ਅੱਖਰ ਤ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ 03

ਤੈ / ਤੈਂ

ਸਮੱਗਰ ਗੁਰਬਾਣੀ ਅੰਦਰ ਲਫਜ਼ ‘ ਤੈ ‘ ੧੫੬ ਵਾਰ ਅਤੇ ‘ ਤੈਂ ‘ ੯ ਵਾਰ ਅੰਕਿਤ ਹੈ। ਬਹੁਤਾਤ ਸੱਜਣ ਉਕਤ ਲਫਜ਼ ਦੇ ਸ਼ੱਧ ਉਚਾਰਣ ਪ੍ਰਤੀ ਸਪੱਸ਼ਟ ਨਹੀਂ ਹਨ, ਆਓ ਇਸ ਸੰਬੰਧੀ ਵੀਚਾਰ ਸਾਂਝੇ ਕਰੀਏ ।

ਨੋਟ : ਹਰ ਰੂਪ ਵਿੱਚ ਇਸ ਦਾ ਉਚਾਰਣ ਦੁਲਾਵਾਂ ਸਹਿਤ ਹੀ ਕਰਨਾ ਹੈ , ਇਕ ਲਾਮ ਨਾਲ ਉਚਾਰਣ ਅਸ਼ੁਧ ਹੈ ।

ਗੁਰਬਾਣੀ ਵਿਚ ‘ ਤੈ ‘ ਲਫਜ਼ ‘ਯੋਜਕ (ਦੋ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਯੋਜਕ ਕਹਿੰਦੇ ਹਨ) ਰੂਪ ਵਿਚ ਵਰਤਿਆ ਗਿਆ ਹੈ, ਜਿਵੇਂ :
ਆਖਹਿ ਗੋਪੀ ਤੈ ਗੋਵਿੰਦ ॥ (ਪੰਨਾ ੬ )
ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥ (ਪੰਨਾ ੬੬ )
ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥ (ਪੰਨਾ ੬੬ ) 
ਤੈ = {ਯੋਜਕ-ਰੂਪ} ਅਤੇ । ਸਮੱਗਰ ਗੁਰਬਾਣੀ ਅੰਦਰ ਜਦ ਭੀ ਇਹ ਲਫਜ਼ ‘ਅਤੇ’ ਦੇ ਅਰਥ ਭਾਵ ਵਿਚ ਆਵੇ ਤਾਂ ਉਚਾਰਣ ਸਮੇਂ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ ।

ਲਫਜ਼ ‘ ਤੈ ‘ ਗੁਰਬਾਣੀ ਅੰਦਰ ਗਿਣਤੀ-ਵਾਚਕ ਰੂਪ ਵਿਚ ਭੀ ਵਰਤਿਆ ਗਿਆ ਹੈ :
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ (ਪੰਨਾ ੬੪੫ ) ਤੈ = {ਨਿਸ਼ਚਿਤ ਸੰਖਿਅਕ ਵਿਸ਼ੇਸ਼ਣ} ਤਿੰਨ । ਉਚਾਰਣ = ਤੈ , ਬਿੰਦੀ ਰਹਿਤ ।

‘ਤੈ’ ਲਫਜ਼ ਪੁਰਖ-ਵਾਚੀ ਪੜਨਾਂਵ ਰੂਪ ਵਿਚ ਭੀ ਵਰਤਿਆ ਗਿਆ ਹੈ :
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥ (ਪੰਨਾ ੧੨੫੩ )
ਐਸਾ ਤੈਂ ਜਗੁ ਭਰਮਿ ਲਾਇਆ ॥ (ਪੰਨਾ ੯੨ )
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥ (ਪੰਨਾ ੧੪੦੭ )
ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥ (ਪੰਨਾ ੯੯ )
ਤੈ = {ਪੁਰਖ-ਵਾਚੀ ਪੜਨਾਂਵ, ਮਧੱਮ-ਪੁਰਖ} ਤੂੰ । ਉਚਾਰਣ = ਤੈਂ , ਬਿੰਦੀ ਸਹਿਤ । ਗੁਰਬਾਣੀ ਅੰਦਰ ਕਿਤੇ-ਕਿਤੇ ਇਸ ਲਫਜ਼ ‘ਤੇ ਬਿੰਦੀ ਲੱਗੀ ਹੈ, ਕਿਤੇ ਨਹੀਂ । ਜਿਥੇ ਬਿੰਦੀ ਦਾ ਪ੍ਰਯੋਗ ਹੋਇਆ ਹੈ ਉਥੋਂ ਸੇਧ ਲੈ ਉਕਤ ਪੰਗਤੀਆਂ ਵਿਚ ‘ਤੈ’ ਲਫਜ਼ ‘ਤੇ ਬਿੰਦੀ ਦਾ ਪ੍ਰਯੋਗ ਕਰਨਾ ਹੈ । ਸਮੱਗਰ ਗੁਰਬਾਣੀ ਅੰਦਰ ਜਦੋਂ ਭੀ ‘ ਤੈ ‘ ਦਾ ਅਰਥ ‘ ਤੂੰ ‘ ਹੋਵੇ ਤਾਂ ਉਚਾਰਣ ‘ ਤੈਂ ‘ ਕਰਨਾ ਹੈ ।

ਗੁਰਬਾਣੀ ਵਿਚ ‘ ਤੈ ‘ ਦੇ ਹੋਰ ਅਰਥ-ਭਾਵ :
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ (ਪੰਨਾ ੪੭੨ ) ਸਭ ਤੈ = {ਕਿਰਿਆ-ਵਿਸ਼ੇਸ਼ਣ} ਸਭ ਥਾਈਂ । ਉਚਾਰਣ = ਤੈ
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥ (ਪੰਨਾ ੨੭ ) ਤੈ = {ਅਪਾਦਾਨ ਕਾਰਕ} ਤੋਂ । ਉਚਾਰਣ = ਤੈ
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥ (ਪੰਨਾ ੫੫੩ ) ਤੈ = {ਪੜਨਾਂਵ,ਸੰਬੰਧ ਕਾਰਕ} ਉਨ੍ਹਾਂ ਦੇ । ਉਚਾਰਣ = ਤੈ ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com