ਟਿੱਪੀ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 13)

0
11

A A A

ਟਿੱਪੀ ( ੰ  )

ਟਿੱਪੀ ਨਾਸਕੀ ਧੁਨੀ ਦੀ ਪ੍ਰਤੀਕ-ਚਿਨ੍ਹ ਹੈ । ਇਸ ਦੀ ਵਰਤੋਂ ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਉਪਰ ਹੁੰਦੀ ਹੈ । ਗੁਰਬਾਣੀ ਵਿਚ 'ਟਿੱਪੀ' ਵਤ ਸ਼ਬਦ ਪੁਲਿੰਗ ਨਾਂਵ ਅਤੇ ਇਸਤਰੀ-ਲਿੰਗ ਨਾਂਵ ਅਪਨੇ ਮੂਲ-ਸਰੂਪ ਅਨੁਸਾਰ ਮਿਲਦੇ ਹਨ ਜਿਵੇਂ : ਗੋਬਿੰਦ, ਸੰਦੇਸਾ, ਅੰਧਾ, ਡੰਡਾ, ਖੰਡਾ, ਖੰਡ, ਧੰਧਾ ਆਦਿ ਲਫਜ਼ ਪੁਲਿੰਗ ਨਾਂਵ ਹਨ । ਕੂੰਜ, ਧੁੰਧ, ਬੂੰਦ, ਗੂੰਜ, ਚਿੰਜ ਆਦਿ ਲਫਜ਼ ਇਸਤਰੀ-ਲਿੰਗ ਨਾਂਵ ਹਨ।

੧. ਗੁਰਬਾਣੀ ਵਿਚ ਟਿੱਪੀ ਦੀ ਵਰਤੋਂ ਬਿੰਦੀ ਦੀ ਬਦਲ ਵਿਚ ਭੀ ਕੀਤੀ ਗਈ ਹੈ :
ਦਾੰਸੀ ਹਰਿ ਕਾ ਨਾਮੁ ਧਿਆਇਆ ॥੧॥ (ਪੰਨਾ ੬੮੪ ) ਦਾੰਸੀ = {ਕਰਤਾ ਕਾਰਕ ਨਾਂਵ, ਸੰਬੰਧਕੀ ਰੂਪ} ਦਾਸਾਂ ਨੇ । ਉਚਾਰਣ = ਦਾਸੀਂ , ਨਾਸਕੀ ਧੁਨੀ ਨਾਲ 
ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥ (ਪੰਨਾ ੩੪੨ ) ਲਿੰਉ = {ਕਿਰਿਆ} ਮੈਂ ਹਾਸਲ ਕਰ ਲਵਾਂ । ਉਚਾਰਣ = ਲਿਂਉ 
ਪੰਦ੍ਰਹ ਥਿਤੰੀ ਸਾਤ ਵਾਰ ॥ (ਪੰਨਾ ੩੪੩ ) ਥਿਤੰੀ = {ਬਹੁਵਚਨ-ਨਾਂਵ} ਥਿਤਾਂ । ਉਚਾਰਣ = ਥਿਤਂੀ 
ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ (ਪੰਨਾ ੬੬੦ ) ਜਾਚੰਉ = {ਕਿਰਿਆ ਵਰਤਮਤਨ ਕਾਲ, ਉਤਮ ਪੁਰਖ ਇਕਵਚਨ} ਮੰਗਦਾ ਹਾਂ । ਉਚਾਰਣ = ਜਾਚਂਉ 

੨. ਅਨੁਨਾਸਕ-ਅੱਖਰ {ਙ,ਞ,ਣ,ਨ,ਮ} ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਜਿਵੇਂ :
ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗਾਨੀਅਹੁ ॥ (ਪੰਨਾ ੧੪੦੦ ) ਅੰਨ = 'ਨ' ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ 'ਅ' ਉਪਰ ਟਿੱਪੀ ਲਗੀ ਹੈ;ਅੱਧਕ ਵਾਂਗ ਬੋਲੀ ਜਾਵੇਗੀ। ਉਕਤ ਲਫਜ਼ ਆਮ ਕਰਕੇ 'ਅੱਨ' ਲਿਖਣਾ ਗ਼ਲਤ ਹੈ ।
ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ (ਪੰਨਾ ੫੬ ) 
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ (ਪੰਨਾ ੨੩ )
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥ (ਪੰਨਾ ੧੯ )
ਝਰਹਿ ਕਸੰਮਲ ਪਾਪ ਤੇਰੇ ਮਨੂਆ ॥ (ਪੰਨਾ ੨੫੫ )

ਪੁੰਨ, ਸੰਨਿ, ਜੰਮੈ, ਕਸੰਮਲ = {ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ}

੩. ਗੁਰਬਾਣੀ ਕਾਵਿ-ਰੂਪ ਵਿਚ ਹੈ ਇਸ ਕਰਕੇ ਕਾਵਿਕ-ਨਿਯਮ ਲਾਗੂ ਹੁੰਦੇ ਹਨ। ਪਿੰਗਲ ਅਨੁਸਾਰ 'ਟਿੱਪੀ' ਦੀ ਇਕ ਮਾਤ੍ਰਾ ਗਿਣੀ ਜਾਂਦੀ ਹੈ, ਮਾਤ੍ਰਾ ਨੂੰ ਵਧਾਉਣ ਹਿਤ 'ਟਿੱਪੀ' ਦਾ ਪ੍ਰਯੋਗ ਹੁੰਦਾ ਹੈ : 
ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥ (ਪੰਨਾ ੩੨੩ )
ਇਸ ਪੰਗਤੀ ਵਿਚ ਲਫਜ਼ 'ਤਨ' ਦੋ ਮਾਤ੍ਰੀਆ ਲਫਜ਼ ਸੀ, ਤਿੰਨ ਮਾਤ੍ਰੀਆ ਬਨਾਉਣ ਲਈ ਉਕਤ ਲਫਜ਼ ਉਪਰ ਟਿੱਪੀ ਵਰਤੀ ਗਈ ਹੈ ।
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ (ਪੰਨਾ ੧੩੮੧ ) ਰਤੰਨ- = ਤਿੰਨ ਮਾਤ੍ਰੀਆ ਤੋਂ ਚਾਰ ਮਾਤ੍ਰੀਆ ਬਨਾਇਆ ਹੈ ।
ਮਾਤ੍ਰਿਕ ਛੰਦ ਅਨੁਸਾਰ ਜਿਥੇ 'ਟਿੱਪੀ' ਦਾ ਪ੍ਰਯੋਗ ਕਰਨ ਨਾਲ ਮਾਤ੍ਰਾ ਵਿਚ ਨਾ ਵਾਧਾ ਹੁੰਦਾ ਹੋਵੇ, ਉਥੇ 'ਟਿੱਪੀ' ਦਾ ਪ੍ਰਯੋਗ ਕਰਨ ਵਿਚ ਕੋਈ ਹਰਜ ਨਹੀਂ । ਪਰ ਜਿਥੇ ਮਾਤ੍ਰਾ ਦੀ ਗਿਣਤੀ ਵਧ ਜਾਏ ਉਥੇ 'ਟਿੱਪੀ' ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਜਿਵੇਂ :
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ (ਪੰਨਾ ੧੦ )
ਉਪਰੋਕਤ ਪੰਗਤੀ ਵਿਚ ਲਫਜ਼ 'ਅਗਮਾ, ਅਗਮ' ਉਪਰ ਟਿੱਪੀ ਦਾ ਪ੍ਰਯੋਗ ਨਹੀਂ ਹੋ ਸਕਦਾ; ਕਿਉਂਕਿ ਮਾਤ੍ਰਾ ਵਧ ਰਹੀ ਹੈ ਇਸ ਕਰਕੇ ਉਕਤ ਲਫਜ਼ਾਂ ਨੂੰ ਕੇਵਲ 'ਅ'ਅਗੇਤਰ ਕਰਕੇ ' ਅ-ਗਮਾ ਅਤੇ ਅ-ਗਮ ' ਉਚਾਰਨ ਕਰਨਾ ਹੈ ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ 'ਘੜਸਾਣਾ'
Khalsasingh.hs@gmail.com