ਗੁਰਬਾਣੀ-ਟੀਕਾਕਾਰੀ ਦੇ ਮਾਰਗ ਖੇਤਰ ‘ਚ ਯੋਗਦਾਨ !!

ਇਸ ਲੇਖ ਲੜੀ ਵਿੱਚ ਜਿਹਨਾਂ-ਜਿਹਨਾਂ ਵਿਦਵਾਨਾਂ ਵੱਲੋਂ ਗੁਰਬਾਣੀ-ਵਿਆਕਰਣ ਸੰਬੰਧ ਵਿੱਚ ਜੋ ਕੋਈ ਭੀ ਯੋਗਦਾਨ ਪਾਇਆ ਗਿਆ ਹੈ, ਉਸ ਬਾਰੇ ਕ੍ਰਮ-ਵਾਰ ਵੀਚਾਰ ਸਾਂਝੇ ਕੀਤੇ ਜਾਣ। ਇਸ ਕਰਕੇ ਅੱਜ ਅਸੀਂ ਉਸ ਵਿਦਵਾਨ ਬਾਰੇ ਗੱਲ ਕਰਾਂਗੇ ਜਿਸ ਦਾ ਇਸ ਖੇਤਰ 'ਚ ਪਹਿਲਾ ਨਾਂਮ ਆਉਂਦਾ ਹੈ। ਉਸ ਮਹਾਨ ਭਾਸ਼ਾ ਵਿਗਿਆਨੀ ਅਤੇ ਉਘੇ ਵਿਆਕਰਣੀ ਦਾ ਨਾਮ ' ਡਾ.ਅਰਨਸਟ ਟਰੰਪ ' ਹੈ, ਇਸ ਦਾ ਜਨਮ ਜਰਮਨ ਵਿਚ ਸੰਨ ੧੮੨੮ ਨੂੰ ਹੋਇਆ ਸੀ। ਸੰਨ ੧੮੭੧ ਵਿਚ ਬਰਤਾਨਵੀ ਸਰਕਾਰ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅੰਗਰੇਜ਼ੀ ਵਿਚ ਅਨੁਵਾਦਣ ਕਰਨ ਲਈ ਪੰਜਾਬ ਭੇਜਿਆ ਸੀ। ਪੰਜਾਬ ਆਉਣ ਤੋਂ ਪਹਿਲਾਂ ਇਹ 'ਸਿੰਧੀ ਅਤੇ ਬਲੋਚੀ' ਭਾਸ਼ਾਂ ਦੇ ਪ੍ਰਮਾਣੀਕ ਵਿਆਕਰਣ ਲਿਖ ਕੇ ਛਾਪ ਚੁਕਾ ਸੀ।

ਜਿਸ ਸਮੇਂ ਇਸ ਨੇ ਗੁਰਬਾਣੀ ਦਾ ਟੀਕਾ ਕਰਨਾਂ ਅਰੰਭਿਆ, ਉਸ ਸਮੇਂ ਨਾ ਕੋਈ ਵਿਆਕਰਣ, ਨਾਂ ਕੋਈ ਕੋਸ਼, ਨਾਂ ਕੋਈ ਸਹਾਇਕ ਹਵਾਲਾ-ਪੁਸਤਕ ਮੌਜੂਦ ਸੀ। ਪਰ ਫਿਰ ਭੀ ਇਸ ਨੇ ਬੜ੍ਹੀ ਸਿਦਕ-ਦਿਲ਼ੀ ਨਾਲ ਕੰਮ ਕੀਤਾ। ਸਭ ਤੋਂ ਪਹਿਲਾਂ ਇਸ ਨੇ 'ਆਦਿ ਗ੍ਰੰਥ ਦਾ ਵਿਆਕਰਣ' ਨਾਮਕ ਪੁਸਤਕ ਦਾ ਖਰੜਾ ਲਿਖਿਆ। ਇਹ ਅਸਲ ਖਰੜਾ ਜਰਮਨੀ ਦੇ ਸਰਕਾਰੀ ਪੁਸਤਕਾਲੇ ਵਿਚ ਸੁਰੱਖਿਅਤ ਹੈ। ਖਰੜੇ ਦੀ ਫੋਟੋ ਕਾਪੀ ਕਿਸੇ ਗੁਰੂ ਪਿਆਰੇ ਤੋਂ ਬੜ੍ਹੀ ਮੁਸ਼ਕਲ ਨਾਲ ਦਾਸ ਨੂੰ ਪ੍ਰਾਪਤ ਹੋਈ ਹੈ, ਜਿਸ ਬਾਰੇ ਇੱਕ ਸਾਲ ਪਹਿਲਾਂ ਦਾਸ ਨੇ ਲੇਖ ਰਾਹੀਂ ਵੀਚਾਰ ਸਾਂਝੇ ਕੀਤੇ ਸਨ। ਇਸ ਵਿਆਕਰਣੀ ਖਰੜੇ ਨੂੰ ਦੇਖ ਕੇ ਅਸੱਚਰਜ ਹੁੰਦਾ ਹੈ ਕਿ ਉਸ ਸਮੇਂ ਵਿਚ ਏਨੀ ਭਾਰੀ ਖੋਜ਼ ਡਾ. ਟਰੰਪ ਨੇ ਕਿਵੇਂ ਕੀਤੀ ?

ਇਸ ਵਿਆਕਰਣ ਦਾ ਖਰੜਾ ਲਿਖਣ ਤੋਂ ਬਾਅਦ ਉਸ ਨੇ ਟੀਕਾ ਕਰਣਾ ਅਰੰਭਿਆ, ਜਿਸ ਦਾ ਨਾਮ ਰੱਖਿਆ 'ਦੀ ਆਦੀ ਗ੍ਰੰਥ'। ਇਹ ਟੀਕਾ ਅਪ੍ਰਾਪਤ ਹੈ, ਪਰ ਕਿਸੇ ਵਿਦਵਾਨ ਸੱਜਣ ਤੋਂ ਇਕ ਪੋਥੀ ਦੀ ਫੋਟੋ ਕਾਪੀ ਮਿਲੀ ਹੈ। ਉਸ ਪਹਿਲੀ ਪੋਥੀ ਦੀ ਭੂਮਿਕਾ ਵਿਚ ਡਾ.ਟਰੰਪ ਨੇ ਲਿਖਿਆ ਹੈ ਕਿ " ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਮੈਂ ਜਿਵੇਂ-ਜਿਵੇਂ ਅਗੇ ਵਧਦਾ ਗਿਆ, ਉਨ੍ਹਾਂ ਵਿਚ ਸਾਰੀਆਂ ਵਿਆਕਰਣਕ ਬਣਤਰਾਂ ਦੇ ਸ਼ਬਦ ਨੋਟ ਕਰਦਾ ਰਿਹਾ ਸਾਂ। ਇੰਜ ਕਰਨ ਨਾਲ ਮੈਂ ਸਹਿਜੇ-ਸਹਿਜੇ ਇਕ ਵਿਆਕਰਣ ਅਤੇ ਇਕ ਕੋਸ਼ ਤਿਆਰ ਕਰ ਲਿਆ ਸੀ " ਨਾਲ ਇਹ ਗੱਲ ਕਰਨੀ ਮੁਨਾਸਬ ਰਹੇਗੀ ਕਿ, ਉਕਤ ਟੀਕਾ ਬਹੁਤਾਤ ਵਿਚ ਗੁਰਮਤਿ ਵਿਰੋਧੀ ਹੈ, ਉਸ ਵਿਚ ਬਹੁਤ ਪੰਗਤੀਆਂ ਦੇ ਅਰਥ ਮਨ-ਮੱਤੀ ਤਰੀਕੇ ਨਾਲ ਕੀਤੇ ਹਨ। ਅਰੰਭ ਤੋਂ ਉਸ ਨੇ ਅਰਥ 'ਸਤਿਨਾਮੁ' ਤੋਂ ਸ਼ੁਰੂ ਕੀਤੇ ਹਨ, 'ਇਕ-ਓਅੰਕਾਰ' ਦੇ ਅਰਥ ਨਹੀਂ ਕੀਤੇ। ਹੋਰ ਬਹੁਤ ਗੁਰਮਤਿ ਵਿਰੋਧੀ ਅੰਸ਼ ਉਸ ਟੀਕੇ ਵਿਚ ਮੌਜੂਦ ਹਨ। ਪਰ ਅਸਾਂ ਇਸ ਲੇਖ ਵਿਚ ਉਸ ਦੁਆਰਾ ਕੀਤੀ ਗੁਰਬਾਣੀ ਵਿਆਕਰਣ ਦੇ ਕੁੱਝ ਨਿਯਮਾਂ ਦੀ ਖੋਜ ਸੰਬੰਧੀ ਮਿਹਨਤ ਨੂੰ ਸਾਂਝਾ ਕੀਤਾ ਹੈ।

ਡਾ. ਹਰਨਾਮ ਸਿੰਘ ਜੀ ਸ਼ਾਨ ਦੁਆਰਾ ਇਹ ਪਤਾ ਲਗਿਆ ਹੈ ਕਿ ਟਰੰਪ ਨੇ ਇਸ ਭਾਰੀ ਕੰਮ ਲਈ ਜੋ ਪਾਵਨ ਬੀੜ ਵਰਤੀ ਸੀ, ਉਸ ਬੀੜ ਵਿਚ ਉਸ ਨੇ ਆਪਣੀ ਸਮਝ ਅਤੇ ਸੁਖੱਲ ਲਈ ਆਪਣੇ ਪੈਨ ਨਾਲ, ਬਰੀਕ ਲੀਕਾਂ ਲਾ ਕੇ ਉਸ ਦਾ ਪਾਠ ਪਦਛੇਦ ਕੀਤਾ ਸੀ, ਉਹ ਜਰਮਨੀ ਵਿੱਚ ਅਜੇ ਤੱਕ ਮੌਜੂਦ ਹੈ ਅਤੇ ਡਾ ਹਰਨਾਮ ਸਿੰਘ ਸ਼ਾਨ ਅਨੁਸਾਰ ਉਸ ਨੇ ਆਪ ਸੰਨ ੧੯੮੯ ਵਿਚ ਦਰਸ਼ਨ ਕੀਤੇ ਹਨ। ਹਰਨਾਮ ਸਿੰਘ ਜੀ ਸ਼ਾਨ ਅਨੁਸਾਰ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਪਦ ਨਿਖੇੜਨ ਦਾ ਖਿਆਲ ਵੀ ਪਹਿਲਾਂ-ਪਹਿਲਾਂ ਟਰੰਪ ਨੂੰ ਹੀ ਆਇਆ ਜਾਪਦਾ ਹੈ। ਹੋਰ ਤਾਂ ਹੋਰ, ਪਾਵਨ ਆਦਿ ਬਾਣੀ, 'ਜਪੁਜੀ ਸਾਹਿਬ' ਦੇ ਪਾਠ ਨੂੰ ਪਦ-ਛੇਦਿਤ ਰੂਪ ਵਿੱਚ ਮਸ਼ੀਨੀ ਛਾਪੇ ਰਾਹੀਂ ਪ੍ਰਕਾਸ਼ਣ ਦੀ ਪਹਿਲ ਵੀ ਉਸੇ ਨੇ ਕੀਤੀ ਸੀ। ਉਹ ਮਹਾਨ ਵਿਦਵਾਨ ਦਾ ਗੁਰਬਾਣੀ ਵਿਆਕਰਣ ਪ੍ਰਤੀ ਕੀਤਾ ਕਾਰਜ਼ ਅਤ-ਸ਼ਲਾਘਾਯੋਗ ਹੈ। ਇਹ ਵਿਦਵਾਨ ਸੰਨ ੧੮੮੫ ਨੂੰ ਸੰਸਾਰ ਤੋਂ ਕੂਚ ਕਰ ਗਿਆ।

ਚਲਦਾ…..

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ 'ਘੜਸਾਣਾ'
Khalsasingh.hs@gmail.com