ਦਾਤ ਜੋ ਬਾਬੇ ਨਾਨਕ ਦਿੱਤੀ

0
14

A A A

ਦਾਤ ਜੋ ਬਾਬੇ ਨਾਨਕ ਦਿੱਤੀ

ਪੋਹ ਮਹੀਨਾ, ਕਹਿਰ ਦੀ ਬਾਰਸ਼, ਵਗਦਾ ਪਿਆ ਸੀ ਠੱਕਾ।
ਬਾਬਾ ਜੀ ਵੀ ਭਿੱਜ ਗਏ ਸਾਰੇ, ਹੋਇਆ ਮਰਦਾਨਾ ‘ਕੱਠਾ।

ਠੰਢ ਤੇ ਮੀਂਹ ਨੇ ਭੰਨ ਸੁੱਟਿਆ ਹੈ, ਉੱਪਰੋਂ ਰਾਤ ਹੈ ਆਈ।
ਬਾਬਾ  ਕਹਿੰਦਾ ਮਰਦਾਨਾ  ਜੀ, ਕਰੀਏ ਕੋਈ ਹੀਲਾ ਭਾਈ।

ਦਿਤੀ  ਫੇਰ ਅਜ਼ਾਨ ਕਿਸੇ ਨੇ, ਤੇ ਕਿਸੇ ਨੇ ਟੱਲ ਵਜਾਇਆ।
ਦੋਹਾਂ ਸਤਿ ਕਰਤਾਰ  ਕਿਹਾ, ਤੇ ਰੱਬ ਦਾ ਸ਼ੁਕਰ ਮਨਾਇਆ।

ਰਵਾਂ ਰਵੀਂ ਫਿਰ ਤੁਰ ਪਏ ਦੋਵੇਂ,  ਜਿਧਰੋਂ ‘ਵਾਜ਼ਾਂ ਆਈਆਂ,
ਰੱਖੇਂ ਤੂੰ ਜਿੱਥੇ  ਉੱਥੇ ਰਹਿਣਾ, ਮਿਹਰਾਂ ਤੇਰੀਆਂ ਸਾਈਆਂ।

ਪਿੰਡ ਦੇ ਬਾਹਰ ਜਾਂ ਪਹੁੰਚੇ ਦੋਵੇਂ, ਦਿਸਿਆ ਠਾਕੁਰਦੁਆਰਾ।
ਆਸ ਬੱਝੀ ਕੁਝ ਦੋਵਾਂ ਤਾਈਂ, ਮਿਲ ਜਾਊ ਇੱਥੇ ਸਹਾਰਾ।

ਕਰ  ਆਰਤੀ ਸੰਧਿਆ ਵੇਲੇ, ਪੰਡਤ ਨੇ ਸੰਖ  ਵਜਾਇਆ।
ਬਾਬੇ ਨੇ ਜਾ ਅਲਖ ਜਗਾਈ, ਇਕ ਪੰਡਾ ਬਾਹਰ ਆਇਆ।

ਕੀ ਕੌਮ ਕੀ ਜ਼ਾਤ ਹੈ ਥੋਡੀ, ਕੌਣ ਹੋ ਭਾਈ? ਕਿੱਥੋਂ ਆਏ?
ਕੀ ਕੰਮ ਤੇ ਕੀ ਚਾਹੁੰਦੇ ਹੋ? ਤੁਸੀਂ ਲਗਦੇ ਓ ਕੋਈ ਪਰਾਏ। 

ਅਸੀਂ ਹਾਂ ਰੱਬ ਦੇ ਬੰਦੇ ਭਾਈ, ਸਤਿਨਾਮ ਦਾ ਹੋਕਾ ਦੇਈਏ।
ਰੱਬ ਨੇ ਇਕੋ ਜ਼ਾਤ ਬਣਾਈ, ਉਸ ਦੀ ਰਜ਼ਾ ‘ਚ ਰਹੀਏ।

ਠੰਢ ਤੇ ਬਾਰਸ਼ ਨੇ  ਝੰਭ ਸੁੱਟੇ, ਉੱਪਰੋਂ ਰਾਤ  ਹੈ ਆਈ।
ਰਾਤ ਰਹਿਣ ਦੀ ਬਿਨਤ ਹੈ ਸਾਡੀ, ਹੋਰ ਨਾ ਲੋਚਾ ਕਾਈ। 

ਜੇ  ਤਾਂ ਭਾਈ  ਜਨੇਊ ਪਾਇਐ, ਤਾਂ ਅੰਦਰ ਲੰਘ ਆਉ।
ਨਹੀਂ ਤਾਂ ਆਪਣਾ ਰਸਤਾ  ਨਾਪੋ, ਐਵੇਂ ਨਾ ਸਿਰ  ਖਾਉ।

ਬਾਬਾ  ਕਹਿੰਦਾ ਨਾਮ ਜਨੇਊ, ਕੋਈ ਹੋਰ  ਜਨੇਊ ਨਾਹੀਂ।
ਹਰ ਜ਼ਰਰੇ ਵਿਚ ਉਹੀਓ ਵਸਦਾ, ਵਸੇ ਨਾ ਦੂਰ ਕਦਾਹੀਂ।

ਪੰਡਤ ਕਹਿੰਦਾ ਜਾਵੋ ਏਥੋਂ, ਤੁਸਾਂ ਲਈ ਜਗ੍ਹਾ ਨਹੀਂ ਕੋਈ।
ਅੱਲ-ਵਲੱਲੀਆਂ ਗੱਲਾਂ ਕਰਦੇ, ਕੰਮ ਦੀ ਗੱਲ ਨਾ ਕੋਈ।

ਜ਼ਾਤ ਆਪਣੀ ਦੱਸੋ ਪਹਿਲਾਂ, ਜੇ ਰਾਤ ਤੁਸੀਂ ਹੈ  ਰਹਿਣਾ।
ਸ਼ੂਦਰ ਅੰਦਰ ਆ ਨਹੀਂ ਸਕਦਾ, ਹੈ ਸ਼ਾਸ਼ਤਰ ਦਾ ਕਹਿਣਾ।

ਭਿੱਟਿਆ  ਜਾਵੇ ਮੰਦਰ  ਸਾਡਾ, ਇਹ ਮੰਨਜ਼ੂਰ ਨਾ ਉੱਕਾ।
ਪਿੰਡ  ਵਾਲ਼ੇ ਮੈਨੂੰ ਛੇਕ  ਦੇਣਗੇ, ਟੱਬਰ  ਮਰ ਜਾਊ ਭੁੱਖਾ।

ਸ਼ੂਦਰ  ਹੋ  ਤਾਂ ਜਾਵੋ  ਏਥੋਂ, ਕਰੋ ਕਿਧਰੇ  ਹੋਰ  ਟਿਕਾਣਾ।
ਅੰਦਰ ਮੂਰਤੀ ਖੜ੍ਹੀ  ਉਡੀਕੇ, ਮੈਂ ਉਸ ਨੂੰ  ਭੋਗ ਲੁਆਣਾ।

ਮਰਦਾਨਾ ਕਹਿੰਦਾ ਬਾਬਾ, ਆਪਾਂ  ਸੁਣੀ ਸੀ ਬਾਂਗ ਮਸੀਤੇ।
ਚਲ ਆਪਾਂ ਹੁਣ ਚਲੀਏ ਉੱਥੇ, ਬੜੇ ਤੰਗ ਮੌਸਮ ਨੇ ਕੀਤੇ।

ਬਾਹਰ ਮਸੀਤ ਦੇ ਜਾ ਕੇ ਉਹਨੀਂ, ਦਰ ਉਹਦਾ ਖੜਕਾਇਆ।
ਬੁੜ ਬੁੜ  ਕਰਦਾ ਇਕ ਮੁੱਲਾਂ, ਅੰਦਰੋਂ ਬਾਹਰ ਆਇਆ। 

ਮੁੱਲਾਂ ਜੀ ਅਸੀਂ ਰਾਤ ਹੈ ਕੱਟਣੀ, ਸਵੇਰੇ ਹੈ ਤੁਰ ਜਾਣਾ।
ਝੱਖੜ ਝਾਂਜੇ ਨੇ ਝੰਭ ਸੁੱਟੇ, ਬੱਸ  ਕਰਨਾ ਰਾਤ ਟਿਕਾਣਾ।

ਮੁਸਲਮਾਨ ਹੋ? ਪੜ੍ਹਦੇ  ਹੋ  ਤੁਸੀਂ  ਪੰਜ ਨਮਾਜ਼ਾਂ ਭਾਈ?
ਗ਼ੈਰ ਮੁਸਲਿਮ  ਨਾ ਵੜੇ ਮਸੀਤੇ, ਮੈਨੂੰ  ਹੁਕਮ ਹੈ  ਭਾਈ।

ਬਾਬਾ ਕਹੇ ਅਸੀਂ  ਰੱਬ ਦੇ ਬੰਦੇ, ਗੀਤ  ਉਸੇ ਦੇ ਗਾਈਏ।
ਸਭ ਦਾ ਇਕੋ  ਸਾਈਂ ਅੱਲ੍ਹਾ, ਉਸ ਦੀ  ਓਟ ਤਕਾਈਏ।

ਤੁਸੀਂ ਤਾਂ ਲਗਦੇ  ਕਾਫ਼ਰ ਮੈਨੂੰ, ਜੋ ਹਨ  ਗਾਉਂਦੇ ਫਿਰਦੇ।
ਗੌਣਾਂ, ਉਹ ਵੀ ਵਿਚ ਮਸੀਤੇ, ਤੁਸੀਂ ਅੱਲ੍ਹਾ ਤੋਂ ਨਈਂ ਡਰਦੇ? 

ਇੰਜ ਲਗਦੈ ਕਿ ਐਸ ਬੰਦੇ ਨੇ, ਸਾਜ਼ ਜਿਹਾ ਕੁਝ ਫੜਿਆ।
ਇਸਲਾਮ ਸ਼ਰ੍ਹਾ ਵਿਚ ਗੌਣ ਮਨ੍ਹਾਂ ਹੈ,ਨਹੀਂ ਤੁਸਾਂ ਨੇ ਪੜ੍ਹਿਆ? 

ਚੁੱਪ ਚਾਪ ਤੁਸੀਂ ਖਿਸਕੋ ਏਥੋਂ, ਨਹੀਂ ਪਾਵੋਂਗੇ ਕੋਈ ਪੰਗਾ।
ਵਾਹ ਪੈ  ਗਿਆ ਨਾਲ਼  ਕਾਫ਼ਰਾਂ, ਮੈਂ ਖੋਲ੍ਹਿਆ ਬੂਹਾ ਚੰਗਾ।

ਖ਼ਬਰ ਫ਼ੈਲ ਗਈ ਪਿੰਡ ਵਿਚ ਛੇਤੀ, ਦੋ ਅਜਨਬੀ ਹਨ ਫਿਰਦੇ।  
ਜ਼ਾਤ-ਪਾਤ ਕੁਝ ਦੱਸਦੇ ਨਾਹੀਂ, ਨਹੀਂ ਭਗਵਾਨ ਤੋਂ ਡਰਦੇ।

ਘਰ ਵਿਚ ਮੂਲ਼ ਨਾ ਵਾੜਿਓ ਦੋਵੇਂ, ਕੋਈ ਲਗਦੇ ਚੋਰ ਉਚੱਕੇ।
ਮੰਨਣ ਨਾ ਜੋ ਊਚ ਨੀਚ ਨੂੰ, ਬੰਦੇ ਕਦੇ  ਨਹੀਂ ਐਸੇ  ਤੱਕੇ।

ਪਿੰਡੋਂ ਨਿੱਕਲ ਦਰਖ਼ਤਾਂ ਹੇਠਾਂ, ਫਿਰ ਬਾਬੇ ਆਸਣ ਲਾਇਆ।
ਮੀਂਹ ਵਰ੍ਹਦੇ ਵਿਚ ਬਹਿ ਕੇ ਦੋਵਾਂ, ਗੀਤ ਪ੍ਰਭੂ ਦਾ ਗਾਇਆ।

ਭੁੱਲਿਆਂ ਨੂੰ ਰਾਹ ਪਾਇਆ, ਕਹਿ ਇੱਕੋ ਰਾਮ ਤੇ ਅੱਲ੍ਹਾ।
ਲੋਕਾਂ ਕਿਹਾ ਬੇਤਾਲਾ ਉਸਨੂੰ, ਕੁਰਾਹੀਆ, ਭੂਤਨਾ, ਝੱਲਾ। 

ਚਾਰੇ ਕੂੰਟਾਂ ਘੁੰਮੀਆਂ ਬਾਬੇ, ਸੱਚ  ਦਾ ਪਾਠ ਪੜ੍ਹਾਇਆ।
ਚੋਰ ਭੂਮੀਏਂ, ਸੱਜਣ, ਕੌਡੇ, ਸਭ ਨੂੰ ਰਾਹ ਦਿਖਾਇਆ।

ਬਾਬਾ ਕਹਿੰਦਾ ਪਾਖੰਡ ਛੱਡੋ, ਛੱਡ ਦਿਉ  ਪੱਥਰ ਪੂਜਾ।
ਇਕੋ ਰੱਬ, ਉਹਦਾ ਨਾਮ ਧਿਆਵੋ, ਪੂਜੋ ਨਾ ਕੋਈ ਦੂਜਾ।

ਬਾਬੇ ਦਾਤ ਪਾਈ ਜੋ ਰੱਬ ਤੋਂ, ਇਸ ਬੰਦੇ ਦੀ ਝੋਲੀ ਪਾਈ।
ਆਉ ਬਹਿ ਕੇ ਲੇਖਾ ਕਰੀਏ, ਕੀ ਅਸੀਂ ਕੀਮਤ ਪਾਈ?

ਕਰਮਕਾਂਡੀ ਅਸੀਂ ਬਣ ਗਏ ਮੁੜ ਕੇ, ਪੂਜੀਏ ਮੜ੍ਹੀ ਮਸਾਣਾਂ।
ਦੇਹਧਾਰੀਆਂ ਦੇ ਡੇਰਿਆਂ ਉੱਤੇ, ਭੁੱਲਦੇ ਨਹੀਂ ਅਸੀਂ ਜਾਣਾ।

ਬਿਨਾਂ ਮਹੂਰਤ ਕੋਈ ਕੰਮ ਨਹੀਂ ਕਰਦੇ, ਮਰਨ ਹੋਵੇ ਜਾਂ ਸ਼ਾਦੀ।
ਨਾਲ਼ੇ ਇੱਜ਼ਤ ਹਾਂ ਲੁਟਵਾਉਂਦੇ, ਹੋਵੇ ਧਨ ਦੀ ਵੀ ਬਰਬਾਦੀ।

ਸਰਾਧ, ਜਠੇਰੇ, ਮੰਗਲ, ਸੰਗਲ, ਵਰਤ ਵੁਰਤ ਸਭ ਕਰੀਏ।
ਕਹਿੰਦੇ ਵਿਚ ਸਮਾਜ ਦੇ ਰਹਿਣਾ, ਸ਼ਗਨ ਅਪਸ਼ਗਨ ਤੋਂ ਡਰੀਏ। 

ਨਾਲ਼ ਨਗ਼ਾਂ ਦੇ ਉਂਗਲਾਂ ਭਰੀਆਂ, ਧਾਗੇ ਗੁੱਟੀਂ ਲਾਲ ਲਪੇਟੇ।
ਸਾਧ ਔਂਤਰੇ ਬਿਨਾਂ ਔਲਾਦੋਂ, ਅਸੀਂ ਮੰਗੀਏ ਉਨ੍ਹਾਂ ਤੋਂ ਬੇਟੇ।

ਵਸਤੂ ਸ਼ਾਸ਼ਤਰ ਨਵੀਂ  ਬਿਮਾਰੀ, ਖੇਡ ਸ਼ੈਤਾਨ   ਨੇ ਖੇਡੀ।
ਹੱਥੀਂ ਕੋਠੇ ਢਾ  ਲਏ ਆਪਣੇ,  ਮੱਤ ਮਾਰੀ  ਗਈ ਕੇਡੀ।

ਬੰਦਿਆ ! ਮੰਨ ਗੁਰੂ ਦਾ  ਕਹਿਣਾ, ਰੱਖ ਲੈ ਰੱਬ ‘ਤੇ ਡੋਰੀ।
ਜਾਣੀ ਜਾਣ ਤੇਰੇ ਉਹ ਦਿਲ ਦਾ, ਤੂੰ ਕਰ ਨਹੀਂ ਸਕਦਾ ਚੋਰੀ। 

ਸ਼ਬਦ ਗੁਰੂੁ, ਸਮਰੱਥ ਗੁਰੂ, ਤੂੰ ਕਿਉਂ ਯਕੀਨ ਨਹੀਂ ਕਰਦਾ?
ਏਕ ਪਿਤਾ ਸਭ ਕਰਣੇਹਾਰਾ, ਕਿਉਂ ਥਾਂ ਥਾਂ ਸਿੱਜਦੇ ਕਰਦਾ।

ਛੱਡ ਦੇ ਆਸ ਪਰਾਈ ਤੱਕਣੀ, ਗੁਰ ਚਰਣੀਂ  ਮਨ ਲਾ ਲੈ।
ਦਾਤ ਜੋ ਬਾਬੇ ਨਾਨਕ  ਦਿੱਤੀ, ਗੁਣ ਓਸ  ਪ੍ਰਭੂ ਦੇ ਗਾ ਲੈ।

ਨਿਰਮਲ ਸਿੰਘ ਕੰਧਾਲਵੀ