ਅੱਖਰ ਜ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ 02

0
12

A A A

ਜਿਨਿ / ਜ਼ਿਨਿ

ਕਿਸੇ ਵੀ ਸ਼ਬਦ ਦਾ ਉਚਾਰਣ, ਉਸ ਸ਼ਬਦ ਦੀ ਮੂਲ ਭਾਸ਼ਾ ਦੇ ਮੂਲਿਕ, ਤੱਤਸਮ, ਤਦੱਭਵ, ਨਿਯਮਾਂ ‘ਤੇ ਨਿਰਭਰ ਕਰਦਾ ਹੈ। ਜੇਕਰ ਸ਼ਬਦ ਦੇ ਉਚਾਰਣ ਸਮੇਂ ਉਕਤ ਤਿੰਨ ਸ਼੍ਰੇਣੀਆਂ ਵੱਲ ਧਿਆਨ ਨਾ ਦਿਤਾ ਜਾਏ ਤਾਂ ਸ਼ਬਦ ਦਾ ਉਚਾਰਣ ਦਰੁੱਸਤ ਨਹੀਂ ਹੋ ਸਕੇਗਾ। ਮੂਲਕ ਸ਼ਬਦਾਂ ਦਾ ਉਚਾਰਣ ਤਾਂ ਸ਼ਬਦ ਦੀ ਮੂਲ ਭਾਸ਼ਾ ਅਨੁਸਾਰ ਹੀ ਹੁੰਦਾ ਹੈ। ਤੱਤਸਮ ਸ਼ਬਦ ਜੋ ਕਿਸੇ ਹੋਰ ਭਾਸ਼ਾ ਵਿਚ ਜਾ ਕੇ ਭੀ ਆਪਨਾ ਉਚਾਰਣ ਨਹੀਂ ਵਟਾਉਂਦੇ; ਉਹਨਾ ਨੂੰ ਭੀ ਉਸੇ ਤਰ੍ਹਾਂ ਉਚਾਰਿਆ ਜਾਣਾ ਚਾਹੀਦਾ ਹੈ, ਪਰ ਤਦੱਭਵ ਸ਼ਬਦਾਂ ਨੂੰ ਤੱਤਸਮ ਵਾਂਗ ਉਚਾਰਣ ਦੀ ਖੁੱਲ ਲੈਣੀ ਜਾਇਜ਼ ਨਹੀਂ ।
ਸਮੱਗਰ ਗੁਰਬਾਣੀ ਅੰਦਰ ਸ਼ਬਦ ‘ਜਿਨਿ ‘ ੭੧੩ ਵਾਰ ਆਇਆ ਹੈ। ਸ਼ਬਦ-ਸਰੂਪ ਭਾਵੇਂ ਇਕ ਹੀ ਹੈ, ਪਰ ਉਚਾਰਣ ਅਤੇ ਅਰਥਾਂ ਵਿਚ ਬਹੁਤ ਅੰਤਰ ਹੈ। ਤਕਰੀਬਨ ੭੦੦ ਤੋਂ ਜਿਆਦਾ ਵਾਰੀਂ ਇਹ ਸ਼ਬਦ ਪੜਨਾਂਵ-ਵਾਚੀ ਰੂਪ ਵਿਚ ਗੁਰਬਾਣੀ ਅੰਦਰ ਵਿਰਾਜ਼ਮਾਨ ਹੈ, ਜਿਵੇਂ :
ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ (ਪੰਨਾ ੨ )
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ (ਪੰਨਾ ੪ )
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥ (ਪੰਨਾ ੨੪ )
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥ (ਪੰਨਾ ੨੪ )
ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥ (ਪੰਨਾ ੧੦੨ )
ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥ (ਪੰਨਾ ੧੦੭ )
ਜਿਨਿ = {ਸੰਬੰਧ-ਵਾਚਕ, ਪੜਨਾਂਵ, ਇਕਵਚਨ, ਕਰਤਾ ਕਾਰਕ, ਸੰਬੰਧਕੀ ਰੂਪ, ਸੰਸਕ੍ਰਿਤ} ਜਿਸ ਨੇ । ਉਚਾਰਣ = ਜਿਨ
ਉਪਰੋਕਤ ਪੰਗਤੀਆਂ ਵਿਚ ਸ਼ਬਦ ‘ਜਿਨਿ’ ਨੂੰ ਕਈ ਟੀਕਾਕਾਰ ਬਹੁਵਚਨ ਵਿਚ ਅਰਥਾਉਂਦੇ ਹਨ, ਪਰ ਇਹ ਦਰੁੱਸਤ ਨਹੀਂ ਹੈ ਕਿਓਂਕਿ ਬਹੁਵਚਨ ਸਮੇਂ ਸ਼ਬਦ-ਸਰੂਪ ‘ਜਿਨ’ ਹੋਵੇਗਾ, ਹਾਂ ਜਦੋਂ ਸ਼ਬਦ ‘ਜਿਨਿ’ ਕਿਸੇ ਪੰਗਤੀ ਅੰਦਰ ਇਕੱਠਾ ਦੋ ਵਾਰ ਆ ਜਾਏ ਤਾਂ ਬਹੁਵਚਨ ਬਣ ਜਾਂਦਾ ਹੈ, ਜਿਵੇਂ : ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥ (ਪੰਨਾ ੧੩੬ )
ਇਸ ਸ਼ਬਦ-ਸਰੂਪ ਨਾਲ ਮਿਲਦਾ-ਜੁਲਦਾ ਸ਼ਬਦ ਗੁਰਬਾਣੀ ਵਿਚ ਤਿੰਨ-ਚਾਰ ਵਾਰ ਆਇਆ ਹੈ, ਜਿਸਦੇ ਅਰਥ ਅਤੇ ਉਚਾਰਣ ਵਿਚ ਭਿੰਨਤਾ ਹੈ :
ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥ ( ਪੰਨਾ ੪੮੪)
ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥ (ਪੰਨਾ ੬੯੪)
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ ( ਪੰਨਾ ੧੪੨੬) 
ਜਿਨਿ = {ਕਿਰਿਆ-ਵਿਸ਼ੇਸ਼ਣ, ਅਰਬੀ ਭਾਸ਼ਾ ਤੋਂ ਮੂਲ ਸਰੂਪ ਅਨੁਸਾਰ ਹੈ} ਮਤਾਂਅ, ਹਰਗਿਜ਼ ਨਾ, ਨਾਂਹ ।
ਉਚਾਰਣ = ਜ਼ਿਨ , ਜ਼ ਪੈਰ ਬਿੰਦੀ ਦੀ ਵਿਸ਼ੇਸ਼ ਧੁਨੀ ਦਾ ਪ੍ਰਯੋਗ ਕਰਨਾ ਹੈ।

ਸੋ ਇਸ ਲਫਜ਼ ‘ਜਿਨਿ’ ਦਾ ਵਾਕ ਵਿੱਚ ਹੋਈ ਵਰਤੋਂ ਮੁਤਾਬਿਕ ਅਰਥ ਸਮਝ ਕੇ ਉਚਾਰਣ ਕਰਨਾ ਹੈ, ਭਾਵ ਪੜਨਾਂਵ-ਵਾਚੀ ਵਰਤੋਂ ਅਤੇ ਕਿਰਿਆ-ਵਿਸ਼ੇਸ਼ਣ ਵਾਚੀ ਵਰਤੋਂ ਦਾ ਉਚਾਰਣ ਇਕੋ ਜਿਹਾ ਕਰਨਾ ਦਰੱਸਤ ਨਹੀਂ ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com
Mob : 75976-43748