਦੀ ਇਨ੍ਹਾਂ ਨੂੰ ਬਹੁਵਚਨ ਨਾਂਵ ਬਣਾਉਂਦੀ ਹੈ, ਇਸ ਕਰਕੇ ਇਨ੍ਹਾਂ ਲਫਜ਼ਾਂ ਦਾ ਉਚਾਰਣ ਵੀ ਬਿੰਦੀ ਸਹਿਤ (ਨਾਸਕੀ) ਕਰਨਾ ਹੈ। ਸੋ ਇਨ੍ਹਾਂ ਲਫਜ਼ਾਂ ਤੋਂ ਸੇਧ ਲੈਂਦੇ ਹੋਏ, ਗੁਰਬਾਣੀ ਵਿਚ ਜਿੱਥੇ ਭੀ ਬਹੁਵਚਨੀ ਲਫਜ਼ ਆਵੇ, ਉਸਦਾ ਉਚਾਰਣ ਨਾਸਕੀ ਹੀ ਕਰਨਾ ਹੈ।

੩. ਗੁਰਬਾਣੀ ਵਿਚ ‘ਵਰਤਮਾਨ ਕਿਰਿਆ, ਉਤਮ ਪੁਰਖ ਇਕਵਚਨੀ’ ਲਫਜ਼ ਉਪਰ ਬਿੰਦੀ ਦੀ ਵਰਤੋਂ ਕੀਤੀ ਹੈ, ਜਿਵੇਂ :
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥ (ਪੰਨਾ ੧੩੭੮ ) ਪਾਈਂ = {ਕਿਰਿਆ ਵਰਤਮਾਨ ਕਾਲ,ਉਤਮ ਪੁਰਖ ਇਕਵਚਨ} ਮੈਂ ਪਾਵਾਂ ।
ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥ (ਪੰਨਾ ੧੨੫੭ ) ਵੇਖਾਂ = {ਕਿਰਿਆ ਵਰਤਮਾਨ ਕਾਲ,ਉਤਮ ਪੁਰਖ ਇਕਵਚਨ} ਮੈਂ ਵੇਖਾਂ ।
ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ (ਪੰਨਾ ੧੨੩੯ ) ਉਚਰਾਂ = {ਕਿਰਿਆ ਵਰਤਮਾਨ ਕਾਲ,ਉਤਮ ਪੁਰਖ ਇਕਵਚਨ} ਮੈਂ ਬੋਲਾਂ ।
ਉਕਤ ਲਫਜ਼ ‘ਪਾਈਂ , ਵੇਖਾਂ, ਉਚਰਾਂ ‘ ਵਿੱਚ ਆਈ ਬਿੰਦੀ ਉਚਾਰਣ ਦਾ ਭਾਗ ਹੈ ਭਾਵ ਇਨ੍ਹਾਂ ਸ਼ਬਦਾਂ ਦਾ ਉਚਾਰਣ ਨਾਸਕੀ ਹੋਵੇਗਾ, ਸੋ ਇਨ੍ਹਾਂ ਲਫਜ਼ਾਂ ਤੋਂ ਸੇਧ ਲੈ ਕੇ ਹੋਰ ਲਫਜ਼ ਜੋ ਵਰਤਮਾਨ ਕਾਲ ਕਿਰਿਆ ਦੇ ਸੂਚਕ ਹਨ ਉਨ੍ਹਾਂ ਦਾ ਉਚਾਰਣ ਵੀ ਨਾਸਕੀ ਕਰਨਾ ਹੈ।

੪. ਗੁਰਬਾਣੀ ਵਿਚ ਕਿਰਿਆ ਵਰਤਮਾਨ ਕਾਲ, ਅਨ-ਪੁਰਖ ਬਹੁਵਚਨ ਲਫਜ਼ਾਂ ਉਪਰ ਬਿੰਦੀ ਦਾ ਪ੍ਰਯੋਗ਼ ਕੀਤਾ ਹੈ, ਜਿਵੇਂ :
ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥ (ਪੰਨਾ ੧੧੯੫ ) ਬਸੈਂ = {ਕਿਰਿਆ ਵਰਤਮਾਨ ਕਾਲ, ਅਨ-ਪੁਰਖ ਬਹੁਵਚਨ} ਵਸਦੇ ਹਨ।
ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥੧॥ (ਪੰਨਾ ੧੨੬੮ ) ਜਾਂਹੀਂ = {ਕਿਰਿਆ ਵਰਤਮਾਨ ਕਾਲ, ਅਨ-ਪੁਰਖ ਬਹੁਵਚਨ} ਮਰ ਜਾਂਦੇ ਹਨ ।

੫. ਕਿਰਿਆ ਵਰਤਮਾਨ ਕਾਲ, ਮਧਮ-ਪੁਰਖ ਇਕਵਚਨ ਲਫਜ਼ਾਂ ਉਪਰ ਬਿੰਦੀ ਦਾ ਪ੍ਰਯੋਗ ਕੀਤਾ ਮਿਲਦਾ ਹੈ :
ਸਗਲ ਸੂਖ ਜਾਂ ਤੂੰ ਚਿਤਿ ਆਵੈਂ ॥ (ਪੰਨਾ ੩੮੫ ) ਆਵੈਂ = {ਕਿਰਿਆ ਵਰਤਮਾਨ ਕਾਲ, ਮਧਮ-ਪੁਰਖ ਇਕਵਚਨ} ਆਊਂਦਾ ਹੈਂ ।
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥ (ਪੰਨਾ ੧੨੯੨ )  ਹੈਂ = {ਕਿਰਿਆ ਵਰਤਮਾਨ ਕਾਲ, ਮਧਮ-ਪੁਰਖ ਇਕਵਚਨ} ਕਹਿਆ ਜਾਂਦਾ ਹੈਂ ।

੬. ਮੱਧਮ-ਪੁਰਖ ਪੜਨਾਂਵ ਲਫਜ਼ਾਂ ਉਪਰ ਬਿੰਦੀ ਦਾ ਪ੍ਰਯੋਗ਼ ਗੁਰਬਾਣੀ ਅੰਦਰ ਮਿਲਦਾ ਹੈ :
ਐਸਾ ਤੈਂ ਜਗੁ ਭਰਮਿ ਲਾਇਆ ॥ (ਪੰਨਾ ੯੨ )
ਪਹਿਲੋ ਦੇ ਤੈਂ ਰਿਜਕੁ ਸਮਾਹਾ ॥ (ਪੰਨਾ ੧੩੦ )
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ( ਪੰਨਾ ੩੬੦)
ਤੈਂ = {ਮੱਧਮ-ਪੁਰਖ ਪੜਨਾਂਵ, ਇਕਵਚਨ} ਤੂੰ ।

ਉਕਤ ਨਿਯਮਾਂ ਨੂੰ ਸਮਝਦੇ ਹੋਏ, ਗੁਰਬਾਣੀ ਵਿੱਚ ਜਿੱਥੇ ਬਿੰਦੀ ਦਾ ਅਭਾਵ ਹੈ; ਉਥੇ ਨਿਯਮ ਅਨੁਸਾਰ ਬਿੰਦੀ ਨੂੰ ਉਚਾਰਣ ਅਤੇ ਅਰਥਾਂ ਦਾ ਭਾਗ ਬਣਾਉਣਾ ਹੈ।

ਭੁੱਲ-ਚੁਕ ਦੀ ਖਿਮਾ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com