ਭਾਈ ਸੁਖਵਿੰਦਰ ਸਿੰਘ ‘ਦਦੇਹਰ’ ਦੀ ਪਲੇਠੀ ਪੁਸਤਕ ‘ਕਾਗਹੁ ਹੰਸੁ’ ਸੰਗਤਾਂ ਲਈ ਜਾਰੀ

ਗੁਰਬਾਣੀ ਵਿਚ ਬਹੁਤ ਸਾਰੇ ਐਸੇ ਸ਼ਬਦ ਹਨ, ਜਿਨ੍ਹਾਂ ਦੇ ਅੱਖਰੀ ਅਰਥ ਕੀਤੇ ਜਾਣ ਤਾਂ ਉਹਨਾਂ ਵਿਚਲੇ ਸਿਧਾਂਤ ਦੀ ਸਮਝ ਨਹੀਂ ਆਉਂਦੀ। ਇਸ ਪੁਸਤਕ ਰਾਹੀਂ ਕਈ ਸ਼ਬਦਾਂ ਪ੍ਰਤੀ ਬਣੇ ਭਰਮ-ਭੁਲੇਖੇ ਜਿਵੇਂ ਭਗਤ ਧੰਨਾ ਜੀ ਨੂੰ ਰੱਬ ਕਿਵੇਂ ਮਿਲਿਆ ? ਸੈਣ ਜੀ ਨਾਲ ਘੜੀ ਮਨਘੜਤ ਸਾਖੀ, ਕਿ ਰੱਬ ਉਨ੍ਹਾਂ ਦੀ ਥਾਂ ਰਾਜੇ ਦੀ ਸੇਵਾ ਕਰਦਾ ਹੈ, ਨਾਮਦੇਵ ਜੀ ਦੀ ਮੱਦਦ ਲਈ ਰੱਬ ਕਿਵੇਂ ਆਇਆ ? ਅੰਤਿ ਕਾਲੁ ਜੋ ਲਛਮੀ ਸਿਮਰੈ ਆਦਿ ਵਾਲੇ ਸਿਧਾਂਤਕ ਸ਼ਬਦਾਂ ਨੂੰ ਬ੍ਰਾਹਮਣੀ ਵਿਚਾਰਧਾਰਾ ਤੋਂ ਨਿਖੇੜਦਿਆਂ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਬੜੇ ਸੌਖੇ ਤਰੀਕੇ ਨਾਲ ਸ਼ਬਦਾਂ ਦੀ ਵੀਚਾਰ ਕੀਤੀ ਹੈ, ਤਾਂ ਜੋ ਗੁਰਬਾਣੀ ਦੇ ਅਸਲ ਸਿਧਾਂਤ ਦਾ ਸਾਨੂੰ ਪਤਾ ਲੱਗ ਸਕੇ ਤੇ ਉਸ ਤੋਂ ਅਸੀਂ ਜ਼ਿੰਦਗੀ ਦੀ ਅਗਵਾਈ ਲੈ ਸਕੀਏ।

 

ਭਾਈ ਸੁਖਵਿੰਦਰ ਸਿੰਘ ਦਦੇਹਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਪਿਛਲੇ ਕਰੀਬ 16 ਸਾਲ ਤੋਂ ਵਿਦਿਆਰਥੀਆਂ ਨੂੰ ਗੁਰਬਾਣੀ ਸੰਥਯਾ ਕਰਾ ਰਹੇ ਅਤੇ ਦੇਸ਼-ਵਿਦੇਸ਼ ਵਿਚ ਸ਼ਬਦ-ਵੀਚਾਰ ਰਾਹੀਂ ਸੰਗਤਾਂ ਦੀ ਸੇਵਾ ਕਰ ਰਹੇ ਹਨ। 7 ਮਈ 2015 ਨੂੰ ਸਿੱਖੀ ਲਹਿਰ ਵੱਲੋਂ ਹੋਏ ਗੁਰਮਤਿ ਸਮਾਗਮ ਵਿਚ ਪਿੰਡ ਚੂਹੜਪੁਰ (ਨਵਾਂ ਸ਼ਹਿਰ) ਵਿਖੇ ਭਾਈ ਸਰਬਜੀਤ ਸਿੰਘ ਧੂੰਦਾ, ਗਿਆਨੀ ਗੁਰਬਚਨ ਸਿੰਘ ਪੰਨਵਾਂ, ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਗੁਰਜੰਟ ਸਿੰਘ ਰੂਪੋਵਾਲੀ, ਸ. ਪ੍ਰੇਮ ਸਿੰਘ, ਸ. ਗੁਰਨੇਕ ਸਿੰਘ ਅਤੇ ਭਾਈ ਜਰਨੈਲ ਸਿੰਘ ਨੇ ਇਹ ਪੁਸਤਕ ਸੰਗਤਾਂ ਲਈ ਜਾਰੀ ਕੀਤੀ।

 

ਇਹ ਪੁਸਤਕ 'ਸਿੱਖੀ ਲਹਿਰ', ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਮੰਗਵਾਈ/ਪ੍ਰਾਪਤ ਕੀਤੀ ਜਾ ਸਕਦੀ ਹੈ।
ਭਾਈ ਸੁਖਵਿੰਦਰ ਸਿੰਘ ਦਦੇਹਰ – 9855598855    ਭਾਈ ਗੁਰਜੰਟ ਸਿੰਘ ਰੂਪੋਵਾਲੀ – 8872667050